Tuesday, February 10, 2009

ਨਾਵਲਿਸਟ ਬੂਟਾ ਸਿੰਘ ਸ਼ਾਦ ਨਾਲ਼ ਇੱਕ ਮੁਲਾਕਾਤ

ਮੇਰੇ ਕਿਰਦਾਰ ਹਰ ਪਲ ਮੇਰੇ ਨਾਲ ਖਾਂਦੇ, ਪੀਂਦੇ, ਸੌਂਦੇ, ਜਾਗਦੇ ਹਨ ਬੂਟਾ ਸਿੰਘ ਸ਼ਾਦ

ਮੁਲਾਕਾਤੀ ਦਰਸ਼ਨ ਦਰਵੇਸ਼

ਨੱਕੋ-ਨੱਕ ਭਰੇ ਹੋਏ ਸ਼ੁੱਧ ਪਾਣੀਆਂ ਵਾਲੇ ਤਲਾਅ ਦਾ ਨਾਮ ਹੈ........... ਬੂਟਾ ਸਿੰਘ ਸ਼ਾਦ

..........................

ਸੰਘਣੇ ਜੰਗਲ ਨੂੰ ਚੀਰ ਕੇ ਫੈਲ ਜਾਣ ਵਾਲੀ ਨਿਰਮਲ ਪੌਣ ਵਰਗੀ ਸ਼ਖ਼ਸੀਅਤ ਹੈ............... ਬੂਟਾ ਸਿੰਘ ਸ਼ਾਦ

........................

ਕਿਸੇ ਚਿਹਰੇ ਦੇ ਅੱਥਰੂਆਂ ਦਾ ਆਪਣੀਆਂ ਅੱਖਾਂ ਚ ਇਤਿਹਾਸ ਸਾਂਭ ਲੈਣ ਦਾ ਦਸਤਾਵੇਜ਼ ਹੈ............ ਬੂਟਾ ਸਿੰਘ ਸ਼ਾਦ

.....................

ਬੂਟਾ ਸਿੰਘ ਸ਼ਾਦ ਦੀ ਤੱਕਣੀ ਚ ਤੱਕਦਿਆਂ ਤਹਾਨੂੰ ਮਹਿਸੂਸ ਹੋਵੇਗਾ , ਜਿਵੇਂ ਤੁਸੀਂ ਸੁਪਨਿਆਂ ਵਾਲੀਆਂ ਅੱਖਾਂ ਦੇ ਰੂ-ਬ-ਰੂ ਹੋਵੇ

.......................

ਬੜੇ ਮਾਣ ਨਾਲ ਇਹ ਗੱਲ ਅਸੀਂ ਆਖ ਸਕਦੇ ਹਾਂ ਕਿ ਇਹਨਾਂ, ਦਾਨ ਸਿੰਘ ਵਾਲਾ ਦੀ ਮਿੱਟੀ ਦੀ ਮਹਿਕ ਨਾਲ ਨੱਕੋ ਨੱਕ ਭਰੀਆਂ ਅੱਖਾਂ ਨੇ ਜਿਹੜੇ ਵੀ ਸੁਪਨੇ ਆਪਣੇ ਤਜਰਬਿਆਂ ਦੇ ਗਰਭ ਚੋਂ ਜੰਮੇ ,ਬੜੀ ਛੇਤੀ ਸਾਰੇ ਦੇ ਸਾਰੇ ਜੁਆਨ ਹੋ ਕੇ ਕੁਝ ਨਾਵਲਾਂ ਦੀ ਹਿੱਕ ਉੱਤੇ ਖੇਡਣ ਲੱਗ ਪਏ ਅਤੇ ਕੁਝ ਫਿਲਮਾਂ ਦੇ ਜੰਗਲ ਦੀਆਂ ਸੁਰਖੀਆਂ ਬਣ ਗਏ

-----

ਬੂਟਾ ਸਿੰਘ ਬਾਰੇ ਜ਼ਿਆਦਾ ਵਿਸਤਾਰਿਤ ਵੇਰਵੇ ਦੇਣੇ ਸ਼ਾਇਦ ਉਹਨਾਂ ਦੀ ਤੌਹੀਨ ਹੋਵੇਗੀ ਕਿਉਂਕਿ ਹਰ ਪੰਜਾਬੀ ਪਾਠਕ ਜਾਣਦਾ ਹੈ ਕਿ ਬੀਤੇ ਬਹੁਤ ਵਰ੍ਹਿਆਂ ਤੋਂ ਉਹ ਪੰਜਾਬੀ ਦਾ ਸਭ ਤੋਂ ਵੱਧ ਲੋਕ ਮਨਾਂ ਦੇ ਘਰਾਂ ਅੰਦਰ ਥੰਦਿਆਈ ਵਾਂਗ ਫੈਲ ਜਾਣ ਵਾਲਾ ਨਾਵਲਕਾਰ ਹੈ ਬੂਟਾ ਸਿੰਘ ਸ਼ਾਦ ਦੇ ਨਾਵਲਾਂ ਦੇ ਕਿਰਦਾਰ ਆਪਣੇ ਪਾਠਕਾਂ ਨਾਲ ਏਨੀ ਗੂੜ੍ਹੀ ਯਾਰੀ ਪਾ ਲੈਂਦੇ ਹਨ ਕਿ ਅੱਜ ਦੇ ਸਾਹਿਤ-ਮਾਰਕੀਟਿੰਗ ਦੇ ਯੁੱਗ ਵਿੱਚ ਵੀ ਕਦੇ ਸ਼ਾਦ ਨੂੰ ਸਾਹਿਤਕ-ਗੋਸ਼ਟੀਆਂ ਅਤੇ ਪਰਚੇ ਆਦਿ ਲਿਖਵਾਉਂਣ ਦਾ ਸਹਾਰਾ ਨਹੀਂ ਲੈਣਾ ਪਿਆ

----

ਕਿਸੇ ਵੀ ਮੁੱਖ ਬੰਦ ਤੋਂ ਬਿਨਾਂ ਸ਼ਾਦ ਦੇ ਨਾਵਲਾਂ ਦੇ ਜ਼ਾਂਬਾਜ਼ ਪਾਤਰ ਆਪਣੀ ਉਡਾਣ ਆਪ ਭਰਨ ਦੀ ਮੁਹਾਰਤ ਚੰਗੀ ਤਰ੍ਹਾਂ ਜਾਣਦੇ ਹਨ ਉਂਝ ਜੇ ਸ਼ਾਦ ਚਾਹੇ ਉਸ ਅੰਦਰ ਏਨੀ ਕੁ ਸਮਰੱਥਾ ਹੈ ਕਿ ਉਹ ਅੱਜ ਵੀ ਉਬਰਾਏ ਸ਼ੈਟਰਨ ਤੋਂ ਲੈ ਕੇ ਰੋਇਲ ਪਾਮ ਵਰਗੇ ਮਹਿੰਗੇ ਹੋਟਲਾਂ ਅੰਦਰ ਗੋਸ਼ਟੀਆਂ ਦਾ ਪ੍ਰਬੰਧ ਇੱਕ ਇਸ਼ਾਰੇ ਉਪਰ ਕਰਵਾ ਸਕਦਾ ਹੈ ਪਰ ਅਜਿਹਾ ਕਰਕੇ ਉਹ ਆਪਣੇ ਸਾਹਾਂ ਜਿੰਨੇ ਪਿਆਰੇ ਪਾਠਕਾਂ ਦੀਆਂ ਨਜ਼ਰਾਂ ਦਾ ਸੇਕ ਨਹੀਂ ਝੱਲ ਸਕਦਾ

----

ਅੱਧੀ ਰਾਤ ਪਹਿਰ ਦਾ ਤੜਕਾਸ਼ਾਦ ਸਾਹਿਬ ਦਾ ਅਸਲੋਂ ਪਲੇਠਾ ਨਾਵਲ ਸੀ ਅਤੇ ਹੁਣ ਕਾਲੀ ਬੋਲ਼ੀ ਰਾਤਅਤੇ ਸੰਧੂਰੀ ਅੰਬੀਆਂਉਹਨਾਂ ਦੀਆਂ ਹੋਰ ਆਉਂਣ ਵਾਲੀਆਂ ਰਚਨਾਵਾਂ ਤੋਂ ਪਹਿਲਾਂ ਦੇ ਨਾਵਲ ਹਨ

ਬੂਟਾ ਸਿੰਘ ਸ਼ਾਦ ਉਹ ਨਾਵਲਕਾਰ ਹੈ ਜਿਸ ਦੀ ਹਰ ਨਵੀਂ ਰਚਨਾ ਦੀ ਉਸਦੇ ਪਾਠਕ ਤੇ ਪ੍ਰਕਾਸ਼ਕ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨਬੈਸਾਖੀਆਂ ਤੋਂ ਬਗੈਰ ਆਪਣੀ ਕਲਮ ਦੀ ਤਾਕਤ ਦੇ ਜ਼ੋਰ ਉੱਤੇ ਚੱਲਣ ਵਾਲੇ ਇਸ ਨਾਵਲਕਾਰ ਅਤੇ ਫਿਲਮਕਾਰ ਬੂਟਾ ਸਿੰਘ ਸ਼ਾਦ ਨਾਲ ਉਹਨਾਂ ਦੇ ਸੀਸਾਈਡ ਵਾਲੇ ਫਲੈਟ ਅੰਦਰ ਸਮੁੰਦਰ ਵੱਲ ਦੇ ਘਸਮੈਲ਼ੇ ਜਿਹੇ ਚਾਨਣ ਵਿੱਚ ਪਿਛਲ਼ੇ ਦਿਨੀਂ ਕਿੰਨੀ ਦੇਰ ਬੇਬਾਕ ਜਿਹੀਆਂ ਗੱਲਾਂ ਦਾ ਇੱਕ ਰਿਸ਼ਤਾ ਸਾਡੇ ਦਰਮਿਆਨ ਬਣਿਆ ਰਿਹਾ ਤੇ ਉਹੀ ਗੱਲਾਂ ਹਾਜ਼ਰ ਨੇ ਸਾਡੇ ਤੇ ਉਹਨਾਂ ਦੇ ਪਾਠਕਾਂ ਲਈ :

*****

ਦਰਵੇਸ਼: ਸ਼ਾਦ ਸਾਹਿਬ ਪਹਿਲਾਂ ਇਹ ਦੱਸੋ ਕਿ ਪੰਜਾਬੀ ਨਾਵਲਕਾਰਾਂ ਦੀ ਕਤਾਰ ਵਿੱਚ ਜੇ ਤਹਾਨੂੰ ਖੜ੍ਹਾ ਕਰਨਾ ਹੋਵੇ ਤਾਂ ਤੁਸੀਂ ਖ਼ੁਦ ਨੂੰ ਕਿੱਥੇ ਕੁ ਖੜ੍ਹਾ ਕਰਕੇ ਵੇਖਦੇ ਹੋ?

ਸ਼ਾਦ: ਮੇਰੀ ਇਸ ਗੱਲ ਨੂੰ ਕਿਤੇ ਫਖ਼ਰ ਵਾਲੀ ਗੱਲ ਨਾ ਸਮਝ ਲਿਆ ਜਾਵੇ ਪਰ ਫਿਰ ਵੀ ਮੈਂ ਕਹਾਂਗਾ ਕਿ ਮੈਨੂੰ ਤੁਸੀਂ ਕਿਸੇ ਕਤਾਰ ਵਿੱਚ ਨਹੀਂ ਖੜ੍ਹਾ ਕਰ ਸਕਦੇ ਮੈਂ ਬਿਲਕੁਲ ਨਵੇਕਲੀ ਪਹਿਚਾਣ ਬਣਾਈ ਹੈ ਆਪਣੀਮੇਰੇ ਹਿੱਸੇ ਜੋ ਵੀ ਫੇਮ ਆਇਆ ਹੈ ਆਲੋਚਕਾਂ ਤੋਂ ਨਹੀਂ ਸਿਰਫ਼ ਤੇ ਸਿਰਫ਼ ਪਾਠਕਾਂ ਤੋਂ ਆਇਆ ਹੈ ਮੇਰੇ ਬਹੁਤ ਸਾਰੇ ਪਾਠਕਾਂ ਨੇ ਹੀ ਮੈਨੂੰ ਮੇਰੀ ਵੱਖਰੀ ਹੋਂਦ ਦਾ ਅਹਿਸਾਸ ਕਰਵਾਇਆ ਹੈ

-----

ਦਰਵੇਸ਼: ਤੁਹਾਡੀ ਨਜ਼ਰ ਵਿੱਚ ਅੱਜ ਲਿਖੇ ਜਾ ਰਹੇ ਪੰਜਾਬੀ ਨਾਵਲ ਦੀ ਸਥਿਤੀ ਕਿਹੋ ਜਿਹੀ ਹੈ ?

ਸ਼ਾਦ: ਇਸ ਵੇਲੇ ਜਿੰਨੇ ਵੀ ਨਾਵਲ ਲਿਖੇ ਜਾ ਰਹੇ ਹਨ, ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ, ਜਿਵੇਂ ਉਹ ਸੱਚ ਤੋਂ ਬਹੁਤ ਦੂਰ ਖੜ੍ਹ ਕੇ ਲਿਖੇ ਜਾ ਰਹੇ ਹਨ ਲੇਖਕ ਨੂੰ ਜਿੰਦਗੀ ਦੇ ਸੱਚ ਤੋਂ ਦੂਰ ਰਹਿ ਕੇ ਕਦੇ ਵੀ ਰਚਨਾ ਨਹੀਂ ਕਰਨੀ ਚਾਹੀਦੀ ਹਾਂ.... ਕਹਾਣੀਆਂ ਵਿੱਚ ਜਰੂਰ ਸਾਡੀ ਅੱਜ ਦੀ ਜ਼ਿੰਦਗੀ ਦਾ ਚਿਤਰਣ ਮਿਲਦਾ ਹੈ ਜਿਵੇਂ ਦਲੀਪ ਕੌਰ ਟਿਵਾਣਾ ਹੈ ,ਜਸਵੰਤ ਸਿੰਘ ਕੰਵਲ ਹਨਉਹਨਾਂ ਦੇ ਨਾਵਲਾਂ ਵਿੱਚ ਯਥਾਰਥ ਤੋਂ ਦੂਰ ਉਹਨਾਂ ਦਾ ਬਣਾਇਆ ਹੋਇਆ ਆਪਣਾ ਹੀ ਅੱਜਵੇਖਣ ਨੂੰ ਮਿਲਦਾ ਹੈ ਟਿਵਾਣਾ ਤਾਂ ਆਪਣੀ ਜ਼ਿੰਦਗੀ ਦੇ ਦੁੱਖ ਤੋਂ ਹੀ ਦੂਰ ਨਹੀਂ ਆ ਸਕੀ ਅਤੇ ਕੰਵਲ ਸਾਹਿਬ ਵਾਦ ਦੀ ਤਾਣੀ ਵਿੱਚ ਹੀ ਉਲਝੇ ਰਹੇ ਹਨਜਾਣੀ ਬਹੁਤ ਸਾਰੇ ਸਮਕਾਲੀ ਨਾਵਲਕਾਰਾਂ ਦੇ ਨਾਵਲ ਜਦੋਂ ਮੈਂ ਪੜ੍ਹਦਾ ਹਾਂ ਤਾਂ ਮੈਨੂੰ ਲੱਗਦਾ ਹੈ ਉਹ ਜਿੱਥੋਂ ਤੁਰੇ ਸਨ ਅੱਜ ਵੀ ਉਸੇ ਥਾਂ ਉਪਰ ਹੀ ਤੁਰ ਰਹੇ ਹਨ

----

ਦਰਵੇਸ਼: ਪੰਜਾਬੀ ਲੇਖਕ ਇਹ ਕਿਉਂ ਸੋਚਦੇ ਹਨ ਕਿ ਪੰਜਾਬੀ ਦਾ ਪਾਠਕ ਵਰਗ ਬਹੁਤ ਹੀ ਸੀਮਤ ਹੋ ਗਿਆ ਹੈ ?

ਸ਼ਾਦ: ਜੇ ਮੇਰੇ ਨਾਵਲਾਂ ਦੇ ਪਾਠਕਾਂ ਦੀ ਗਿਣਤੀ ਕਰਨੀ ਹੋਵੇ ਤਾਂ ਮੈਨੂੰ ਤਾਂ ਬਿਲਕੁਲ ਹੀ ਅਜਿਹਾ ਮਹਿਸੂਸ ਨਹੀਂ ਹੁੰਦਾ ਮੈਨੂੰ ਤਾਂ ਕਦੇ ਮੇਰੇ ਪਾਠਕਾਂ ਨੇ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਪਾਠਕਾਂ ਦਾ ਘੇਰਾ ਸੀਮਿਤ ਹੋ ਰਿਹਾ ਹੈ ਮੇਰੇ ਪਾਠਕ ਅਤੇ ਮੇਰੇ ਪ੍ਰਕਾਸ਼ਕ ਹਰ ਸਮੇ ਮੈਥੋਂ ਮੇਰੀ ਨਵੀਂ ਰਚਨਾ ਦੀ ਮੰਗ ਕਰਦੇ ਰਹਿੰਦੇ ਹਨ

ਬਾਕੀ ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਉਹ ਆਪਣੀ ਰਚਨਾ, ਆਪਣੇ ਪਾਠਕਾਂ ਤੇ ਜਾਂ ਫਿਰ ਆਪਣੇ ਆਲੋਚਕਾਂ ਤੋਂ ਪੁੱਛ ਸਕਦੇ ਹਨ, ਕਿ ਉਹਨਾਂ ਨਾਲ ਅਜਿਹਾ ਕਿਉਂ ਹੋ ਰਿਹਾ ਹੈ

----

ਦਰਵੇਸ਼: ਤੁਹਾਡੇ ਨਾਵਲਾਂ ,ਕਹਾਣੀਆਂ ਦੇ ਮੁਕਾਬਲੇ ਹੋਰਨਾਂ ਲੇਖਕਾਂ ਦੇ ਹਿੱਸੇ ਏਨਾ ਵਿਸ਼ਾਲ ਪਾਠਕ ਵਰਗ ਕਿਉਂ ਨਹੀਂ ਆਇਆ

ਸ਼ਾਦ: ਤੁਹਾਡੀ ਗੱਲ ਬਿਲਕੁਲ ਸੱਚ ਹੈ ਅਤੇ ਮੇਰੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੇਰੇ ਨਾਵਲਾਂ ਦੇ ਪਾਠਕਾਂ ਦਾ ਘੇਰਾ ਬਹੁਤ ਹੀ ਵਸੀਹ ਹੈ ਮੇਰੇ ਪਾਠਕ ਦੇਸ ਵਿਦੇਸ਼ ,ਸਰਕਾਰੇ ਦਰਬਾਰੇ ਹਰ ਜਗ੍ਹਾ ਹਨਇਸ ਦਾ ਕਾਰਨ ਮੈਂ ਸਮਝਦਾ ਹਾਂ ਕਿ ਮੈਂ ਬਿਨਾਂ ਕਿਸੇ ਸੰਕੋਚ ਦੇ ਰਚਨਾ ਕਰਦਾ ਹਾਂ ਸੰਕੋਚ ਕਰਕੇ ਲਿਖਿਆ ਸਾਹਿਤ ਹਮੇਸ਼ਾਂ ਪਾਠਕਾਂ ਨੂੰ ਮਾਯੂਸ ਕਰਦਾ ਹੈਮੇਰੇ ਨਾਵਲ ਸ਼ਾਇਦ ਏਸ ਕਰਕੇ ਵੀ ਜਿਆਦਾ ਪੜ੍ਹੇ ਜਾਂਦੇ ਹੋਣਗੇਕਿਉਂਕਿ ਉਹਨਾਂ ਵਿੱਚ ਜਿੰਦਗੀ ਦੇ ਸੱਚ ਨੂੰ ਬਹੁਤ ਹੀ ਈਮਾਨਦਾਰੀ ਨਾਲ ਚਿਤਰਿਆ ਹੁੰਦਾ ਹੈ ਆਪਣੇ ਨਾਵਲਾਂ ਵਿੱਚ ਮੈਂ ਜ਼ਿੰਦਗੀ ਦੇ ਕੁਹਜ ਅਤੇ ਸੁਹਜ ਨੂੰ ਲਿਖਦਾ ਕਦੇ ਵੀ ਨਹੀਂ ਝਿਜਕਦਾ ਜਿਹੜੀ ਵੀ ਰਚਨਾ ਵਿੱਚ ਪਾਠਕਾਂ ਨੂੰ ਆਪਣੀ ਜਿੰਦਗੀ ਦੇ ਹਰ ਪੱਖ ਦਾ ਚਿਤਰਣ ਮਿਲੇਗਾ ਉਹ ਨਿਸ਼ਚੇ ਹੀ ਜਿਆਦਾ ਪੜ੍ਹੀ ਜਾਵੇਗੀਹਾਂ... ਨਾਲ ਇੱਕ ਗੱਲ ਇਹ ਵੀ ਹੈ ਕਿ ਜਿਹੜਾ ਸੋ ਕਾਲਡ ਜੀਨੀਅਸ ਰੀਡਰ ਹੈ ਉਸ ਨੇ ਅੱਜ ਤੱਕ ਮੇਰੇ ਨਾਵਲਾਂ ਨੂੰ ਪਸੰਦ ਨਹੀਂ ਕੀਤਾ

----

ਦਰਵੇਸ਼: ਪ੍ਰਸਿੱਧੀ ਦੇ ਇਸ ਮੁਕਾਮ ਉੱਤੇ ਪਹੁੰਚਣ ਤੀਕ ਤੁਹਾਡੇ ਨਿੰਦਕ ਵੀ ਤਾਂ ਬੇਸ਼ੁਮਾਰ ਹੋਣਗੇ ?

ਸ਼ਾਦ: ਨਿੰਦਕ? ਮੈਂ ਤਾਂ ਪੈਦਾਵਾਰ ਹੀ ਆਪਣੇ ਨਿੰਦਕਾਂ ਦੀ ਹਾਂਮੇਰੇ ਨਿੰਦਕਾਂ ਨੇ ਹਰ ਥਾਂ ਉੱਤੇ ਮੈਨੂੰ ਜ਼ਹਿਰ ਦੇਣ ਦੀ ਕੋਸਿਸ ਕੀਤੀ ਜਿਹੜਾ ਮੇਰੇ ਲਈ ਅੰਮ੍ਰਿਤ ਬਣਦਾ ਰਿਹਾਨਿੰਦਿਆ ਹਮੇਸ਼ਾ ਇਨਸਾਨ ਅੰਦਰ ਇੱਕ ਵਿਰੋਧ ਪੈਦਾ ਕਰਦੀ ਹੈਮੇਰੀ ਨਿੰਦਿਆ ਕਰਦਿਆਂ ਕਰਦਿਆਂ ਮੇਰੇ ਨਿੰਦਕਾਂ ਦੀ ਜ਼ੁਬਾਨ ਥੱਕਦੀ ਨਹੀਂ ਅਤੇ ਮੇਰੀ

ਕਲਮ ਚੱਲਣੋਂ ਰੁਕਦੀ ਨਹੀਂਮੇਰੇ ਪਾਠਕ ਉਹਨਾਂ ਦੀ ਕੋਈ ਵੀ ਗੱਲ ਗੌਲੇ ਬਗੈਰ ਮੇਰੇ ਨਾਵਲ ਪੜ੍ਹਦੇ ਨੇਅਸਲ ਵਿੱਚ ਤੁਹਾਡੀ ਪ੍ਰਸ਼ੰਸ਼ਾ ਹੀ ਕੀ ਹੋਈ ਜੇਕਰ ਤੁਹਾਡਾ ਵਿਰੋਧ ਹੀ ਨਹੀਂਤੁਹਾਡੀ ਮਾਯੂਸੀ ਹੀ ਕੀ ਹੋਈ ਜੇ ਤੁਹਾਡੀ ਖੁਸ਼ੀ ਨਹੀਂਇਸ ਲਈ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਆਪਣੇਂ ਨਿੰਦਕਾਂ ਦਾ, ਜਿਹਨਾਂ ਕਾਰਨ ਮੇਰੇ ਪਾਠਕ

ਹੀ ਪਾਠਕ ਪੈਦਾ ਹੁੰਦੇ ਗਏਹਰ ਨਿੰਦਕ ਆਖ ਦਿੰਦੈ ਕਿ ਸ਼ਾਦ ਤਾਂ ਗੰਦਾ ਲਿਖਦੈਉਏ ਭਲਿਓ ਲੋਕੋ !!....ਮੈਂ ਗੰਦਾ ਨਹੀਂ ਲਿਖਦਾ,ਮੈਂ ਤਾਂ ਜ਼ਿੰਦਗੀ ਬਾਰੇ ਲਿਖਦਾਂਜ਼ਿੰਦਗੀ ਸੋਹਣੀ ਵੀ ਹੈ ਅਤੇ ਗੰਦੀ ਵੀਮੈਂ ਕੁਰਪਟ ਪੁਲਸ ਵਾਲੇ ਨੂੰ ਕੁਰਪਟ ਆਖਣ ਦੀ ਜ਼ੁਅੱਰਤ ਰੱਖਦਾਂਮੈਂ ਜ਼ਿੰਦਗੀ ਦੇ ਹਰ ਪੱਖ ਨੂੰ ਇਮਾਨਦਾਰੀ ਨਾਲ ਚਿਤਰਦਾਂ

----

ਦਰਵੇਸ਼: ਤੁਹਾਡੇ ਸਾਹਿਤ ਰਚਨਾ ਦੇ ਸ਼ੁਰੂਆਤੀ ਦਿਨ ਕਿਹੋ ਜਿਹੇ ਸਨਕਿਹੋ ਜਿਹਾ ਲੱਗਦਾ ਸੀ ਸਾਹਿਤ ਦੇ ਵਿਹੜੇ ਅੰਦਰ ਨਵਾਂ-ਨਵਾਂ ਪ੍ਰਵੇਸ਼ ਕਰਕੇ ?

ਸ਼ਾਦ: ਕੋਈ ਚੀਜ਼ ਲਿਖਦਾ ਸੀ ਤਾਂ ਲੋਕਾਂ ਨੂੰ ਪਸੰਦ ਆਉਂਦੀ ਸੀਅਸੀਂ ਪਿੰਡਾਂ ਦੇ ਜੰਮੇ-ਜਾਏ ਹਾਂ ਨਵਾਂ ਝੱਗਾ ਵੀ ਪਾਉਂਦੇ ਸੀ ਤਾਂ ਏਨੀ ਜ਼ਿਆਦਾ ਖ਼ੁਸ਼ੀ ਹੁੰਦੀ ਸੀ, ਜਿਵੇਂ ਲੱਖਾਂ ਕਰੋੜਾਂ ਹਾਸਿਲ ਕਰ ਲਿਆ ਹੋਵੇਇਹੋ ਹਾਲ ਸਾਹਿਤ ਰਚਨਾ ਦਾ ਸੀਮੇਰੇ ਸ਼ੁਰੂਆਤੀ ਦਿਨਾਂ ਵਿੱਚ ਹੀ ਮੈਨੂੰ ਇਹ ਖ਼ੁਸ਼ੀ ਹਾਸਿਲ ਹੋਈ ਸੀ ਕਿ ਲੋਕਾਂ ਨੂੰ ਮੇਰੀਆਂ ਕਹਾਣੀਆਂ ਪਸੰਦ ਆਈਆਂਮੈਨੂੰ ਯਾਦ ਹੈ ਕਿ ਇੱਕ ਕਹਾਣੀਂ ਮੈਂ ਰਾਖੇਲਿਖੀ ਸੀ ਜਿਹੜੀ ਸਾਹਿਤ ਸਭਾ ਬਰਨਾਲਾ ਅੰਦਰ ਪੜ੍ਹੀ ਗਈ ਸੀ ਉੱਥੇ ਹਾਜ਼ਰ ਬਹੁਤ ਸਾਰੇ ਸਾਹਿਤਕਾਰਾਂ ਏਥੋਂ ਤੱਕ ਕਿ ਸੁਰਜੀਤ ਸਿੰਘ ਬਰਨਾਲਾ ਨੇ ਵੀ ਇਸਦੀ ਤਾਰੀਫ਼ ਕੀਤੀ ਸੀਫਿਰ ਆਰਸੀ ਵਿੱਚ ਮੇਰੀ ਕਹਾਣੀਂ ਮੋਰਨੀਛਪੀਉਸ ਉੱਪਰ ਤਾਂ ਪਾਠਕਾਂ ਨੇ ਜਿਵੇਂ ਆਪਣੀ ਜਾਨ ਹੀ ਨਿਛਾਵਰ ਕਰ ਦਿੱਤੀ ਮੈਂ ਦਿੱਲੀ ਵਿੱਚ ਮੋਰਨੀ ਵਾਲਾ ਸ਼ਾਦਕਰਕੇ ਜਾਣਿਆ ਜਾਣ ਲੱਗ ਪਿਆ ਇਹੋ ਜਿਹੇ ਹੌਸਲਿਆਂ ਨੇ ਮੈਨੂੰ ਲਿਖਣ ਲਈ ਹੋਰ ਉਤਸਾਹਿਤ ਕੀਤਾ ਮੈਂ ਸਾਹਿਤ ਸਿਰਜਣਾ ਦੇ ਰਾਹਾਂ ਉੱਤੇ ਨਿਕਲ਼ ਪਿਆ ਜਿਹੜਾ ਅੱਜ ਵੀ ਨਿਰੰਤਰ ਲਿਖ ਰਿਹਾ ਹਾਂ

----

ਦਰਵੇਸ਼: ਤਹਾਨੂੰ ਕੋਈ ਵੀ ਰਚਨਾ ਲਿਖਣ ਦੀ ਜ਼ਰੂਰਤ ਕਦੋਂ ਮਹਿਸੂਸ ਹੁੰਦੀ ਹੈ ?

ਸ਼ਾਦ : ਮੈਂ ਕਦੇ ਵੀ ਵਿਉਂਤਬੱਧ ਢੰਗ ਨਾਲ ਸੋਚ ਕੇ ਨਹੀਂ ਲਿਖਦਾ ਮੈਨੂੰ ਹਲਕਾ-ਹਲਕਾ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜਿਵੇਂ ਮੇਰੇ ਦਿਮਾਗ ਵਿੱਚ ਕੋਈ ਨਵੀਂ ਰਚਨਾ , ਕੋਈ ਨਵਾਂ ਵਿਸ਼ਾ ਘੁੰਮਣ ਲੱਗ ਪਿਆ ਹੈ ਉਦੋਂ ਮੈਨੂੰ ਲਿਖਣ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪੈਂਦੀ ਹੈ ਮੈਂ ਦਿਲ ਦਿਮਾਗ ਤੋਂ ਕਾਫ਼ੀ ਗੁਰਸਿੱਖ ਹਾਂ ਮੈਂ ਲਿਖਣ ਬੈਠਦਾ ਹਾਂ ਤਾਂ ਜਾਪਦਾ ਹੈ ਕਿ ਸਾਹਿਬੇ-ਕਮਾਲ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮੇਰੇ ਅੰਗ ਸੰਗ ਨੇ ਮੈਨੂੰ ਉਹਨਾਂ ਉਪਰ ਬਹੁਤ ਵੱਡਾ ਭਰੋਸਾ ਹੈ ਮੈਨੂੰ ਤਾਂ ਬੱਸ ਇਉਂ ਲੱਗਦੈ ਕਿ ਜਦੋਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਦਾਤਾ ਮੈਨੂੰ ਲਿਖਵਾ ,ਫਿਰ ਤਾਂ ਬੱਸ ਜਿਵੇਂ ਖ਼ੁਦ ਲਿਖਣ ਲੱਗ ਪੈਂਦੇ ਹਨ ਅਤੇ ਮਾਣ ਮੈਨੂੰ ਮਿਲ ਜਾਂਦਾ ਹੈ ।( ਬੂਟਾ ਸਿੰਘ ਸ਼ਾਦ ਨੇ ਕੁੱਤਿਆ ਵਾਲੇ ਸਰਦਾਰ’,’ਰੋਹੀ ਦਾ ਫੁੱਲ’, ‘ਅੱਧੀ ਰਾਤ ਪਹਿਰ ਦਾ ਤੜਕਾ’,’ਬੰਜਰ ਧਰਤੀ ਟਹਿਕਦਾ ਫੁੱਲ’,‘ਬਾਝ ਭਰਾਵਾਂ ਸਕਿਆਂ’,ਮੇਰੀ ਮਹਿੰਦੀ ਦਾ ਰੰਗ ਉਦਾਸ’,’ਦਿਲ ਦਰਿਆ ਸਮੁੰਦਰੋਂ ਡੂੰਘੇ’,’ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ’,’ਰੂਹ ਦੇ ਹਾਣੀ ’,’ਤੇਰਾ ਕੀਆ ਮੀਠਾ ਲਾਗੇ’, ‘ਪਾਪੀ ਪਾਪ ਕਮਾਂਵਦੇ’,’ਨੂਰੀ’,ਮੁੱਲ ਵਿਕਦਾ ਸੱਜਣ’, ‘ਲਾਲੀ’, ਧਰਤੀ ਧੱਕ ਸਿੰਘ’,’ਇਸ਼ਕ’,ਅਤੇ ਸਿੱਖਸਾਰੇ ਦੇ ਸਾਰੇ ਇੱਕੋ ਬੈਠਕ ਵਿੱਚ ਸੱਤ ਤੋਂ ਦਸ ਦਿਨਾਂ ਦੇ ਸ਼ੈਡਿਊਲ ਵਿੱਚ ਹੀ ਲਿਖੇ ਹਨ ਅਤੇ ਸਾਰੇ ਇੱਕ ਇੱਕ ਵਾਰ ਰੀ-ਰਾਈਟ ਕਰਕੇ ਹੀ ਛਪਵਾਏ ਹਨ )

----

ਦਰਵੇਸ਼: ਸਾਹਿਤ ਰਚਨਾ ਨੂੰ ਤੁਸੀਂ ਕੋਈ ਪ੍ਰਤੀਬੱਧ ਕੰਮ ਸਮਝਦੇ ਹੋ ਜਾਂ ਸਿਰਫ ਸ਼ੌਕ?

ਸ਼ਾਦ: ਇਹ ਨਾ ਕੰਮ ਹੈ ਨਾ ਹੀ ਸ਼ੌਕ ਇਹ ਤਾਂ ਇੱਕ ਫ਼ਰਜ਼ ਹੈ ਸਾਹਿਤਕਾਰ ਜਿੰਦਗੀ ਦਾ ਇੱਕ ਜ਼ਿੰਮੇਵਾਰ ਅੰਗ ਹੁੰਦਾ ਹੈ ਉਹ ਖ਼ੁਸ਼ੀ ਦੇਵੇ, ਗ਼ਮੀ ਦੇਵੇ, ਉਹ ਸੇਧ ਦੇਵੇ,ਵਖਿਆਨ ਕਰੇ, ਉਹ ਸਮਝਾਵੇ, ਗੁਮਰਾਹ ਕਰੇ ਜਾਂ ਗੁਮਰਾਹ ਹੋਇਆ ਨੂੰ ਸਿੱਧੇ ਰਸਤੇ ਪਾਵੇਸੋ ਹਰ ਸਾਹਿਤਕਾਰ ਨੂੰ ਸਾਹਿਤ ਰਚਨਾ ਇੱਕ ਫ਼ਰਜ ਵਜੋਂ ਹੀ ਅਪਨਾਉਣੀ ਚਾਹੀਦੀ ਹੈ

----

ਦਰਵੇਸ਼: ਮੁੰਬਈ ਮਹਾਂਨਗਰੀ ਦੀ ਲੰਮੇ ਸਮੇਂ ਤੋਂ ਬਾਸ਼ਿੰਦਗੀ ਹੰਢਾਉਂਦਿਆਂ ਤੁਸੀਂ ਆਪਣੇ ਨਾਵਲਾਂ ਦੇ ਪੰਜਾਬ ਦੇ ਕਿਰਦਾਰਾਂ ਦਾ ਏਨੀ ਬਾਖ਼ੂਬੀ ਨਾਲ ਕਿਵੇਂ ਨਿਭਾਅ ਕਰ ਲੈਂਦੇ ਹੋ?

ਸ਼ਾਦ: ਮੈਂ ਮੁੰਬਈ ਨਹੀਂ ਹੁਣ ਵੀ ਪੰਜਾਬ ਵਿੱਚ ਹੀ ਰਹਿੰਦਾ ਹਾਂਮੁੰਬਈ ਤਾਂ ਮੈਂ ਹਰ ਫਿਲਮੀ ਪਰਿੰਦੇ ਵਾਂਗ ਫੇਰੀ ਪਾਉਣ ਹੀ ਆਉਂਦਾ ਹਾਂਮੇਰਾ ਦਿਲ ਦਿਮਾਗ, ਮੇਰਾ ਪਿਆਰ, ਮੇਰੇ ਦੁੱਖ-ਸੁੱਖ, ਮੇਰੇ ਰਿਸ਼ਤੇ-ਨਾਤੇ, ਸਭ ਪੰਜਾਬ ਦੀ ਧਰਤੀ ਉਪਰ ਹਨ ਮੈਨੂੰ ਪੰਜਾਬ ਦੀ ਹਰ ਵਸਤੂ ਨਾਲ ਲੋਹੜੇ ਦਾ ਪਿਆਰ ਹੈ ਮੇਰੇ ਨਾਵਲਾਂ ਦੇ ਕਿਰਦਾਰ ,ਹਰ ਸਮੇਂ ਮੇਰੇ ਨਾਲ ਰਹਿੰਦੇ ਹਨ ਮੇਰੇ ਨਾਲ ਸੌਂਦੇ ਹਨ ਮੇਰੇ ਨਾਲ ਖਾਂਦੇ ਪੀਂਦੇ ਹਨ ਉਹਨਾਂ ਦੀਆਂ ਹੋਣੀਆਂ ,ਉਹਨਾਂ ਦੇ ਹਾਸੇ ਵਰ੍ਹਿਆਂ ਤੋਂ ਮੇਰੀ ਜ਼ਿੰਦਗੀ ਨਾਲ ਜੁੜੇ ਹੋਏ ਹਨ ਉਹਨਾਂ ਤੋਂ ਬਗੈਰ ਤਾਂ ਮੈਂ ਆਪਣੇ ਆਪ ਨੂੰ ਕਦੇ ਮਹਿਸੂਸ ਹੀ ਨਹੀਂ ਕੀਤਾਜ਼ਿੰਦਗੀ ਦਾ ਤਜਰਬਾ ਏਨਾ ਲੰਮਾ ਹੋ ਚੁੱਕੈ ਕਿ ਹੁਣ ਮੇਰੇ ਲਈ ਜ਼ਰੂਰੀ ਨਹੀਂ ਕਿ ਕੁਝ ਵੀ ਮੇਰੇ ਦਿਮਾਗ ਚੋਂ ਓਝਲ ਹੋ ਸਕੇ ਮੇਰੇ ਕਿਰਦਾਰਾਂ ਦੀਆਂ ਏਨੀਆਂ ਘਟਨਾਵਾਂ ਮੇਰੇ ਕੋਲ ਹਨਫਿਰ ਮੈਂ ਮੁੰਬਈ ਰਵਾਂ ਜਾਂ ਪੈਰਿਸ ਕੋਈ ਫ਼ਰਕ ਨਹੀਂ ਪੈਂਦਾ ,ਰਿਸ਼ਤੇ ਉਹੀ ਰਹਿੰਦੇ ਹਨ ਉਹਨਾਂ ਦਾ ਦੁੱਖ-ਸੁੱਖ ਕੁਝ ਵੀ ਤਾਂ ਨਹੀਂ ਬਦਲਦਾ ਇਸ ਲਈ ਮੈਂ ਆਪਣੇ ਪੰਜਾਬ ਆਪਣੇਂ ਕਿਰਦਾਰਾਂ ਤੋਂ ਕਦੇ ਵੀ ਟੁੱਟ ਨਹੀਂ ਸਕਦਾ ਇਹਨਾਂ ਕਿਰਦਾਰਾਂ ਨਾਲ ਮੈਂ ਬਚਪਨ ਤੋਂ ਲੈ ਕੇ ਜੁਆਨ ਹੋਇਆ ਹਾਂ ਕਿੰਨਾ ਕੁਝ ਹੈ ਜੋ ਉਹਨਾਂ

ਨਾਲ ਸਾਂਝਾਂ ਹੈ ਅਤੇ ਉਹ ਸਾਂਝਾਂ ਹਰ ਪਲ ਮੇਰੇ ਸਾਹਾ ਥਾਈਂ ਹੋ ਕੇ ਮੇਰੀਆਂ ਰਚਨਾਵਾਂ ਅੰਦਰ ਜਿਉਂਦੀਆਂ ਵਸਦੀਆਂ ਹਨ (ਫਿਰ ਸ਼ਾਦ ਸਾਹਿਬ ਨੇ ਆਪਣੇ ਨਵੇਂ ਨਾਵਲਾਂ ਦੇ ਕਿਰਦਾਰਾਂ ਦੀਆਂ ਕੁਝ ਕਹਾਣੀਆਂ ,ਕੁਝ ਵਾਰਤਾਲਾਪ ਸੁਣਾਏਜਿਹੜੇ ਕਿ ਕਿਤੋਂ ਬਹੁਤ ਡੂੰਘੇ ਉਹਨਾਂ ਆਪਣੇ ਜਿਸਮ ਉੱਤੇ ਹੰਢਾਏ ਹਨਇਹਨਾਂ ਕਿਰਦਾਰਾਂ ਦੀ ਕਹਾਣੀ ਸੁਣਦਿਆਂ ਮੈਂ ਸ਼ਾਦ ਸਾਹਿਬ ਦੀਆਂ ਨਮ ਅੱਖਾਂ ਅੰਦਰ ਜਿਉਂਦੇ ਇਤਿਹਾਸ ਨੂੰ ਸਲਾਮ ਕਰਨੋਂ ਨਹੀਂ ਰਹਿ ਸਕਿਆ)

----

ਦਰਵੇਸ਼: ਅੱਛਾ... ਤੁਹਾਡੀਆਂ ਆਪਣੀਆਂ ਰਚਨਾਵਾਂ ਅੰਦਰ ਖ਼ੁਦ ਬੂਟਾ ਸਿੰਘ ਸ਼ਾਦ ਕਿੱਥੇ-ਕਿੱਥੇ ਹਾਜ਼ਰ ਹੈ ?

ਸ਼ਾਦ: ਕਿਹੜੀ ਥਾਂ ਹੈ ਜਿੱਥੇ ਸ਼ਾਮਲ ਨਹੀਂ ਹਾਂ ਮੈਂਬਹੁਤ ਥਾਈਂ ਹਾਜ਼ਰ ਹਾਂਜਿਹੜੇ ਮੇਰੇ ਪਾਠਕ , ਦੋਸਤ ਮੈਨੂੰ ਨਿੱਜੀ ਤੌਰ ਉੱਤੇ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਕਿ ਮੈਂ ਖ਼ੁਦ ਆਪਣੇ ਨਾਵਲਾਂ ਅੰਦਰ ਜਿਉਂ ਰਿਹਾ ਹਾਂ ਕਹਾਣੀ ਦੀ ਅਗਵਾਈ ਕਰਦੇ ਮੇਰੇ ਬਹੁਤ ਸਾਰੇ ਕਿਰਦਾਰਾਂ ਦੇ ਗੁਣਾਂ ਵਿੱਚ ਵੀ ਮੈਂ ਹੁੰਦਾ ਹਾਂ ਅਤੇ ਔਗੁਣਾਂ ਵਿੱਚ ਵੀਉਹਨਾਂ ਦੇ ਹਰ ਕਿਸੇ ਸੁਭਾਅ ਵਿੱਚ ,ਚਾਹੇ ਉਹ ਦੁਖੀ ਹੈ ਜਾਂ ਸੁਖੀ ਮੈਂ ਹਾਜ਼ਰ ਹੁੰਦਾ ਹਾਂ

----

ਦਰਵੇਸ਼: ਏਨੇ ਲੰਮੇ ਸਮੇਂ ਤੋਂ ਮਹਾਂਨਗਰ ਵਿੱਚ ਰਹਿੰਦਿਆਂ ਮਹਾਂਨਗਰ ਦੇ ਕਿਰਦਾਰਾਂ ਬਾਰੇ ਕੋਈ ਰਚਨਾ ਕਰਨ ਦਾ ਖਿਆਲ ਕਦੇ ਕਿਉਂ ਨਹੀਂ ਆਇਆ ?

ਸ਼ਾਦ: ਮੈਂ ਪਹਿਲਾਂ ਵੀ ਕਿਹਾ ਹੈ ਕਿ ਏਥੇ ਤਾਂ ਹਰ ਕੋਈ ਫੇਰੀ ਪਾਉਣ ਵਾਸਤੇ ਹੀ ਆਉਂਦਾ ਹੈ ਉਹਦੀਆਂ ਜੜ੍ਹਾਂ ਕਿਧਰੇ ਹੋਰ ਹਨ ਜਦੋਂ ਉਹਨਾਂ ਦਾ ਕੋਈ ਸੱਚ ਮੇਰੇ ਨਾਲ ਸਾਂਝਾਂ ਹੀ ਨਹੀਂ,ਮੈਂ ਉਹਨਾਂ ਨਾਲ ਕੁਝ ਹੱਡੀਂ ਹੰਢਾਇਆ ਹੀ ਨਹੀਂਫਿਰ ਮੈਂ ਭਲਾ ਉਹਨਾਂ ਬਾਰੇ ਕਿਵੇਂ ਲਿਖ ਸਕਦਾ ਹਾਂਇਹ ਮਾਇਆ ਨਗਰੀ ਤਾਂ ਇੱਕ ਮੇਲਾ ਹੈ ਅਤੇ ਮੇਲੇ ਵਿੱਚ ਕੁਝ ਕੁ ਘੜੀਆਂ ਮਿਲ ਕੇ ਕਿਸੇ ਦਾ ਕਿਰਦਾਰ ਜਾਣਿਆਂ ਹੀ ਨਹੀਂ ਜਾ ਸਕਦਾ ਮੈਂ ਤਾਂ ਇਸ ਮੇਲੇ ਦੇ ਕਿਰਦਾਰਾਂ ਨੂੰ ਸਿਰਫ ਓਪਰੇ ਕਿਰਦਾਰ ਸਮਝਦਾ ਹਾਂ ਇਸ ਲਈ ਮੈਂ ਇਹਨਾਂ ਉਪਰ ਕਲਮ ਚਲਾ ਹੀ ਨਹੀਂ ਸਕਦਾ

-----

ਦਰਵੇਸ਼: ਤੁਸੀਂ ਪਹਿਲਾਂ ਇੱਕ ਨਾਵਲਕਾਰ ਹੋ, ਫਿਰ ਫਿਲਮਕਾਰਜਦੋਂ ਉਸੀਂ ਆਪਣੇ ਇਹਨਾਂ ਨਾਵਲਾਂ ਦੇ ਕਿਰਦਾਰਾਂ ਨੂੰ ਫਿਲਮ ਦੇ ਕੈਨਵਸ ਉਪਰ ਖੜ੍ਹਾ ਕਰਕੇ ਵੇਖਦੇ ਹੋ ਤਾਂ ਤਹਾਨੂੰ ਇਹਨਾਂ ਦੇ ਨਾਵਲ ਅੰਦਰਲੇ ਅਤੇ ਪਰਦੇ ਉਤਲੇ ਨਿਭਾਅ ਵਿੱਚ ਕਿੱਥੇ-ਕਿੱਥੇ ਵਖਰੇਵਾਂ ਅਤੇ ਕਿੱਥੇ ਸਮਾਨਤਾ ਨਜ਼ਰ ਆਉਂਦੀ ਹੈ?

ਸ਼ਾਦ: ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਚੀਜ਼ਾਂ ਦਾ ਮੈਂ ਕਦੇ ਆਪਸੀ ਮੇਲ ਮਿਲਾਪ ਰੱਖਿਆ ਹੀ ਨਹੀਂਮੇਰਾ ਸਾਹਿਤ ਅਤੇ ਮੇਰੀ ਫਿਲਮ ਮੇਕਿੰਗ ਦੋਨੋਂ ਇੱਕ ਦੂਜੇ ਦੇ ਨੇੜੇ ਤੇੜੇ ਵੀ ਨਹੀਂਸਾਹਿਤ ਮੇਰਾ ਫ਼ਰਜ਼ ਹੈ ਅਤੇ ਫਿਲਮ ਮੇਰਾ ਵਪਾਰ ਹੈਵਪਾਰ ਵਾਸਤੇ ਜੋ ਵੀ ਮਿਰਚ ਮਸਾਲਾ ਚਾਹੀਦਾ ਹੁੰਦੈ ,ਉਹ ਸਮੱਗਰੀ ਸਾਧਨਾ

ਰਾਹੀਂ ਇਕੱਠੀ ਕਰ ਲਈਦੀ ਐ ਅਤੇ ਉਸਨੂੰ ਵੇਚ ਛੱਡੀਦੈ ਇਸ ਤੋਂ ਵੱਧ ਮੇਰੇ ਲਈ ਇਸ ਗੱਲ ਦੀ ਕੋਈ ਅਹਿਮੀਅਤ ਨਹੀਂਹਾਂ ਇਸ ਗੱਲ ਦੀ ਕੋਸ਼ਿਸ਼ ਜ਼ਰੂਰ ਕਰੀਦੀ ਐ ਕਿ ਫਿਲਮ ਰਾਹੀ ਕੋਈ ਸਿਹਤਮੰਦ ਸੁਨੇਹਾ ਜ਼ਰੂਰ ਦਿੱਤਾ ਜਾ ਸਕੇਤੇ ਸਾਹਿਤ, ਸਾਹਿਤ ਇੱਕ ਚਿਰ ਸਦੀਵੀ ਚੀਜ਼ ਹੈਇਹ ਵੀ ਸੱਚ ਹੈ ਕਿ ਫਿਲਮ ਵਿੱਚ ਵੀ ਉਹੀ ਕੁਝ ਹੁੰਦਾ ਹੈ ਪਰ ਇਹ ਬਹੁਤ ਸਾਰੇ ਦਿਮਾਗਾਂ ਦਾ ਕੰਬੀਨੇਸ਼ਨ ਹੁੰਦਾ ਹੈਮੈਂ ਸਾਰੀਆਂ ਫਿਲਮਾਂ ਹੀ ਸਿਰਫ਼ ਵਪਾਰਕ ਨਜ਼ਰੀਏ ਤੋਂ ਬਣਾਈਆਂ ਹਨ ਪਰ ਸਾਹਿਤ ਇਸ ਨਜ਼ਰੀਏ ਤੋਂ ਕਦੇ ਨਹੀਂ ਲਿਖਿਆ

----

ਦਰਵੇਸ਼: ਇੱਕ ਨਾਵਲਕਾਰ ਤੋਂ ਫਿਲਮਕਾਰ ਬਣਨ ਦਾ ਸਬੱਬ ਕਿਵੇਂ ਬਣਿਆ ?

ਸ਼ਾਦ: ਫਿਲਮ ਲਾਈਨ ਗਲੈਮਰ ਦੀ ਲਾਈਨ ਹੈ ਜਿਸ ਵਿੱਚ ਆਦਮੀ ਹਰ ਇੱਛਾ ਦੀ ਪੂਰਤੀ ਹੁੰਦੀ ਹੈ ਤੁਸੀਂ ਏਥੋਂ ਪੈਸਾ, ਸ਼ੋਹਰਤ ਤੇ ਹੋਰ ਬਹੁਤ ਕੁੱਝ ਕਮਾ ਸਕਦੇ ਓ...ਇਸ ਲਈ ਮੈਨੂੰ ਇਸ ਸਭ ਕਾਸੇ ਦੀ ਖਿੱਚ ਹੀ ਇਸ ਫਿਲਮ ਲਾਈਨ ਵਿੱਚ ਲੈ ਆਈ ਅਤੇ ਇੱਥੇ ਆ ਕੇ ਮੈਂ ਸਭ ਕੁਝ ਬਣਾਇਐ, ਕਮਾਇਐ

----

ਦਰਵੇਸ਼: ਕੀ ਤੁਸੀਂ ਸਮਝਦੇ ਹੋ ਕਿ ਇਸ ਮਾਇਆ ਨਗਰੀ ਵਿੱਚ ਤੁਹਾਡੇ ਸੁਪਨਿਆਂ ਦੀ ਪੂਰਤੀ ਹੋਈ ਹੈ

ਸ਼ਾਦ : ਮੇਰੇ ਸੁਪਨੇ ਦੋ ਕਿਸਮ ਦੇ ਹੋ ਸਕਦੇ ਨੇ ਇੱਕ ਨਾਵਲਕਾਰ ਦੇ ਤੌਰ ਉੱਤੇ ਅਤੇ ਦੂਜਾ ਫਿਲਮਕਾਰ ਦੇ ਤੌਰ ਤੇ ਮੇਰੇ ਦੋਨਾਂ ਹੀ ਰੂਪਾਂ ਦੀਆਂ ਇਛਾਵਾਂ ਪੂਰੀਆਂ ਹੋਈਆਂ ਨੇ ਨਾਵਲਕਾਰ ਦੇ ਤੌਰ ਉਤੇ ਮੈਨੂੰ ਪਾਠਕਾਂ ਦਾ ਅਥਾਹ ਪਿਆਰ ਮਿਲਿਐ ਅਤੇ ਫਿਲਮਕਾਰ ਦੇ ਤੌਰ ਉੱਤੇ ਮੇਰੀਆਂ ਸਾਰੀਆਂ ਫਿਲਮਾਂ ਵਪਾਰਕ ਪੱਖ ਤੋਂ ਸਫ਼ਲ ਹੋਈਆਂ ਨੇ ਬਾਕੀ ਅੰਤ ਤਾਂ ਕਿਸੇ ਚੀਜ਼ ਦਾ ਹੈ ਨਹੀਂਜੋ ਚਾਹੋਗੇ, ਪਾਈ ਜਾਉਗੇ ਸੋ ਮੈਂ ਸਮਝਦਾ ਹਾਂ ਕਿ ਪੂਰੀ ਤਰਾਂ ਸੰਤੁਸ਼ਟ ਹਾਂ ਪਰ ਹਾਂ,ਕੰਮ ਕਰਨ ਦੀ ਤੀਬਰ ਇੱਛਾ ਅੱਜ ਉਵੇਂ ਹੀ ਜਿਊਂਦੀ ਹੈ ਜਿਵੇਂ ਤੀਹ ਸਾਲ ਪਹਿਲਾਂ ਸੀਲਿਖਣ ਚ ਅੱਜ ਵੀ ਓਨੀ ਗਹਿਰੀ ਰੁਚੀ ਹੈ ,ਜਿਹੜੀ ਪਹਿਲਾਂ ਸੀ

----

ਦਰਵੇਸ਼: ਤੁਹਾਡੀਆਂ ਸਾਰੀਆਂ ਫਿਲਮਾਂ ਵਿੱਚੋਂ ਉਹ ਕਿਹੜੀ ਫਿਲਮ ਹੈ ਜਿਸ ਨੂੰ ਤੁਹਾਡਾ ਆਪਣਾ ਵਾਰਵਾਰ ਦੇਖਣ ਨੂੰ ਦਿਲ ਕਰਦਾ ਹੈ ?

ਸ਼ਾਦ: ਹਿੰਦੀ ਵਿੱਚ ਪਹਿਲਾ ਪਹਿਲਾ ਪਿਆਰਅਤੇ ਪੰਜਾਬੀ ਵਿੱਚ ਮਿੱਤਰ ਪਿਆਰੇ ਨੂੰਕਿਉਂਕਿ ਇਹ ਦੋਵੇਂ ਫਿਲਮਾਂ ਹੀ ਵੈਰੀ ਸਮੂਥ ਪਾਲਿਸ਼ਡ ਪ੍ਰੋਡਕਟ ਹਨਹਰ ਪੱਖ ਤੋਂ ਜੋ ਵੀ ਮਜ਼ਬੂਤ ਫਿਲਮੀ ਪੱਖ ਹੁੰਦੇ ਹਨ ,ਇਹ ਸੰਪੂਰਨ ਫਿਲਮਾਂ ਹਨ

----

ਦਰਵੇਸ਼ : ਤੁਹਾਡੇ ਹਿੰਦੀ ਦੇ ਸਭ ਤੋਂ ਮਨਪਸੰਦ ਫਿਲਮਕਾਰ ਕਿਹੜੇ-ਕਿਹੜੇ ਹਨ?

ਸ਼ਾਦ: ਸਭ ਤੋਂ ਵੱਧ ਯਸ਼ ਚੋਪੜਾ ਅਤੇ ਬੀ. ਆਰ. ਚੋਪੜਾਯਸ਼ ਚੋਪੜਾ ਮੈਨੂੰ ਇਸ ਕਰਕੇ ਵੀ ਸਭ ਤੋਂ ਵਧੀਆ ਲੱਗਦੇ ਹਨ ਕਿ ਉਹਨਾਂ ਨੇ ਇੱਕੋ ਹੀ ਵਿਸ਼ੇ ਨੂੰ ਆਪਣੀਆਂ ਸਾਰੀਆਂ ਫਿਲਮਾਂ ਰਾਹੀਂ ਵੱਖੋ-ਵੱਖਰੇ ਨਜ਼ਰੀਆਂ ਤੋਂ ਪੇਸ਼ ਕੀਤਾ ਹੈ ਹਾਂ ਕਦੇ-ਕਦੇ ਮਣੀ ਰਤਨਮ ਵੀ ਇਹਨਾਂ ਦੇ ਬਰਾਬਰ ਆ ਖੜਾ ਹੁੰਦੈ ਬਾਕੀ ਆਪਣੇ-ਆਪਣੇ ਦੌਰ ਵਿੱਚ ਰਾਜ ਕਪੂਰ ਸਾਹਿਬ, ਮਹਿਬੂਬ ਸਾਹਿਬ ਅਤੇ ਗੁਰੂ ਦੱਤ ਨੇ ਵੀ ਕਮਾਲ ਦੀਆਂ ਪੇਸ਼ਕਾਰੀਆਂ ਕੀਤੀਆਂ ਹਨ

----

ਦਰਵੇਸ਼: ਅੱਜ-ਕੱਲ ਕਿਹੜੀ ਨਵੀਂ ਰਚਨਾ ਵਿੱਚ ਰੁੱਝੇ ਹੋ ਨਾਵਲਕਾਰ ਤੇ ਫਿਲਮਕਾਰ ਦੇ ਰੂਪ ਵਿੱਚ?

ਸ਼ਾਦ: ਇੱਕ ਵੱਡੇ ਨਾਵਲ ਦੇ ਕਿਰਦਾਰ ਅੱਜ ਕੱਲ ਮੇਰੇ ਨਾਲ ਵਾਰਤਾਲਾਪ ਕਰ ਰਹੇ ਹਨਬਾਕੀ ਫਿਲਮ ਦੀ ਵੀ ਤਿਆਰੀ ਹੈ ਜਿਸ ਵਿੱਚ ਅੱਜ ਦਾ ਟੌਪ ਦਾ ਸਟਾਰ ਹੋਵੇਗਾ ਟੌਪ ਦਾ ਹੀ ਨਿਰਦੇਸ਼ਕ ,ਟੌਪ ਦਾ ਹੀ ਲੇਖਕ ,ਟੌਪ ਦਾ ਹੀ ਕੈਮਰਾਮੈਨ, ਟੌਪ ਦਾ ਹੀ ਗੀਤਕਾਰਅਤੇ ਟੌਪ ਦੇ ਹੀ ਗਾਇਕ ਹੋਣਗੇ

-----

ਦਰਵੇਸ਼: ਅੱਛਾ ਇੱਕ ਪਾਸੇ ਤੁਸੀਂ ਨਿਰਮਾਤਾ ਹੋ ਅਤੇ ਇਕ ਪਾਸੇ ਲੇਖਕ, ਆਪਣੀਆਂ ਫਿਲਮਾਂ ਖ਼ੁਦ ਕਿਉਂ ਨਹੀਂ ਲਿਖਦੇ ?

ਸ਼ਾਦ : ਪੰਜਾਬੀ ਦੀਆਂ ਆਪਣੀਆਂ ਸਾਰੀਆਂ ਫਿਲਮਾਂ ਮੈਂ ਖ਼ੁਦ ਲਿਖੀਆਂ ਨੇ ਕਿਉਂਕਿ ਉਹ ਮੇਰਾ ਸ਼ੌਕ ਸੀ ਇੱਕ ਫ਼ਰਜ਼ ਸੀ ਪਰ ਹਿੰਦੀ ਲਈ ਵਿੱਚ ਮੈਂ ਸਿਰਫ਼ ਵਪਾਰ ਕੀਤਾ ਹੈ ਇਸ ਲਈ ਕੁਝ ਵੀ ਬਾਜ਼ਾਰੋਂ ਖ੍ਰੀਦਿਆ ਜਾ ਸਕਦ ਹੈ ਅਤੇ ਮੈਂ ਖਰੀਦ ਰਿਹਾਂ ਹਾਂ

----

ਦਰਵੇਸ਼: ਕਹਿੰਦੇ ਹਨ ਕਿ ਮੁੰਬਈ ਵਾਲਿਆਂ ਕੋਲ ਵਕਤ ਦੀ ਬਹੁਤ ਘਾਟ ਹੁੰਦੀ ਹੈ ,ਤੁਹਾਡੇ ਕੋਲ ਵੀ ਹੋਵੇਗੀ ਪਰ ਜਦੋਂ ਵੀ ਵਿਹਲ ਮਿਲਦੀ ਹੈ ਤਾਂ ਉਸ ਵਿਹਲ ਦਾ ਆਨੰਦ ਕਿਸ ਤਰ੍ਹਾਂ ਮਾਣਦੇ ਹੋ?

----

ਸ਼ਾਦ: ਕਈ ਵੇਰ ਹੀ ਨਹੀਂ, ਮੈਨੂੰ ਹਰ ਰੋਜ਼ ਦੇ ਆਪਣੇ ਰੋਜ਼-ਨਾਮਚੇ ਵਿੱਚ ਇਕੱਲਿਆਂ ਬੈਠਣਾ ਬਹੁਤ ਪਸੰਦ ਹੈਮੈਂ 24 ਘੰਟਿਆਂ ਵਿੱਚ ਰੋਜ਼ਾਨਾ ਦੋ ਤਿੰਨ ਘੰਟੇ ਇਕੱਲਤਾ ਦਾ ਆਨੰਦ ਮਾਨਣ ਲਈ ਕੱਢਦਾ ਹੀ ਹਾਂ ਉਸ ਵੇਲੇ ਮੈਂ ਪ੍ਰਮਾਤਮਾ ਬਾਰੇ, ਉਸਦੀ ਸ੍ਰਿਸ਼ਟੀ ਬਾਰੇ, ਆਵਾਗੋਣ ਚੱਕਰ ਬਾਰੇ ਸੋਚਦਾ ਹਾਂ ਜਾਂ ਫਿਰ ਮੈਂ ਜਾਗਦਾ ਹੀ

ਸੁਪਨਿਆਂ ਦੀ ਬਸਤੀ ਵਿੱਚ ਗੁਆਚ ਜਾਂਦਾ ਹਾਂ ਕਿਉਂਕਿ ਮੈਂ ਬਹੁਤ ਵੱਡਾ ਸੁਪਨਸਾਜ਼ ਹਾਂ ਸੁਪਨੇ ਮੈਨੂੰ ਬਹੁਤ ਹੀ ਪਿਆਰੇ ਲੱਗਦੇ ਹਨ ਇਸ ਲਈ ਮੈਂ ਅਕਸਰ ਸੁਪਨੇ ਸਾਜਦਾ ਰਹਿੰਦਾ ਹਾਂ ਅਤੇ ਕਈ ਵੇਰ ਉਹ ਸੁਪਨੇ ਮੇਰੀਆਂ ਕਿਰਤਾਂ ਬਣ ਜਾਂਦੇ ਹਨ

******************