Thursday, December 4, 2008

ਸ਼ਿਵਚਰਨ ਜੱਗੀ ਕੁੱਸਾ ਨਾਲ਼ ਮੁਲਾਕਾਤ


"ਮੈਂ ਆਪਣੇ ਪਾਤਰਾਂ ਦੇ ਮੂੰਹ ਵਿਚ ਆਪਣੇ ਵੱਲੋਂ ਇਕ ਸ਼ਬਦ ਵੀ ਨਹੀਂ ਪਾਉਂਦਾ
- ਉਹ ਆਪਣੀ ਰਵਾਇਤੀ ਭਾਸ਼ਾ ਬੋਲਦੇ ਹਨ...!" ਸ਼ਿਵਚਰਨ ਜੱਗੀ ਕੁੱਸਾ


ਨਾਵਲਿਸਟ ਸ਼ਿਵਚਰਨ ਜੱਗੀ ਕੁੱਸਾ ਨਾਲ਼ ਮੁਲਾਕਾਤ

ਮੁਲਾਕਾਤੀ: ਬਲਵਿੰਦਰ ਗਗਨ

ਬਲਵਿੰਦਰ ਗਗਨ ਅੱਜ ਕੱਲ੍ਹ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਵਿਖੇ "ਪੰਜਾਬੀ ਨਾਵਲ ਵਿਚ ਪੁਲੀਸ, ਕਾਨੂੰਨ ਅਤੇ ਨਿਆਂ ਪ੍ਰਬੰਧ" ਵਿਸ਼ੇ 'ਤੇ ਪੀ. ਐੱਚ. ਡੀ. ਕਰ ਰਿਹਾ ਹੈ। ਜਿਸ ਵਿਚ ਸ਼ਿਵਚਰਨ ਜੱਗੀ ਕੁੱਸਾ ਦਾ ਬਹੁ-ਚਰਚਿਤ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਵੀ ਸ਼ਾਮਲ ਹੈ। ਬਲਵਿੰਦਰ ਗਗਨ ਲੇਖਕਾਂ ਨਾਲ ਮੁਲਾਕਾਤਾਂ ਦੀ ਕਿਤਾਬ ਵੀ ਛਪਵਾ ਰਹੇ ਹਨ। ਉਸ ਵਿਚੋਂ ਪੇਸ਼ ਹੈ ਬਲਵਿੰਦਰ ਗਗਨ ਵੱਲੋਂ ਸ਼ਿਵਚਰਨ ਜੱਗੀ ਕੁੱਸਾ ਨਾਲ ਕੀਤੀ ਸੱਜਰੀ ਮੁਲਾਕਾਤ:
1) ਕੁੱਸਾ ਸਾਹਿਬ ਤੁਹਾਡਾ ਪਰਿਵਾਰਕ ਪਿਛੋਕੜ ਕੀ ਹੈ?
-ਮੇਰਾ ਪਰਿਵਾਰਕ ਪਿਛੋਕੜ ਇਕ ਮੱਧ-ਵਰਗੀ ਕਿਸਾਨ ਪਰਿਵਾਰ ਨਾਲ ਜੁੜਿਆ ਹੋਇਆ ਹੈ ਜੀ।
2) ਤੁਹਾਡਾ ਜਨਮ ਕਦੋਂ ਅਤੇ ਕਿੱਥੇ ਹੋਇਆ, ਬਚਪਨ ਕਿੱਥੇ ਬੀਤਿਆ ਅਤੇ ਸਿੱਖਿਆ ਕਿੱਥੋਂ-ਕਿੱਥੋਂ ਪ੍ਰਾਪਤ ਕੀਤੀ?
-ਮੇਰਾ ਜਨਮ ਪਿੰਡ ਕੁੱਸਾ, ਜਿਲ੍ਹਾ ਮੋਗਾ ਵਿਖੇ ਅਕਤੂਬਰ 1965 ਨੂੰ ਸਵਰਗੀ ਮਾਤਾ ਗੁਰਨਾਮ ਕੌਰ ਦੀ ਕੁੱਖੋਂ ਹੋਇਆ। ਬਚਪਨ ਮੇਰਾ ਪਿੰਡ ਕੁੱਸੇ ਹੀ ਬੀਤਿਆ। ਪੰਜਵੀਂ ਜਮਾਤ ਤੱਕ ਮੈਂ ਪਿੰਡ ਹੀ ਪੜ੍ਹਿਆ, ਦਸਵੀਂ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਤਖਤੂਪੁਰਾ ਤੋਂ ਕੀਤੀ। ਫਿਰ ਕੁਝ ਮਹੀਨੇ ਡੀ. ਐੱਮ. ਕਾਲਜ ਮੋਗੇ ਲਾ ਕੇ ਆਸਟਰੀਆ ਆ ਗਿਆ। ਚਾਰ ਸਾਲ ਪੜ੍ਹਾਈ ਆਈ. ਐਫ਼. ਕੇ. ਯੂਨੀਵਰਿਸਟੀ ਆਸਟਰੀਆ ਵਿਖੇ ਕੀਤੀ। ਹੁਣ ਮਈ 2006 ਤੋਂ ਗੁਰੂ ਕਿਰਪਾ ਸਦਕਾ ਪੱਕੇ ਤੌਰ 'ਤੇ ਇੰਗਲੈਂਡ ਆ ਵਸਿਆ ਹਾਂ।
3) ਤੁਹਾਡੀਆਂ ਰਚਨਾਵਾਂ ਬਹੁਤਾ ਕਰਕੇ ਦੂਜੇ ਪ੍ਰਵਾਸੀ ਲੇਖਕਾਂ ਨਾਲੋਂ ਹੱਟਵੀਆਂ ਹਨ, ਇਸ ਦੇ ਕੀ ਕਾਰਨ ਹਨ?
-ਦੇਖੋ ਗਗਨ ਜੀ, ਹਰ ਲੇਖਕ ਦਾ ਲਿਖਣ ਦਾ ਆਪਣਾ ਹੀ ਅੰਦਾਜ਼ ਹੈ। ਮੈਂ ਬਹੁਤਾ ਕਦੇ ਘੁੰਡ ਜਿਆ ਕੱਢ ਕੇ ਨਹੀਂ ਲਿਖਿਆ। ਨਾ ਹੀ ਬੁੱਕਲ਼ ਵਿਚ ਗੁੜ ਭੰਨਣ ਦਾ ਆਦੀ ਹਾਂ। ਜਿਹੜੀ ਗੱਲ ਹੁੰਦੀ ਹੈ, ਰਚਨਾ ਵਿਚ ਸਪੱਸ਼ਟ ਹੀ ਲਿਖ ਦਿੰਦਾ ਹਾਂ। ਹੋ ਸਕਦੈ ਇਸ ਕਰਕੇ ਹੀ ਮੇਰੀਆਂ ਰਚਨਾਵਾਂ ਹੋਰ ਪ੍ਰਵਾਸੀ ਲੇਖਕਾਂ ਨਾਲੋਂ ਹਟਵੀਆਂ ਹੋਣ?
4) ਤੁਸੀਂ ਨਾਵਲਾਂ ਤੋਂ ਇਲਾਵਾ ਕਵਿਤਾ ਅਤੇ ਕਹਾਣੀਆਂ ਵੀ ਲਿਖੀਆਂ ਹਨ। ਪਰ ਪਹਿਲ ਨਾਵਲ ਨੂੰ ਦਿੱਤੀ, ਕਾਰਨ?
-ਜਿਹੜੀ ਗੱਲ ਲੇਖਕ ਨਾਵਲ ਵਿਚ ਖੁੱਲ੍ਹ ਕੇ ਕਹਿ ਸਕਦਾ ਹੈ, ਉਹ ਕਹਾਣੀ ਜਾਂ ਕਵਿਤਾ ਵਿਚ ਨਹੀਂ ਆਖ ਸਕਦਾ। ਮੇਰਾ ਪਿੱਛੇ ਜਿਹੇ ਹੀ ਇਕ ਨਾਵਲ ਆਇਆ ਹੈ "ਤਰਕਸ਼ ਟੰਗਿਆ ਜੰਡ", ਇਹ ਨਾਵਲ ਏਜੰਟਾਂ ਵੱਲੋਂ ਮੁੰਡਿਆਂ ਦੀ ਕਰੀ ਜਾਂਦੀ ਲੁੱਟ-ਖਸੁੱਟ ਜਾਂ ਮਾਸਕੋ ਤੋਂ ਪਰ੍ਹੇ ਹੁੰਦੀ ਖੱਜਲ਼-ਖੁਆਰੀ, ਮਾਲਟਾ ਕਿਸ਼ਤੀ ਕਾਂਡ ਅਤੇ ਇਟਲੀ ਕਿਸ਼ਤੀ ਕਾਂਡ 'ਤੇ ਅਧਾਰਿਤ ਹੈ। ਇਸ ਨਾਵਲ ਤੋਂ ਪਹਿਲਾਂ ਇਕ ਦੋ ਆਰਟੀਕਲ ਲਿਖ ਕੇ ਅਖਬਾਰਾਂ ਨੂੰ ਭੇਜੇ। ਪਰ ਇਹਨਾਂ ਨੂੰ ਕੱਟ-ਵੱਢ ਕੇ ਛਾਪਿਆ ਗਿਆ। ਪੂਰੀ ਸੱਚਾਈ ਫੇਰ ਵੀ ਲੋਕਾਂ ਸਾਹਮਣੇਂ ਨਾ ਆ ਸਕੀ। ਫਿਰ ਨਾਵਲ ਲਿਖਣ ਦਾ ਇਰਾਦਾ ਕੀਤਾ। ਡੇੜ੍ਹ ਕੁ ਸਾਲ ਲਾ ਕੇ ਨਾਵਲ "ਤਰਕਸ਼ ਟੰਗਿਆ ਜੰਡ" ਲਿਖਿਆ। ਲਾਹੌਰ ਬੁੱਕ ਸ਼ਾਪ ਲੁਧਿਆਣਾ ਵਾਲਿਆਂ ਨੇ ਇਹ ਨਾਵਲ ਛਾਪਿਆ। ਅਜੇ ਹੁਣੇ ਹੀ ਹੋਰ ਨਾਵਲ 'ਗੋਰਖ਼ ਦਾ ਟਿੱਲਾ' ਅਤੇ ਵਿਅੰਗ ਸੰਗ੍ਰਹਿ 'ਕੁੱਲੀ ਨੀ ਫ਼ਕੀਰ ਦੀ ਵਿਚੋਂ' ਮਾਰਕੀਟ 'ਚ ਆਏ ਹਨ। ਨਾਵਲ "ਹਾਜੀ ਲੋਕ ਮੱਕੇ ਵੱਲ ਜਾਂਦੇ" ਲੁਧਿਆਣੇ ਲਾਹੌਰ ਬੁੱਕ ਸ਼ਾਪ ਵਾਲਿਆਂ ਕੋਲ ਛਪਣ ਗਿਆ ਹੋਇਆ ਹੈ। ਉਸ ਨਾਵਲ ਵਿਚ ਵੀ ਕਈ ਗੰਭੀਰ ਮਸਲੇ ਹਨ। ਮੇਰਾ ਹਰ ਨਾਵਲ ਕਿਸੇ ਨਵੇਂ ਵਿਸ਼ੇ 'ਤੇ ਹੁੰਦਾ ਹੈ। ਅੱਜ ਕੱਲ੍ਹ 'ਸੱਜਰੀ ਪੈੜ ਦਾ ਰੇਤਾ' ਕੈਨੇਡਾ ਦੇ ਮਸ਼ਹੂਰ ਪੇਪਰ 'ਹਮਦਰਦ ਵੀਕਲੀ' ਵਿਚ ਲੜੀਵਾਰ ਛਪ ਰਿਹਾ ਹੈ ਅਤੇ ਮੈਂ ਅੱਜ ਕੱਲ੍ਹ ਇਕ ਵੱਡ-ਅਕਾਰੀ ਨਾਵਲ 'ਪ੍ਰਿਥਮ ਭਗੌਤੀ ਸਿਮਰ ਕੈ' ਲਿਖਣ ਵਿਚ ਰੁੱਝਿਆ ਹੋਇਆ ਹਾਂ। ਇਹ ਨਾਵਲ ਇੰਗਲੈਂਡ ਵਿਚ ਵਸਦੀਆਂ ਚਾਰ ਪੀੜ੍ਹੀਆਂ ਦੇ ਦੁਖਾਂਤ 'ਤੇ ਹੈ!
5) ਤੁਹਾਡੇ ਨਾਵਲਾਂ ਜਾਂ ਕਹਾਣੀਆਂ ਨੂੰ ਪੰਜਾਬੀ ਪਾਠਕਾਂ ਦਾ ਕਿੰਨ੍ਹਾ ਕੁ ਹੁੰਗਾਰਾ ਮਿਲਿਆ?
-ਬਹੁਤ ਮਿਲਿਆ ਗਗਨ ਜੀ! ਜੇ ਪੰਜਾਬੀ ਪਾਠਕਾਂ ਵੱਲੋਂ ਹਾਂ-ਪੱਖੀ ਹੁੰਗਾਰਾ ਨਾ ਮਿਲਦਾ ਤਾਂ ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਮੇਰੇ ਇਕ-ਇਕ ਨਾਵਲ ਦੇ ਐਨੇ ਐਡੀਸ਼ਨ ਨਾ ਛਪਦੇ। ਗੁਰੂ ਕ੍ਰਿਪਾ ਨਾਲ ਮੇਰੇ ਨਾਵਲਾਂ ਦੇ ਤਿੰਨ-ਤਿੰਨ ਐਡੀਸ਼ਨ ਤਾਂ ਆਮ ਹੀ ਛਪ ਚੁੱਕੇ ਨੇ। ਬਾਹਰਲੇ ਪੰਜਾਬੀ ਪੇਪਰਾਂ ਵਿਚ ਜਦੋਂ ਕੋਈ ਕਹਾਣੀ ਛਪਦੀ ਐ ਤਾਂ ਮਾੜੇ ਮੰਤਰੀ ਜਿੰਨੇ ਤਾਂ ਮੈਨੂੰ ਫ਼ੋਨ ਅਤੇ ਈ-ਮੇਲ ਹੀ ਆਉਂਦੇ ਐ।
6) ਤੁਸੀਂ ਆਸਟਰੀਆ ਵਿਚ ਸਾਹਿਤਕ ਸਭਾਵਾਂ ਨਾਲ ਸਬੰਧਿਤ ਰਹੇ ਹੋ, ਵਿਦੇਸ਼ਾਂ ਵਿਚ ਪ੍ਰਵਾਸੀ ਪੰਜਾਬੀ ਲੇਖਕਾਂ ਪ੍ਰਤੀ ਪਾਠਕਾਂ ਦਾ ਕੀ ਹੁੰਗਾਰਾ ਹੈ?
-ਗਗਨ ਜੀ 14 ਸਾਲ "ਪੰਜ ਪਾਣੀ ਸਾਹਿਤ ਸਭਾ ਆਸਟਰੀਆ" ਦਾ ਸਰਬ-ਸੰਮਤੀ ਨਾਲ ਪ੍ਰਧਾਨ ਰਿਹਾ ਹਾਂ, ਕਰੀਬ ਚਾਰ ਸਾਲ "ਸ਼ੇਰੇ-ਪੰਜਾਬ ਸਪੋਰਟਸ ਕਲੱਬ ਆਸਟਰੀਆ" ਅਤੇ ਸਾਲ ਕੁ "ਪੰਜਾਬ ਸਪੋਰਟਸ ਕਲੱਬ ਯੂਰਪ" ਦਾ ਵੀ ਪ੍ਰਧਾਨ ਰਿਹਾ ਹਾਂ। ਆਈਏ ਤੁਹਾਡੇ ਸੁਆਲ ਵੱਲ। ਮੈਂ ਪੰਜ ਕੁ ਸਾਲ ਪਹਿਲਾਂ ਬਹੁਤ ਬਿਮਾਰ ਹੋ ਗਿਆ ਸੀ। ਕਈ ਮਹੀਨੇ ਹਸਪਤਾਲ ਰਿਹਾ। ਜਦੋਂ ਇਹ ਗੱਲ ਟੀ. ਵੀ, ਰੇਡੀਓ ਅਤੇ ਅਖ਼ਬਾਰਾਂ ਵਿਚ ਨਸ਼ਰ ਹੋਈ ਤਾਂ ਮੇਰੇ ਪਾਠਕਾਂ ਨੇ ਥਾਂ-ਥਾਂ ਗੁਰਦੁਆਰਿਆਂ ਵਿਚ ਪਾਠ ਪ੍ਰਕਾਸ਼ ਕਰਵਾਏ, ਅਰਦਾਸਾਂ ਕਰਵਾਈਆਂ। ਬਾਕੀ ਹੋਰ ਲੇਖਕਾਂ ਦੇ ਬਾਰੇ ਤਾਂ ਮੈਨੂੰ ਪਤਾ ਨਹੀਂ, ਪਰ ਮੇਰੇ ਪਾਠਕਾਂ ਤੋਂ ਮੈਨੂੰ ਕੋਈ ਗਿ਼ਲਾ ਨਹੀਂ। ਜਿਉਂਦੇ ਵਸਦੇ ਰਹਿਣ! ਮੈਂ ਤਾਂ ਪਾਠਕਾਂ ਦੇ ਖੰਭਾਂ 'ਤੇ ਹੀ ਉੱਡਣ ਵਾਲਾ ਲੇਖਕ ਹਾਂ ਜੀ।
7) "ਜੱਟ ਵੱਢਿਆ ਬੋਹੜ ਦੀ ਛਾਵੇਂ" ਅਤੇ "ਕੋਈ ਲੱਭੋ ਸੰਤ ਸਿਪਾਹੀ ਨੂੰ" ਤੁਹਾਡੇ ਬਹੁ-ਚਰਚਿਤ ਨਾਵਲ ਹਨ। ਕੀ ਇਹ ਪੰਜਾਬੀ ਚਰਿੱਤਰ ਨੂੰ ਸਾਹਮਣੇਂ ਰੱਖ ਕੇ ਲਿਖੇ ਗਏ ਹਨ?
-ਮੇਰੇ ਜਿੰਨੇ ਨਾਵਲ ਹਨ ਜੀ, ਸਾਰੇ ਪੰਜਾਬ ਜਾਂ ਪਿੰਡਾਂ ਵਿਚ ਵਾਪਰਦੀਆਂ ਆਮ ਘਟਨਾਵਾਂ ਨੂੰ ਮੁੱਖ ਰੱਖ ਕੇ ਹੀ ਲਿਖੇ ਗਏ ਹਨ। ਅਸੀਂ ਪੰਜਾਬ ਵਾਸੀ ਰਚਨਾ ਲਈ ਮਸਾਲਾ ਲਵਾਂਗੇ ਕਿੱਥੋਂ? ਪੰਜਾਬ ਵਿਚ ਜੰਮੇ, ਪੰਜਾਬ ਵਿਚ ਪਲੇ਼, ਪੰਜਾਬ ਵਿਚ ਵੱਡੇ ਹੋਏ। ਹਾਂ, ਨਾਵਲ ਤਰਕਸ਼ ਟੰਗਿਆ ਜੰਡ, ਗੋਰਖ਼ ਦਾ ਟਿੱਲਾ ਅਤੇ ਹਾਜੀ ਲੋਕ ਮੱਕੇ ਵੱਲ ਜਾਂਦੇ ਨਾਵਲਾਂ ਦਾ ਕੁਛ ਮਸਾਲਾ ਜ਼ਰੂਰ 'ਬਾਹਰਲਾ' ਹੈ!
8) ਤੁਹਾਡੀਆਂ ਬਹੁਤੀਆਂ ਰਚਨਾਵਾਂ ਇਕ ਵਿਸ਼ੇਸ਼ ਪੀਰੀਅਡ, ਦੇਸ਼ ਦੀ ਵੰਡ ਤੋਂ ਲੈ ਕੇ ਪੰਜਾਬ ਸੰਕਟ ਤੱਕ, ਨਾਲ ਸਬੰਧਿਤ ਹਨ, ਇਸ ਦਾ ਕੋਈ ਵਿਸ਼ੇਸ਼ ਕਾਰਨ ਹੈ?
-ਖ਼ੈਰ, ਦੇਸ਼ ਦੀ ਵੰਡ ਦਾ ਜਿ਼ਕਰ ਤਾਂ ਮੈਂ ਸਿਰਫ਼ ਆਪਣੇ ਨਾਵਲ "ਬਾਰ੍ਹੀਂ ਕੋਹੀਂ ਬਲ਼ਦਾ ਦੀਵਾ" ਵਿਚ ਹੀ ਕੀਤਾ ਹੈ। ਬਾਕੀ ਪੰਜਾਬ ਦੇ ਹਾਲਾਤਾਂ 'ਤੇ ਤਾਂ ਮੈਂ ਬਹੁਤ ਕੁਝ ਲਿਖਿਆ ਹੈ। ਪੁਰਜਾ ਪੁਰਜਾ ਕਟਿ ਮਰੈ, ਤਵੀ ਤੋਂ ਤਲਵਾਰ ਤੱਕ, ਉੱਜੜ ਗਏ ਗਰਾਂ, ਬਾਰ੍ਹੀਂ ਕੋਹੀਂ ਬਲ਼ਦਾ ਦੀਵਾ, ਨਾਵਲ ਲਿਖੇ। ਦਸ ਕੁ ਕਹਾਣੀਆਂ ਲਿਖੀਆਂ। ਇਸ ਦਾ ਵਿਸ਼ੇਸ਼ ਕਾਰਨ ਇਹ ਹੈ ਗਗਨ ਜੀ, ਬਈ ਚਾਹੇ ਮੇਰੇ ਕੋਲ ਯੂਰਪੀਅਨ ਯੂਨੀਅਨ ਦੀ 'ਸਿਟੀਜ਼ਨਸ਼ਿੱਪ' ਹੈ। ਕਿੱਤੇ ਵਜੋਂ 20 ਸਾਲ ਜਰਮਨ ਅਤੇ ਆਸਟਰੀਅਨ ਬਾਰਡਰ ਪੁਲੀਸ ਦਾ ਇੰਟਰਪਰੈਟਰ ਰਿਹਾ ਹਾਂ। ਅੱਜ ਕੱਲ੍ਹ ਇੰਗਲੈਂਡ ਵਿਚ ਇਕ ਵਿਸ਼ੇਸ਼ ਮੰਤਰਾਲੇ ਵਿਚ ਸਕਿਊਰਿਟੀ ਦਾ ਉੱਚ-ਅਫ਼ਸਰ ਹਾਂ, ਪਰ ਸਭ ਤੋਂ ਪਹਿਲਾਂ ਬਾਈ ਜੀ ਮੈਂ 'ਪੰਜਾਬੀ' ਹਾਂ। ਮੇਰੇ ਖ਼ੂਨ ਵਿਚ ਪੰਜਾਬੀਅਤ ਹੈ। ਇਕ ਪੰਜਾਬੀ ਪੁੱਤਰ ਹੋਣ ਕਰ ਕੇ ਪੰਜਾਬ ਦਾ ਦਰਦ ਆਉਣਾ ਇਕ ਕੁਦਰਤੀਂ ਗੱਲ ਸੀ। ਜੇ ਕੋਈ ਬਿਗਾਨਾ ਆਪਣੇ ਬਾਪ ਦੀ ਬੇਇੱਜ਼ਤੀ ਕਰੇ, ਕੌਣ ਸਹਾਰ ਸਕਦਾ ਹੈ? ਇਹੀ ਮੇਰੀਆਂ ਰਚਨਾਵਾਂ ਦਾ ਮੁੱਖ ਕਾਰਨ ਹੈ।
9) ਪੰਜਾਬ ਸੰਕਟ ਦੌਰਾਨ ਔਰਤਾਂ ਵੀ ਬਰਾਬਰ ਲੜਨ ਲਈ ਤਿਆਰ ਹਨ। ਕੀ ਇਸ ਲੜਾਈ ਵਿਚ ਔਰਤਾਂ ਦਾ ਵੀ ਕੋਈ ਯੋਗਦਾਨ ਹੈ?
-ਦੇਖੋ ਜੀ, ਇਕ ਪੁਰਾਣੇ ਗੀਤ ਦੀ ਤੁਕ ਹੈ, "ਗੱਭਰੂ ਦੇਸ਼ ਪੰਜਾਬ ਦੇ ਤੇ ਮਰਦ ਪੰਜਾਬੀ ਨਾਰ" ਮਾਈ ਭਾਗੋ ਤੋਂ ਲੈ ਕੇ 1971 ਦੀ ਜੰਗ ਤੱਕ ਔਰਤ ਸਦਾ ਹੀ ਮਰਦ ਦੇ ਮੋਢੇ ਨਾਲ ਮੋਢਾ ਡਾਹ ਕੇ ਖੜ੍ਹੀ ਹੈ। 1971 ਦੀ ਜੰਗ ਵੇਲੇ ਮੈਂ ਛੋਟਾ ਜਿਹਾ ਸੀ। ਉਦੋਂ ਸਾਡੇ ਪਿੰਡ ਦੀਆਂ ਔਰਤਾਂ ਬਾਰਡਰ 'ਤੇ ਜਾਂਦੇ ਫ਼ੌਜੀਆਂ ਲਈ ਭੁੱਜੇ ਛੋਲੇ ਤੇ ਰੋਟੀਆਂ ਪਕਾ-ਪਕਾ ਕੇ ਫੜਾਉਂਦੀਆਂ ਮੈਂ ਆਪਣੀਆਂ ਅੱਖਾਂ ਨਾਲ਼ ਦੇਖੀਆਂ ਹਨ। ਮੈਂ ਹੁਣ ਵਾਲੀ ਸਿੱਖ ਮੂਵਮੈਂਟ ਵੇਲੇ ਤਾਂ ਪੰਜਾਬ 'ਚ ਹੀ ਨਹੀਂ ਸੀ। ਪਰ ਬਿਨਾ ਸ਼ੱਕ ਇਸ ਮੂਵਮੈਂਟ ਵਿਚ ਔਰਤ ਦਾ ਯੋਗਦਾਨ ਜ਼ਰੂਰ ਰਿਹਾ ਹੋਵੇਗਾ, ਚਾਹੇ ਲੁਕਵੇਂ ਢੰਗ ਨਾਲ, ਗੁਪਤ ਹੀ ਰਿਹਾ ਹੋਵੇ।
10) ਨਾਵਲ "ਜੱਟ ਵੱਢਿਆ ਬੋਹੜ ਦੀ ਛਾਵੇਂ" ਵਿਚ ਬਿੱਲੂ ਨੂੰ ਇਕ ਸਿੱਧੇ ਸਾਦੇ ਕਿਸਾਨ ਦੇ ਰੂਪ ਵਿਚ ਚਿਤਰਿਆ ਹੈ, ਉਹ ਆਪਣੀ ਜਿ਼ੰਦਗੀ ਵਿਚ ਸਮੱਸਿਆਵਾਂ ਖੜ੍ਹੀਆਂ ਕਰਨ ਵਾਲੇ ਲੋਕਾਂ ਨਾਲ ਦਸਤਪੰਜਾ ਕਿਉਂ ਨਹੀਂ ਲੈਂਦਾ?
-ਦੇਖੋ ਗਗਨ ਜੀ, ਹਰ ਬੰਦਾ ਪੰਜਾਬ ਵਿਚ ਮਿਰਜ਼ਾ ਨਹੀਂ। ਪ੍ਰੇਮ-ਪਿਆਰ ਅਤੇ ਆਸ਼ਕੀ ਇਕ 'ਸਾਧਨਾ' ਹੈ, ਨਾ ਕਿ ਠਰਕ ਭੋਰਨ ਦਾ ਜਾਂ ਦਿਖਾਵੇ ਦਾ ਜ਼ਰੀਆ! ਜਿਹੜੇ ਇਨਸਾਨ ਇਸ ਨੂੰ ਸਮਝਣ ਵਿਚ ਸਫ਼ਲ ਹੋ ਜਾਂਦੇ ਹਨ, ਉਹ ਕਦੇ ਵੀ ਕਿਸੇ 'ਤੇ ਵਾਧਾ ਜਾਂ ਧੱਕਾ ਨਹੀਂ ਕਰਦੇ। ਜੇ ਆਸ਼ਕ 'ਕਹਿਣ' ਦਾ ਸਾਹਸ ਰੱਖਦੇ ਹਨ ਤਾਂ ਉਹਨਾਂ ਕੋਲ 'ਸਹਿਣ' ਦਾ ਜਿਗਰਾ ਵੀ ਹੋਣਾ ਚਾਹੀਦਾ ਹੈ। ਜਿਹੜੇ ਲੇਖਕ ਸਾਰੇ ਪ੍ਰੇਮ ਕਰਨ ਵਾਲਿਆਂ ਨੂੰ ਧੱਕੜ ਬਿਆਨ ਕਰਦੇ ਹਨ, ਮੇਰੀ ਨਜ਼ਰ ਵਿਚ ਗਲਤ ਹਨ। ਜਿਵੇਂ ਫਿ਼ਲਮਾਂ ਵਾਲਿਆਂ ਨੇ ਜਾਂ ਗੀਤਕਾਰਾਂ ਨੇ ਜੱਟ ਨੂੰ ਹਮੇਸ਼ਾ ਇਕ 'ਗੁੰਡਾ' ਜਿਹਾ ਬਣਾ ਕੇ ਹੀ ਪੇਸ਼ ਕੀਤਾ ਹੈ, ਮੈਂ ਤਾਂ ਇਹ ਲੀਹ ਹੀ ਤੋੜੀ ਹੈ।
11) ਇਸ ਨਾਵਲ ਵਿਚ ਬਿੱਲੂ ਦੀ ਪ੍ਰੇਮਿਕਾ ਮੀਤੀ ਨੂੰ ਇਕ ਦਲੇਰ ਕੁੜੀ ਦੇ ਰੂਪ ਵਿਚ ਚਿਤਰਿਆ ਹੈ। ਜਿਸ ਵਿਚ ਜਿੱਥੇ ਉਹ ਆਪਣੇ ਪ੍ਰੇਮੀ ਨੂੰ ਸੱਟਾਂ ਫ਼ੇਟਾਂ ਲਾਉਣ ਵਾਲੇ ਆਪਣੇ ਹੀ ਕਰੀਬੀਆਂ ਦਾ ਖਾਤਮਾ ਕਰਦੀ ਹੈ, ਉਥੇ ਆਪਣੀ ਮਾਂ ਦੇ ਨਜਾਇਜ਼ ਸਬੰਧਾਂ ਨੂੰ ਬਰਦਾਸ਼ਤ ਨਾ ਕਰਦੀ ਹੋਈ, ਉਸ ਦਾ ਵੀ ਖਾਤਮਾ ਕਰ ਦਿੰਦੀ ਹੈ। ਪਰ ਅਸਲੀਅਤ ਵਿਚ ਪੰਜਾਬੀ ਜੀਵਨ ਵਿਚ ਔਰਤ ਦੀ ਅਜਿਹੀ ਸਥਿਤੀ ਨਹੀਂ। ਤੁਹਾਡੇ ਕੀ ਵਿਚਾਰ ਹਨ?
-ਛੋਟੇ ਵੀਰ, ਗੱਲ ਫੇਰ ਉਥੇ ਹੀ ਆ ਜਾਂਦੀ ਐ! ਜੇ ਪੰਜਾਬ ਦਾ ਗੱਭਰੂ ਅਜੋਕੇ ਸਮੇਂ ਵਿਚ ਇਤਨੀ ਨਿਮਰਤਾ ਵਾਲਾ ਹੋ ਸਕਦਾ ਹੈ ਤਾਂ ਕੀ ਪੰਜਾਬ ਦੀ ਕੁੜੀ 'ਖਾਂਟ' ਜਾਂ 'ਘੈਂਟ' ਨਹੀਂ ਹੋ ਸਕਦੀ? ਜਿਹੜੀ ਕੁੜੀ ਜੰਮੀ ਹੀ ਪੰਜਾਬ ਦੇ ਅਣਖੀ ਮਾਹੌਲ ਵਿਚ ਹੈ, ਕੀ ਉਸ ਦਾ ਸੁਭਾਅ ਵਿਦਰੋਹੀ ਨਹੀਂ ਹੋ ਸਕਦਾ? ਕਿੰਨੀਆਂ ਕੁੜੀਆਂ ਅੱਜ ਕੱਲ੍ਹ ਆਪਣੀ ਮਨਮਰਜ਼ੀ ਨਾਲ ਸ਼ਾਦੀਆਂ ਕਰ ਰਹੀਆਂ ਹਨ। ਤੁਸੀਂ ਵੀ ਖਬਰ ਪੜ੍ਹੀ ਹੋਵੇਗੀ ਕਿ ਦੋ ਸਮਲਿੰਗੀ ਕੁੜੀਆਂ ਨੇ ਤਾਂ ਆਪਸ ਵਿਚ ਸ਼ਾਦੀ ਵੀ ਰਚਾਈ ਹੈ। ਚਾਹੇ ਮੈਂ ਸਮਲਿੰਗੀ ਸ਼ਾਦੀਆਂ ਦੇ ਹੱਕ ਵਿਚ ਨਹੀਂ, ਪਰ ਇਹ ਵਿਦਰੋਹ ਅਤੇ ਬਾਗੀ ਹੋਣ ਦਾ ਪ੍ਰਤੱਖ ਸਬੂਤ ਹੈ। ਮੈਂ ਹਰ ਮੋੜ 'ਤੇ ਇਕ ਵੱਖਰੀ ਲੀਹ ਪਾ ਕੇ ਤੁਰਨ ਦਾ ਆਦੀ ਹਾਂ!
12) "ਬਾਰ੍ਹੀਂ ਕੋਹੀਂ ਬਲਦਾ ਦੀਵਾ" ਨਾਵਲ ਵਿਚ ਸਿੱਖ ਧਰਮ ਦੇ ਅਸੂਲਾਂ 'ਤੇ ਚੱਲ ਕੇ ਸ਼ਾਂਤਮਈ ਢੰਗ ਨਾਲ ਜੁਲਮ ਦੇ ਖਿ਼ਲਾਫ਼ ਖੜ੍ਹੇ ਦਿਖਾਇਆ ਗਿਆ ਹੈ। ਕੀ ਇਸ ਤਰ੍ਹਾਂ ਅਸੀਂ ਜੁਲਮ ਦਾ ਸਾਹਮਣਾਂ ਕਰ ਸਕਾਂਗੇ?
-ਸਕੂਲੀ ਪੜ੍ਹਾਈ ਨੂੰ ਛੱਡ, ਪਿਛਲੇ ਤੀਹ ਸਾਲਾਂ ਵਿਚ ਮੈਂ ਹੁਣ ਤੱਕ ਤਿੰਨ ਲਾਇਬ੍ਰੇਰੀਆਂ ਪੜ੍ਹ ਦਿੱਤੀਆਂ ਹੋਣਗੀਆਂ। ਤਕਰੀਬਨ ਹਰ ਦੇਸ਼ ਅਤੇ ਹਰ ਭਾਸ਼ਾ ਦੇ ਲੇਖਕ ਨੂੰ ਪੜ੍ਹਿਆ। ਸਿੱਖ ਜੱਦੋਜਹਿਦ ਦੀਆਂ ਕਿਤਾਬਾਂ 'ਤੇ ਨਜ਼ਰ ਮਾਰ ਲਵੋ, ਕਿਵੇਂ ਸਾਡੇ ਬਾਬਿਆਂ ਨੇ 'ਰੇਲ ਰੋਕੋ' ਮੋਰਚੇ ਵਿਚ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਮੋਰਚਾ ਸਿਰੇ ਲਾਇਆ ਸੀ। ਕਿਵੇਂ 1978 ਦੀ ਵਿਸਾਖੀ ਵੇਲੇ 13 ਸਿੰਘ ਬਾਣੀ ਪੜ੍ਹਦੇ ਸ਼ਾਂਤਮਈ ਢੰਗ ਨਾਲ ਸ਼ਹੀਦ ਹੋਏ। ਦਸਮ ਪਿਤਾ ਨੇ ਕਿਹਾ ਹੈ ਕਿ ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਨੌਵੇਂ ਪਾਤਿਸ਼ਾਹ ਦਾ ਫ਼ੁਰਮਾਨ ਹੈ: ਭੈਅ ਕਾਹੂੰ ਕੋ ਦੇਤ ਨਹਿ ਨਹਿ ਭੈਅ ਮਾਨਤੁ ਆਨੁ।। ਪੁਰਾਤਨ ਸਿੰਘਾਂ ਸਿੰਘਣੀਆਂ ਨੇ ਆਪਣੇ ਬੱਚਿਆਂ ਦੇ ਟੁਕੜੇ ਝੋਲੀਆਂ ਵਿਚ ਪੁਆਏ। ਸਵਾ-ਸਵਾ ਮਣ ਪੀਹਣ ਹੱਥਾਂ ਨਾਲ ਪੀਸਿਆ। ਦਿੱਲੀ ਵਿਚ ਸਿੱਖ ਸ਼ਾਂਤਮਈ ਢੰਗ ਨਾਲ ਸ਼ਹੀਦੀਆਂ ਪਾਉਂਦੇ ਰਹੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਨੇ ਵੀ ਸ਼ਾਂਤਮਈ ਰਹਿ ਕੇ ਸ਼ਹੀਦੀਆਂ ਦਿੱਤੀਆਂ। ਭਾਈ ਮਨੀ ਸਿੰਘ ਨੂੰ ਲਾਹੌਰ ਦੇ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਬਾਬਾ ਜੀ ਅਸੀਂ ਇਹਨਾਂ ਦੁਸ਼ਟਾਂ ਨੂੰ ਜੁਰਮਾਨੇ ਦਾ ਪੈਸਾ ਇਕੱਤਰ ਕਰ ਕੇ ਦੇ ਦਿੰਦੇ ਹਾਂ, ਆਪ ਸ਼ਹੀਦੀ ਨਾ ਦਿਓ। ਪਰ ਭਾਈ ਮਨੀ ਸਿੰਘ ਜੀ ਨੇ ਕਿਹਾ ਸੀ, ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਦੀ ਖਾਣ, ਜੇ ਤਨ ਦਿੱਤਿਆਂ ਹਰ ਮਿਲੇ ਤਉ ਭੀ ਸਸਤਾ ਜਾਣ। ਫੇਰ ਭਾਈ ਤਾਰੂ ਸਿੰਘ ਦਾ ਕੀ ਕਸੂਰ ਸੀ? ਗੁਰੂ ਦੇ ਸਿੱਖਾਂ ਨੂੰ ਲੰਗਰ ਪਾਣੀ ਹੀ ਛਕਾਉਂਦਾ ਹੁੰਦਾ ਸੀ। ਮੌਕੇ ਦੀ ਜ਼ਾਲਮ ਸਰਕਾਰ ਨੇ ਵਰਜਿਆ, ਪਰ ਸਿੰਘ ਨੇ ਸ਼ਾਂਤਮਈ ਸ਼ਹੀਦੀ ਦੇਣੀ ਤਾਂ ਪ੍ਰਵਾਨ ਕਰ ਲਈ, ਪਰ ਮੌਕੇ ਦੀ ਹਕੂਮਤ ਅੱਗੇ ਨਹੀਂ ਸੀ ਝੁਕਿਆ। ਜੇ ਪੁਰਾਤਨ ਸਿੰਘ ਸ਼ਾਂਤੀ ਨਾਲ ਜ਼ੁਲਮ ਦਾ ਟਾਕਰਾ ਕਰ ਸਕਦੇ ਸਨ, ਤਾਂ ਅੱਜ ਦੇ ਸਿੰਘ ਕਿਉਂ ਨਹੀਂ ਕਰ ਸਕਦੇ?
13) 1947 ਦੀ ਵੰਡ, ਪੰਜਾਬ ਸੰਕਟ ਅਤੇ ਆਪ੍ਰੇਸ਼ਨ ਬਲਿਊ ਸਟਾਰ ਪੈਦਾ ਹੋਣ ਦੇ ਕਿਹੜੇ-ਕਿਹੜੇ ਕਾਰਨ ਸਨ?
-ਇਹ ਸਾਰਾ ਸਿਆਸੀ ਸਟੰਟ ਹੀ ਸੀ ਗਗਨ! ਬੱਸ ਵਕਤ ਦਾ ਹੇਰ ਫੇਰ ਜਾਂ ਹਾਲਾਤਾਂ ਦਾ ਉਲਝੇਵਾਂ ਸੀ, ਪਰ ਸੱਪ ਉਹ ਹੀ ਸੀ, ਜਿਹੜਾ ਪਹਿਲੇ ਆਗੂ ਕੱਢ ਕੇ ਦਿਖਾਉਂਦੇ ਰਹੇ ਨੇ। 1947 ਵਿਚ ਨਹਿਰੂ ਅਤੇ ਜਿ਼ਨਾਂਹ ਦੋਨਾਂ ਨੂੰ ਗੱਦੀ ਚਾਹੀਦੀ ਸੀ। ਨਹਿਰੂ ਦੇ ਮਨ ਵਿਚ ਸੀ ਕਿ ਜੇ ਘਾਗ ਸਿਆਸੀ ਆਗੂ ਜਿ਼ਨਾਂਹ ਭਾਰਤ ਰਹਿ ਗਿਆ, ਸਾਨੂੰ ਕੀਹਨੇ ਰਾਜ ਕਰਨ ਦਿੱਤਾ? ਜਿ਼ਨਾਂਹ ਦੇ ਮਨ ਵਿਚ ਵੀ ਇਹੋ ਸੀ ਕਿ ਭਾਰਤ ਵਿਚ ਹਿੰਦੂਆਂ ਦੀ ਬਹੁਗਿਣਤੀ ਹੈ, ਮੁਸਲਮਾਨਾਂ ਨੂੰ ਲੈ ਕੇ ਪਾਸੇ ਹੋ ਜਾਵੋ ਤੇ ਤਸੱਲੀ ਨਾਲ਼ ਰਾਜ ਕਰੋ, ਹਿੰਦੂਆਂ ਨੇ ਸਾਨੂੰ ਰਾਜ ਨਹੀਂ ਕਰਨ ਦੇਣਾ। ਇਸ ਦੇ ਸਿੱਟੇ ਵਜੋਂ ਹਿੰਦੋਸਤਾਨ ਅਤੇ ਪਾਕਿਸਤਾਨ ਬਣੇਂ। ਪੰਜਾਬ ਸੰਕਟ ਵੱਲ ਆਈਏ। 1984 ਦਾ ਆਪ੍ਰੇਸ਼ਨ ਇਕ ਸੋਚੀ ਸਮਝੀ ਸਾਜਿਸ਼ ਸੀ। ਕੀ ਸੰਤ ਭਿੰਡਰਾਂਵਾਲਿਆਂ ਨੂੰ ਮਾਰਨ ਜਾਂ ਗ੍ਰਿਫ਼ਤਾਰ ਕਰਨ ਦਾ ਸਿਰਫ਼ ਇਕੋ ਇਕ ਤਰੀਕਾ ਸਰਕਾਰ ਕੋਲ ਆਪ੍ਰੇਸ਼ਨ ਬਲਿਊ ਸਟਾਰ ਹੀ ਰਹਿ ਗਿਆ ਸੀ? ਕੀ ਉਹਨਾਂ ਨੂੰ ਹੋਰ ਕਿਸੇ ਤਰੀਕੇ ਨਾਲ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ ਸੀ? ਜੇ ਉਹਨਾਂ ਨੂੰ ਗ੍ਰਿਫ਼ਤਾਰ ਕਰਨਾ ਹੀ ਸੀ ਤਾਂ ਉਹ ਸਿਰਫ਼ ਪੰਜਵੇਂ ਪਾਤਿਸ਼ਾਹ ਦੇ ਸ਼ਹੀਦੀ ਦਿਵਸ 'ਤੇ ਹੀ ਕਿਉਂ? ਅੱਗੋਂ ਪਿੱਛੋਂ ਕੋਈ ਦਿਨ ਨਹੀਂ ਸੀ ਮੁਕੱਰਰ ਕੀਤਾ ਜਾ ਸਕਦਾ? ਪੰਜਾਬ ਸੰਕਟ ਦਾ ਕਾਰਨ ਇਹ ਸੀ ਕਿ ਜਿਹੜੇ ਵਾਅਦੇ ਗੌਰਮਿੰਟ ਕਰਦੀ, ਉਸ ਤੋਂ ਮੁੱਕਰ ਵੀ ਬੜੀ ਛੇਤੀ ਜਾਂਦੀ ਸੀ। ਜਦੋਂ ਕਿਸੇ ਵੀ ਸੂਬੇ ਜਾਂ ਕਿਸੇ ਵੀ ਦੇਸ਼ ਦੇ ਨੌਜਵਾਨਾਂ ਵਿਚ ਨਿਰਾਸ਼ਤਾ ਫ਼ੈਲ ਜਾਵੇ, ਉਦੋਂ ਸਿੱਟੇ ਮੇਰੇ ਵੀਰ ਤਬਾਹੀ ਵਿਚ ਹੀ ਨਿਕਲਦੇ ਹਨ। ਨਹੀਂ ਦੱਸੋ ਕਿ ਮਰਨ ਦਾ ਕਿਸੇ ਨੂੰ ਕੋਈ ਚਾਅ ਜਾਂ ਸ਼ੌਕ ਹੁੰਦਾ ਹੈ? ਕੌਣ ਨਹੀਂ ਚਾਹੁੰਦਾ ਕਿ ਮੈਂ ਸ਼ਾਂਤੀ ਨਾਲ ਜੀਵਾਂ?
14) ਤੁਹਾਡੀਆਂ ਰਚਨਾਵਾਂ ਵਿਚ ਵਰਤੀ ਗਈ ਸ਼ਬਦਾਵਲੀ 'ਤੇ ਕਈ ਵਾਰੀ ਅਸ਼ਲੀਲਤਾ ਦਾ ਦੋਸ਼ ਵੀ ਲੱਗਦਾ ਰਿਹਾ ਹੈ। ਕੀ ਸਾਹਿਤ ਵਿਚ ਅਜਿਹੀ ਸ਼ਬਦਾਵਲੀ ਵਰਤਣੀ ਜਾਇਜ਼ ਹੈ?
-(ਹੱਸ ਕੇ) ਇਹ ਸੁਆਲ ਕੋਈ ਪਹਿਲੀ ਵਾਰ ਹੀ ਨਹੀਂ ਕੀਤਾ ਗਿਆ ਨਿੱਕੇ ਵੀਰ। ਆਮ ਟੈਲੀਵਿਯਨ, ਰੇਡੀਓ 'ਤੇ ਮੁਲਾਕਾਤੀ ਮਿੱਤਰ ਕਰਦੇ ਹੀ ਰਹਿੰਦੇ ਨੇ। ਮੇਰੇ ਪਾਤਰ ਆਪਣੀ ਰਵਾਇਤੀ ਭਾਸ਼ਾ ਬੋਲਦੇ ਹਨ। ਮੈਂ ਕਿਸੇ ਦੇ ਮੂੰਹ ਵਿਚ ਆਪਣਾ ਕੋਈ ਲਫ਼ਜ਼ ਨਹੀਂ ਪਾਉਂਦਾ। ਮੈਂ ਪਹਿਲਾਂ ਵੀ ਬਹੁਤ ਸਾਰੀਆਂ ਮੁਲਾਕਾਤਾਂ ਵਿਚ ਆਖ ਚੁੱਕਾ ਹਾਂ ਕਿ ਸੱਚੀ ਅਤੇ ਸਪੱਸ਼ਟ ਆਖੀ ਗੱਲ ਸਭ ਨੂੰ ਕੌੜੀ ਲੱਗਦੀ ਹੈ। ਮੈਂ ਕੈਨੇਡਾ ਵਿਚ ਇਕ ਟੈਲੀਵਿਯਨ ਇੰਟਰਵਿਊ ਦੌਰਾਨ ਗੱਲ ਆਖੀ ਸੀ ਕਿ ਅਸੀਂ ਸੱਭਿਆਚਾਰ ਦਾ ਰੌਲਾ ਪਾਉਣ ਵਾਲੇ ਸੱਤਾਂ ਪਰਦਿਆਂ ਪਿੱਛੇ ਵੀ ਨਿਰਵਸਤਰ ਹਾਂ, ਜਦ ਕਿ ਗੋਰੇ ਲੋਕ ਨਗਨ ਹੋ ਕੇ ਵੀ ਢਕੇ ਹੋਏ ਹਨ। ਮੇਰਾ 'ਕਾਣੇਂ' ਨੂੰ 'ਕਾਣਾਂ' ਕਹਿਣਾ ਹੀ ਲੋਕਾਂ ਨੂੰ ਚੁੱਭਦਾ ਹੈ। ਜੇ ਵਿਸ਼ਾ ਪਾਕ ਪਵਿੱਤਰ ਹੋਵੇ ਤਾਂ ਉਥੇ ਅਸ਼ਲੀਲਤਾ ਵੀ ਢਕੀ ਜਾਂਦੀ ਹੈ। ਮੇਰੇ ਨਾਵਲਾਂ ਵਿਚ ਜੇ ਪੁਲਸ ਵਾਲੇ ਗਾਲ੍ਹਾਂ ਕੱਢਦੇ ਹਨ ਤਾਂ ਦੱਸੋ ਮੈਂ ਕਿਹੜਾ ਝੂਠ ਬੋਲ ਦਿੱਤਾ? ਦੱਸੋ ਕਿਹੜਾ ਪੁਲਸ ਵਾਲਾ ਦੋਸ਼ੀ ਨੂੰ ਸਿਰੋਪਾਓ ਦੀ ਬਖ਼ਸਿ਼ਸ਼ ਕਰਦਾ ਹੈ?
15) ਪੰਜਾਬੀ ਕਿਸਾਨ ਮਿਹਨਤੀ ਅਤੇ ਸਿਰੜੀ ਹੋਣ ਦੇ ਬਾਵਜੂਦ ਉਸ ਦੀ ਹਾਲਤ ਬਹੁਤੀ ਸੁਖਾਵੀਂ ਨਹੀਂ ਹੈ। ਇਸ ਪਿੱਛੇ ਕੀ ਕਾਰਨ ਹਨ?
-ਉਸ ਪਿੱਛੇ ਕਾਰਨ ਲੀਡਰਾਂ ਦੀ ਲਾਪ੍ਰਵਾਹੀ ਅਤੇ ਬੇਧਿਆਨੀ ਹੈ। ਹਰਿਆਣੇਂ ਦੇ ਲੀਡਰ ਆਪਣੇ ਲੋਕਾਂ ਲਈ ਮਰਨ ਮਾਰਨ 'ਤੇ ਹੋ ਜਾਂਦੇ ਹਨ। ਬਿਹਾਰ ਵਿਚ ਲਾਲੂ ਪ੍ਰਸਾਦ ਆਪਣੇ ਲੋਕਾਂ ਉਪਰ ਖ਼ੂਨ ਡੋਲ੍ਹਦਾ ਹੈ। ਤੇ ਆਪਣੇ ਲੀਡਰ? ਆਪਸ ਵਿਚ ਹੀ ਮਿਲ ਕੇ ਨਹੀਂ ਬੈਠ ਸਕਦੇ, ਪੰਜਾਬ ਲਈ ਕੀ ਸੁਆਹ ਕਰਨਗੇ? ਤੁਹਾਡੇ ਸਾਹਮਣੇਂ ਹੀ ਹੈ! ਕਾਹਨੂੰ ਮੈਥੋਂ ਬਾਹਲਾ ਅਖਵਾਉਂਦੇ ਹੋ? ਮੇਰਾ ਨਾਵਲ ''ਤਰਕਸ਼ ਟੰਗਿਆ ਜੰਡ'' ਹੀ ਪੜ੍ਹ ਕੇ ਦੇਖ ਲਵੋ।
16) ਤੇ ਧਰਤੀ ਰੋ ਪਈ, ਨ੍ਹੋ ਜੁੱਤੀ-ਨ੍ਹੋ ਕੁੱਤਾ ਅਤੇ ਘਰਿ ਘਰਿ ਏਹੈ ਅੱਗਿ ਕਹਾਣੀਆਂ ਵਿਚ ਪ੍ਰਵਾਸ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ ਹੈ ਤੇ ਨਿਭਾਅ ਵਿਚ ਵੀ ਸਹਿਜਤਾ ਹੈ। ਭਾਰਤੀ ਅਤੇ ਪੱਛਮੀ ਜਿ਼ੰਦਗੀ ਵਿਚ ਮੁੱਖ ਰੂਪ ਵਿਚ ਕੀ ਵਖਰੇਂਵਾਂ ਹੈ?
-ਬੜਾ ਵਖਰੇਂਵਾਂ ਹੈ ਜੀ! ਬੜੇ ਪ੍ਰਵਾਸੀ ਭਰਾ ਪ੍ਰਦੇਸ ਛੱਡ ਕੇ ਭਾਰਤ ਵਸਣ ਲਈ ਆਏ। ਪਰ ਇੱਥੋਂ ਦੇ ਨਿੱਘਰ ਚੁੱਕੇ ਸਿਸਟਮ ਕਰਕੇ ਚੀਕਾਂ ਮਾਰ ਕੇ ਫੇਰ ਵਾਪਸ ਭੱਜ ਤੁਰੇ। ਉਥੇ ਜੇ ਕੋਈ ਵਿਹਲਾ ਹੈ ਤਾਂ ਸਰਕਾਰ ਬੇਰੁਜ਼ਗਾਰੀ ਭੱਤਾ ਦਿੰਦੀ ਹੈ। ਜੇ ਕਿਸੇ ਨੇ ਕੋਈ ਪਹਿਲਾ ਜ਼ੁਰਮ ਕੀਤਾ ਹੈ ਤਾਂ ਉਸ ਨੂੰ ਸਮਝਾ-ਬੁਝਾ ਕੇ ਫਿਰ ਲੀਹ 'ਤੇ ਲਿਆਂਦਾ ਜਾਂਦਾ ਹੈ। ਜੇ ਜ਼ੁਰਮ ਵੱਡਾ ਹੈ ਤਾਂ ਪਹਿਲੀ ਸਜ਼ਾ ਵਿਚ ਰਿਆਇਤ ਕਰ ਦਿੱਤੀ ਜਾਂਦੀ ਹੈ। ਟੈਲੀਫ਼ੋਨ, ਬਿਜਲੀ ਦੇ ਬਿੱਲ ਭਰਨ ਲਈ ਬੈਂਕ ਵਿਚ ਫੜਾ ਆਓ। ਜੇ ਕਿਸੇ ਦਾ ਪ੍ਰੀਵਾਰ ਵੱਡਾ ਹੈ, ਉਸ ਨੂੰ ਸਪੈਸ਼ਲ ਭੱਤੇ ਦਿੱਤੇ ਜਾਂਦੇ ਹਨ। ਪਰ ਇੱਥੇ ਦੇਣਾ ਤਾਂ ਕਿਸੇ ਨੇ ਕੀ ਸਿੱਧੇ ਮੂੰਹ ਨਾਲ ਸੀ, ਬਿਜਲੀ ਦਾ ਬਿੱਲ ਭਰਨ ਗਿਆਂ ਹੀ ਸਾਰਾ ਦਿਨ ਮਰ ਜਾਂਦਾ ਹੈ। ਟਰੈਫਿ਼ਕ ਸਿਸਟਮ ਕੋਈ ਨਹੀਂ। ਮੇਰੇ ਇਕ ਮਿੱਤਰ ਨੇ ਬੀਅਰ ਫ਼ੈਕਟਰੀ ਪੰਜਾਬ ਵਿਚ ਲਾਉਣੀ ਚਾਹੀ, ਉਸ ਨੂੰ ਉਹ ਖੱਜਲ ਖੁਆਰੀ ਹੋਈ, ਕਿ ਤਕਰੀਬਨ ਇਕ ਕਰੋੜ ਰੁਪਏ ਲਾ ਕੇ ਵੀ ਕੰਨਾਂ ਨੂੰ ਹੱਥ ਲਾਈ ਜਾਂਦਾ ਹੈ। ਉਂਜ ਲੀਡਰ ਨਿੱਤ ਉਧਰ ਗੇੜੇ 'ਤੇ ਗੇੜਾ ਮਾਰਦੇ ਹਨ, ਜੋਰ ਦਿੰਦੇ ਹਨ ਅਖੇ ਆਪਣੀ ਪੂੰਜੀ ਪੰਜਾਬ ਜਾਂ ਭਾਰਤ ਵਿਚ ਲਾਓ। ਪਰ ਜਦੋਂ ਕੋਈ ਪੂੰਜੀ ਲਾਉਣ ਲਈ ਤਿਆਰ ਹੋ ਜਾਂਦਾ ਹੈ ਤਾਂ ਉਸ ਦੀਆਂ ਹੀਲ੍ਹਾਂ ਕਰਵਾ ਕੇ ਛੱਡਦੇ ਹਨ। ਦੂਜੇ ਭਾਈਬੰਦ ਪਹਿਲੇ ਦਾ ਹਾਲ ਦੇਖ ਦੇਖ ਕੇ ਈ ਕੰਬਣ ਲੱਗ ਪੈਂਦੇ ਹਨ। ਬਾਹਰਲੀਆਂ ਅੰਬੈਸੀਆਂ ਆਪਣੇ ਬੰਦੇ ਖਾਤਰ ਮਰਨ ਮੰਡ ਲੈਂਦੀਆਂ ਹਨ। ਪਰ ਆਪਣੇ ਦੇਸੀ ਮੁੰਡੇ ਬਾਹਰ ਰੁਲ਼ਦੇ ਫਿਰਦੇ ਨੇ, ਕੋਈ ਨਹੀਂ ਪੁੱਛਦਾ। ਤੁਹਾਨੂੰ ਦੱਸਿਆ ਹੀ ਹੈ ਕਿ ਮੇਰੇ ਕੋਲ਼ ਯੂਰਪੀਅਨ ਯੂਨੀਅਨ ਦਾ ਪਾਸਪੋਰਟ ਹੈ, ਮੈਨੂੰ ਖ਼ੁਦ ਨੂੰ ਇਕ ਦੇਸ਼ 'ਚ ਜਾ ਕੇ ਮਾੜੀ ਜਿਹੀ ਔਕੜ ਆਈ ਸੀ, ਯੂਰਪੀਅਨ ਯੂਨੀਅਨ ਦੀ ਗੌਰਮਿੰਟ ਨੇ ਅਗਲੇ ਦੇਸ਼ ਦੀ ਗੌਰਮਿੰਟ ਦਾ ਸਾਹ ਲੈਣਾਂ ਬੰਦ ਕਰ ਦਿੱਤਾ ਸੀ ਕਿ ਸਾਡੇ ਬੰਦੇ ਨੂੰ ਤੰਗ ਕਿਉਂ ਕੀਤਾ ਜਾ ਰਿਹਾ ਹੈ!
17) ਤੁਹਾਡੀਆਂ ਰਚਨਾਵਾਂ ਵਿਚ ਕਈ ਥਾਵਾਂ 'ਤੇ ਸਾਡੇ ਸਰਮਾਏਦਾਰੀ ਸਿਸਟਮ ਉਪਰ ਕਟਾਖਸ਼ ਕੀਤਾ ਗਿਆ ਹੈ। ਸਾਡੀ ਜ਼ਿੰਦਗੀ ਦੇ ਅੱਤ-ਨਿਘਾਰ ਵਿਚ ਜਾਣ ਪਿੱਛੇ ਸਰਮਾਏਦਾਰੀ ਸਿਸਟਮ ਕਿੰਨ੍ਹਾਂ ਕੁ ਜ਼ਿੰਮੇਵਾਰ ਹੈ?
-ਪੰਜਾਬ ਦੇ ਪਤਨ ਦਾ ਕਾਰਨ ਹੀ ਸਰਮਾਏਦਾਰੀ ਹੈ ਮੇਰੇ ਵੀਰ! ਭਾਰਤ ਵਿਚ ਜੇ ਕੋਈ ਅਮੀਰ ਹੈ ਤਾਂ ਉਸ ਨੂੰ ਇਹ ਨਹੀਂ ਪਤਾ ਕਿ ਮੇਰੇ ਕੋਲ ਕਿਤਨਾ ਕੁ ਪੈਸਾ ਹੈ। ਜੇ ਕੋਈ ਗ਼ਰੀਬ ਹੈ ਤਾਂ ਉਸ ਨੂੰ ਇਹ ਫਿ਼ਕਰ ਹੈ ਕਿ ਸ਼ਾਮ ਨੂੰ ਮੇਰੇ ਬੱਚਿਆਂ ਨੂੰ ਰੋਟੀ ਮਿਲੇਗੀ ਕਿ ਨਹੀਂ? ਕਿਸਾਨ ਨੂੰ ਬਿਜਲੀ ਮੁਫ਼ਤ ਦੇਣ ਦਾ ਸ਼ੋਸ਼ਾ ਛੱਡਿਆ। ਫ਼ਾਇਦਾ ਕਿੰਨ੍ਹਾਂ ਨੂੰ ਹੋਇਆ? ਜਿਨ੍ਹਾਂ ਦੀਆਂ ਦਸ-ਦਸ ਬਿਜਲੀ ਦੀਆਂ ਮੋਟਰਾਂ ਸਨ। ਪਰ ਬਿਜਲੀ ਆਉਂਦੀ ਵੀ ਕਿੰਨ੍ਹਾਂ ਕੁ ਚਿਰ ਸੀ? ਫਿਰ ਭਰਿਸ਼ਟ ਲੀਡਰਾਂ ਦੇ ਲਾਕਰਾਂ 'ਚੋਂ ਅੰਨ੍ਹਾਂ ਧਨ ਮਿਲਿਆ। ਉਹ ਪੈਸਾ ਕਿੱਥੋਂ ਆਇਆ? ਤੇ ਫਿਰ ਜਦੋਂ ਉਹ ਪੈਸਾ ਫੜਿਆ ਗਿਆ ਤਾਂ ਗਿਆ ਕਿੱਥੇ? ਇਸ ਦਾ ਭੁੱਖੇ ਮਰਦੇ ਕਿਸਾਨ ਨੂੰ ਕੀ ਫ਼ਾਇਦਾ ਹੋਇਆ? ਉਸ ਦੇ ਪੱਲੇ ਤਾਂ ਸਿਰਫ਼ ਕਰਜ਼ਾ ਜਾਂ ਖ਼ੁਦਕਸ਼ੀ ਹੀ ਰਹਿ ਗਈ। ਮੇਰੇ ਨਾਵਲ "ਤਰਕਸ਼ ਟੰਗਿਆ ਜੰਡ" ਵਿਚ ਆਹੀ ਤਾਂ ਵਿਸ਼ੇ ਐ।
18) ਤੁਹਾਡਾ "ਪੁਰਜਾ ਪੁਰਜਾ ਕਟਿ ਮਰੈ" ਨਾਵਲ ਖਾੜਕੂ ਲਹਿਰ ਨਾਲ ਸਬੰਧਿਤ ਇਕ ਅਹਿਮ ਦਸਤਾਵੇਜ਼ ਹੈ। ਖਾੜਕੂ ਲਹਿਰ ਦੇ ਪੈਦਾ ਹੋਣ ਦੇ ਕਿਹੜੇ-ਕਿਹੜੇ ਕਾਰਨ ਸਨ?
-ਇਸ ਲਹਿਰ ਦੇ ਪੈਦਾ ਹੋਣ ਦੇ ਮੇਰੇ ਦਿਮਾਗ ਅਨੁਸਾਰ ਕਈ ਕਾਰਨ ਸਨ। ਗੌਰਮਿੰਟ ਦਾ ਪੰਜਾਬੀਆਂ ਨਾਲ ਵਾਅਦੇ ਕਰ ਕੇ ਮੁਕਰ ਜਾਣਾ, ਸੂਬੇ ਨੂੰ ਲੋੜੀਂਦੀਆਂ ਸਹੂਲਤਾਂ ਦੀ ਘਾਟ, ਬੇਰਜ਼ਗਾਰੀ ਅਤੇ ਸਭ ਤੋਂ ਵੱਡਾ ਕਾਰਨ 1984 ਦਾ ਬਲਿਊ ਸਟਾਰ ਆਪ੍ਰੇਸ਼ਨ।
19) ਕੀ ਖਾੜਕੂ ਲਹਿਰ ਅਤੇ ਨਕਸਲਵਾੜੀ ਲਹਿਰ ਅੰਤਰ ਸਬੰਧਿਤ ਸਨ?
-ਲਹਿਰਾਂ ਦੋਨੋਂ ਹੀ ਮਾਨੁੱਖੀ ਹੱਕਾਂ ਦੀ ਗੱਲ ਕਰਦੀਆਂ ਸਨ। ਕਮਿਊਨਿਜ਼ਮ ਦਾ ਮਤਲਬ ਹੈ, ਬਰਾਬਰਤਾ! ਨਕਸਲਵਾੜੀ ਨਾਸਤਿਕ ਅਤੇ ਸਿੱਖੀ ਆਸਤਿਕ। ਨਕਸਲਵਾੜੀ ਲਹਿਰ ਨੌਜਵਾਨਾਂ ਦੀ ਸਾਂਝੀ ਲਹਿਰ ਵਜੋਂ ਉਭਰੀ, ਜਦ ਕਿ ਖਾੜਕੂ ਲਹਿਰ ਨੂੰ ਸਿਰਫ਼ ਸਿੱਖ ਲਹਿਰ ਹੀ ਗਰਦਾਨ ਦਿੱਤਾ ਗਿਆ।
20) 'ਪੁਰਜਾ ਪੁਰਜਾ ਕਟਿ ਮਰੈ' ਨਾਵਲ ਵਿਚ ਠਾਣੇਦਾਰ ਗੁਰਪ੍ਰੀਤ ਸਿੰਘ ਗਰੇਵਾਲ ਅਤੇ ਗੜਗੱਜ ਸਿੰਘ (ਕੌਡੀਆਂ ਆਲ਼ਾ) ਦਾ ਕਿਰਦਾਰ ਅੱਤ ਦਰਜੇ ਦਾ ਘਟੀਆ ਦਰਸਾਇਆ ਗਿਆ ਹੈ। ਜਦੋਂ ਕਿ ਪੁਲੀਸ ਦਾ ਕੰਮ ਸਮਾਜ ਵਿਚ ਸ਼ਾਂਤੀ ਵਿਵਸਥਾ ਬਣਾਈ ਰੱਖਣਾ ਹੁੰਦਾ ਹੈ?
-ਤੁਸੀਂ ਵੀ ਅਖਬਾਰ ਪੜ੍ਹਦੇ ਰਹੇ ਹੋ ਅਤੇ ਮੈਂ ਵੀ ਪੜ੍ਹਦਾ ਰਿਹਾ ਹਾਂ। ਮੇਰਾ ਪੁਲੀਸ ਨਾਲ ਕੋਈ ਨਿੱਜੀ ਵੈਰ ਨਹੀਂ ਹੈ। ਪੁਲੀਸ ਦੇ ਕਈ ਆਹਲਾ ਉੱਚ-ਅਫ਼ਸਰ ਮੇਰੇ ਜਿਗਰੀ ਮਿੱਤਰ ਵੀ ਹਨ। ਭਾਈ ਹਰਦੇਵ ਸਿੰਘ ਦੇਬੂ ਵਰਗੇ ਨੌਜਵਾਨਾਂ ਨੂੰ ਉਬਲਦੇ ਪਾਣੀ ਵਿਚ ਸੁੱਟਿਆ ਗਿਆ, ਰਛਪਾਲ ਸਿੰਘ ਛੰਦੜਾਂ ਦਾ ਗੋਡਾ ਵੱਢਿਆ ਗਿਆ, ਇਹ ਫ਼ੋਟੋਆਂ ਪੰਜਾਬ ਵਿਚ ਤਾਂ ਪਤਾ ਨਹੀਂ, ਪਰ ਬਾਹਰਲੇ ਪੇਪਰਾਂ ਵਿਚ ਰੰਗਦਾਰ ਅਤੇ ਪਹਿਲੇ ਪੰਨੇ 'ਤੇ ਛਪੀਆਂ। ਅਜੇ ਵੀ ਬਾਹਰਲੇ ਗੁਰਦੁਆਰਿਆਂ ਵਿਚ ਅਜਿਹੀਆਂ ਫ਼ੋਟੋਆਂ ਵੱਡੀਆਂ ਕਰ ਕੇ ਲਾਈਆਂ ਹੋਈਆਂ ਹਨ। ਜੇ ਉਹ ਫ਼ੋਟੋ ਦੇਖ ਕੇ ਜਾਂ ਅਖਬਾਰਾਂ ਵਿਚ ਅਜਿਹੀਆਂ ਖਬਰਾਂ ਪੜ੍ਹ ਕੇ ਠਾਣੇਦਾਰ ਗੁਰਪ੍ਰੀਤ ਸਿੰਘ ਗਰੇਵਾਲ ਵਰਗੇ ਜਾਂ ਠਾਣੇਦਾਰ ਗੜਗੱਜ ਸਿੰਘ ਵਰਗੇ ਪਾਤਰ ਆ ਵੜੇ ਤਾਂ ਇਹ ਇਤਿਹਾਸਕ ਤੱਥ ਹਨ। ਜੇ ਤੁਹਾਡਾ ਕਿਤੇ ਬਾਹਰ ਯੂਰਪ, ਕੈਨੇਡਾ ਜਾਂ ਅਮਰੀਕਾ ਗੇੜਾ ਵੱਜੇ ਤਾਂ ਗੁਰਦੁਆਰਿਆਂ ਵਿਚ ਜ਼ਰੂਰ ਗੇੜਾ ਮਾਰਨਾ। ਉਥੇ ਅਜਿਹੀਆਂ ਫ਼ੋਟੋਆਂ ਹੇਠ ਸਾਰਾ ਬ੍ਰਿਤਾਂਤ ਵੀ ਲਿਖਿਆ ਮਿਲਦਾ ਹੈ।
21) ਇਸ ਨਾਵਲ ਵਿਚ ਜਦੋਂ ਪ੍ਰੀਤਮ ਸਿੰਘ ਜੈਲਦਾਰ ਅਤੇ ਕਾਕੇ ਉਪਰ ਕਹਿਰ ਦਾ ਅਸਹਿ ਜ਼ੁਲਮ ਢਾਹਿਆ ਜਾਂਦਾ ਹੈ, ਪਰ ਉਹਨਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੈ। ਅਜਿਹਾ ਓਹਲਾ ਕਿਉਂ ਰੱਖਿਆ ਜਾਂਦਾ ਹੈ?
-ਕੀਤੀ 'ਤੇ ਮਿੱਟੀ ਪਾਉਣ ਵਾਸਤੇ! ਵੈਸੇ ਸਾਰੀ ਪੁਲੀਸ ਵੀ ਮਾੜੀ ਨਹੀਂ, ਇਹਨਾਂ ਵਿਚ ਚੰਗੇ ਬੰਦੇ ਵੀ ਬਥੇਰੇ ਐ। ਕਈ ਬੜੇ ਚੰਗੇ-ਚੰਗੇ ਸੁਭਾਅ ਦੇ ਜੱਜ ਪੰਜਾਬ ਵਿਚ ਮੌਜੂਦ ਨੇ। ਇਕ ਦੋ ਜੱਜ ਮੇਰੇ ਦਿਲੀ ਮਿੱਤਰ ਨੇ। ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ। ਬਥੇਰੇ ਸਬੂਤ ਮਿਲਦੇ ਨੇ ਪੁਲੀਸ ਵਾਲਿਆਂ ਦੀਆਂ ਚੰਗਿਆਈਆਂ ਦੇ। ਇਹ ਡਾਕਟਰੀ ਸਹਾਇਤਾ ਤਾਂ ਆਪਣਾ ਬਦ-ਸਲੂਕ ਲਕੋਣ ਦੀ ਖਾਤਰ ਹੀ ਦਿੱਤੀ ਜਾਂਦੀ ਰਹੀ ਕਿ ਕਿਤੇ ਜੱਜ ਕਿਸੇ ਕੈਦੀ ਦੀ ਡਾਕਟਰੀ ਨਾ ਕਰਵਾ ਦੇਵੇ, ਕਸੂਤੇ ਫ਼ਸ ਜਾਵਾਂਗੇ। ਇਹ ਸਿਰਫ਼ ਕਾਨੂੰਨ ਤੋਂ ਬਚਣ ਦਾ ਹੀ ਉਪਰਾਲਾ ਸੀ, ਕੈਦੀ ਨਾਲ ਕੋਈ ਹਮਦਰਦੀ ਨਹੀਂ।
22) ਕੁਲਬੀਰ ਜੋ ਖ਼ਾੜਕੂ ਧੜ੍ਹੇ ਦਾ ਇਕ ਵਫ਼ਾਦਾਰ ਵਿਅਕਤੀ ਸੀ। ਪਰ ਬਾਅਦ ਵਿਚ ਉਹ ਕਈ ਗਲਤ ਕਦਮ ਚੁੱਕਦਾ ਹੈ। ਜਿਸ ਨਾਲ ਖਾੜਕੂ ਲਹਿਰ ਨੂੰ ਧੱਕਾ ਲੱਗਦਾ ਹੈ। ਉਸ ਦੇ ਮਨ ਵਿਚ ਇਹ ਤਬਦੀਲੀ ਕਿਸ ਤਰ੍ਹਾਂ ਆਈ?
-ਗਗਨ, ਇਕ ਕਹਾਵਤ ਐ ਬਈ ਰੰਡੀਆਂ ਤਾਂ ਰੰਡ ਕੱਟ ਲੈਣ, ਪਰ ਮਸ਼ਟੰਡੇ ਨਹੀਂ ਕੱਟਣ ਦਿੰਦੇ। ਮੇਰੇ ਨਾਵਲ ''ਤਵੀ ਤੋਂ ਤਲਵਾਰ ਤੱਕ'' ਵਿਚ ਵੀ ਅਜਿਹੇ ਵਿਅਕਤੀ ਹਨ। ਖਾੜਕੂਆਂ ਵਿਚ ਗਲਤ ਅਨਸਰਾਂ ਨੇ ਘੁੱਸਪੈਠ ਕੀਤੀ ਜਾਂ ਕਰਵਾਈ ਗਈ। ਉਹਨਾਂ ਗਲਤ ਅਨਸਰਾਂ ਨੇ ਕੀ ਕੁਛ ਨਹੀਂ ਕੀਤਾ? ਬਲਾਤਕਾਰਾਂ ਤੋਂ ਲੈ ਕੇ ਕਤਲਾਂ ਤੱਕ! ਲੁੱਟਾਂ ਖੋਹਾਂ ਤੋਂ ਲੈ ਕੇ ਅਗਵਾਹ ਕਰਨ ਦੀਆਂ ਵਾਰਦਾਤਾਂ ਤੱਕ। ਫਿ਼ਰੌਤੀਆਂ ਲੈਣ ਤੋਂ ਲੈ ਕੇ ਨਿੱਜੀ ਝਗੜਿਆਂ ਤੱਕ। ਇਹ ਕੁਲਬੀਰ ਵੀ ਪੁਲੀਸ ਅਫ਼ਸਰ ਗੜਗੱਜ ਸਿੰਘ ਦੇ ਦਿਮਾਗ ਦੀ ਹੀ ਕਾਢ ਸੀ, ਜਿਸ ਦੀਆਂ ਕਾਲੀਆਂ ਕਰਤੂਤਾਂ ਨੇ ਲਹਿਰ ਨੂੰ ਅਕਹਿ ਖੋਰਾ ਲਾਇਆ। ਉਸ ਨੂੰ ਔਰਤ, ਸ਼ਰਾਬ, ਪੈਸਾ, ਕਾਰਾਂ, ਕੋਠੀ ਅਤੇ ਹੋਰ ਲਾਲਚ ਅਤੇ ਸਹੂਲਤਾਂ ਦੇ ਕੇ ਆਪਣੇ ਵੱਸ ਵਿਚ ਕੀਤਾ ਅਤੇ ਮੂਵਮੈਂਟ ਦੀ ਧੌਣ 'ਤੇ ਆਰੀ ਫਿਰਵਾਈ।
23) ਪਬਲਿਸ਼ਰਾਂ ਅਨੁਸਾਰ ਅੱਜ ਕੱਲ੍ਹ ਪੰਜਾਬੀ ਲੇਖਕਾਂ ਵਿਚੋਂ ਤੁਸੀਂ ਸਭ ਤੋਂ ਵੱਧ ਲਿਖਣ, ਵੱਧ ਪੜ੍ਹੇ ਜਾਣ ਵਾਲ਼ੇ ਅਤੇ ਸਭ ਤੋਂ ਮਹਿੰਗੇ ਲੇਖਕ ਮੰਨੇ ਜਾਂਦੇ ਹੋ?
-ਪੰਜਾਬ ਵਿਚ ਪਬਲਿਸ਼ਰ ਰੌਲ਼ਾ ਪਾਈ ਜਾ ਰਹੇ ਹਨ ਕਿ ਪੰਜਾਬੀ ਲੇਖਕਾਂ ਨੂੰ ਕੋਈ ਪੜ੍ਹਦਾ ਨਹੀਂ, ਪੰਜਾਬੀ ਦੇ ਪਾਠਕ ਨਹੀਂ ਬਗੈਰਾ ਬਗੈਰਾ..! ਕਿਤਾਬਾਂ ਵਿਕਦੀਆਂ ਨਹੀਂ..ਬਗੈਰਾ ਬਗੈਰਾ...! ਮੈਂ ਕਿਹਾ ਜੇ ਕੋਈ ਨਹੀਂ ਪੜ੍ਹਦਾ, ਨਾ ਛਾਪੋ। ਕੀ ਘੁਲ੍ਹਾੜ੍ਹੇ 'ਚ ਬਾਂਹ ਆਈ ਵੀ ਐ? ਅਜੇ ਮੈਂ ਨਾਵਲ ਲਿਖ ਰਿਹਾ ਹੁੰਦਾ ਹਾਂ ਕਿ ਬਾਹਰਲੇ ਪ੍ਰਮੁੱਖ ਪ੍ਰਵਾਸੀ ਅਖ਼ਬਾਰ ਮੇਰਾ ਨਾਵਲ ਲੜੀਵਾਰ ਛਾਪਣ ਲਈ 'ਬੁੱਕ' ਕਰ ਲੈਂਦੇ ਹਨ। ਜੇ ਲੋਕ ਨਾ ਪੜ੍ਹਦੇ ਹੋਣ, ਤਾਂ ਬਾਹਰਲੇ ਪੇਪਰ ਮੇਰੇ ਨਾਵਲ ਲੜੀਵਾਰ ਛਾਪਣ ਲਈ ਮੈਨੂੰ ਹਜ਼ਾਰਾਂ ਡਾਲਰ ਨਾ ਦੇਣ। ਪੰਜਾਬ ਦੇ ਪਬਲਿਸ਼ਰਾਂ ਨਾਲ਼ ਮੇਰੀ ਆਹ ਹੀ ਜੰਗ ਹੈ ਕਿ ਜੇ ਲੋਕ ਨਹੀਂ ਪੜ੍ਹਦੇ, ਤਾਂ ਨਾ ਛਾਪੋ! ਤੇ ਜੇ ਪੜ੍ਹਦੇ ਹਨ, ਤਾਂ ਲੇਖਕ ਨੂੰ ਉਸ ਦਾ ਬਣਦਾ ਤਣਦਾ ਹੱਕ ਦਿਓ! ਜੇ ਲੋਕ ਪੰਜਾਬੀ ਦੀਆਂ ਕਿਤਾਬਾਂ ਨਹੀਂ ਪੜ੍ਹਦੇ, ਤਾਂ ਪੰਜਾਬ ਦੇ ਪਬਲਿਸ਼ਰਾਂ ਕੋਲ਼ ਕੋਠੀਆਂ ਅਤੇ ਮਹਿੰਗੀਆਂ ਕਾਰਾਂ ਕਿੱਥੋਂ ਆ ਗਈਆਂ? ਇਹ ਇਕ ਸੋਚਣ ਵਾਲ਼ੀ ਗੱਲ ਹੈ! ਇਹ ਨਹੀਂ ਬਈ ਮੇਰਾ ਲੰਗਰ ਪਾਣੀ ਹੀ ਨਾਵਲਾਂ ਤੋਂ ਚੱਲਦਾ ਹੈ, ਨਹੀਂ! ਪਰ ਲੇਖਕ ਦੀ ਵੀ ਕੋਈ ਮਿਹਨਤ ਹੈ। ਉਹ ਦਿਨ ਰਾਤ ਇਕ ਕਰ ਕੇ ਲਿਖਦੈ, ਤੇ ਉਸ ਦੀ ਕਿਰਤ ਦਾ ਮਿਹਨਤਾਨਾ ਪਬਲਿਸ਼ਰ ਛਕੀ ਜਾਂਦੇ ਐ! ਮੈਂ ਤਾਂ ਇਸ ਪੱਖੋਂ ਹੀ ਹੱਠ ਧਾਰਿਐ ਕਿ ਜੇ ਲੋਕ ਮੇਰੀਆਂ ਕਿਤਾਬਾਂ ਨਹੀਂ ਪੜ੍ਹਦੇ, ਨਾ ਛਾਪੋ! ਪਰ ਮੇਰੇ ਹਜ਼ਾਰਾਂ ਰੁਪੈ ਲੈਣ ਦੇ ਬਾਵਜੂਦ ਪਬਲਿਸ਼ਰ ਫੇਰ ਵੀ ਮੇਰਾ ਪਿੱਛਾ ਨਹੀਂ ਛੱਡਦੇ! ਇਹਦਾ ਮਤਲਬ ਹੈ ਕਿ ਲੋਕ ਪੜ੍ਹਦੇ ਐ? ਤੇ ਕਿਤਾਬਾਂ ਵਿਕਦੀਆਂ ਵੀ ਐ! ਇੱਥੇ ਦੀ ਤਾਂ ਗੱਲ ਛੱਡੋ, ਇੰਗਲੈਂਡ ਅਤੇ ਕੈਨੇਡਾ ਦੀਆਂ ਲਾਇਬ੍ਰੇਰੀਆਂ ਵਿਚ ਮੈਂ ਆਪਣੇ ਨਾਵਲ ਖ਼ੁਦ ਦੇਖੇ ਐ! ਹੈ ਨਾ ਹੈਰਾਨੀ ਵਾਲ਼ੀ ਗੱਲ? ਹੁਣ ਇਕ ਸੰਸਥਾ ਮੇਰੇ ਤਿੰਨ ਨਾਵਲਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਵਾ ਰਹੀ ਐ। ਉਹਨਾਂ ਨੂੰ ਇਹ ਹੈ ਕਿ ਜੇ ਇਹ ਨਾਵਲ ਪੁਰਜਾ ਪੁਰਜਾ ਕਟਿ ਮਰੈ, ਤਵੀ ਤੋਂ ਤਲਵਾਰ ਤੱਕ ਅਤੇ ਬਾਰ੍ਹੀਂ ਕੋਹੀਂ ਬਲ਼ਦਾ ਦੀਵਾ ਪੰਜਾਬੀਆਂ ਨੇ ਪੜ੍ਹੇ ਹਨ, ਤਾਂ ਗੋਰੇ ਜਾਂ ਹੋਰ ਅੰਗਰੇਜ਼ੀ ਪੜ੍ਹਨ ਵਾਲ਼ੇ ਪਾਠਕ ਵੀ ਪੜ੍ਹਨਗੇ। ਜੇ ਮੇਰੇ ਪਾਠਕ ਨਾ ਹੁੰਦੇ ਤਾਂ ਮੇਰੇ ਨਾਵਲ ਅੰਗਰੇਜ਼ੀ ਵਿਚ ਅਨੁਵਾਦ ਕਰਵਾਉਣ ਵਾਲੀ ਸੰਸਥਾ ਪਾਗਲ ਸੀ ਬਈ ਉਹ ਦਸ ਲੱਖ ਰੁਪਏ ਦਾ ਬੱਜਟ ਸ਼ੁਰੂ ਕਰਦੇ? ਇਸ ਦਾ ਕੋਈ ਨਾ ਕੋਈ ਕਾਰਨ ਤਾਂ ਹੈ?
24) ਪੁਲੀਸ ਦੀਆਂ ਜਿ਼ਆਦਤੀਆਂ ਦਾ ਵਿਰੋਧ ਸਾਡੇ ਸਮਾਜ ਦੇ ਲੋਕ ਕਿਉਂ ਨਹੀਂ ਕਰਦੇ?
-ਕੌਣ ਕਹੇ ਰਾਣੀ ਅੱਗਾ ਢਕ? ਕੌਣ ਕਹੇ ਆ ਬੈਲ ਮੁਝੇ ਮਾਰ?
25) ਲਿਖਣ ਲਈ ਤੁਹਾਨੂੰ ਕੋਈ ਖਾਸ ਮਾਹੌਲ ਚਾਹੀਦਾ ਹੈ?
-ਜਦੋਂ ਲਿਖਣਾ ਹੋਵੇ ਜਾਂ ਲਿਖਣ ਲਈ ਕੁਛ ਦਿਮਾਗ ਵਿਚ ਹੋਵੇ ਤਾਂ ਮੇਰੇ ਕੋਲ ਚਾਹੇ ਢੋਲ ਵੱਜੀ ਜਾਣ, ਅਖਾੜਾ ਲੱਗਿਆ ਹੋਵੇ, ਚਾਹੇ ਕੁਸ਼ਤੀਆਂ ਹੋਈ ਜਾਣ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਗੁਰੂ ਕਿਰਪਾ ਨਾਲ ਮੇਰੇ ਮਨ ਦੀ ਇਕਾਗਰਤਾ ਹੀ ਐਹੋ ਜਿਹੀ ਹੈ, ਮੇਰੇ ਲਿਖਣ ਕਾਰਜ ਵਿਚ ਅੜਿੱਕਾ ਨਹੀਂ ਬਣਦੀ।

6 comments:

M S Sarai said...

Kussa Baae Jio
Wonderful interview. There are very few politicians who are friends of Panjab and Panjabi. You mentioned about Sikh principles and activities of Police. May God bless those police officers who were doing their duties with honesty and integrity. My motherland do deserve better leadership and I hope that our prayers will be heard by the Omnipotent. All the best.
Mota Singh Sarai
UK

Silver Screen said...

Beautiful Baba Ji.You have a lot of knowledge of lit. and social.
DARVESH
+91 9814904362

ਤਨਦੀਪ 'ਤਮੰਨਾ' said...

ਜੱਗੀ ਵੀਰ,ਇੰਟਰਵਿਊ ਪੜ੍ਹ ਕੇ ਮਜ਼ਾ ਆ ਗਿਆ। ਬੱਸ ਏਸੇ ਤਰ੍ਹਾਂ ਲਿਖਦੇ ਰਹੋ ਤੇ ਅਸੀਂ ਤੁਹਾਡੇ ਨਾਵਲ ਪੜ੍ਹਦੇ ਰਹੀਏ!
ਤੁਹਾਡਾ ਪਾਠਕ
ਰਣਜੀਤ ਸਿੰਘ ਗਿੱਲ
ਅਮਰੀਕਾ
=========

ਤਨਦੀਪ 'ਤਮੰਨਾ' said...

ਜੱਗੀ ਕੁੱਸਾ ਜੀ ਦੀ ਇੰਟਰਵਿਊ ਬੜੀ ਵਧੀਆ ਲੱਗੀ। ਸੱਚ ਹੈ ਕਿ ਉਨਾਂ ਦੀ ਗੱਲਤਾਤ ਜਾਂ ਲਿਖਤ 'ਚ ਕੋਈ ਬਨਾਵਟ ਨਹੀਂ ਹੁੰਦੀ। ਮੈਂ ਉਹਨਾਂ ਦੇ ਨਾਵਲਾਂ ਦਾ ਫੈਨ ਹਾਂ।

ਕਰਮਦੀਪ ਕਰਮ
ਯੂ.ਐੱਸ.ਏ.
=======
ਸ਼ੁਕਰੀਆ ਕਰਮਦੀਪ ਜੀ।
ਤਮੰਨਾ

M S Sarai said...

Baae Jio
Tuhadi interwiew baare kaafi mittran de phone aye laken sihat di kharaabi karke apni gall nahi ho saki. Hun apan Panjab ton wapis aa ke milange. Mera vichaar january da mahina Panjab wich rahin da hai.
"thanedaar de baraabar dahendi, kursi mere veer di"
Mota Singh Sarai
Walsall, UK

ਤਨਦੀਪ 'ਤਮੰਨਾ' said...

ਪਿਆਰੇ ਵੀਰ ਕਰਮਦੀਪ ਸਿੰਘ ਕਰਮ, ਵੀਰ ਰਣਜੀਤ ਸਿੰਘ ਗਿੱਲ, ਬਾਈ ਮੋਤਾ ਸਿੰਘ ਸਰਾਏ ਅਤੇ ਨਿੱਕੇ ਵੀਰ ਦਰਸ਼ਨ ਦਰਵੇਸ਼! ਬਹੁਤ ਬਹੁਤ ਮਿਹਰਬਾਨੀ ਤੁਹਾਡੇ ਵਿਚਾਰ ਦੇਣ ਦੀ!! ਅੱਗੇ ਤੋਂ ਵੀ ਪੂਰਨ ਆਸ ਹੈ ਕਿ ਵੀਰ ਨੂੰ ਇਸੇ ਤਰ੍ਹਾਂ ਹੀ ਨਿਵਾਜਦੇ ਰਹੋਂਗੇ। ਆਪਣੇ ਅਗਲੇ ਨਾਵਲ "ਪ੍ਰਿਥਮ ਭਗੌਤੀ ਸਿਮਰ ਕੈ" ਨਾਲ਼ ਬੜੀ ਜਲਦੀ ਮੁਲਾਕਾਤ ਹੋਵੇਗੀ!! ਬਾਈ ਮੋਤਾ ਸਿੰਘ ਸਰਾਏ ਜੀ, ਤੁਹਾਡੀਆਂ ਈ-ਮੇਲਜ਼ ਅਤੇ 'ਟੈਕਸਟ ਮੈਸੇਜ਼' ਮਿਲ਼ ਗਏ ਸਨ, ਪਰ ਉਤਰ ਨਹੀਂ ਦੇ ਸਕਿਆ, ਮੁਆਫ਼ ਕਰਨਾਂ ਗ਼ਰੀਬ ਨਿਵਾਜ!! ਤੁਹਾਨੂੰ ਪਤਾ ਹੀ ਹੈ ਕਿ ਵਲਾਇਤ ਵਿਚ ਤਾਂ 'ਚੜ੍ਹਾਈ' ਕਰ ਗਏ ਬੰਦੇ ਦੀ 'ਅੰਤਿਮ' ਅਰਦਾਸ ਵੀ 'ਸੰਡੇ' ਨੂੰ ਹੀ ਕੀਤੀ ਜਾਂਦੀ ਐ...! ਇਹ ਤਾਂ ਜਿਉਂਦੀ ਵੱਸਦੀ ਰਹੇ ਤਨਦੀਪ, ਜਿਹੜੀ ਸਾਨੂੰ ਰੋਡਵੇਜ਼ ਦੀਆਂ ਬੱਸਾਂ ਵਰਗੇ 'ਛਕੜਿਆਂ' ਨੂੰ ਧੱਕੇ ਲਾ-ਲਾ ਕੇ ਵੀ 'ਸਟਾਰਟ' ਕਰੀ ਰੱਖਦੀ ਹੈ ਅਤੇ ਕਦੇ ਕਦੇ ਠੰਢ ਵਿਚ ਆਕੜਿਆਂ ਨੂੰ 'ਪੁਲੀਤਾ' ਵੀ ਲਾ ਕੇ 'ਧੁੱਕ-ਧੁੱਕ' ਕਰਵਾਉਂਦੀ ਰਹਿੰਦੀ ਐ!! ਜੇ ਇਹ ਮੈਨੂੰ ਧੱਕਾ ਨਾ ਲਾਉਂਦੀ, ਤਾਂ ਮੇਰੇ ਨਾਵਲ "ਹਾਜੀ ਲੋਕ ਮੱਕੇ ਵੱਲ ਜਾਂਦੇ" ਅਤੇ "ਸੱਜਰੀ ਪੈੜ ਦਾ ਰੇਤਾ" ਕਦੇ ਨਾ ਲਿਖੇ ਜਾਂਦੇ। "ਪ੍ਰਿਥਮ ਭਗੌਤੀ ਸਿਮਰ ਕੈ" ਨਾਵਲ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ ਸੀ!
ਧੰਨਵਾਦ ਸਹਿਤ,
ਤੁਹਾਡਾ ਆਪਣਾ ਹੀ,
ਸ਼ਿਵਚਰਨ ਜੱਗੀ ਕੁੱਸਾ