Thursday, February 18, 2010

ਪ੍ਰਸਿੱਧ ਗੀਤਕਾਰਾ ਅਤੇ ਸਮਾਜ ਸੇਵਕਾ ਕੁਲਵੰਤ ਕੌਰ ਚੰਨ ਨਾਲ਼ ਇਕ ਮੁਲਾਕਾਤ

....ਆਪਣੀ ਮਾਂ ਬੋਲੀ ਨੂੰ ਹਮੇਸ਼ਾ ਪਿਆਰ ਕਰਦੇ ਰਹੋ। ਪੰਜਾਬੀ ਲਿਖੋ, ਪੜ੍ਹੋ, ਬੋਲੋ ਅਤੇ ਅਪਣੇ ਵਿਰਸੇ ਨੂੰ ਕਦੇ ਨਾ ਵਿਸਾਰੋ। ਸਾਨੂੰ ਆਪਣੇ ਪਿਛੋਕੜ ਨੂੰ ਹਮੇਸ਼ਾ ਯਾਦ ਰੱਖਣਾ ਹੈ। ਚੰਗੇ ਗੀਤ ਲਿਖੋ, ਸੁਣੋ। ਉਹ ਗੀਤ ਲਿਖੋ ਜਿਸ ਦਾ ਆਨੰਦ ਤਾਂ ਮਾਣੀਏ ਨਾਲ਼-ਨਾਲ਼ ਵਿਰਸੇ ਨਾਲ ਵੀ ਜੁੜੀਏ। ਉਸ ਗੀਤ ਦਾ ਕੋਈ ਅਰਥ-ਮਤਲਬ ਵੀ ਨਿਕਲਦਾ ਹੋਵੇ। ਜਿਸ ਗੀਤ ਦਾ ਨਾ ਸਿਰ-ਪੈਰ ਤੇ ਨਾ ਕੋਈ ਵਜੂਦ ਹੀ ਹੋਵੇ ਉਸਨੂੰ ਨੂੰ ਲਿਖਣ-ਸੁਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ... ਕੁਲਵੰਤ ਕੌਰ ਚੰਨ

**********

ਮੁਲਾਕਾਤੀ: ਤੇਜਿੰਦਰ ਮਨਚੰਦਾ ਆਰਟਿਸਟ (ਪੈਰਿਸ)

ਮੈਡਮ ਕੁਲਵੰਤ ਕੌਰ ਚੰਨ ਜੀ ਨੂੰ ਖ਼ੁਦ ਮਿਲ ਕੇ ਉਹਨਾਂ ਨਾਲ਼ ਗੱਲਬਾਤ ਕਰਨਾ , ਉਹਨਾਂ ਦੀ ਬਹੁਤ ਹੀ ਮਿੱਠੀ ਕੰਨਾਂ ਵਿਚ ਰਸ ਘੋਲ਼ਣ ਵਾਲੀ ਆਵਾਜ਼ ਰਾਹੀਂ, ਉਸ ਕੁਦਰਤ ਨੂੰ ਬਹੁਤ ਹੀ ਨਜ਼ਦੀਕ ਤੋਂ ਜਦੋਂ ਵੇਖ ਲੈਣ ਦੇ ਤੁੱਲ ਹੈ ਜਦੋਂ ਉਹ ਅੱਖਾਂ ਬੰਦ ਕਰਕੇ ਅਪਣੇ ਹੀ ਲਿਖੇ ਗੀਤਾਂ ਨੂੰ ਆਪੇ ਤਰਜ਼ ਬਣਾ ਕੇ ਗਾਉਂਦੇ, ਮਸਤ ਮਘਨ, ਦੁਨੀਆਂ ਤੋਂ ਬੇ-ਖਬ਼ਰ ਹੁੰਦੇ ਹਨ ਤਾਂ ਸਰੋਤਿਆਂ ਨੂੰ ਜਾਪਦਾ ਹੈ ਕਿ ਕਿਤੇ ਸਵਰਗਾਂ ਵਿਚ ਬੈਠੇ ਹੋਈਏਕਿਸੇ ਦੇ ਦੁੱਖ ਨੂੰ ਸੁਣ ਹਰ ਤਰੀਕੇ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰਨੀ, ਪਲਾਂ ਵਿਚ ਸਭ ਨੂੰ ਆਪਣਾ ਬਣਾ ਲੈਣ ਵਾਲੀ ਇਸ ਸ਼ਖ਼ਸੀਅਤ ਨਾਲ਼ ਉਹਨਾਂ ਦੇ ਘਰ ਪੈਰਿਸ ਫਰਾਂਸ ਵਿਚ ਮਿਲ਼ਣ ਦਾ ਮੈਨੂੰ ਮੌਕਾ ਮਿਲਿਆ। ਪਹਿਲਾਂ ਉਹਨਾਂ ਨੇ ਆਪਣੇ ਹੱਥੀਂ ਖਾਣਾ ਬਣਾ ਕੇ ਖੁਆਇਆ ਚਾਹ ਤੋਂ ਬਾਅਦ ਕੁਝ ਗੱਲਾਂ-ਬਾਤਾਂ ਹੋਈਆਂ ਤਾਂ ਮੈਂ ਵਕ਼ਤ ਹੱਥੋਂ ਨਾ ਗਵਾਉਂਦਾ ਹੋਇਆ ਉਹਨਾਂ ਨਾਲ਼ ਕੀਤੀਆਂ ਗੱਲਾਂ ਨੂੰ ਕਲਮ-ਬੱਧ ਕਰ ਲਿਆ, ਜੋ ਆਪ ਸਭ ਦੇ ਸਾਹਮਣੇ ਪੇਸ਼ ਕਰਨ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ:

**********

ਮਨਚੰਦਾ :- ਮੈਡਮ ਚੰਨ ਜੀ! ਤੁਹਾਡਾ ਪਿਛੋਕੜ ਕੀ ਹੈ ?

ਚੰਨ:- ਮੈਂ ਪਿੰਡ ਵੱਡੀ ਮਿਆਣੀ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਤੋ ਹਾਂ ਮੇਰੇ ਪਿਤਾ ਸ: ਗਿਰਧਾਰਾ ਸਿੰਘ ਜੀ ਅਤੇ ਮਾਤਾ ਪ੍ਰੀਤਮ ਕੌਰ ਜੀ ਹਨ ਅਸੀ ਚਾਰ ਭੈਣ ਭਰਾ ਹਾਂ, ਭਰਾ ਸ: ਕੇਵਲ ਸਿੰਘ ਤੇ ਸ: ਗੁਰਬਚਨ ਸਿੰਘ ਜੀ ਹਨ ਮੇਰੇ ਤੋ ਛੋਟੀ ਮੇਰੀ ਇਕ ਭੈਣ ਜੋ ਬੰਬਈ ਰਹਿੰਦੀ ਹੈ, ਉਹਨਾਂ ਦਾ ਉਥੇ ਕਾਰੋਬਾਰ ਹੈ ਮੈਂ ਪੰਜਾਬ ਦੀ ਧੀ ਹਾਂ ਤੇ ਜੰਮੂ ਕਸ਼ਮੀਰ ਦੀ ਨੂੰਹ ਹਾਂ ਪੰਜਾਬ ਨਾਲ ਅਥਾਹ ਪਿਆਰ ਕਰਦੀ ਹਾਂ, ਕਿਉਂਕਿ ਪੰਜਾਬੀਆਂ ਜੈਸਾ ਭੋਲਾ, ਦਿਲਦਾਰ, ਮਿਹਨਤੀ, ਮੱਦਦਗਾਰ ਇਨਸਾਨ ਤੁਹਾਨੂੰ ਹੋਰ ਕੋਈ ਨਹੀਂ ਮਿਲ਼ ਸਕਦਾ

-------

ਮਨਚੰਦਾ :-ਤੁਹਾਨੂੰ ਕਦੋਂ ਤੋਂ ਲਿਖਣ ਦਾ ਸ਼ੋਕ ਜਾਗਿਆ ?

ਚੰਨ:-ਵਿਚ ਪ੍ਰਦੇਸਾ ਸੱਜਣਾ ਜਦੋ ਲਾਏ ਸੀ ਡੇਰੇ, ਚਾਰੇ ਪਾਸੇ ਗ਼ਮਾਂ ਨੇ ਸਾਨੂੰ ਪਾਏ ਸੀ ਘੇਰੇ ਸ਼ੌਂਕ ਨਹੀ ਰੱਬ ਦੀ ਨਜ਼ਰ ਨੇ ਹੱਥ ਆਪੇ ਕਲਮ ਫੜਾ ਕੇ ਇਸ ਪਾਸੇ ਨੂੰ ਤੋਰ ਦਿੱਤਾ

------

ਮਨਚੰਦਾ :-ਜੰਮੂ ਵਿਚ ਤਾਂ ਹਿੰਦੀ, ਉਰਦੂ, ਅੰਗਰੇਜ਼ੀ ਹੀ ਚਲਦੀ ਹੈ, ਫੇਰ ਪੰਜਾਬੀ ਵੱਲ ਝੁਕਾਅ ਕਿੰਝ ਹੋਇਆ?

ਚੰਨ :-ਜੀ ਹਾਂ! ਪਰ ਪੰਜਾਬੀ ਜਿੱਥੇ ਵੀ ਜਾਣ ਪੰਜਾਬੀ ਦੇ ਝੰਡੇ ਗੱਡ ਦਿੰਦੇ ਹਨ ਮੈਂ ਬਿਮਲ ਜੈਨ ਸਕੂਲ ਆਰ .ਐਸ.ਪੁਰਾ ਵਿਚ 9 ਸਾਲ ਸੇਵਾ ਕੀਤੀ ਉਸ ਸਕੂਲ ਵਿਚ ਮੈਂ ਮੌਕਾ ਮਿਲ਼ਣ ਤੇ ਕਿਸੇ ਵੀ ਗੁਰਪੁਰਬ ਤੇ ਗੁਰੂਆਂ ਬਾਰੇ, ਪੰਜਾਬੀ ਬਾਰੇ ਤੇ ਪੰਜਾਬ ਦੀ ਖ਼ੂਬਸੂਰਤੀ ਨੂੰ ਦੱਸਣ ਤੋ ਪਿੱਛੇ ਨਹੀਂ ਰਹਿੰਦੀ ਸੀ ਕਈ ਮਾਂ ਬਾਪ ਜੋ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦੇ ਅਪਣੇ ਬੱਚੇ ਮੇਰੇ ਕੋਲ ਵਕ਼ਤ ਕੱਢ ਪੰਜਾਬੀ ਪੜ੍ਹਨ ਭੇਜਦੇ ਸਨ, ਉਹੀ ਚਸਕਾ ਅੱਜ ਵੀ ਕੈਂਪਾਂ ਰਾਹੀ ਜਦੋਂ ਮੈਂ ਕਦੀ ਇੰਡੀਆ ਜਾਂਦੀ ਹਾਂ ਤਾਂ ਪੂਰਾ ਕਰ ਲੈਂਦੀ ਹਾਂ।

-----

ਮਨਚੰਦਾ:-ਬਹੁਤ ਖ਼ੂਬ! ਤੁਸੀਂ ਕਿਸ ਲੇਖਕ ਤੋਂ ਪ੍ਰਭਾਵਿਤ ਹੋ ਲਿਖਣਾ ਸ਼ੁਰੂ ਕੀਤਾ ?

ਚੰਨ :- (ਥੋੜ੍ਹਾ ਜਿਹਾ ਹੱਸ ਕੇ) ਬੜਾ ਪਿਆਰਾ ਜਿਹਾ ਸਵਾਲ ਕੀਤਾ ਤੁਸੀਂ। ਇਹ ਤਾਂ ਕੁਦਰਤ ਦਾ ਇਕ ਨੇਮ ਜਾਂ ਕਾਨੂੰਨ ਕਹਿ ਲਵੋ ਜਦੋ ਉਸ ਦੀ ਮਰਜ਼ੀ ਹੁੰਦੀ ਹੈ ਤਾਂ ਕਿਸੇ ਕੋਲੋਂ ਕੁੱਝ ਵੀ ਕਿਸੇ ਵਕ਼ਤ ਵੀ ਕਰਵਾ ਲੈਂਦੀ ਹੈਇਸ ਨੂੰ ਮੈਂ ਉਸ ਦੀ ਰਜ਼ਾ, ਉਸ ਦਾ ਪਿਆਰ, ਉਸ ਦੀ ਕ੍ਰਿਪਾ ਕਹਿ ਲਵਾਂ ਤਾਂ ਠੀਕ ਹੋਵੇਗਾਮੇਰੇ ਪਤੀ ਸ; ਰਣਜੀਤ ਸਿੰਘ ਜੀ ਚੰਨ ਸਾਹਿਬ ਸਾਨੂੰ ਇੱਕਲਿਆਂ ਨੂੰ ਜੰਮੂ ਕਸ਼ਮੀਰ ਛੱਡ(ਦੋ ਬੇਟੇ ਤੇ ਇਕ ਬੇਟੀ) ਤੇ ਆਪ ਸਾਡੇ ਵਾਸਤੇ ਚੋਗਾ ਇਕੱਠਾ ਕਰਨ ਫਰਾਂਸ ਆ ਗਏ। ਉਹਨਾਂ ਦੀ ਦੂਰੀ ,ਪਿਆਰ ਤੇ ਵਿਛੋੜੇ ਦੇ ਪਲਾਂ ਨੇ ਮੌਕਾ ਪਾ ਮੈਨੂੰ ਇਕੱਲੀ ਜਾਣ ਹੌਕਿਆਂ, ਤਾਹਨਿਆਂ, ਤਨਹਾਈਆਂ, ਮਿਹਣਿਆਂ, ਹਾੜ੍ਹਿਆਂ, ਸਿਸਕੀਆਂ ਨੇ ਮਿਲ-ਜੁਲ਼ ਝੁਰਮਟ ਪਾ ਲਿਆ ਤੇ ਜਦੋਂ ਪੇਸ਼ ਨਾ ਜਾਂਦੀ ਤਾਂ ਅੱਖੀਆਂ ਨੇ ਗਹਿਰੇ ਸਮੁੰਦਰ ਦਾ ਰੂਪ ਧਾਰਨ ਕਰ ਉਸ ਦਾਤੇ ਅੱਗੇ ਹੱਥ ਜੋੜ ਲਏ। ਦਾਤੇ ਨੇ ਆਪ ਕ੍ਰਿਪਾ ਕੀਤੀ ਤਾਂ ਆਪੇ ਗੀਤ ਲਿਖ, ਆਪੇ ਆਵਾਜ਼ ਬਣ ਚੰਨ ਸਾਹਿਬ ਦੀਆਂ ਦੂਰੀਆਂ ਨੂੰ ਨਜ਼ਦੀਕੀਆਂ ਵਿਚ ਬਦਲ ਦਿੱਤਾ ਸੋ ਇਹ ਸਭ ਮੇਰੇ ਪਤੀ ਸ: ਰਣਜੀਤ ਸਿੰਘ ਜੀ ਚੰਨ ਹੋਰਾਂ ਤੋਂ ਸਹੀ ਦੂਰੀ ਦਾ ਹੀ ਸਦਕਾ ਹੈ ਕਿ ਮੈਂ ਲਿਖਣਾ ਸ਼ੁਰੂ ਕੀਤਾ।

------

ਮਨਚੰਦਾ :-ਤੁਸੀਂ ਲਿਖਦੇ ਤਾਂ ਖ਼ੂਬ ਹੋ ਹੀ, ਸੋਨੇ ਤੇ ਸੁਹਾਗਾ ਗਾਉਂਦੇ ਵੀ ਬੜਾ ਸੋਹਣਾ ਹੋ, ਕਿਤੋਂ ਸੰਗੀਤ ਸਿੱਖਿਆ ਸੀ?

ਚੰਨ :-ਨਹੀਂ ਜੀ, ਇਹ ਰੱਬ ਦੀ ਮਿਹਰ ਹੈ ਜੋ ਤੁਸੀ ਮੇਰੇ ਗੀਤਾਂ ਨੂੰ ਪੜ੍ਹਦੇ ਅਤੇ ਮੇਰੀ ਆਵਾਜ਼ ਚ ਸੁਣਦੇ ਹੋਸਾਡੇ ਜ਼ਮਾਨੇ ਵਿਚ ਕਿੱਥੇ ਕੋਈ ਕੁੜੀਆਂ ਨੂੰ ਗਾਉਣ ਜਾਂ ਵਜਾਉਣ ਵਾਸਤੇ ਬਾਹਰ ਭੇਜਦਾ ਸੀ? ਮੈਨੂੰ ਯਾਦ ਹੈ 1972 ਵਿਚ ਜਲੰਧਰ ਰੇਡਿਓ ਤੋਂ ਯੂ ਮੰਚ ਪ੍ਰੋਗਰਾਮ ਦੇ ਪ੍ਰਜੈਂਟਰ ਐਸ ਐਸ ਮੀਸ਼ੀ ਸ਼ਰਮਾਂ ਜੀ ਆਪਣੇ ਪ੍ਰੋਗਰਾਮ ਨੂੰ ਪੇਸ਼ ਕਰਨ ਲਈ ਕਪੂਰਥਲਾ ਤੋ ਜਲੰਧਰ ਜਾਣ ਲਈ ਬੱਸ ਤੇ ਬੈਠੇ ਸਨ ਤੇ ਮੈਂ ਵੀ ਉਸੇ ਬੱਸ ਵਿਚ ਜਲੰਧਰ ਜਾ ਰਹੀ ਸੀ ਸਾਨੂੰ ਇਕੋ ਹੀ ਸੀਟ ਮਿਲੀ। ਗੱਲਾਂ ਵਿਚ ਹੀ ਮੇਰੀ ਅਵਾਜ਼ ਸੁਣ ਕਹਿੰਦੇ ਤੁਸੀਂ ਆਪਣੇ ਘਰ੍ਹੋਂ ਕਿਸੇ ਨੂੰ ਨਾਲ ਲੈ ਕੇ ਸਾਡੇ ਕੋਲ ਇਕ ਵਜੇ ਵੀਰਵਾਰ ਜਲੰਧਰ ਪਹੁੰਚ ਜਾਵੋ ਅਸੀ ਤੁਹਾਡੀ ਅਵਾਜ਼ ਟੈਸਟ ਕਰਾਂਗੇ ਤੁਸੀ ਬਹੁਤ ਚੰਗਾ ਗਾ ਸਕਦੇ ਹੋ ਘਰਦਿਆਂ ਨੂੰ ਪੁੱਛਿਆ ਤਾਂ ਆਖਣ ਲੱਗੇ ਕਿ ਚੁੱਪ ਕਰ । ਇਹ ਕੰਮ ਕੋਈ ਚੰਗੇ ਘਰਾਂ ਦੀਆਂ ਧੀਆਂ ਦੇ ਨਹੀਂ ਹੁੰਦੇਬਸ ਰੱਬ ਦਾ ਇਹ ਸਭ ਰੱਬ ਦੀ ਮਿਹਰ ਦਾ ਹੀ ਸਿੱਟਾ ਹੈ ਮੈਨੂੰ ਵਾਜਾ ਤਬਲਾ ਸਿੱਖਣ ਦਾ ਸ਼ੌਂਕ ਜ਼ਰੂਰ ਰਿਹਾ ਹੈ, ਪਰ ਮੈਨੂੰ ਇਸਦੀ ਜਾਚ ਨਹੀਂ

------

ਮਨਚੰਦਾ :-ਹੁਣ ਤੱਕ ਤੁਸੀਂ ਕਿੰਨੇ ਗੀਤ, ਕਹਾਣੀਆਂ, ਗ਼ਜ਼ਲਾਂ, ਲੇਖ, ਕਵਿਤਾਵਾਂ ਲਿਖ ਚੁੱਕੇ ਹੋ ?

ਚੰਨ :-((ਆਪਣੀ ਅਲਮਾਰੀ ਖੋਲ੍ਹ ਵਿਖਾਉਂਦੇ ਹੋਏ) ਇਹ ਸਭ ਗੀਤ, ਕਵਿਤਾਵਾਂ ਦੇ ਭੰਡਾਰ ਹਨ ਕਿੰਨੀਆਂ ਕੁ ਕਹਾਣੀਆਂ ਤੇ ਗੀਤ ਹਨ ਕਦੇ ਗਿਣੇ ਨਹੀਂ। ਪਰ ਵੈੱਬ ਸਾਈਟਾਂ ਅਤੇ ਅਖ਼ਬਾਰ ਵਿਚ ਤੁਸੀ ਨਵੇਂ ਨਵੇਂ ਹੀ ਗੀਤ ਕਹਾਣੀਆਂ ਕਵਿਤਾਵਾਂ ਪੜ੍ਹਦੇ ਹੋ

-----

ਮਨਚੰਦਾ :- ਹੁਣ ਤੱਕ ਕਿਹੜੇ ਕਿਹੜੇ ਅਖ਼ਬਾਰਾਂ ਵਿਚ ਛਪ ਚੁੱਕੇ ਹੋ ?

ਚੰਨ:-ਜੰਮੂ ਦੀਆਂ ਸਾਰੀਆਂ ਅਖ਼ਬਾਰਾਂ ਵਿਚ ਛਪਦੇ ਸਨ ਨਿਮਾਂ ਮੋਹਰਾਂ ਡੋਗਰੀ ਅਖ਼ਬਾਰ, ਦੈਨਿਕ ਜਾਗਰਨ, ਜੰਮੂ ਕਸ਼ਮੀਰ, ਹੋਰ ਵੀ ਬਹੁਤ ਅਖ਼ਬਾਰਾਂ ਵਿਚ ਆਉਂਦੇ ਸਨਜੰਮੂ ਕਸ਼ਮੀਰ ਰੇਡਿਓ,ਟੀ ਵੀ ਤੇ ਗਾਏ ਹਨ। ਸਰੋਤੇ-ਦਰਸ਼ਕ ਬਹੁਤ ਖ਼ੁਸ਼ ਹੁੰਦੇ ਸਨ ਵਾਰ-ਵਾਰ ਸੁਣਨ ਵਾਸਤੇ ਕਹਿੰਦੇ ਵੀ ਸਨ ਹੁਣ 1998 ਤੋਂ ਬਾਹਰ ਦੀਆਂ ਅਖ਼ਬਾਰਾਂ ਸਭ ਤੋ ਪਹਿਲੇ ਜਰਮਨੀ ਤੋਂ ਸਮੇਂ ਦੀ ਆਵਾਜ਼ ਮੈਗਜ਼ੀਨ ਵਿਚ ਛਪਣੇ ਸ਼ੁਰੂ ਹੋਏ ਸਨ। ਬਾਅਦ ਵਿਚ ਇੰਟਰਨੈੱਟ ਅਖ਼ਬਾਰ ਮੀਡੀਆ ਪੰਜਾਬ ਤੇ ਧੜਾਧੜ ਗੀਤ ,ਕਵਿਤਾਵਾਂ, ਗ਼ਜਲਾਂ, ਲੇਖ ਤੇ ਕਹਾਣੀਆਂ ਛਪੀਆਂ ਹਨ ਪੰਜਾਬ ਟਾਈਮ ਇੰਗਲੈਂਡ, ਦੇਸ਼ ਪ੍ਰਦੇਸ਼ ਇਗਲੈਂਡ, ਮਾਲਵਾ ਅਖ਼ਬਾਰ ਇੰਡੀਆ, ਆਰਸੀ ਕੈਨੇਡਾ, ਪੰਜਾਬੀ ਰਾਈਟਰ ਅਮਰੀਕਾ, ਪੰਜਾਬ ਐਕਸਪ੍ਰੈਸ ਨਿਊਯਾਰਕ ਅਮਰੀਕਾ, ਸਪੈਕਟ੍ਰਮ ਸਪੇਨ ਆਦਿ ਹੋਰ ਵੀ ਅਖ਼ਬਾਰਾਂ ਜਿਨ੍ਹਾਂ ਨੇ ਮੇਲਾਂ ਤੇ ਸੰਪਰਕ ਕੀਤਾ ਤੇ ਲਿਖਤਾਂ ਭੇਜਣ ਲਈ ਕਿਹਾ । ਮੈਂ ਉਹਨਾਂ ਸਭ ਨੂੰ ਭੇਜੀਆਂ ਵੀ ਹਨ

------

ਮਨਚੰਦਾ:- ਤੁਹਾਡੀ ਕੋਈ ਕਿਤਾਬ ਵੀ ਛਪ ਚੁੱਕੀ ਹੈ ?

ਚੰਨ:-ਜੀ ਬਿਰਹਾ ਦੇ ਸੱਲਗੀਤ ਸੰਗ੍ਰਹਿ ਛਪ ਚੁੱਕਿਆ ਹੈ 2003 ਵਿਚ । ਦੂਜਾ ਗੀਤ-ਸੰਗ੍ਰਹਿ ਕਿਵੇਂ ਸਹਾਂ ਸੱਲ ਵੇ ਵੀ ਪਿਛਲੇ ਸਾਲ ਦਸੰਬਰ ਚ ਰਿਲੀਜ਼ ਹੋ ਚੁੱਕਿਆ ਹੈਅਤੇ ਇਸ ਤੋਂ ਬਾਅਦ ਕਹਾਣੀਆਂ ਤੇ ਲੇਖਾਂ ਦੀਆਂ ਦੋ ਕਿਤਾਬਾਂ ਛਪਣਗੀਆਂ ਚੌਥੀ ਉਹ ਜੋ ਮੇਰੇ ਉਪਰ ਲੇਖ ਲਿਖੇ ਗਏ ਹਨ ਉਹਨਾਂ ਨੂੰ ਸਦਾ ਜਿਉਂਦਾ ਰੱਖਣ ਲਈ ਲੇਖਾਂ ਨੂੰ ਕਿਤਾਬ ਦਾ ਰੂਪ ਦੇ ਸਭ ਦੇ ਹੱਥਾਂ ਤੱਕ ਪਹੁੰਚਦਾ ਕਰਾਂਗੀ ,ਕਿਉਂਕਿ ਮੈਂ ਸਭ ਕਦਰਦਾਨਾਂ ਦੀ ਤਹਿ ਦਿਲੋਂ ਧੰਨਵਾਦੀ ਹਾਂ ਹੋਰ ਵੀ ਬਹੁਤ ਗੀਤ ਹਨ ਕਵਿਤਾਵਾਂ, ਗ਼ਜ਼ਲਾਂ ਹਨ ਜਿਨ੍ਹਾਂ ਨੂੰ ਕਿਤਾਬੀ ਰੂਪ ਦੇ ਕੇ ਜਲਦ ਸੰਭਾਲਣਾ ਚਾਹੁੰਦੀ ਹਾਂ

------

ਮਨਚੰਦਾ :-ਤਹਾਡੇ ਮੰਨ ਪਸੰਦ ਪੰਜਾਬੀ ਸ਼ਾਇਰ, ਕਿਨ੍ਹਾਂ ਦੀ ਆਵਾਜ਼ ਪਿਆਰੀ ਲੱਗਦੀ ਹੈ ?

ਚੰਨ :-ਬਈ ਮੇਰੇ ਤੋਂ ਤਾਂ ਸਾਰਿਆਂ ਦੀ ਹੀ ਆਵਾਜ਼ ਸੋਹਣੀ ਹੈ, ਕੁਦਰਤ ਦੀ ਦੇਣ ਹੈ ਡਾ: ਸੁਰਜੀਤ ਪਾਤਰ ਜੀ ਦੀ ਲੇਖਣੀ, ਸਾਦਗੀ ਤੇ ਗੁਰਦਾਸ ਮਾਨ ਜੀ ਦੀ ਆਵਾਜ਼, ਮੇਰੇ ਮਨ ਨੂੰ ਭਾਉਂਦੀ ਹੈ। ਗੀਤ ਗਾਉਣ ਤੇ ਲਿਖਣ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਮਾਣ, ਤੇ ਵਿਰਸੇ ਨਾਲ ਜੋੜਣ ਵਿਚ ਇਹ ਦੋਵੇਂ ਹੀ ਸ਼ਖ਼ਸੀਅਤਾਂ ਬੜਾ ਵੱਡਾ ਯੋਗਦਾਨ ਪਾ ਰਹੀਆਂ ਹਨ।

------

ਮਨਚੰਦਾ :-ਤੁਹਾਡੇ ਪਰਿਵਾਰ ਵਿੱਚੋਂ ਕੌਣ-ਕੌਣ ਤੁਹਾਡੀ ਸ਼ਾਇਰੀ ਨੂੰ ਮਾਣ ਸਤਿਕਾਰ ਦਿੰਦੇ ਹਨ?

ਚੰਨ :- (ਜ਼ਰਾ ਹੌਕਾ ਜਿਹਾ ਲੈ ਕੇ ਤੇ ਗਾਉਂਦੇ ਹੋਏ) ਦੋ ਲਾਈਨਾਂ ਬੜੇ ਦੁੱਖ ਅਸਾਂ ਝੱਲੇ, ਸੱਜਣ ਹੋਏ ਜਦੋਂ ਕੱਲੇ, ਦੁੱਖ ਲੈ ਗਏ ਸੀ ਨਾਲ, ਰੋਣੇ ਆਏ ਸਾਡੇ ਪੱਲੇ ਬੱਚੇ ਛੋਟੇ ਛੋਟੇ ਗੀਤ ਸੁਣਨ ਵਾਸਤੇ ਵੀ ਪੈਸੇ ਮੰਗਦੇ ਸੀ। ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਮੰਮੀ ਗੀਤ ਲਿਖ ਰਹੀ ਹੈ ਤੇ ਸੁਣਾਉਣਾ ਵੀ ਸਾਨੂੰ ਹੈ ਉਹ ਪਹਿਲਾਂ ਤਿੰਨੇ ਭੈਣ ਭਰਾ ਸਲਾਹ ਕਰ ਲੈਂਦੇ ਸੀ ਕਿ ਰਲ਼ ਕੇ ਪੈਸੇ ਠੱਗਾਂਗੇਹੁਣ ਤਾਂ ਉਹ ਵੱਡੇ ਹੋ ਗਏ ਹਨ ਬੜਾ ਪਿਆਰ ਤੇ ਸਤਿਕਾਰ ਮੇਰੀਆਂ ਲਿੱਖਤਾਂ ਨੂੰ ਦਿੰਦੇ ਹਨ। ਹਰ ਗੀਤ ਦੀ ਪੀੜ ਉਹਨਾਂ ਨੂੰ ਹੁਣ ਸਮਝ ਆ ਗਈ ਹੈ (ਰਿਦਮਜੀਤ ਤੇ ਡੀਵਾਈਨਜੀਤ ਛੋਟੇ ਛੋਟੇ ਪੋਤਰੇ ਅਪਣੇ ਨਾਲ ਲਗਾਉਂਦੇ ਹੋਏ) ਇਹ ਵੇਖੋ ਕਿਵੇਂ ਮੈਨੂੰ ਸੁਣ ਤੇ ਵੇਖ ਰਹੇ ਹਨ ਬੜੇ ਦੀਵਾਨੇ ਹਨ ਮੇਰੀ ਆਵਾਜ਼ ਦੇ, ਤੇ ਸਭ ਤੋਂ ਪਹਿਲਾਂ ਰੱਬ ਤੇ ਰੱਬ ਦਾ ਹੀ ਰੂਪ ਮੇਰਾ ਪਤੀ ਸ: ਰਣਜੀਤ ਸਿੰਘ ਜੀ ਚੰਨ ਬਹੁਤ ਪਿਆਰ ਤੇ ਮਾਣ ਸਤਿਕਾਰ ਮੇਰੀਆਂ ਲਿਖਤਾਂ ਤੇ ਮੈਨੂੰ ਸਹਾਰਾ ਦਿੰਦੇ ਅਤੇ ਹਰ ਜਗ੍ਹਾ ਤੇ ਬਹੁਤ ਹੌਸਲਾ ਅਫ਼ਜ਼ਾਈ ਕਰਦੇ ਹਨਚੰਨ ਸਾਹਿਬ ਖ਼ੁਦ ਬਹੁਤ ਵੱਡੇ ਦੀਵਾਨੇ ਹਨ, ਮੇਰੇ ਗੀਤਾਂ, ਮੇਰੀ ਆਵਾਜ਼ ਤੇ ਲਿਖਤਾਂ ਦੇ ਮੇਰੇ ਪੇਕੇ ਸਹੁਰੇ ਪਰਿਵਾਰ ਜਦੋ ਪਤਾ ਲੱਗ ਜਾਂਦਾ ਕਿ ਕੁਲਵੰਤ ਇੰਡੀਆ ਆ ਰਹੀ ਹੈ ਪਹਿਲਾਂ ਹੀ ਰੇਡਿਓ, ਟੀ ਵੀਅਤੇ ਕਈ ਹੋਰ ਪ੍ਰੋਗਰਾਮ ਬਣਾ ਲੈਂਦੇ ਹਨ। ਕਵੀ ਦਰਬਾਰਾਂ ਵਿਚ ਮੈਨੂੰ ਬੜਾ ਸਕੂਨ ਤੇ ਤਸੱਲੀ ਮਿਲਦੀ ਹੈ ਕਿ ਪੰਜਾਬੀ ਬੋਲੀ ਦੇ ਦੀਵਾਨੇ ਵਕ਼ਤ ਕੱਢ ਮੈਨੂੰ ਮਾਣ ਤੇ ਪਿਆਰ ਦਿੰਦੇ ਹਨ

-----

ਮਨਚੰਦਾ :-ਤੁਹਾਡੀ ਪੰਜਾਬ ਰੇਡਿਓ ਇੰਗਲੈਂਡ ਕਿਵੇਂ ਆਵਾਜ਼ ਪਹੁੰਚੀ ,ਸਭ ਸਮਝਦੇ ਨੇ ਕਿ ਨਰਿੰਦਰ ਬੀਬਾ ਆ ਗਏ ਹਨ ?

ਚੰਨ :-ਨਾ ਭਰਾਵਾ ਨਾ! ਕਿੱਥੇ ਉਹ ਮਹਾਨ ਸ਼ਖ਼ਸੀਅਤ ਤੇ ਕਿੱਥੇ ਕੁਲਵੰਤ - ਇਕ ਤੁੱਛ ਜਿਹਾ ਜੀਵ ਹਾਂ ਮੀਡੀਆ ਪੰਜਾਬ ਅਖ਼ਬਾਰ ਤਿੰਨ ਸਾਲ ਪੂਰੇ ਕਰਨ ਦੀ ਖ਼ੁਸ਼ੀ ਵਿਚ ਬਲਦੇਵ ਸਿੰਘ ਬਾਜਵਾ ਜੀ ਤੇ ਭੈਣ ਗੁਰਦੀਸ਼ਪਾਲ ਕੋਰ ਬਾਜਵਾ ਹੋਰਾਂ ਵੱਲੋਂ ਜਰਮਨੀ ਵਿਖੇ ਕਵੀ ਦਰਬਾਰ ਕਰਾਇਆ ਗਿਆ ਤਾਂ ਉਥੇ ਸ: ਮੋਤਾ ਸਿੰਘ ਜੀ ਇੰਗਲੈਂਡ ਸ: ਨਿਰਮਲ ਸਿੰਘ ਕੰਧਾਲਵੀ ਜੀ ਇੰਗਲੈਂਡ ਅਤੇ ਵੀਰ ਸ਼ਮਸ਼ੇਰ ਸਿੰਘ ਰਾਏ ਜੀ ਜੋ ਇਗਲੈਂਡ ਤੋ ਪੰਜਾਬ ਰੇਡਿਓ ਦੇ ਬੜੇ ਤਕੜੇ ਹੋਸਟ ਅਤੇ ਇਕ ਬੜੇ ਸੁਲਝੇ ਅਤੇ ਨੇਕ ਇਨਸਾਨ ਹਨ, ਉਥੇ ਪਹੁੰਚੇ ਹੋਏ ਸਨ, ਬਸ ਉੱਥੇ ਹੀ ਆਪਣੀ ਮੁਲਾਕਾਤ ਹੋਈ। ਮੈਂ ਜਿਹੜੇ ਵੀ ਗੀਤ ਗਾਏ ਜੋ ਉਹਨਾਂ ਨੂੰ ਚੰਗੇ ਲੱਗੇ ਤੇ ਉਹ ਕਹਿੰਦੇ ਭੈਣ ਜੀ! ਪੰਜਾਬ ਰੇਡਿਓ ਤੇ ਜ਼ਰੂਰ ਆਵੋ। ਮੈਂ ਉਹਨਾਂ ਦਾ ਕਹਿਣਾ ਸਿਰ-ਮੱਥੇ ਮੰਨਦੀ ਹੋਈ ਨੇ ਪੰਜਾਬ ਰੇਡਿਓ ਲੰਡਨ ਤੋਂ ਗੀਤ ਗਾਇਆ, ਜੋ ਸਭ ਨੂੰ ਚੰਗਾ ਲੱਗਾ ਕੋਈ ਸੁਰਿੰਦਰ ਤੇ ਕੋਈ ਨਰਿੰਦਰ ਕਹਿਣ ਲੱਗਾ, ਪਰ ਮੈਂ ਆਖਿਆ ਕਿ ਕੁਲਵੰਤ ਹੀ ਹਾਂ ਸਿਰਫ਼ ਕੁਲਵੰਤ ਅੱਗੋਂ ਰਾਏ ਸਾਹਿਬ ਆਖਣ ਲੱਗੇ ਕਿ ਨਹੀਂ ਜੀ, ਤੁਹਾਡੀ ਅਵਾਜ਼ ਬਹੁਤ ਹੀ ਪਿਆਰੀ ਤੇ ਪੁਰਾਣੇ ਸਿੰਗਰਾਂ ਵਰਗੀ ਹੈ ਜੋ ਕੰਨਾਂ ਨੂੰ ਚੀਕ ਚਿਹਾੜਾ ਨਹੀ ਸਗੋਂ ਠੰਢਕ ਤੇ ਖ਼ੁਸ਼ੀ ਪ੍ਰਦਾਨ ਕਰਦੀ ਹੈ ਮੈਂ ਖ਼ੁਦ ਤੁਹਾਡੇ ਗੀਤਾਂ ਤੇ ਤੁਹਾਡੀ ਅਵਾਜ਼ ਦਾ ਬਹੁਤ ਫੈਨ ਹਾਂ। ਮੈਂ ਕੋਈ ਸਿੰਗਰ ਤਾਂ ਨਹੀ ਹਾਂ ,ਬਸ ਆਪਣੀਆਂ ਲਿਖਤਾਂ ਨੂੰ ਗੁਣਗੁਣਾ ਲਈਦਾ ਹੈ।

-----

ਮਨਚੰਦਾ :- ਮੈਡਮ ਚੰਨ ਜੀ, ਆਪਣੇ ਪਾਠਕਾਂ ਤੇ ਪ੍ਰਸ਼ੰਸ਼ਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਂਗੇ?

ਚੰਨ:- ਮੇਰੇ ਸਾਰੇ ਪਾਠਕਾਂ, ਪ੍ਰਸ਼ੰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਦਾਤਾਂ ਲੰਬੀਆਂ ਉਮਰਾਂ ਤੇ ਖ਼ੁਸ਼ੀਆਂ-ਖੇੜੇ ਬਖ਼ਸ਼ੇ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਪਿਆਰ ਕਰਦੇ ਰਹੋ। ਪੰਜਾਬੀ ਲਿਖੋ, ਪੜ੍ਹੋ, ਬੋਲੋ ਅਤੇ ਅਪਣੇ ਵਿਰਸੇ ਨੂੰ ਕਦੇ ਨਾ ਵਿਸਾਰੋ। ਆਪਣੇ ਪਿਛੋਕੜ ਨੂੰ ਹਮੇਸ਼ਾ ਯਾਦ ਰੱਖਣਾ ਹੈ, ਚੰਗੇ ਗੀਤ ਲਿਖੋ, ਸੁਣੋ ਉਹ ਗੀਤ ਲਿਖੋ ਜਿਸ ਦਾ ਆਨੰਦ ਤਾਂ ਮਾਣੀਏ ਨਾਲ਼-ਨਾਲ਼ ਵਿਰਸੇ ਨਾਲ ਵੀ ਜੁੜੀਏ। ਉਸ ਗੀਤ ਦਾ ਕੋਈ ਅਰਥ-ਮਤਲਬ ਵੀ ਨਿਕਲਦਾ ਹੋਵੇ। ਜਿਸ ਗੀਤ ਦਾ ਨਾ ਸਿਰ-ਪੈਰ ਤੇ ਨਾ ਕੋਈ ਵਜੂਦ ਹੀ ਹੋਵੇ ਉਹਨਾਂ ਨੂੰ ਲਿਖਣ-ਸੁਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਾਨੂੰ ਪੰਜਾਬੀ ਬੋਲੀ ਦਾ ਮਾਣ ਵਧਾਉਣ ਲਈ ਹਰ ਸੇਵਾ ਕਰਨ ਵਾਲੇ ਦਾ ਸਤਿਕਾਰ ਕਰਨਾ ਚਾਹੀਦਾ ਹੈ, ਉਸ ਦਾ ਸਾਥ ਜ਼ਰੂਰ ਦੇਵੋ ਭਾਵੇਂ ਉਹ ਕਿਸੇ ਤਰੀਕੇ ਵੀ ਸੇਵਾ ਕਰ ਰਿਹਾ ਹੈਮਨਚੰਦਾ ਜੀ! ਤੁਸੀ ਖ਼ੁਦ ਇਕ ਬਹੁਤ ਚੰਗੇ ਇਨਸਾਨ ਹੋ, ਬਹੁਤ ਅੱਛੇ ਲੇਖਕ ਅਤੇ ਕਾਰਟੂਨਿਸਟ ਹੋ, ਜੋ ਹਰ ਅਖ਼ਬਾਰ ਦੀ ਸ਼ਾਨ ਬਣੇ ਹੋਏ ਹਨ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਰੱਬ ਤੁਹਾਨੂੰ ਵੀ ਤੰਦਰੁਸਤੀ, ਤਰੱਕੀਆਂ ਅਤੇ ਖ਼ੁਸ਼ੀਆਂ ਦੇਵੇ।

*********