Sunday, March 13, 2011

ਬਲਰਾਜ ਸਿੱਧੂ – ਰਾਮ ਸਰੂਪ ਅਣਖੀ ਨਾਲ਼ ਖੁੱਲ੍ਹੀਆਂ ਗੱਲਾਂ - ਮੁਲਾਕਾਤ

ਅਣਖੀ ਨਾਲ਼ ਖੁੱਲ੍ਹੀਆਂ ਗੱਲਾਂ:

ਮੁਲਾਕਾਤੀ: ਬਲਰਾਜ ਸਿੱਧੂ

ਬਲਰਾਜ : ਅਣਖੀ ਜੀ, ਤੁਸੀਂ ਆਪਣੀ ਇਸ ਸੱਜਰੀ ਚੋਣਵੀਆਂ ਇਕਵੰਜਾ ਕਹਾਣੀਆਂ ਦੀ ਛਪੀ ਕਿਤਾਬ ਚਿੱਟੀ ਕਬੂਤਰੀ ਤੇ ਹੱਥ ਰੱਖ ਕੇ ਕਹੋ ਕਿ ਮੈਂ ਜੋ ਕੁਝ ਕਹੂੰਗਾ ਸਿਰਫ਼ ਸੱਚ ਕਹੂੰਗਾ ਤੇ ਸੱਚ ਤੋਂ ਸਿਵਾ ਕੁਝ ਨਹੀਂ ਕਹੂੰਗਾ।

ਅਣਖੀ: ਮੈਂ ਜੋ ਕੁਝ ਕਹੂੰਗਾ ਸਿਰਫ਼ ਸੱਚ ਕਹੂੰਗਾ ਤੇ ਸੱਚ ਤੋਂ ਸਿਵਾ ਕੁਝ ਨਹੀਂ ਕਹੂੰਗਾ।

-----

ਬਲਰਾਜ - ਤੁਹਾਨੂੰ ਲਿਖਣ ਦੀ ਚੇਟਕ ਕਿਵੇਂ ਤੇ ਕਦੋਂ ਲੱਗੀ?

ਅਣਖੀ - ਜਦੋਂ ਮੇਰੀ ਉਮਰ ਪੰਜ ਛੇ ਸਾਲ ਦੀ ਸੀ। ਸਾਡੇ ਪਿੰਡ ਮੇਰੀ ਮਾਸੀ ਦਾ ਮੁੰਡਾ ਚੇਤ ਰਾਮ ਰਹਿੰਦਾ ਹੁੰਦਾ ਸੀ। ਉਹ ਮੇਰੇ ਬਾਪੂ ਨਾਲ ਖੇਤੀ ਦਾ ਕੰਮ ਕਰਦਾ ਸੀ। ਉਹ ਗੁਰਮੁਖੀ ਪੜ੍ਹਿਆ ਹੋਇਆ ਸੀ ਤੇ ਉਹਨੂੰ ਕਿੱਸੇ ਪੜ੍ਹਨ ਦਾ ਸ਼ੌਂਕ ਸੀ। ਆਪਣੇ ਹਾਣੀ ਮੁੰਡਿਆਂ ਦੀ ਮਹਿਫ਼ਿਲ ਵਿੱਚ ਉਹ ਗਾ ਕੇ ਪੜ੍ਹਦਾ। ਮੈਂ ਹਮੇਸ਼ਾ ਉਹਦੇ ਨਾਲ ਰਹਿੰਦਾ ਸੀ। ਮੈਨੂੰ ਉਹ ਗਾਉਂਦਾ ਚੰਗਾ-ਚੰਗਾ ਲੱਗਦਾ। ਫੇਰ ਪਾਕਿਸਤਾਨ ਬਣਨ ਤੋਂ ਪਹਿਲਾਂ ਚੇਤ ਰਾਮ ਤਾਂ ਡਾਕੂਆਂ ਵਿੱਚ ਜਾ ਰਲ਼ਿਆ ਅਤੇ ਘਰ ਵਿੱਚ ਜੋ ਉਹ ਕਿੱਸੇ ਛੱਡ ਗਿਆ। ਉਹ ਮੈਂ ਆਪ ਪੜ੍ਹੇ। ਉਹਨਾਂ ਕਿੱਸਿਆਂ ਵਿੱਚੋਂ ਖ਼ਾਸ ਕਰਕੇ ਹੀਰ ਵਾਰਿਸ ਸ਼ਾਹ ਮੈਨੂੰ ਬਹੁਤ ਪਸੰਦ ਸੀ। ਮੈਨੂੰ ਲੱਗਦਾ ਜਿਵੇਂ ਮੈਂ ਵੀ ਵਾਰਿਸ ਸ਼ਾਹ ਵਾਂਗ ਤੁਕਾਂ ਜੋੜ ਸਕਦਾ ਹੋਵਾਂ। ਮੈਂ ਨੌਵੀਂ ਦਸਵੀ ਜਮਾਤ ਵਿੱਚ ਪੜ੍ਹਦਾ ਸੀ, ਤਾਂ ਮੇਰੀ ਜ਼ਿੰਦਗੀ ਵਿੱਚ ਆਈ ਪਹਿਲੀ ਮੁਹੱਬਤ ਬਾਰੇ ਮੈਂ ਬੈਂਤਾਂ ਲਿਖਣ ਲੱਗਿਆ। ਇਹ ਵਾਰਿਸ਼ ਸ਼ਾਹ ਦੇ ਸਟਾਇਲ ਦੀਆਂ ਹੀ ਸਨ। ਉਹਨਾਂ ਸਮਿਆਂ ਵਿੱਚ ਲੁਧਿਆਣੇ ਤੋਂ ਇੱਕ ਸਪਤਾਹਿਕ ਪਰਚਾ ਲਲਕਾਰ ਛਪਦਾ ਸੀ। ਉਥੇ ਮੈਂ ਆਪਣੀਆਂ ਬੈਂਤਾਂ ਭੇਜਦਾ ਤੇ ਛਪ ਜਾਂਦੀਆਂ। ਬਸ ਇਹੀ ਮੇਰੀ ਸ਼ੁਰੂਆਤ ਸੀ।

-----

ਬਲਰਾਜ - ਤੁਸੀਂ ਆਪਣਾ ਸਾਹਿਤਕ ਸਫ਼ਰ ਮਟਕ ਚਾਨਣਾ(1957) ਕਾਵਿ ਸੰਗ੍ਰਹਿ ਤੋਂ ਆਰੰਭ ਕਰਕੇ ਬੜੀ ਸਰਗਰਮੀ ਨਾਲ ਦੋ ਤਿੰਨ ਹੋਰ ਸੰਗ੍ਰਿਹ ਛਪਵਾਏ ਤੇ ਮੇਰੇ ਕਮਰੇ ਦਾ ਸੂਰਜ (1966) ਰਚਣ ਤੋਂ ਬਾਅਦ ਕਵਿਤਾ ਨੂੰ ਤਿਲਾਂਜਲੀ ਕਿਉਂ ਦੇ ਦਿੱਤੀ?

ਅਣਖੀ -ਮੈਂ ਲੱਗਭਗ ਪੰਦਰਾਂ ਸਾਲ ਕਵਿਤਾ ਲਿਖਦਾ ਰਿਹਾ ਸੀ। ਇੱਕ ਸਮੇਂ ਤੇ ਆ ਕੇ ਮੈਨੂੰ ਮਹਿਸੂਸ ਹੋਣ ਲੱਗਿਆ ਜਿਵੇਂ ਕਵਿਤਾ ਰਾਹੀਂ ਮੈਂ ਪੇਸ਼ ਨਾ ਹੋ ਰਿਹਾ ਹੋਵਾਂ। ਮੈਨੂੰ ਇਹ ਵੀ ਲੱਗਦਾ ਕਿ ਕਵਿਤਾ ਵਿੱਚ ਆਕਾਸ਼ ਉਡਾਰੀਆਂ ਜਹੀਆਂ ਮਾਰ ਕੇ ਮੈਂ ਝੂਠ ਬੋਲ ਰਿਹਾ ਹੋਵਾਂ। ਕਹਾਣੀ ਮੈਂ ਕਦੇ-ਕਦੇ ਪਹਿਲਾਂ ਵੀ ਲਿਖਦਾ ਸੀ। ਮੇਰਾ ਪਹਿਲਾਂ ਕਹਾਣੀ ਸੰਗ੍ਰਹਿ ਸੁੱਤਾ ਨਾਗ (1966) ਛਪਣ ਤੋਂ ਪਹਿਲਾਂ ਮੇਰੀਆਂ ਚਾਰ-ਚਾਰ ਕਹਾਣੀਆਂ ਆਰਸੀ ਤੇ ਪ੍ਰੀਤਲੜੀ ਵਿੱਚ ਛਪ ਚੁਕੀਆਂ ਸਨ। ਜਿਨ੍ਹਾਂ ਕਰਕੇ ਮੈਨੂੰ ਸਮਕਾਲੀ ਲੇਖਕਾਂ ਅਤੇ ਪਾਠਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ ਸੀ। ਕਹਾਣੀ ਲਿਖਣ ਨਾਲ ਜੋ ਤਸੱਲੀ ਮਿਲਦੀ ਸੀ। ਉਹ ਕਵਿਤਾ ਵਿੱਚ ਨਹੀਂ ਸੀ। ਸੁੱਤਾ ਨਾਗ ਦੀ ਇੱਕ ਹਜ਼ਾਰ ਦੀ ਐਡੀਸ਼ਨ ਦੋ ਮਹੀਨਿਆਂ ਵਿੱਚ ਹੀ ਵਿੱਕ ਗਈ। ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਕਹਾਣੀਆਂ ਦੀ ਮੰਗ ਜ਼ਿਆਦੈ ਤੇ ਫੇਰ ਮੈਂ ਕਹਾਣੀਆਂ ਹੀ ਲਿਖਦਾ ਚਲਾ ਗਿਆ। ਦੂਜਾ ਸੰਗ੍ਰਹਿ 1967 ਤੇ ਤੀਜਾ 1968 ਵਿੱਚ ਛਪ ਗਿਆ। ਕਹਾਣੀ ਲਿਖਣ ਦਾ ਸਿਲਸਲਾ ਐਨਾ ਵੱਧ ਗਿਆ ਕਿ ਕਵਿਤਾ ਛੁੱਟ ਗਈ।

-----

ਬਲਰਾਜ - ਕਹਾਣੀ ਲਿਖਣ ਦਾ ਤੁਹਾਡਾ ਪਰੋਸੈਸ (ਤਰੀਕਾ) ਕੀ ਹੈ?

ਅਣਖੀ -ਕਵਿਤਾ ਲਿਖਣ ਲਈ ਮੂਡ ਦੀ ਜ਼ਰੂਰਤ ਹੁੰਦੀ ਸੀ। ਕਹਾਣੀ ਤੇ ਨਾਵਲ ਲਿਖਣ ਲਈ ਮੇਰੇ ਸਾਹਮਣੇ ਅਜਿਹੀ ਕੋਈ ਸਮੱਸਿਆ ਨਹੀਂ ਸੀ। ਪਿਛਲੇ ਕੁੱਝ ਸਾਲਾਂ ਤੋਂ ਕਹਾਣੀ ਲਿਖਣ ਦਾ ਮੇਰਾ ਤਰੀਕਾ ਇਹ ਹੈ ਕਿ ਜਦੋਂ ਮੈਨੂੰ ਕੋਈ ਕਹਾਣੀ ਸੁੱਝਦੀ ਹੈ ਤਾਂ ਮੈਂ ਉਸਦਾ ਖਾਕਾ ਤਿਆਰ ਕਰ ਲੈਂਦਾਂ। ਜਦੋਂ ਕਿਸੇ ਮੈਗਜ਼ੀਨ ਵੱਲੋਂ ਕਹਾਣੀ ਦੀ ਮੰਗ ਆਉਂਦੀ ਹੈ ਤਾਂ ਉਸ ਖਾਕੇ ਨੂੰ ਦੇਖ ਕੇ ਕਦੇ ਵੀ ਕਹਾਣੀ ਲਿਖ ਲੈਂਦਾ ਹਾਂ। ਲਿਖਣ ਸਮੇਂ ਮੈਨੂੰ ਦੋ ਚੀਜ਼ਾਂ ਦੀ ਹੀ ਜ਼ਰੂਰਤ ਹੁੰਦੀ ਹੈ। ਇੱਕ ਮੇਰੇ ਕੋਲ ਸਮਾਂ ਹੋਵੇ ਅਤੇ ਦੂਜਾ ਮੇਰੀ ਸਿਹਤ ਠੀਕ ਹੋਵੇ। ਕਹਾਣੀ ਬਣਾਉਣ ਵੇਲੇ ਮੈਂ ਸਭ ਤੋਂ ਪਹਿਲਾਂ ਉਹਦੇ ਅੰਤ ਦਾ ਨਿਰਣਾ ਕਰਦਾਂ। ਫਿਰ ਜਦੋਂ ਕਹਾਣੀ ਲਿਖਣ ਵੇਲੇ ਮੇਰਾ ਦਿਮਾਗ਼ੀ ਸੰਘਰਸ਼ ਇਹੀ ਹੁੰਦੈ ਕਿ ਕਹਾਣੀ ਸ਼ੁਰੂ ਕਿਵੇਂ ਕੀਤੀ ਜਾਵੇ। ਪਾਠਕ ਬੜੀ ਕਮਾਲ ਦੀ ਚੀਜ਼ ਹੈ, ਜਦੋਂ ਉਹ ਕੋਈ ਵੀ ਕਹਾਣੀ ਪੜ੍ਹਣ ਲੱਗਦੈ, ਜੇ ਸ਼ੁਰੂ ਵਿੱਚ ਹੀ ਕਹਾਣੀ ਉਹਨੂੰ ਨਾ ਫੜੇ ਤਾਂ ਉਹ ਉਸ ਨੂੰ ਉਥੇ ਹੀ ਛੱਡ ਦੇਵੇਗਾ। ਸੋ ਮੇਰੇ ਲਈ ਵੱਡਾ ਟੀਚਾ ਇਹੀ ਹੁੰਦੈ ਕਿ ਪਾਠਕ ਕਹਾਣੀ ਨੂੰ ਸਿਰੇ ਤੱਕ ਪੜ੍ਹੇ। ਕਹਾਣੀ ਮੈਂ ਦੋ ਤਿੰਨ ਬੈਠਕਾਂ ਵਿੱਚ ਮੁਕਾ ਲੈਂਦਾਂ ਹਾਂ। ਫਿਰ ਉਸ ਦੀ ਪ੍ਰੈੱਸ ਕਾਪੀ ਤਿਆਰ ਕਰਨ ਤੋਂ ਪਹਿਲਾਂ ਕਾਂਟ-ਸ਼ਾਂਟ ਵੀ ਕਰਦਾਂ। ਜੇ ਮੇਰੇ ਪਰਿਵਾਰ ਵਿੱਚੋਂ ਮੇਰੀ ਕਹਾਣੀ ਕੋਈ ਨਾ ਸੁਣੇ ਤਾਂ ਛਪਣ ਲਈ ਭੇਜਣ ਤੋਂ ਪਹਿਲਾਂ ਮੈਂ ਆਪਣੀ ਕਹਾਣੀ ਸਾਹਮਣੀ ਕੰਧ ਨੂੰ ਹੀ ਸੁਣਾ ਲੈਂਦਾ ਹਾਂ।

-----

ਬਲਰਾਜ - ਤੁਸੀਂ ਕਹਾਣੀ ਤੋਂ ਨਾਵਲ ਵੱਲ ਕਿਵੇਂ ਮੁੜੇ?

ਅਣਖੀ -ਬਰਨਾਲੇ ਤੋਂ ਇੱਕ ਤ੍ਰੈਮਾਸਿਕ ਪਰਚਾ ਪ੍ਰਤੀਕ ਨਿਕਲਦਾ ਹੁੰਦਾ ਸੀ। ਉਸ ਵਿੱਚ ਇੱਕ ਵਾਰ ਮੇਰੀ ਕਹਾਣੀ ਅਸ਼ਕੇ ਬੁੜ੍ਹੀਏ ਤੇਰੇ ਛਪੀ। ਇਹ ਕਹਾਣੀ ਪੜ੍ਹ ਕੇ ਬੰਬਈ ਰਹਿੰਦੇ ਸੁਖਵੀਰ ਨੇ ਮੈਨੂੰ ਚਿੱਠੀ ਲਿਖੀ ਕਿ ਤੇਰੇ ਵਿੱਚ ਨਾਵਲ ਲਿਖਣ ਦੀ ਸਮਰੱਥਾ ਹੈ। ਉਹਨਾਂ ਦਿਨਾਂ ਵਿੱਚ ਹੀ ਮੈਂ ਬੰਬਈ ਗਿਆ ਤਾਂ ਬਲਰਾਜ ਸਾਹਨੀ ਅਤੇ ਜਸਵੰਤ ਸਿੰਘ ਕੰਵਲ ਨੇ ਵੀ ਮੈਨੂੰ ਇਹੀ ਸਲਾਹ ਦਿੱਤੀ ਸੀ, ਕਿਉਂਕਿ ਉਹਨਾਂ ਨੇ ਮੈਨੂੰ ਪੜ੍ਹਿਆ ਸੀ। ਮੈਂ ਨਾਨਕ ਸਿੰਘ, ਕੰਵਲ, ਨਰੂਲਾ ਆਦਿ ਦੇ ਨਾਵਲ ਪੜ੍ਹੇ ਹੋਏ ਸਨ। ਮੈਨੂੰ ਲੱਗਦਾ ਹੁੰਦਾ ਕਿ ਨਾਵਲ ਜਿਹੀ ਵੱਡੀ ਰਚਨਾ ਮੈਂ ਕਦੇ ਵੀ ਨਹੀਂ ਲਿਖ ਸਕਾਂਗਾ। ਫਿਰ ਮੈਂ ਇੱਕ ਨਾਵਲ ਲਿਖਿਆ ਅਤੇ ਉਸਦਾ ਕੱਚਾ ਖਰੜਾ ਸੁਖਵੀਰ ਜੀ ਨੂੰ ਭੇਜ ਦਿੱਤਾ। ਸੁਖਵੀਰ ਦਾ ਖ਼ਤ ਆਇਆ ਕਿ ਇਸ ਨਾਵਲ ਦੇ ਤਾਂ ਅਖ਼ੀਰ ਵਿੱਚ ਦੋ ਹਿੱਸੇ ਬਣ ਜਾਂਦੇ ਹਨ। ਤੂੰ ਇਹਨੂੰ ਇੱਕ ਨਾਵਲ ਬਣਾ। ਮੈਂ ਬਹੁਤ ਕੋਸ਼ਿਸ਼ ਕੀਤੀ। ਪਰ ਮੈਥੋਂ ਇਉਂ ਹੋ ਨਾ ਸਕਿਆ। ਅਖੀਰ ਮੈਂ ਉਸ ਨਾਵਲ ਨੂੰ ਚੁੱਲ੍ਹੇ ਦੀ ਭੇਟ ਹੀ ਕਰ ਦਿੱਤਾ। ਫੇਰ ਇੱਕ ਹੋਰ ਨਾਵਲ ਪਰਦਾ ਤੇ ਰੌਸ਼ਨੀ (1970) ਲਿਖਿਆ। ਇਸ ਨੂੰ ਚੰਗਾ ਹੁੰਗਾਰ ਮਿਲਿਆ। ਪਰ ਨਾਵਲਕਾਰ ਵਜੋਂ ਮੇਰੀ ਪਹਿਚਾਣ ਮੇਰੇ ਦੂਜੇ ਨਾਵਲ ਸੁਲਗਦੀ ਰਾਤ (1978) ਛਪਣ ਨਾਲ ਹੀ ਬਣੀ। ਤੁਸੀਂ ਪੁੱਛਿਆ ਹੈ ਕਿ ਕਹਾਣੀਆਂ ਲਿਖਦੇ ਲਿਖਦੇ ਨਾਵਲ ਕੰਨੀ ਕਿਵੇਂ ਪਰਤ ਗਏ। ਇਸਦਾ ਵੱਡਾ ਕਾਰਣ ਇਹ ਵੀ ਸੀ ਕਿ ਨਾਵਲ ਲਿਖਣ ਵਿੱਚ ਜ਼ਿਹਨੀ ਤੌਰ ਉਤੇ ਜੋ ਖੁੱਲ੍ਹਾਂ ਮਿਲਦੀਆਂ ਸਨ, ਉਹ ਕਹਾਣੀ ਵਿੱਚ ਨਹੀਂ ਸਨ। ਕਹਾਣੀ ਇੱਕ ਤੈਅਸ਼ੁਦਾ ਬੰਦਿਸ਼ ਹੁੰਦੀ ਹੈ।

-----

ਬਲਰਾਜ - ਤੁਹਾਡਾ ਪਹਿਲਾਂ ਨਾਵਲ 1970 ਵਿਚ ਛਪਿਆ ਤੇ ਦੂਜਾ 1978 ਵਿੱਚ ਛਪਿਆ। ਇਹ ਐਨੇ ਲੰਬੇ ਅੰਤਰਾਲ ਦਾ ਕਾਰਣ?

ਅਣਖੀ -ਦੂਜਾ ਨਾਵਲ ਸੁਲਗਦੀ ਰਾਤ ਛਪਿਆ ਭਾਵੇਂ 1978 ਵਿਚ, ਪਰ ਮੈਂ ਇਸ ਨੂੰ 74-75 ਵਿੱਚ ਹੀ ਲਿਖ ਲਿਆ ਸੀ। ਜਦੋਂ ਮੈਂ ਇਹ ਨਾਵਲ ਲਿਖਿਆ। ਉਹਨਾਂ ਦਿਨਾਂ ਵਿੱਚ ਮੇਰੀ ਸੁਰਗਵਾਸੀ ਪਤਨੀ ਸਖ਼ਤ ਬਿਮਾਰ ਸੀ। ਪਰ ਫਿਰ ਵੀ ਮੇਰੇ ਦਿਮਾਗ਼ ਵਿੱਚ ਸੁਲਗਦੀ ਰਾਤ ਦੀ ਕਹਾਣੀ ਬੋਝ ਬਣ ਕੇ ਬੈਠੀ ਹੋਈ ਸੀ। ਮੈਂ ਇਸ ਬੋਝ ਤੋਂ ਛੇਤੀ ਮੁਕਤ ਹੋਣਾ ਚਾਹੁੰਦਾ ਸਾਂ। ਘਰ ਦਾ ਮਾਹੌਲ ਸੋਗੀ ਸੀ। ਮੇਰੇ ਕੋਲ ਸਮਾਂ ਵੀ ਨਹੀਂ ਸੀ। ਮੈਨੂੰ ਰਾਤ ਨੂੰ ਨੀਂਦ ਵੀ ਨਾ ਆਉਂਦੀ। ਮੈਂ ਨਾਵਲ ਥੋੜ੍ਹੇ ਦਿਨਾਂ ਵਿੱਚ ਹੀ ਮੁਕਾ ਦਿੱਤਾ। ਉਹਨਾਂ ਦਿਨਾਂ ਵਿੱਚ ਦ੍ਰਿਸ਼ਟੀ ਨਾਂ ਦਾ ਮਾਸਿਕ ਪੱਤਰ ਬੜੀ ਚੜ੍ਹਤ ਨਾਲ ਛਪਦਾ ਹੁੰਦਾ ਸੀ। ਇਹ ਮਾਸਿਕ ਪੱਤਰ ਹਰ ਵਾਰ ਇੱਕ ਪੂਰਾ ਨਾਵਲ ਵੀ ਛਾਪਦਾ ਸੀ। ਸਲਗਦੀ ਰਾਤ ਪਹਿਲੀ ਵਾਰ ਉਥੇ ਛਪਿਆ। ਇਸ ਦੀ ਪ੍ਰਸੰਸਾ ਵਿੱਚ ਬਹੁਤ ਸਾਰੇ ਖ਼ਤ ਛਪੇ ਅਤੇ ਉਹਨਾਂ ਤੋਂ ਦੂਗਣੇ ਤਿੱਗਣੇ ਖ਼ਤ ਮੇਰੇ ਕੋਲ ਆਏ। ਸੁਲਗਦੀ ਰਾਤ ਨੂੰ ਭਾਸਾ ਵਿਭਾਗ ਪੰਜਾਬ ਨੇ ਉਸ ਸਾਲ ਦੇ ਵਧੀਆ ਨਾਵਲ ਦਾ ਐਵਾਰਡ ਵੀ ਦਿੱਤਾ। ਹਿੰਦੀ ਦੇ ਪ੍ਰਸਿਧ ਅਖ਼ਬਾਰ ਜਨਸੱਤਾ ਨੇ ਇਸ ਨੂੰ ਹਿੰਦੀ ਵਿੱਚ ਛਾਪਿਆ। ਹਿੰਦੀ ਤੋਂ ਇਹ ਨਾਵਲ ਗੁਜਰਾਤੀ ਭਾਸ਼ਾ ਵਿੱਚ ਵੀ ਛਪਿਆ। ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਅਤੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੀਆਂ ਗਰੈਜੂਏਟ ਕਲਾਸਾਂ ਵਿੱਚ ਇਹ ਸਿਲੇਬਸ ਵਜੋਂ ਵੀ ਪੜ੍ਹਾਇਆ ਜਾ ਰਿਹਾ ਹੈ।

-----

ਬਲਰਾਜ - ਨਾਵਲ ਦੀ ਯੋਜਨਾਬੰਦੀ ਕਿਵੇਂ ਕਰਦੇ ਹੋ?

ਅਣਖੀ -ਨਾਵਲ ਮੇਰੇ ਲਈ ਯੁੱਧ ਵਿੱਚ ਕਿਸੇ ਜਰਨੈਲ ਵਾਂਗ ਲੜਨ ਵਾਲੀ ਗੱਲ ਹੈ। ਜਦੋਂ ਮੈਂ ਨਾਵਲ ਲਿਖ ਰਿਹਾ ਹੋਵਾਂ ਤਾਂ ਲਗਾਤਾਰ ਨਿਰੰਤਰ ਲਿਖਦਾ ਹਾਂ। ਉਹਨਾਂ ਦਿਨਾਂ ਵਿੱਚ ਨਾ ਅਖ਼ਬਾਰ ਪੜ੍ਹਦਾ ਹਾਂ। ਨਾ ਰੇਡੀਉ ਸੁਣਦਾ ਹਾਂ, ਨਾ ਟੀ ਵੀ ਦੇਖਦਾ ਹਾਂ। ਘਰ ਵਿੱਚ ਆਏ ਬੇਮਤਲਬ ਮਹਿਮਾਨਾਂ ਨੂੰ ਮੇਰੀ ਪਤਨੀ ਟਾਲ਼ ਦਿੰਦੀ ਹੈ। ਮੈਂ ਘਰੋਂ ਬਾਹਰ ਵੀ ਨਹੀਂ ਨਿਕਲਦਾ। ਨਾਵਲ ਦੀ ਕਹਾਣੀ ਕਈ-ਕਈ ਸਾਲ ਮੇਰੇ ਦਿਮਾਗ਼ ਵਿੱਚ ਰਿਝਦੀ ਪੱਕਦੀ ਰਹਿੰਦੀ ਹੈ। ਮੈਂ ਨਾਵਲ ਦੇ ਨੋਟਿਸ ਕਦੇ ਤਿਆਰ ਨਹੀਂ ਕਰਦਾ। ਇਹ ਸਾਰਾ ਕੰਮ ਦਿਮਾਗ਼ ਦੇ ਕੰਪਿਊਟਰ ਵਿੱਚ ਹੀ ਸੇਵ ਹੁੰਦਾ ਰਹਿੰਦਾ ਹੈ। ਨਾਵਲ ਦੇ ਖ਼ਾਸ-ਖ਼ਾਸ ਪਾਤਰਾਂ ਬਾਰੇ ਮੈਂ ਪਹਿਲਾਂ ਨਿਸਚਿਤ ਕਰ ਲੈਂਦਾ ਹਾਂ ਕਿ ਉਹ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਉਣਗੇ। ਨਾਵਲ ਦੇ ਅੰਤ ਬਾਰੇ ਵੀ ਮੈਨੂੰ ਪਹਿਲਾਂ ਪਤਾ ਹੁੰਦਾ ਹੈ। ਵਾਹ ਲੱਗਦੀ ਮੈਂ ਪਾਤਰਾਂ ਨੂੰ ਫਲੈਟ ਨਹੀਂ ਹੋਣ ਦਿੰਦਾ। ਮੇਰਾ ਲਿਖਣ ਦਾ ਸਮਾਂ ਸਵੇਰੇ ਚਾਰ ਵਜੇ ਤੋਂ ਲੈ ਕੇ ਰਾਤ ਦੇ ਦੱਸ ਗਿਆਰਾਂ ਵਜੇ ਤੱਕ ਚੱਲਦਾ ਰਹਿੰਦਾ ਹੈ। ਇਸ ਦੌਰਾਨ ਮੈਂ ਦੋ ਘੰਟੇ ਸੌਂ ਵੀ ਲੈਂਦਾ ਹਾਂ। ਹਰ ਰੋਜ਼ ਸਕੂਲੀ ਕਾਪੀ ਦੇ ਵੀਹ ਸਫੇ ਲਿਖਦਾ ਹਾਂ। ਜਦੋਂ ਨਾਵਲ ਮੁਕੰਮਲ ਹੋ ਜਾਵੇ ਤਾਂ ਕਾਪੀਆਂ ਦਾ ਬਸਤਾ ਬੰਨ੍ਹ ਕੇ ਅਲਮਾਰੀ ਵਿੱਚ ਰੱਖ ਦਿੰਦਾ ਹਾਂ। ਕੁਝ ਮਹੀਨਿਆਂ ਬਾਅਦ ਨਾਵਲ ਨੂੰ ਇਸ ਤਰ੍ਹਾਂ ਪੜ੍ਹਦਾ ਹਾਂ ਜਿਵੇਂ ਇਹ ਕਿਸੇ ਦੂਜੇ ਲੇਖਕ ਦੀ ਰਚਨਾ ਹੋਵੇ। ਇਸ ਦੌਰਾਨ ਪੈਰੇ ਦੇ ਪੈਰ੍ਹੇ ਕੱਟੇ ਜਾਂਦੇ ਹਨ। ਨਵੇਂ ਪੈਰੇ ਤੇ ਵਾਕ ਹਾਸ਼ੀਏ ਵਿੱਚ ਲਿਖਦਾ ਰਹਿੰਦਾ ਹਾਂ। ਨਵੇਂ ਸਫੇ ਲਿਖ ਕੇ ਕਾਪੀ ਵਿੱਚ ਜੋੜ ਦਿੰਦਾ ਹਾਂ। ਨਾਵਲ ਜਦੋਂ ਛਪਣ ਭੇਜਣਾ ਹੋਵੇ ਇੱਕ ਵਾਰ ਕੱਚੇ ਖਰੜੇ ਨੂੰ ਫੇਰ ਪੜ੍ਹਦਾ ਹਾਂ। ਪਰੈਸ ਕਾਪੀ ਤਿਆਰ ਕਰਨ ਵੇਲੇ ਵੀ ਫਿਕਰਿਆਂ ਦੀ ਕਾਂਟ-ਛਾਂਟ ਹੁੰਦੀ ਰਹਿੰਦੀ ਹੈ। ਸੋਧ-ਸਧਾਈ ਤਾਂ ਪਰੂਫ ਪੜ੍ਹਨ ਵੇਲੇ ਵੀ ਹੁੰਦੀ ਰਹਿੰਦੀ ਹੈ।

-----

ਬਲਰਾਜ - ਸਾਹਿਤ ਸਿਰਜਣਾ ਵਿੱਚ ਮਸਰੂਫ਼ ਹੁੰਦਿਆਂ ਹੋਇਆਂ ਕਹਾਣੀ ਪੰਜਾਬ ਪਰਚਾ ਕੱਢਣ ਦਾ ਖ਼ਿਆਲ ਕਿਵੇਂ ਆਇਆ। ਇਸ ਪਿਛੇ ਕੀ ਮਕਸਦ ਸੀ?

ਅਣਖੀ -ਕਹਾਣੀ ਪੰਜਾਬ ਦਾ ਵਿਚਾਰ ਅਸਲ ਵਿੱਚ ਕਰਾਂਤੀ ਪਾਲ ਦੇ ਦਿਮਾਗ ਵਿੱਚ ਸੀ। ਕਿਉਂਕਿ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਬਾਅਦ ਮੈਂ ਵਿਹਲਾ ਸੀ ਅਤੇ ਉਹ ਬੇਰੋਜ਼ਗਾਰ। ਪਰਚੇ ਦੇ ਕੁਝ ਅੰਕ ਹੀ ਛਪੇ ਸਨ ਕਿ ਉਸ ਨੂੰ ਨੌਕਰੀ ਮਿਲ਼ ਗਈ ਅਤੇ ਕਹਾਣੀ ਪੰਜਾਬ ਮੇਰੇ ਲਈ ਇੱਕ ਮਕਸਦ ਬਣ ਗਿਆ। ਪੰਜਾਬੀ ਵਿੱਚ ਹੋਰ ਪਰਚੇ ਵੀ ਛਪ ਰਹੇ ਸਨ। ਜਿਨ੍ਹਾਂ ਵਿੱਚ ਕਹਾਣੀਆਂ ਤਾਂ ਛਪਦੀਆਂ ਸਨ। ਪਰ ਕਹਾਣੀ ਅਤੇ ਕਹਾਣੀਕਾਰਾਂ ਬਾਰੇ ਬੱਝਵੇਂ ਰੂਪ ਵਿੱਚ ਗੱਲ ਘੱਟ ਹੀ ਹੁੰਦੀ ਸੀ। ਕਹਾਣੀ ਪੰਜਾਬ ਦਾ ਮੂਲ ਮਨੋਰਥ ਇਹ ਹੈ ਕਿ ਪੰਜਾਬੀ ਦੀਆਂ ਵਧੀਆ ਕਹਾਣੀਆਂ ਪਾਠਕਾਂ ਨੂੰ ਦਿੱਤੀਆਂ ਜਾਣ ਅਤੇ ਨਵੇਂ ਕਹਾਣੀਕਾਰਾਂ ਨੂੰ ਚੰਗੇ ਢੰਗ ਨਾਲ ਪੇਸ਼ ਕਰਕੇ ਉਤਸ਼ਾਹਿਤ ਕੀਤਾ ਜਾਵੇ। ਜਿਸ ਮੰਤਵ ਲਈ ਮੈਂ ਇਹ ਪਰਚਾ ਸ਼ੁਰੂ ਕੀਤਾ ਸੀ, ਚਾਹੇ ਉਹਦੇ ਵਿੱਚ ਸੌ ਫ਼ੀਸਦੀ ਹਾਲੇ ਕਾਮਯਾਬ ਨਹੀਂ ਹੋਇਆ, ਪਰ ਕੋਸ਼ਿਸ਼ ਜਾਰੀ ਹੈ। ਮੈਂ ਇਸ ਪਰਚੇ ਨੂੰ ਉਸ ਬੁਲੰਦੀ ਤੱਕ ਲੈ ਜਾਣਾ ਚਾਹੁੰਦਾ ਹਾਂ। ਜਦੋਂ ਇਸ ਵਿੱਚ ਕਿਸੇ ਲੇਖਕ ਦਾ ਛਪਣਾ ਇੱਕ ਮਾਣ ਤੇ ਫ਼ਖ਼ਰ ਵਾਲੀ ਗੱਲ ਹੋਵੇ।

-----

ਬਲਰਾਜ - ਇੰਗਲੈਂਡ ਆਉਣ ਦਾ ਉਦੇਸ਼?

ਅਣਖੀ -ਮੈਂ ਪੰਜ ਕੁ ਸਾਲ ਪਹਿਲਾਂ ਵੀ ਇਥੇ ਆਇਆ ਸੀ। ਉਦੋਂ ਦੋ ਕੁ ਮਹੀਨੇ ਹੀ ਰਹਿ ਸਕਿਆ। ਮੈਂ ਦੇਖਣਾ ਚਾਹੁੰਦਾ ਹਾਂ ਕਿ ਪਿਛਲੇ ਚਾਲੀ ਪੰਤਾਲੀ ਸਾਲਾਂ ਤੋਂ ਪੰਜਾਬੀ ਲੋਕ ਏਥੇ ਰਹਿ ਕੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰ ਰਹੇ ਹਨ? ਉਹਨਾਂ ਦੀ ਰਹਿਣੀ-ਬਹਿਣੀ ਉੱਤੇ ਅੰਗਰੇਜ਼ੀ ਕਲਚਰ ਦਾ ਕਿੰਨਾ ਕੁ ਪ੍ਰਭਾਵ ਹੈ ਅਤੇ ਇਸ ਪ੍ਰਭਾਵ ਦਾ ਉਧਰ ਪੰਜਾਬ ਵਿੱਚ ਇਹ ਲੋਕ ਕੀ ਅਸਰ ਛੱਡ ਰਹੇ ਹਨ? ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਦਾ ਪੰਜਾਬ ਦੀ ਆਰਥਿਕਤਾ ਉਤੇ ਕੀ ਪਰਛਾਵਾਂ ਹੈ। ਮੈਂ ਇਹ ਸਭ ਇਹਨਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਡੂੰਘੀ ਨੀਜ਼ ਨਾਲ ਅਧਿਐਨ ਕਰ ਰਿਹਾ ਹਾਂ। ਮੇਰੀ ਲਗਭਗ ਸਾਰੀ ਰਚਨਾ ਪੰਜਾਬ ਦੇ ਪਿੰਡਾਂ ਬਾਰੇ ਹੈ। ਹੁਣ ਚਾਹੁੰਦਾ ਹਾਂ ਆਪਣੇ ਖੇਤਰ ਵਿੱਚੋਂ ਬਾਹਰ ਨਿਕਲਿਆ ਜਾਵੇ। ਵਲੈਤ ਵਿੱਚ ਵਸਦੇ ਪੰਜਾਬ ਨੂੰ ਵੀ ਆਪਣੇ ਇੱਕ ਨਾਵਲ ਦਾ ਵਿਸ਼ਾ ਬਣਾਵਾਂ।

-----

ਬਲਰਾਜ - ਤੁਹਾਡੀ ਕਹਾਣੀ ਇੱਕ ਦਲੇਰ ਔਰਤ ਦਾ ਅੰਤ ਪੜ੍ਹ ਕੇ ਮਹਿਸੂਸ ਨਹੀਂ ਹੁੰਦਾ ਕਿ ਉਹ ਖ਼ਤਮ ਹੋ ਗਈ ਹੈ। ਇਹ ਲੂਜ਼ ਐਂਡ ਕਿਉਂ ਛੱਡਿਆ?

ਅਣਖੀ -ਕਹਾਣੀ ਦੀ ਕੋਈ ਇੱਕ ਫਾਰਮ ਨਹੀਂ ਹੁੰਦੀ। ਪੰਜਾਬੀ ਕਹਾਣੀ ਦੀ ਕਦੇ ਤਕਨੀਕ ਸੀ ਕਿ ਲੇਖਕ ਕਹਾਣੀ ਦੇ ਸ਼ੁਰੂ ਵਿੱਚ ਪਹਿਲਾਂ ਭੂਮਿਕਾ ਬੰਨ੍ਹਦਾ ਜਾਂ ਕੋਈ ਦ੍ਰਿਸ਼ ਚਿਤਰਣ ਕਰਦਾ। ਫੇਰ ਕਹਾਣੀ ਨੂੰ ਸ਼ੁਰੂ ਕਰਕੇ ਸਿਖ਼ਰ ਉਤੇ ਲੈ ਜਾਂਦਾ। ਕਹਾਣੀ ਦਾ ਅੰਤ ਇੱਕ ਝਟਕੇ ਨਾਲ ਹੁੰਦਾ। ਉਸ ਕਿਸਮ ਦੀ ਕਹਾਣੀ ਦੀ ਮਿਆਦ ਲੰਘ ਚੁੱਕੀ ਹੈ। ਅੱਜ ਦੀ ਕਹਾਣੀ ਨਾਟਕੀ ਢੰਗ ਨਾਲ ਸ਼ੁਰੂ ਹੁੰਦੀ ਹੈ। ਜ਼ਰੂਰੀ ਨਹੀਂ ਉਹਦਾ ਕੋਈ ਕਲਾਈਮੈਕਸ ਹੋਵੇ। ਇਹ ਵੀ ਜ਼ਰੂਰੀ ਨਹੀਂ ਕਿ ਉਹ ਕਿਸੇ ਝਟਕੇ ਨਾਲ ਖ਼ਤਮ ਹੋਵੇ। ਅੱਜ ਦੀ ਕਹਾਣੀ ਜ਼ਿੰਦਗੀ ਦੇ ਨਾਲ-ਨਾਲ ਤੁਰਦੀ ਹੈ। ਕਹਾਣੀ ਦਾ ਖੁੱਲ੍ਹਾ-ਮੂੰਹ ਰਹਿ ਜਾਣਾ ਸੁਭਾਵਕ ਹੀ ਹੈ।ਇਸੇ ਤਕਨੀਕ ਨੂੰ ਮੈਂ ਹੋਰ ਕੁਝ ਕਹਾਣੀਆਂ ਵਿੱਚ ਵੀ ਵਰਤਿਆ ਹੈ।

-----

ਬਲਰਾਜ - ...ਤੇ ਦੇਵਤਾ ਪ੍ਰਸੰਨ ਸੀ ਕਹਾਣੀ ਤੁਹਾਡੇ ਖੇਤਰ ਤੋਂ ਬਾਹਰ ਦੀ ਕਹਾਣੀ ਹੈ? ਉਸ ਦੀ ਉਤਪਤੀ ਕਿਵੇਂ ਹੋਈ?

ਅਣਖੀ -ਇੱਕ ਵਾਰ ਮੈਂ ਦਿੱਲੀ ਸ਼੍ਰੀ ਮਤੀ ਵਿਜੈ ਚੌਹਾਨ ਦੇ ਘਰ ਬੈਠਾ ਸਾਂ। ਗੁਰਦਾਸਪੁਰ ਜਿਲ੍ਹੇ ਦੇ ਪਿੰਡ ਦੀਨਾਨਗਰ ਵਿਖੇ ਇੱਕ ਆਦਮੀ ਵੱਲੋਂ ਆਪਣੇ ਦੋ ਪੁੱਤਰਾਂ ਦੀ ਨਰਬਲੀ ਦੇਣ ਬਾਰੇ ਗੱਲ ਚੱਲ ਰਹੀ ਸੀ। ਵਿਜੈ ਚੌਹਾਨ ਹੈਰਾਨ ਸੀ ਕਿ ਸਦੀਆਂ ਪੁਰਾਣੇ ਜ਼ਮਾਨੇ ਦੀਆਂ ਘਟਨਾਵਾਂ ਅੱਜ ਦੇ ਸਮੇਂ ਵਿੱਚ ਵੀ ਕਿਉਂ ਵਾਪਰ ਰਹੀਆਂ ਸਨ। ਉਹ ਚਾਹੁੰਦੀ ਸੀ ਕਿ ਨਰਬਲੀ ਦੇ ਵਿਰੁੱਧ ਕੋਈ ਕਹਾਣੀ ਲਿਖੀ ਜਾਵੇ। ਕਹਾਣੀ ਲਿਖਣ ਲਈ ਮੈਨੂੰ ਕਿਹਾ ਗਿਆ। ਇਸ ਕਹਾਣੀ ਵਿੱਚ ਪਿੰਡ ਦੇ ਸਾਨ੍ਹ ਵਾਂਗ ਛੱਡੇ ਨੌਜਵਾਨ ਵਾਲੀ ਘਟਨਾ ਮੈਂ ਪੁਰਾਤਨ ਬਿਸ਼ਨੋਈ ਸਭਿਆਚਾਰ ਵਿੱਚੋਂ ਲਈ। ਬਾਕੀ ਦੀ ਸਾਰੀ ਕਹਾਣੀ ਕਲਪਨਾਤਮਿਕ ਹੈ। ਇਸ ਕਹਾਣੀ ਦਾ ਉਦੇਸ਼ ਇਹੀ ਬਣਦਾ ਹੈ ਕਿ ਮਨੁੱਖ ਦੀ ਜ਼ਿੰਦਗੀ ਪਹਿਲਾਂ ਹੈ ਅਤੇ ਰਸਮੋ-ਰਿਵਾਜ਼ ਦੇਵੀ-ਦੇਵਤੇ ਅਤੇ ਧਾਰਮਿਕ ਰਹੁ-ਰੀਤਾਂ ਵਾਧੂ ਦੀਆਂ ਗੱਲਾਂ ਹਨ।

-----

ਬਲਰਾਜ –‘ਅਧੂਰੀ ਬਹਿਸ ਦਾ ਜ਼ਹਿਰ ਤੁਹਾਡੀ ਕਹਾਣੀ ਰੂਪਕ ਪੱਖੋਂ ਅਲੱਗ ਕਿਸਮ ਦੀ ਹੈ। ਇਸ ਬਾਰੇ ਚਾਨਣਾ ਪਾਓ?

ਅਣਖੀ - ਦੇਖ ਬਲਰਾਜ, ਪਾਠਕ ਜਿੱਥੇ ਇੱਕੋ ਵਿਸ਼ੇ ਦੀਆਂ ਟਾਈਪ ਹੋ ਚੁੱਕੀਆਂ ਕਹਾਣੀਆਂ ਪੜ੍ਹਨਾ ਪਸੰਦ ਨਹੀਂ ਕਰਦਾ। ਉਥੇ ਰੂਪ ਪੱਖੋਂ ਵੀ ਉਹ ਵੰਨਗੀ ਚਾਹੁੰਦਾ ਹੈ। ਜਿਸ ਕਹਾਣੀ ਦਾ ਤੁਸੀਂ ਜ਼ਿਕਰ ਕੀਤਾ ਹੈ। ਉਸ ਕਹਾਣੀ ਵਿੱਚ ਲੇਖਕ ਅਤੇ ਪਾਠਕ ਵੀ ਪਾਤਰ ਹਨ। ਇਸ ਰੂਪ ਦੀ ਕਹਾਣੀ ਮੈਂ ਪਹਿਲਾਂ ਕਿਸੇ ਹੋਰ ਲੇਖਕ ਦੀ ਨਹੀਂ ਪੜ੍ਹੀ ਸੀ। ਮੈਂ ਇਸ ਤਰ੍ਹਾਂ ਦੇ ਛੋਟੇ ਮੋਟੇ ਤਜਰਬੇ ਆਪਣੀਆਂ ਹੋਰ ਕਹਾਣੀਆਂ ਵਿੱਚ ਵੀ ਕਰਦਾ ਰਹਿੰਦਾ ਹਾਂ। ਦਿਮਾਗ਼ ਵਿੱਚ ਕਈ ਨਵੀਂਆਂ ਫੌਰਮਾਂ ਆਉਂਦੀਆਂ ਹਨ। ਅਜਿਹਾ ਕੁਝ ਪਾਠਕ ਦੀ ਦਿਲਚਸਪੀ ਲਈ ਹੀ ਕਰਦਾ ਹਾਂ।

-----

ਬਲਰਾਜ ਕਿਵੇਂ ਲੱਗਿਆ ਇੰਗਲੈਂਡ ਸਫ਼ਰਨਾਮਾ ਨਾ ਹੋ ਕੇ ਕਿਸੇ ਹੋਰ ਵਿਧਾ ਦਾ ਪ੍ਰਭਾਵ ਦਿੰਦੀ ਹੈ ਅਜਿਹਾ ਕਿਉਂ?

ਅਣਖੀ -ਮੇਰੀ ਪੁਸਤਕ ਕਿਵੇਂ ਲੱਗਿਆ ਇੰਗਲੈਂਡ ਰਵਾਇਤੀ ਸਫ਼ਰਨਾਮਾ ਨਹੀਂ ਹੈ। ਇਹ ਪੁਸਤਕ ਲਿਖਣ ਤੋਂ ਪਹਿਲਾਂ ਮੇਰੀ ਕੋਈ ਤਿਆਰੀ ਨਹੀਂ ਸੀ। ਮੈਂ ਜਿਨ੍ਹਾਂ ਜਿਨ੍ਹਾਂ ਥਾਵਾਂ ਉਤੇ ਗਿਆ, ਜਿਹੜੇ ਫੰਕਸ਼ਨ ਮੇਰੀ ਆਮਦ ਵਿੱਚ ਕੀਤੇ ਗਏ ਅਤੇ ਜਿਨ੍ਹਾਂ ਘਰਾਂ ਵਿੱਚ ਮੈਂ ਰਿਹਾ। ਜੋ ਪ੍ਰਭਾਵ ਅੱਖੀਂ ਦੇਖੇ ਅਤੇ ਕੰਨੀ ਸੁਣੇ ਸਨ। ਉਹਨਾਂ ਸਭ ਬਾਰੇ ਇੰਝ ਲਿਖਦਾ ਰਿਹਾ ਜਿਵੇਂ ਆਪਣੇ ਕਿਸੇ ਸਾਥੀ ਨੂੰ ਇੰਗਲੈਂਡ ਬਾਰੇ ਗੱਲਾਂ ਦੱਸ ਰਿਹਾ ਹੋਵਾਂ। ਫੇਰ ਵੀ ਕੁਝ ਲੋਕਾਂ ਦੀ ਰਾਏ ਸੀ ਇੰਗਲੈਂਡ ਜਾਣ ਤੋਂ ਪਹਿਲਾਂ ਉਹਨਾਂ ਲਈ ਇਹ ਪੁਸਤਕ ਪੜ੍ਹਨੀ ਬਹੁਤ ਜ਼ਰੂਰੀ ਹੈ।

-----

ਬਲਰਾਜ - ਤੁਸੀਂ ਤਾਂ ਗਲ਼ -ਗਲ਼ ਤੱਕ ਗਲਪ ਸਾਹਿਤ ਵਿੱਚ ਖੁੱਭੇ ਹੋਏ ਸੀ। ਫਿਰ ਸਾਡੇ ਸਮਾਜ ਨਿਰਮਾਤਾ ਵਰਗੀ ਖੋਜ ਨਿੰਬਧ ਪੁਸਤਕ ਲਿਖਣ ਬਾਰੇ ਵਿਚਾਰ ਕਿਵੇਂ ਆਇਆ? ਗੂਰੂ ਸਾਹਿਬਾਨ, ਟੈਗੋਰ, ਮੁਨਸ਼ੀ ਪ੍ਰੇਮ ਚੰਦ, ਸਤਿਗੁਰੂ ਰਾਮ ਸਿੰਘ ਅਤੇ ਭਗਤ ਪੂਰਨ ਸਿੰਘ ਜਿਹੀਆਂ ਅਜ਼ੀਮ ਸ਼ਖ਼ਸੀਅਤਾਂ ਬਾਰੇ ਲਿਖਣ ਲਈ ਕਿੰਨਾ ਕੁ ਸਟੱਡੀ ਕੀਤਾ?

ਅਣਖੀ -ਇਹ ਪੁਸਤਕ ਚੌਦਾਂ-ਅਠਾਰਾਂ ਸਾਲ ਦੇ ਉਮਰ ਗੁੱਟ ਲਈ ਹੈ। ਇਹ ਪ੍ਰੋਜੈਕਟ ਮੈਨੂੰ ਪੰਜਾਬੀ ਐਕਾਡਮੀ ਦਿੱਲੀ ਨੇ ਦਿੱਤਾ ਸੀ। ਜਿਸ ਵਿੱਚ ਪੰਦਰਾਂ ਉਹਨਾਂ ਮਹਾਂ ਪੁਰਸ਼ਾਂ ਦੀਆਂ ਸੰਖੇਪ ਜੀਵਣੀਆਂ ਹਨ, ਜਿਨ੍ਹਾਂ ਨੇ ਸਮਾਜ ਲਈ ਕੁੱਝ ਨਵਾਂ ਕੀਤਾ। ਸਤਿਗਰੂ ਰਾਮ ਸਿੰਘ ਜੀ ਨੇ ਸਿੱਖਾਂ ਲਈ ਅਨੰਦ ਕਾਰਜ਼ ਦੀ ਰਸਮ ਸ਼ੁਰੂ ਕੀਤੀ। ਗੁਰੂ ਅੰਗਦ ਦੇਵ ਜੀ ਨੇ ਲੰਗਰ ਦੀ ਪ੍ਰਥਾ ਤੋਰੀ। ਮੁਨਸ਼ੀ ਪ੍ਰੇਮ ਚੰਦ ਨੇ ਪੇਂਡੂ ਜੀਵਨ ਬਾਰੇ ਪਹਿਲੀ ਵਾਰ ਸਹੀ ਤਸਵੀਰ ਪੇਸ਼ ਕੀਤੀ ਅਤੇ ਭਗਤ ਪੂਰਨ ਸਿੰਘ ਨੇ ਲੋਕਾਂ ਤੋਂ ਪੈਸਾ-ਪੈਸਾ ਮੰਗ ਕੇ ਹਜ਼ਾਰਾਂ ਬੇਸਹਾਰਾਂ ਲੋਕਾਂ ਦੀ ਸਹਾਇਤਾ ਕੀਤੀ। ਇਹ ਪੰਦਰਾਂ ਲੇਖ ਲਿਖਣ ਲਈ। ਮੈਨੂੰ ਵੀਹ ਕਿਤਾਬਾਂ ਪੜ੍ਹਨੀਆਂ ਪਈਆਂ।

-----

ਬਲਰਾਜ ਕੋਠੇ ਖੜਕ ਸਿੰਘ ਉਤੇ ਟੈਲੀ ਫਿਲਮ ਕਹਾਨੀ ਏਕ ਗਾਂਉ ਕੀ ਬਣੀ ਸੀ ਤੇ ਹੁਣ ਪਰਤਾਪੀ ਉੱਤੇ ਜ਼ੀ ਟੀ ਵੀ ਨੇ ਆਪਣੇ ਐਲਫਾਂ ਚੈਨਲ ਰਾਹੀਂ ਸੀਰੀਅਲ ਬਣਾ ਕੇ ਪੇਸ਼ ਕੀਤਾ ਹੈ। ਕਿਵੇਂ ਮਹਿਸੂਸ ਕਰਦੇ ਹੋ?

ਅਣਖੀ -ਬਿਜਲੀ ਉਪਕਰਨਾ ਦਾ ਪ੍ਰਭਾਵ ਸਾਰੇ ਸੰਸਾਰ ਉਤੇ ਪੂਰੀ ਤਰ੍ਹਾਂ ਛਾਅ ਗਿਆ ਹੈ। ਸਵੇਰ ਤੋਂ ਸ਼ਾਮ ਤੱਕ ਅਤੇ ਸ਼ਾਮ ਤੋਂ ਗਈ ਰਾਤ ਤੱਕ ਜਨਤਾ ਟੀਵੀ ਮੂਹਰੇ ਬੈਠੀ ਰਹਿੰਦੀ ਹੈ। ਡਰ ਵਰਗਾ ਅਹਿਸਾਸ ਹੁੰਦਾ ਹੈ। ਜਿਵੇਂ ਕਿਤਾਬ ਨੂੰ ਤਾਂ ਕੋਈ ਹੱਥ ਹੀ ਨਹੀਂ ਲਾਉਂਦਾ ਹੋਵੇਗਾ। ਉਂਝ ਵੀ ਦੇਖਿਆ ਗਿਆ ਹੈ ਕਿ ਸਾਹਿਤ ਵਿੱ=ਚ ਨਾਟਕ ਸਭ ਤੋਂ ਵੱਧ ਪ੍ਰਭਾਵ ਛੱਡਦਾ ਹੈ। ਦੂਜੇ ਨੰਬਰ ਉਤੇ ਉਹ ਕਵਿਤਾ ਆਉਂਦੀ ਹੈ ਜੋ ਸਟੇਜ ਉਤੇ ਪੇਸ਼ ਕੀਤੀ ਜਾਵੇ। ਨਾਵਲ ਕਹਾਣੀਆਂ ਤਾਂ ਤੀਜੇ ਚੌਥੇ ਪੌੜੀ ਦੇ ਡੰਡੇ ਹਨ। ਪਰਤਾਪੀ ਕਿਸੇ ਨੇ ਪੜ੍ਹਿਆ ਹੋਵੇ ਜਾਂ ਨਾ ਪੜ੍ਹਿਆ ਹੋਵੇ। ਪਰ ਮੇਰੇ ਕੋਲ ਇਸ ਦੇ ਸੀਰੀਅਲ ਦੀ ਗੱਲ ਬਹੁਤ ਲੋਕਾਂ ਨੇ ਕੀਤੀ ਹੈ। ਇਹ ਵੱਖਰੀ ਗੱਲ ਹੈ ਕਿ ਫਿਲਮਾਂ ਵਾਲੇ ਸਾਹਿਤਕ ਰਚਨਾ ਦਾ ਨਾਸ ਜਿਹਾ ਮਾਰ ਦਿੰਦੇ ਹਨ। ਨਾ ਉਹ ਬੱਝਵੀਂ ਕਹਾਣੀ, ਨਾ ਉਹ ਡਾਇਲਾੱਗ ਅਤੇ ਨਾ ਉਹ ਪੇਸ਼ਕਾਰੀ।

-----

ਬਲਰਾਜ - ਤੁਹਾਡੀਆਂ ਕੁਝ ਕਿਤਾਬਾਂ ਦਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਏ ਹਨ?

ਅਣਖੀ -ਹਾਂ, ਮੇਰੀਆਂ ਸੌ ਤੋਂ ਉਤੇ ਕਹਾਣੀਆਂ ਹਿੰਦੀ ਦੇ ਪ੍ਰਸਿਧ ਪੱਤਰਾਂ ਵਿਚ ਛਪ ਚੁੱਕੀਆਂ ਹਨ। ਹਿੰਦੀ ਵਾਲਿਆਂ ਨੇ ਮੇਰੇ ਚਾਰ ਨਾਵਲ ਅਤੇ ਪੰਜ ਕਹਾਣੀ ਸੰਗ੍ਰਹਿ ਵੀ ਛਾਪੇ ਹਨ। ਇਉਂ ਹੀ ਗੁਜਰਾਤੀ ਵਿੱਚ ਵੀ ਮੇਰੇ ਕੁਝ ਕਹਾਣੀ ਸੰਗ੍ਰਹਿ ਛਪੇ ਹਨ। ਮੇਰੀਆਂ ਇੱਕੀ ਚੋਣਵੀਆਂ ਕਹਾਣੀਆਂ ਦਾ ਅੰਗਰੇਜ਼ੀ ਸੰਗ੍ਰਹਿ Wrinkles’ ਵੀ ਪ੍ਰਕਾਸ਼ਿਤ ਹੋਇਐ। ਪਿ`ਛੇ ਜਿਹੇ ਲਾਹੌਰ ਦੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਵਿਭਾਗ ਵੱਲੋਂ ਮੇਰੇ ਨਾਵਲ ਜ਼ਖ਼ਮੀ ਅਤੀਤ ਨੂੰ ਸ਼ਾਹਮੁਖੀ ਲਿੱਪੀ ਵਿੱਚ ਛਾਪਿਆ ਗਿਆ ਹੈ। ਇਹ ਬਹੁਤ ਚੰਗੀ ਗੱਲ ਹੋਈ ਹੈ। ਪਾਕਸਤਾਨ ਵਿੱਚ ਗੁਰਮੁਖੀ ਪੜ੍ਹਨ ਵਾਲੇ ਮਸਾਂ ਹੀ ਕਿਧਰੇ ਮਿਲਣਗੇ। ਇਸ ਤਰ੍ਹਾਂ ਸਾਡੇ ਪੰਜਾਬ ਵਿੱਚ ਸ਼ਾਹਮੁਖੀ ਲਿਪੀ ਨੂੰ ਨਵੀਂ ਪੜ੍ਹੀ ਨਹੀਂ ਜਾਂਦੀ। ਇਸ ਤਰ੍ਹਾਂ ਦੋਨੋ ਪਾਸੇ ਕਿਤਾਬਾਂ ਛਪਦੀਆਂ ਰਹਿਣ ਤਾਂ ਅਸੀਂ ਦੋਵਾਂ ਮੁਲਖਾਂ ਦੇ ਪੰਜਾਬੀ ਇੱਕ ਦੂਜੇ ਦੀਆਂ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਤੋਂ ਵਾਕਿਫ਼ ਹੁੰਦੇ ਰਹਾਂਗੇ।

-----

ਬਲਰਾਜ - 1987 ਵਰ੍ਹੇ ਵਿੱਚ ਤਹਾਨੂੰ ਕੋਠੇ ਖੜਕ ਸਿੰਘ ਨਾਵਲ ਲਈ ਭਾਰਤੀ ਸਾਹਿਤ ਐਕਾਡਮੀ ਦਾ ਐਵਾਰਡ ਮਿਲਿਆ ਸੀ। ਇਸ ਤੋਂ ਇਲਾਵਾਂ ਹੋਰ ਕਿਹੜੇ ਕਿਹੜੇ ਪੁਰਸਕਾਰ ਮਿਲੇ?

ਅਣਖੀ -ਭਾਸ਼ਾ ਵਿਭਾਗ ਵੱਲੋਂ 79-89-93 ਦੇ ਇਨਾਮ, 1983 ਬਲਾਰਜ ਸਾਹਨੀ ਐਵਾਰਡ, 1990 ਭਾਰਤੀਯ ਭਾਸ਼ਾ ਪਰੀਸ਼ਦ, 1992 ਕਰਤਾਰ ਸਿੰਘ ਧਾਲੀਵਾਲ ਐਵਾਰਡ, 1993 ਬਾਬਾ ਫ਼ਰੀਦ ਐਵਾਰਡ।

-----

ਬਲਰਾਜ - ਤੁਹਾਡੀਆਂ ਤਕਰੀਬਨ ਸਾਰੀਆਂ ਰਚਨਾਵਾਂ ਆਂਚਲਿਕ ਹਨ। ਮਾਲਵੇ ਤੋਂ ਬਾਹਰ ਨਹੀਂ ਜਾਂਦੀਆਂ, ਅਜਿਹਾ ਕਿਉਂ?

ਅਣਖੀ -ਲੇਖਕ ਆਪਣੇ ਆਲੇ-ਦੁਆਲੇ ਨੂੰ ਹੀ ਬਾਖ਼ੂਬੀ ਬਿਆਨ ਕਰ ਸਕਦਾ ਹੈ ਇਹੀ ਵਜ੍ਹਾ ਹੈ ਕਿ ਮੈਂ ਆਪਣੇ ਪਿੰਡਾਂ ਦਾ ਮਾਹੌਲ ਆਪਣੀਆਂ ਰਚਨਾਵਾਂ ਵਿੱਚ ਚਿਤਰਿਆ ਹੈ। ਬਲਰਾਜ ਤੂੰ ਵੀ ਤਾਂ ਅਣਲੱਗ ਵਿੱਚ ਬਰਮਿੰਘਮ ਦਾ ਹੀ ਜ਼ਿਕਰ ਕੀਤਾ ਹੈ। ਸਾਡੇ ਪਿੰਡ ਦੇ ਅੱਠ ਅਗਵਾੜ ਹਨ। ਸਾਡਾ ਆਪਣਾ ਅਗਵਾੜ ਤੇ ਨਾਲ ਦੇ ਦੋ ਅਗਵਾੜ ਹੀ ਅਸਲ ਵਿੱਚ ਤਾਂ ਮੇਰੇ ਪਾਤਰਾਂ ਦਾ ਸੰਸਾਰ ਹੈ। ਇਹੀ ਨਹੀਂ ਮੇਰੇ ਰਚਨਾ ਸੰਸਾਰ ਲਈ ਮੇਰੇ ਆਪਣੇ ਅਗਵਾੜ ਦੇ 40 ਘਰ ਹੀ ਮੈਥੋਂ ਨਹੀਂ ਮੁੱਕਦੇ।

-----

ਬਲਰਾਜ ਕੋਠੇ ਖੜਕ ਸਿੰਘ, ਪਰਤਾਪੀ ਅਤੇ ਦੁੱਲੇ ਦੀ ਢਾ ਵਿੱਚ ਕੋਈ ਵੀ ਸੈਂਟਰਲ ਕਰੈਕਟਰ ਨਹੀਂ ਹੈ। ਅਜਿਹਾ ਕਿਉਂ?

ਅਣਖੀ -ਅੱਜ ਦੀ ਜ਼ਿੰਦਗੀ ਦੇ ਬਹੁਪੱਖੀ ਪਾਸਾਰ ਹਨ। ਮਨੁੱਖ ਦਾ ਆਦਰਸ਼ ਕੋਈ ਇੱਕ ਵਿਅਕਤੀ ਨਹੀਂ ਹੈ ਇਸ ਕਰਕੇ ਮੇਰੇ ਨਾਵਲਾਂ ਵਿੱਚ ਕੋਈ ਇੱਕ ਪਾਤਰ ਬਹੁਤ ਉਭਰ ਕੇ ਪੇਸ਼ ਨਹੀਂ ਹੁੰਦਾ। ਕਿਸੇ ਸਮੇਂ ਕੋਈ ਮੁੱਖ ਪਾਤਰ ਲੱਗਦਾ ਹੈ ਤੇ ਕਿਸੇ ਸਮੇਂ ਕੋਈ ਹੋਰ। ਨਾਇਕ ਪ੍ਰਧਾਨ ਰਚਨਾਵਾਂ ਫਿਲਮੀ ਜਿਹੀਆਂ ਲੱਗਣ ਲੱਗਦੀਆਂ ਹਨ।

-----

ਬਲਰਾਜ ਚਾਨਣ ਚਿੱਟੇ ਰਾਹ ਹਾਣੀਆਂ ਵਰਗੇ ਗੀਤ ਤੋਂ ਲੈ ਕੇ ਤੁਸੀਂ ਮੱਲ੍ਹੇ ਝਾੜੀਆਂ, ਸਾਹਿਤਕ ਸਵੈ ਜੀਵਨੀ, ਲੇਖ, ਪੱਤਰਕਾਰੀ, ਮੈਂ ਤਾਂ ਬੋਲਾਂਗੀ, ਸਾਡੇ ਕਹਾਣੀਕਾਰ ਤੇ ਦੁੱਲੇ ਦੀ ਢਾਬ ਤੱਕ ਲਿਖ-ਲਿਖ ਗਰੇ ਲਾ ਦਿੱਤੇ। ਕਦੇ ਥੱਕਦੇ ਨਹੀਂ।

ਅਣਖੀ -ਥੱਕ ਜਾਈਦੈ। ਪਰ ਕੀੜੀਆਂ ਦੇ ਖ਼ੁਰਾਕ ਇਕੱਠੀ ਕਰਨ ਵਾਂਗ ਹੌਲੀ-ਹੌਲੀ ਲੱਗੇ ਰਹੀਦਾ ਹੈ।

-----

ਬਲਰਾਜ - ਅਜੋਕੀ ਕਹਾਣੀ ਅਤੇ ਕਹਾਣੀਕਾਰਾਂ ਬਾਰੇ ਵਿਚਾਰ ਕੀ ਹੈ?

ਅਣਖੀ -ਪੰਜਾਬੀ ਕਹਾਣੀ ਵਿੱਚ ਭਾਰਤੀ ਪੱਧਰ ਉਤੇ ਪਹੁੰਚਣ ਦੀਆਂ ਸੰਭਾਵਨਾਵਾਂ ਹਨ। ਪੰਜਾਬੀ ਦਾ ਨਾਵਲ ਭਾਰਤੀ ਪੱਧਰ ਉਤੇ ਆਪਣੀ ਪਹਿਚਾਣ ਨਹੀਂ ਬਣਾ ਸਕਿਆ। ਪੰਜਾਬੀ ਕਵਿਤਾ ਦਾ ਚੰਗਾ ਸਥਾਨ ਹੈ। ਪਰ ਪੰਜਾਬੀ ਕਹਾਣੀ ਅਨੁਵਾਦ ਹੋ ਕੇ ਜਦੋਂ ਹਿੰਦੀ ਵਿੱਚ ਛਪਦੀ ਹੈ ਅਤੇ ਹਿੰਦੀ ਤੋਂ ਅਗਾਂਹ ਦੂਜੀਆਂ ਭਾਰਤੀ ਭਾਸ਼ਾਵਾਂ ਵਿੱਚ ਜਾਂਦੀ ਹੈ ਤਾਂ ਆਪਣਾ ਉਚਿਤ ਸਥਾਨ ਪ੍ਰਾਪਤ ਕਰਦੀ ਹੈ। ਕਿਹਾ ਜਾਂਦਾ ਹੈ ਕਿ ਪੰਜਾਬੀ ਕਹਾਣੀ ਵਿਸ਼ਵ ਪੱਧਰ ਦੀ ਲਿਖੀ ਜਾ ਰਹੀ ਹੈ। ਇਹ ਬਿਆਨ ਤਦ ਹੀ ਸਾਬਤ ਹੋਵੇਗਾ ਜੇ ਪੰਜਾਬੀ ਕਹਾਣੀ ਅੰਗਰੇਜ਼ੀ ਅਤੇ ਫਰੈਂਚ ਜਿਹੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਆਵੇ। ਉਂਝ ਪੰਜਾਬੀ ਦੇ ਨਵੇਂ ਕਹਾਣੀਕਾਰ ਪਹਿਲਿਆਂ ਨਾਲੋਂ ਜ਼ਿਆਦਾ ਮਿਹਨਤ ਕਰਕੇ ਬੜੇ ਉੱਚ ਪੱਧਰ ਦੀਆਂ ਕਹਾਣੀਆਂ ਲਿਖ ਰਹੇ ਹਨ।

-----

ਬਲਰਾਜ - ਨਵੇਂ ਕਹਾਣੀਕਾਰਾਂ ਨੂੰ ਸੰਦੇਸ਼?

ਅਣਖੀ -ਨਵੇਂ ਕਹਾਣੀਕਾਰਾਂ ਬਾਰੇ ਦੋ ਗੱਲਾਂ ਬਹੁਤ ਜ਼ਰੂਰੀ ਹਨ ਇੱਕ ਤਾਂ ਉਹ ਆਪਣੀ ਭਾਸ਼ਾ ਦੇ ਚੰਗੇ ਕਹਾਣੀਕਾਰਾਂ ਨੂੰ ਪੜ੍ਹਦੇ ਰਹਿਣ ਹੋ ਸਕੇ ਤਾਂ ਦੂਜੀਆਂ ਭਾਸ਼ਾਵਾਂ ਦੇ ਕਹਾਣੀਕਾਰਾਂ ਨੂੰ ਵੀ ਪੜ੍ਹਨ। ਦੂਜੀ ਜ਼ਰੂਰੀ ਗੱਲ ਇਹ ਹੈ ਕਿ ਜਿਸ ਖੇਤਰ ਬਾਰੇ ਉਹ ਲਿਖਣ ਉਸ ਜ਼ਿੰਦਗੀ ਦੀ ਉਹਨਾਂ ਨੂੰ ਪੂਰੀ ਸਮਝ ਹੋਵੇ। ਨਵੇਂ ਕਹਾਣੀਕਾਰ ਘੱਟ ਲਿਖਣ, ਪੜ੍ਹਨ ਬਹੁਤਾ।

*****

ਇਹ ਮੁਲਾਕਾਤ ਕੁਝ ਵਰ੍ਹੇ ਪਹਿਲਾਂ ਕੀਤੀ ਗਈ ਸੀ - ਲੇਖਕ

ਸਮਾਪਤ