********
ਮੁਲਾਕਾਤੀ: - ਸੁਖਿੰਦਰ
ਸੁਖਿੰਦਰ: - ਹਰਭਜਨ ਪਵਾਰ, ਤੁਸੀਂ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਦੇ ਤੌਰ ਉੱਤੇ ਚਰਚਾ ਵਿੱਚ ਰਹੇ ਹੋ। ਕੀ ਤੁਸੀਂ ਦੱਸਣਾ ਚਾਹੋਗੇ ਕਿ ਤੁਸੀਂ ਲਿਖਣ ਦੇ ਖੇਤਰ ਵਿੱਚ ਕਦੋਂ ਕੁ ਪ੍ਰਵੇਸ਼ ਕੀਤਾ?
ਹਰਭਜਨ: - ਸੁਖਿੰਦਰ ਜੀ, ਜਿੱਥੋਂ ਤੱਕ ਤਾਂ ਮੇਰੇ ਲਿਖਣ ਦੀ ਸ਼ੁਰੁਆਤ ਦੀ ਗੱਲ ਹੈ ਉਹ ਤਾਂ ਜਦੋਂ ਮੈਂ ਇੰਡੀਆ ਵਿੱਚ ਅਜੇ ਕਾਲਿਜ ਵਿੱਚ ਹੀ ਪੜ੍ਹਦਾ ਸੀ ਉਦੋਂ ਹੀ ਹੋ ਗਈ ਸੀ। ਇਹ ਸਮਾਂ ਤੁਸੀਂ 1968-69 ਦੇ ਆਸ ਪਾਸ ਹੀ ਸਮਝ ਸਕਦੇ ਹੋ। ਉਦੋਂ ਮੇਰੇ ਮਨ ਵਿੱਚ ਅਜੇ ਇਹੋ ਜਿਹੀ ਕੋਈ ਗੱਲ ਨਹੀਂ ਸੀ ਕਿ ਮੈਂ ਕੋਈ ਬਹੁਤ ਵੱਡਾ ਜਾਂ ਵਧੀਆ ਲੇਖਕ ਬਣਨਾ ਹੈ...ਭਾਵੇਂ ਕਿ ਇਸ ਗੱਲ ਦਾ ਫੈਸਲਾ ਤਾਂ ਪਾਠਕਾਂ ਨੇ ਹੀ ਕਰਨਾ ਹੁੰਦਾ ਹੈ ਕਿ ਕੋਈ ਲੇਖਕ ਕਿੰਨਾ ਕੁ ਵੱਡਾ ਹੈ ਜਾਂ ਵਧੀਆ ਲਿਖ ਰਿਹਾ ਹੈ.... ਫਿਰ ਹੋਰਨਾਂ ਵਾਂਗ ਹੀ ਵਿਦੇਸ਼ ਜਾਣ ਦੇ ਸੁਪਣੇ ਲੈਂਦਾ ਲੈਂਦਾ ਇੱਕ ਦਿਨ ਮੈਂ ਵੀ ਜਰਮਨ ਚਲਾ ਗਿਆ। ਉੱਥੇ ਵੀ ਮੈਂ ਆਪਣਾ ਲਿਖਣ ਦਾ ਸ਼ੌਕ ਜਾਰੀ ਰੱਖਿਆ। ਕੁਝ ਦੇਰ ਜਰਮਨ ਰਹਿਕੇ ਮੈਂ ਕੈਨੇਡਾ ਆ ਗਿਆ। ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਇੱਥੇ ਕੁਝ ਪੰਜਾਬੀ ਸਾਹਿਤ ਸਭਾਵਾਂ ਹਨ ਜਿਨ੍ਹਾਂ ਦੀਆਂ ਮੀਟਿੰਗਾਂ ਵਿੱਚ ਲੇਖਕ ਇੱਕ ਦੂਜੇ ਨਾਲ ਆਪਣੀਆਂ ਲਿਖਤਾਂ ਸਾਂਝੀਆਂ ਕਰਦੇ ਹਨ.. ਇੱਥੇ ਟੋਰਾਂਟੋ ਤੋਂ ਇੱਕ ਅਖ਼ਬਾਰ ਛਪਦਾ ਸੀ ‘ਪ੍ਰਦੇਸੀ ਪੰਜਾਬ’। ਜਿਸਦਾ ਸੰਪਾਦਕ ਗੁਰਦੀਪ ਚੌਹਾਨ ਹੁੰਦਾ ਸੀ। ਉਸ ਅਖਬਾਰ ਵੱਲੋਂ ਇੱਕ ਸਾਹਿਤ ਸਭਾ ਵੀ ਚਲਾਈ ਜਾ ਰਹੀ ਸੀ - ‘ਪ੍ਰਦੇਸੀ ਪੰਜਾਬ ਸਾਹਿਤ ਸਭਾ’। ਉਸ ਸਾਹਿਤ ਸਭਾ ਦੀਆਂ ਮੀਟਿੰਗਾਂ ਵਿੱਚ ਮੈਂ ਜਾਣਾ ਸ਼ੁਰੂ ਕਰ ਦਿੱਤਾ। ਸਾਹਿਤ ਸਭਾ ਦੀਆਂ ਮੀਟਿੰਗਾਂ ਵਿੱਚ ਮੈਂ ਵੀ ਕਹਾਣੀਆਂ ਪੜ੍ਹਦਾ ਹੁੰਦਾ ਸੀ। ਇਸ ਤਰ੍ਹਾਂ ਬਸ ਸਮਝੋ ਮੈਂ ਲਿਖਣ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ।
------
ਸੁਖਿੰਦਰ: - ਕੀ ਲੇਖਕ ਬਣਨ ਲਈ ਤੁਹਾਨੂੰ ਕਿਸੀ ਖ਼ਾਸ ਗੱਲ ਜਾਂ ਘਟਨਾ ਨੇ ਪ੍ਰੇਰਤ ਕੀਤਾ ਜਾਂ ਕਿ ਇਹ ਸਭ ਕੁਝ ਸਹਿਜ ਸੁਭਾਅ ਹੀ ਵਾਪਰ ਗਿਆ?
ਹਰਭਜਨ: - ਦੇਖੋ, ਕਾਲਿਜ ਵਿੱਚ ਪੜ੍ਹਨ ਦੇ ਦਿਨਾਂ ਤੋਂ ਹੀ ਇਹ ਮੇਰੇ ਮਨ ਵਿੱਚ ਸੀ ਕਿ ਮੈਂ ਇੱਕ ਲੇਖਕ ਬਣਾਂ। ਇਸ ਤਰ੍ਹਾਂ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਪਰ ਮੈਂ ਸਮਝਦਾ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਵਾਪਰੀਆਂ ਤਿੰਨ ਗੱਲਾਂ ਨੇ ਮੇਰੇ ਲਿਖਣ ਦੇ ਸ਼ੌਕ ਨੂੰ ਜ਼ਰੂਰ ਵਧਾਇਆ...ਪਹਿਲੀ ਗੱਲ ਤਾਂ ਇਹ ਹੈ ਕਿ ਇੰਡੀਆ ਵਿੱਚ ਰਹਿੰਦਿਆਂ ਆਪਣੀ ਕਾਲਿਜ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਹਦ ਮੈਂ ਚੰਡੀਗੜ੍ਹ ਪੁਲਿਸ ਵਿੱਚ ਅਸਿਸਟੈਂਟ ਸਬ ਇਨਸਪੈਕਟਰ ਦੇ ਤੌਰ ਉੱਤੇ ਭਾਰਤੀ ਹੋ ਗਿਆ। ਮੈਂ ਉਦੋਂ ਵੀ ਕਹਾਣੀਆਂ ਲਿਖਦਾ ਹੁੰਦਾ ਸੀ। ਮੈਂ ਇੱਕ ਕਹਾਣੀ ਲਿਖੀ। ਸਾਡਾ ਜਿਹੜਾ ਪੁਲਿਸ ਇਨਚਾਰਜ ਹੁੰਦਾ ਸੀ ਉਸਨੇ ਮੇਰੀ ਕਹਾਣੀ ਪੜ੍ਹੀ ਤਾਂ ਉਹ ਕਹਿਣ ਲੱਗਾ ਕਿ ਹਰਭਜਨ ਸਿੰਘ ਤੂੰ ਇੱਕ ਦਿਨ ਬਹੁਤ ਵਧੀਆ ਲੇਖਕ ਬਣੇਂਗਾ....ਦੂਜੀ ਗੱਲ ਹੈ ਉਨ੍ਹਾਂ ਹੀ ਦਿਨਾਂ ਵਿੱਚ ਜਦੋਂ ਅਜੇ ਮੈਂ ਪੁਲਿਸ ਵਿਭਾਗ ਵਿੱਚ ਹੀ ਚੰਡੀਗੜ੍ਹ ਕੰਮ ਕਰ ਰਿਹਾ ਸਾਂ ਤਾਂ ਇੱਕ ਦਿਨ ਮੇਰੇ ਮਾਮੇ ਦੀ ਕੁੜੀ ਸਤਿਨਾਮ ਕੌਰ ਨਾਲ ਉਸ ਦੀ ਇੱਕ ਸਹੇਲੀ ਮੈਨੂੰ ਮਿਲਣ ਆਈ। ਉਹ ਇੱਕ ਰਾਤ ਸਾਡੇ ਕੋਲ ਠਹਿਰੇ। ਉਨ੍ਹਾਂ ਨੂੰ ਮੈਂ ਚੰਡੀਗੜ੍ਹ ਘੁੰਮਣ-ਫਿਰਨ ਵੀ ਲੈ ਕੇ ਗਿਆ। ਉਸ ਕੁੜੀ ਦਾ ਨਾਮ ਸੀ ਚਿਤਰਲੇਖਾ। ਫਿਰ ਉਸ ਕੁੜੀ ਦਾ ਵਿਆਹ ਹੋ ਗਿਆ। ਵਿਆਹ ਉੱਤੇ ਵੀ ਚਿਤਰਲੇਖਾ ਨੇ ਮੈਨੂੰ ਬੁਲਾਇਆ। ਉੱਥੇ ਮੇਰੇ ਜਾਣ ਉੱਤੇ ਮੈਨੂੰ ਬੜਾ ਇੱਜ਼ਤ-ਮਾਨ ਦਿੱਤਾ ਗਿਆ। ਉਹ ਮੈਨੂੰ ਆਪਣਾ ਭਰਾ ਸਮਝਦੀ ਸੀ। ਫਿਰ ਚਿਤਰਲੇਖਾ ਆਪਣੇ ਪਤੀ ਨਾਲ ਨੈਰੋਬੀ ਚਲੀ ਗਈ.....ਇਸ ਸਮੇਂ ਦੌਰਾਨ ਹੀ ਮੈਂ ਵੀ ਜਰਮਨ ਚਲਾ ਗਿਆ। ਚਿਤਰਲੇਖਾ ਮੈਨੂੰ ਜਰਮਨ ਵੀ ਚਿੱਠੀਆਂ ਲਿਖਦੀ ਰਹੀ। ਉਸ ਨੇ ਮੈਨੂੰ ਬੜੀਆਂ ਚਿੱਠੀਆਂ ਲਿਖੀਆਂ। ਮੈਂ ਵੀ ਉਸਦੀਆਂ ਚਿੱਠੀਆਂ ਦੇ ਜਵਾਬ ਦਿੰਦਾ ਰਿਹਾ। ਮੈਂ ਉਸ ਕੁੜੀ ਚਿਤਰਲੇਖਾ ਬਾਰੇ ਵੀ ਇੱਕ ਕਹਾਣੀ ਲਿਖੀ ਸੀ। ਜੋ ਮੇਰੇ ਕਹਾਣੀ ਸੰਗ੍ਰਹਿ ‘ਪਿਆਸਾ ਦਰਿਆ’ ਵਿੱਚ ਸ਼ਾਮਿਲ ਹੈ...ਤੀਸਰੀ ਗੱਲ, ਮਰੀਸਾ ਮਰੋਲਾ ਨਾਮ ਦੀ ਇੱਕ ਇਟਾਲੀਅਨ ਕੁੜੀ ਮੈਨੂੰ ਜਰਮਨ ਵਿੱਚ ਮਿਲੀ। ਉਸ ਕੁੜੀ ਨਾਲ ਵੀ ਮੈਨੂੰ ਮੁਹੱਬਤ ਹੋ ਗਈ। ਉਸ ਨਾਲ ਵੀ ਮੇਰਾ ਕਾਫੀ ਸਮਾਂ ਖ਼ਤਾਂ ਦਾ ਸਿਲਸਿਲਾ ਚਲਦਾ ਰਿਹਾ। ਬਸ ਮੇਰੇ ਇਸ ਚਿੱਠੀਆਂ ਦੇ ਸਿਲਸਿਲੇ ਨਾਲ ਹੀ ਮੇਰੇ ਅੰਦਰ ਇੱਕ ਐਸੀ ਚਿਣਗ ਪੈਦਾ ਹੋ ਗਈ ਕਿ ਮੈਂ ਇੱਕ ਕਹਾਣੀਕਾਰ ਬਣ ਗਿਆ ਅਤੇ ਤੇਜ਼ੀ ਨਾਲ ਕਹਾਣੀਆਂ ਲਿਖਣ ਲੱਗ ਪਿਆ। ਫਿਰ ਮੈਂ ਜਦੋਂ 1984 ਵਿੱਚ ਇੰਡੀਆ ਦਾ ਚੱਕਰ ਲਗਾਉਂਣ ਗਿਆ ਤਾਂ ਮੇਰੀ ਪਹਿਲੀ ਕਹਾਣੀਆਂ ਦੀ ਕਿਤਾਬ ਛਪੀ ‘ਪੱਛਮ ਦਾ ਜਾਲ’। ਇਸ ਪੁਸਤਕ ਤੋਂ ਬਾਹਦ ਮੈਂ ‘ਪਿਆਸਾ ਦਰਿਆ’ (ਕਹਾਣੀ ਸੰਗ੍ਰਹਿ), ‘ਦੁੱਖ ਸਮੁੰਦਰੋਂ ਪਾਰ ਦੇ’ (ਨਾਟਕ), ਅਤੇ ‘ਦੂਰ ਨਹੀਂ ਮੰਜ਼ਿਲ’ (ਨਾਵਲ) ਪ੍ਰਕਾਸ਼ਿਤ ਕੀਤਾ।
------
ਸੁਖਿੰਦਰ: - ਤੁਸੀਂ ਕਵਿਤਾ ਵੀ ਲਿਖਦੇ ਹੋ, ਨਾਵਲ ਵੀ ਪ੍ਰਕਾਸ਼ਿਤ ਕੀਤਾ ਹੈ, ਨਾਟਕ ਵੀ ਪ੍ਰਕਾਸ਼ਿਤ ਕੀਤਾ ਹੈ ਅਤੇ ਕਹਾਣੀਆਂ ਦੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ। ਸਭ ਤੋਂ ਪਹਿਲਾਂ ਤੁਸੀਂ ਕਿਹੜੇ ਖੇਤਰ ਵਿੱਚ ਲਿਖਣਾ ਸ਼ੁਰੂ ਕੀਤਾ?
ਹਰਭਜਨ: - ਸਭ ਤੋਂ ਪਹਿਲਾਂ ਤਾਂ ਮੈਂ ਕਹਾਣੀਆਂ ਹੀ ਲਿਖਣੀਆਂ ਸ਼ੁਰੂ ਕੀਤੀਆਂ ਸਨ।
-----
ਸੁਖਿੰਦਰ: - ਕੀ ਤੁਸੀਂ ਕਿਸੀ ਲੇਖਕ ਤੋਂ ਵੀ ਪ੍ਰਭਾਵਤ ਹੋ?
ਹਰਭਜਨ: - ਮੈਂ ਜ਼ਿਆਦਾ ਕਰਕੇ ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਅਜੀਤ ਕੌਰ, ਕਰਤਾਰ ਸਿੰਘ ਦੁੱਗਲ ਅਤੇ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਨੂੰ ਹੀ ਪੜ੍ਹਿਆ ਹੈ। ਇਸ ਲਈ ਹੋ ਸਕਦੈ ਇਨ੍ਹਾਂ ਦੀਆਂ ਲਿਖਤਾਂ ਦਾ ਮੇਰੀਆਂ ਲਿਖਤਾਂ ਉੱਤੇ ਕੁਝ ਨਾ ਕੁਝ ਪ੍ਰਭਾਵ ਪਿਆ ਹੋਵੇ।
-----
ਸੁਖਿੰਦਰ: - ਹੁਣ ਤੱਕ ਦੱਸੇ ਗਏ ਲੇਖਕਾਂ ਦੇ ਨਾਵਾਂ ਤੋਂ ਬਿਨ੍ਹਾਂ ਤੁਹਾਡੀ ਪਸੰਦ ਦੇ ਹੋਰ ਕਿਹੜੇ ਲੇਖਕ ਹਨ ਜਿਨ੍ਹਾਂ ਦੀਆਂ ਲਿਖਤਾਂ ਤੁਸੀਂ ਪੜ੍ਹਨੀਆਂ ਪਸੰਦ ਕਰਦੇ ਹੋ?
ਹਰਭਜਨ: - ਦੇਖੋ, ਮੈਂ ਕੋਈ ਬਹੁਤ ਜ਼ਿਆਦਾ ਨਹੀਂ ਪੜ੍ਹਦਾ। ਫਿਰ ਵੀ ਮੈਨੂੰ ਰਵਿੰਦਰ ਰਵੀ, ਬਚਿੰਤ ਕੌਰ, ਬਲਬੀਰ ਕੌਰ ਸੰਘੇੜਾ, ਸੁਖਿੰਦਰ, ਗੁਰਦਿਆਲ ਕੰਵਲ, ਮਿੱਤਰ ਰਾਸ਼ਾ, ਇਕਬਾਲ ਰਾਮੂਵਾਲੀਆ, ਬਲਬੀਰ ਮੋਮੀ ਅਤੇ ਤ੍ਰਿਲੋਚਨ ਸਿੰਘ ਗਿੱਲ ਦੀਆਂ ਲਿਖਤਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਹਨ।
-----
ਸੁਖਿੰਦਰ: - ਤੁਹਾਨੂੰ ਕਿਸ ਤਰ੍ਹਾਂ ਦੀਆਂ ਲਿਖਤਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਹਨ?
ਹਰਭਜਨ: - ਜਿਹੜੀਆਂ ਲਿਖਤਾਂ ਯਥਾਰਥਵਾਦੀ ਹੋਣ। ਜਿਨ੍ਹਾਂ ਵਿੱਚ ਜ਼ਿੰਦਗੀ ਦਾ ਕੋਈ ਸੱਚ ਪੇਸ਼ ਕੀਤਾ ਗਿਆ ਹੋਵੇ। ਜਿਹੜੀਆਂ ਲਿਖਤਾਂ ਤੋਂ ਕੋਈ ਸਿੱਖਿਆ ਮਿਲਦੀ ਹੋਵੇ....ਮੈਨੂੰ ਇਹੋ ਜਿਹੀਆਂ ਲਿਖਤਾਂ ਚੰਗੀਆਂ ਨਹੀਂ ਲੱਗਦੀਆਂ ਜੋ ਸੈਕਸ ਬਾਰੇ ਹੀ ਗੱਲਾਂ ਕਰਦੀਆਂ ਹੋਣ। ਜਿਵੇਂ ਕਿ ਕਈ ਵਾਰ ਕੋਈ ਨਾਟਕ, ਨਾਵਲ ਜਾਂ ਕਹਾਣੀ ਸੈਕਸ ਨਾਲ ਸਬੰਧਤ ਘਟਨਾਵਾਂ ਦੇ ਹੀ ਬੇਲੋੜੇ ਵਿਸਥਾਰ ਨਾਲ ਭਰੇ ਹੁੰਦੇ ਹਨ। ਮੈਂ ਤਾਂ ਉਹੀ ਲਿਖਤਾਂ ਪੜ੍ਹਨੀਆਂ ਪਸੰਦ ਕਰਦਾ ਹਾਂ ਜਿਨ੍ਹਾਂ ਨੂੰ ਪੜ੍ਹਕੇ ਕੋਈ ਵਿਅਕਤੀ ਇੱਕ ਵਧੀਆ ਇਨਸਾਨ ਬਣ ਸਕੇ।
-----
ਸੁਖਿੰਦਰ: - ਤੁਸੀਂ ਆਪਣੀਆਂ ਲਿਖਤਾਂ ਵਿੱਚ ਕੀ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ? ਮੇਰਾ ਕਹਿਣ ਤੋਂ ਭਾਵ ਹੈ ਕਿ ਕੋਈ ਵੀ ਲਿਖਤ ਲਿਖਣ ਵੇਲੇ ਕੀ ਤੁਹਾਡਾ ਕੋਈ ਸਪੱਸ਼ਟ ਉਦੇਸ਼ ਹੁੰਦਾ ਹੈ?
ਹਰਭਜਨ: - ਮੇਰਾ ਉਦੇਸ਼ ਇਹੀ ਹੁੰਦਾ ਹੈ ਕਿ ਮੇਰੀ ਕਹਾਣੀ ਪੜ੍ਹਕੇ ਪਾਠਕ ਨੂੰ ਕੋਈ ਸਿੱਖਿਆ ਮਿਲ਼ ਸਕੇ; ਉਹ ਇਸ ਸਿੱਖਿਆ ਅਨੁਸਾਰ ਚੱਲਕੇ ਵਧੀਆ ਮਨੁੱਖ ਬਣ ਸਕੇ। ਦੇਖੋ, ਕੈਨੇਡਾ ਵਿੱਚ ਜਿਹੜੇ ਯਾਰ ਦੋਸਤ ਹੁੰਦੇ ਹਨ ਉਨ੍ਹਾਂ ਵਿੱਚੋਂ ਕੋਈ ਕੋਈ ਹੀ ਵਧੀਆ ਬੰਦਾ ਨਿਕਲਦਾ। ਬਹੁਤੇ ਯਾਰ ਦੋਸਤ ਵੀ ਬਸ ਮਤਲਬੀ ਹੀ ਹੁੰਦੇ ਹਨ ਅਤੇ ਸੋਚਦੇ ਰਹਿੰਦੇ ਹਨ ਕਿ ਤੁਹਾਨੂੰ ਕਿਵੇਂ ਖ਼ਰਾਬ ਸਕਦੇ ਹਨ। ਜਿੰਨਾ ਵੀ ਤੁਹਾਨੂੰ ਲੁੱਟ ਸਕਦੇ ਹਨ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਮੈਂ ਆਪਣੀਆਂ ਕਹਾਣੀਆਂ ਵੀ ਐਸੇ ਲੋਕਾਂ ਬਾਰੇ ਹੀ ਲਿਖਦਾ ਹਾਂ। ਮੇਰੀਆਂ ਕਹਾਣੀਆਂ ਦੇ ਵਿਸ਼ੇ ਵੀ ਮੇਰੇ ਦੋਸਤਾਂ-ਯਾਰਾਂ, ਵਾਕਿਫ਼ਕਾਰਾਂ ਬਾਰੇ ਹੀ ਹੁੰਦੇ ਹਨ। ਮੈਨੂੰ ਉਹ ਲੋਕ ਬਹੁਤ ਭੈੜੇ ਲੱਗਦੇ ਹਨ ਜੋ ਤੁਹਾਨੂੰ ਲੁੱਟਦੇ ਹਨ ਅਤੇ ਜੋ ਤੁਹਾਨੂੰ ਬਰਬਾਦ ਕਰਨ ਉੱਤੇ ਤੁਲੇ ਰਹਿੰਦੇ ਹਨ। ਅਜਿਹੇ ਕੁਰੱਪਟ ਲੋਕਾਂ ਬਾਰੇ ਹੀ ਮੈਂ ਕਹਾਣੀਆਂ ਲਿਖਦਾ ਹਾਂ। ਇੱਥੇ ਸੱਚੇ ਦੋਸਤ ਬਹੁਤ ਹੀ ਘੱਟ ਹਨ, ਦੁਸ਼ਮਣ ਜ਼ਿਆਦਾ ਹਨ। ਈਰਖਾਲੂ ਦੋਸਤ ਜ਼ਿਆਦਾ ਹਨ...ਇਸੇ ਤਰ੍ਹਾਂ ਹੀ ਮੇਰੀਆਂ ਕਹਾਣੀਆਂ ਕੁਝ ਇਸ ਕਿਸਮ ਦੀਆਂ ਮਤਲਬਪ੍ਰਸਤ ਲੇਡੀਜ਼ ਬਾਰੇ ਵੀ ਹਨ। ਬਹੁਤ ਸਾਰੀਆਂ ਲੇਡੀਜ਼ ਦੀ ਵੀ ਦੋਸਤੀ ਇਸ ਗੱਲ ਦੀ ਹੁੰਦੀ ਹੈ ਕਿ ਤੂੰ ਮੇਰੇ ਇਸ ਰਿਸ਼ਤੇਦਾਰ ਨੂੰ ਇੰਡੀਆ ਤੋਂ ਸਪਾਂਸਰ ਕਰਕੇ ਕੈਨੇਡਾ ਬੁਲਾ ਦੇ ਮੈਂ ਤੇਰੇ ਕਿਸੇ ਰਿਸ਼ਤੇਦਾਰ ਨੂੰ ਇੰਡੀਆ ਤੋਂ ਸਪਾਂਸਰ ਕਰਕੇ ਕੈਨੇਡਾ ਮੰਗਾ ਦਿੰਦੀ ਹਾਂ। ਸਭ ਇਮੀਗਰੇਸ਼ਨ ਦੀਆਂ ਠੱਗੀਆਂ ਮਾਰ ਰਹੀਆਂ ਹਨ। ਇਹ ਗੱਲਾਂ ਵੀ ਮੇਰੀਆਂ ਲਿਖਤਾਂ ਦੇ ਵਿਸ਼ੇ ਹੁੰਦੇ ਹਨ।
-----
ਸੁਖਿੰਦਰ: - ਸਾਹਿਤ ਦੇ ਕਿਹੜੇ ਰੂਪ ਵਿੱਚ ਲਿਖਣਾ ਤੁਹਾਨੂੰ ਵਧੇਰੇ ਚੰਗਾ ਲੱਗਦਾ ਹੈ?
ਹਰਭਜਨ: - ਕਹਾਣੀ ਲਿਖਣੀ ਹੀ ਚੰਗੀ ਲੱਗਦੀ ਹੈ। ਹੁਣ ਮੈਂ ਕਹਾਣੀਕਾਰ ਹੀ ਬਣਾਂਗਾ।
-----
ਸੁਖਿੰਦਰ: - ਤੁਸੀਂ ਕੈਨੇਡਾ ਦੇ ਸਾਹਿਤਕ ਖੇਤਰ ਵਿੱਚ ਪਿਛਲੇ ਤਕਰੀਬਨ ਤਿੰਨ ਦਹਾਕੇ ਤੋਂ ਸਰਗਰਮ ਹੋ। ਕੈਨੇਡਾ ਦੀਆਂ ਸਾਹਿਤ ਸਭਾਵਾਂ ਬਾਰੇ ਤੁਸੀਂ ਕਿਵੇਂ ਸੋਚਦੇ ਹੋ? ਕੀ ਇਨ੍ਹਾਂ ਦਾ ਲੇਖਕਾਂ ਨੂੰ ਕੋਈ ਲਾਭ ਵੀ ਹੁੰਦਾ ਹੈ ਜਾਂ ਕਿ ਇਹ ਸਭ ਕੁਰਸੀਆਂ ਦੀ ਹੀ ਦੌੜ ਹੈ?
ਹਰਭਜਨ: - ਇਹ ਜਿਹੜੇ ਕਲਮਾਂ ਦੇ ਕਾਫ਼ਲੇ ਹਨ, ਇਨ੍ਹਾਂ ਦੀ ਬਸ ਇੰਨੀ ਗੱਲ ਹੈ ਕਿ ਉਹ ਬੰਦੇ ਇਕੱਠੇ ਕਰ ਲੈਂਦੇ ਹਨ। ਬਾਕੀ ਹਰ ਕਿਸੀ ਨੂੰ ਇਹੀ ਹੁੰਦਾ ਹੈ ਕਿ ਮੈਨੂੰ ਇਹ ਕੁਰਸੀ ਮਿਲ਼ ਜਾਵੇ, ਉਹ ਕੁਰਸੀ ਮਿਲ਼ ਜਾਵੇ। ਜਿਸ ਲੇਖਕ ਨੂੰ ਕੋਈ ਅਹੁਦਾ ਨਹੀਂ ਦਿੱਤਾ ਜਾਂਦਾ ਉਹ ਮੁੜ ਕੇ ਕਲਮਾਂ ਦੇ ਕਾਫ਼ਲੇ ਦੀਆਂ ਮੀਟਿੰਗਾਂ ਵਿੱਚ ਨਹੀਂ ਜਾਂਦਾ। ਸਾਹਿਤ ਸਭਾਵਾਂ ਵਿੱਚ ਅਹੁਦੇ ਤੋਂ ਬਿਨ੍ਹਾਂ ਕੋਈ ਵੀ ਬੰਦਾ ਕੋਈ ਕੰਮ ਨਹੀਂ ਕਰਨਾ ਚਾਹੁੰਦਾ। ਬੱਸ ਕੁਰਸੀਆਂ ਦੀ ਹੀ ਦੌੜ ਹੈ, ਕੁਰਸੀਆਂ ਦੀ ਹੀ ਭੁੱਖ ਹੈ।
-----
ਸੁਖਿੰਦਰ: - ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਅਜੇ ਤੀਕ ਕੈਨੇਡੀਅਨ ਪੰਜਾਬੀ ਲੇਖਕਾਂ ਨੇ ਕੋਈ ਬਹੁਤ ਜ਼ਿਕਰਯੋਗ ਆਲੋਚਨਾ ਨਹੀਂ ਕੀਤੀ। ਕੀ ਤੁਸੀਂ ਵੀ ਅਜਿਹਾ ਅਨੁਭਵ ਕਰਦੇ ਹੋ?
ਹਰਭਜਨ: - ਦੇਖੋ, ਆਲੋਚਨਾ ਤਾਂ ਹੀ ਬਣਦੀ ਹੈ ਜੇਕਰ ਕੋਈ ਠੋਸ ਗੱਲ ਕੀਤੀ ਗਈ ਹੋਵੇ। ਜਿਸ ਕਿਸੀ ਨੇ ਕੁਝ ਖੁਆ ਪਿਆ ਦਿੱਤਾ, ਜਲ ਪਾਣੀ ਨਾਲ ਕੁਝ ਸੇਵਾ ਕਰ ਦਿੱਤੀ, ਬਿਨ੍ਹਾਂ ਉਸਦੀ ਕੋਈ ਲਿਖਤ ਪੜ੍ਹੇ ਹੀ ਉਸ ਬਾਰੇ ਝੂਠੀ ਪ੍ਰਸ਼ੰਸ਼ਾ ਭਰੇ ਐਵੇਂ ਅਖ਼ਬਾਰਾਂ ਵਿੱਚ ਆਰਟੀਕਲ ਜਿਹੇ ਲਿਖ ਦਿੰਦੇ ਹਨ। ਜਿਨ੍ਹਾਂ ਵਿੱਚ ਆਲੋਚਨਾ ਵਾਲੀ ਕੋਈ ਖ਼ਾਸ ਗੱਲ ਨਹੀਂ ਹੁੰਦੀ।
-----
ਸੁਖਿੰਦਰ: - ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਮੈਂ ਸਮਝਦਾ ਹਾਂ ਕਿ ਕੈਨੇਡੀਅਨ ਪੰਜਾਬੀ ਆਲੋਚਕ ਹੀ ਸੰਤੁਲਿਤ ਵਿਚਾਰ ਦੇ ਸਕਦੇ ਹਨ। ਕਿਉਂਕਿ ਉਨ੍ਹਾਂ ਨੂੰ ਕੈਨੇਡੀਅਨ ਰਾਜਨੀਤਕ, ਸਭਿਆਚਾਰਕ, ਸਮਾਜਿਕ, ਧਾਰਮਿਕ, ਵਿੱਦਿਅਕ ਹਾਲਤ ਬਾਰੇ ਸਹੀ ਜਾਣਕਾਰੀ ਹੁੰਦੀ ਹੈ? ਇਸ ਵਿਸ਼ੇ ਬਾਰੇ ਤੁਸੀਂ ਕਿਵੇਂ ਸੋਚਦੇ ਹੋ?
ਹਰਭਜਨ: - ਸੁਖਿੰਦਰ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਅਸੀਂ ਕੈਨੇਡਾ ਰਹਿੰਦੇ ਹਾਂ। ਜਿਹੜੇ ਕੈਨੇਡੀਅਨ ਪੰਜਾਬੀ ਆਲੋਚਕ ਹਨ ਉਨ੍ਹਾਂ ਨੂੰ ਕੈਨੇਡਾ ਬਾਰੇ ਪਤਾ ਹੈ। ਇੰਡੀਆ ਵਾਲੇ ਵੀ ਕੈਨੇਡੀਅਨ ਪੰਜਾਬੀ ਸਾਹਿਤ ਦੀ ਆਲੋਚਨਾ ਤਾਂ ਕਰ ਸਕਦੇ ਹਨ; ਪਰ ਕੈਨੇਡੀਅਨ ਪੰਜਾਬੀ ਆਲੋਚਕ ਹੀ ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਵਧੀਆ ਆਲੋਚਨਾ ਕਰ ਸਕਦੇ ਹਨ।
-----
ਸੁਖਿੰਦਰ: - ਤੁਹਾਡੀਆਂ ਲਿਖਤਾਂ ਬਾਰੇ ਹੁਣ ਤੱਕ ਜੋ ਆਲੋਚਨਾ ਹੋਈ ਹੈ ਕੀ ਤੁਸੀਂ ਉਸ ਤੋਂ ਸੰਤੁਸ਼ਟ ਹੋ?
ਹਰਭਜਨ: - ਮੇਰੀਆਂ ਲਿਖਤਾਂ ਬਾਰੇ ਸਹੀ ਆਲੋਚਨਾ ਕੀਤੀ ਗਈ ਹੈ। ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ।
-----
ਸੁਖਿੰਦਰ: - ਤੁਸੀਂ ‘ਦੁੱਖ ਸਮੁੰਦਰੋਂ ਪਾਰ ਦੇ’ ਅਤੇ ‘ਪੱਛਮ ਦਾ ਜਾਲ਼’ ਨਾਮ ਦੀਆਂ ਦੋ ਪੰਜਾਬੀ ਫਿਲਮਾਂ ਵੀ ਬਣਾਈਆਂ ਹਨ। ਕੀ ਤੁਸੀਂ ਦੱਸਣਾ ਚਾਹੋਗੇ ਕੀ ਤੁਹਾਨੂੰ ਇਹ ਫਿਲਮਾਂ ਬਣਾ ਕੇ ਸਿਰਫ਼ ਮਾਨਸਿਕ ਤਸੱਲੀ ਹੀ ਮਿਲੀ ਜਾਂ ਕਿ ਆਰਥਿਕ ਤੌਰ ਉੱਤੇ ਵੀ ਤੁਸੀਂ ਇਨ੍ਹਾਂ ਫਿਲਮਾਂ ਤੋਂ ਕਮਾਈ ਕਰਨ ਵਿੱਚ ਸਫ਼ਲ ਹੋਏ ਹੋ?
ਹਰਭਜਨ: - ਸਿਰਫ਼ ਮਾਨਸਿਕ ਤਸੱਲੀ ਹੀ ਮਿਲੀ ਹੈ। ਫਿਲਮ ‘ਦੁੱਖ ਸਮੁੰਦਰੋਂ ਪਾਰ ਦੇ’ ਬਹੁਤ ਚੱਲੀ ਸੀ। ਇਸ ਵਿੱਚੋਂ ਖਰਚੇ ਕੱਢ ਕੇ ਕੁਝ ਆਮਦਨ ਵੀ ਹੋ ਗਈ ਸੀ। ਪਰ ਦੂਜੀ ਫਿਲਮ ਵਿੱਚ ਮੈਨੂੰ ਕੋਈ ਬਚਤ ਨਹੀਂ ਹੋ ਸਕੀ। ਕੁਝ ਲੋਕਾਂ ਦੇ ਘਰਾਂ ਵਿੱਚ ਲੜਾਈ ਹੋ ਰਹੀ ਸੀ। ਕਿਸੀ ਨੇ ਮੇਰੀ ਫਿਲਮ ‘ਦੁੱਖ ਸਮੁੰਦਰੋਂ ਪਾਰ ਦੇ’ ਲਿਜਾ ਕੇ ਉਨ੍ਹਾਂ ਨੂੰ ਦਿਖਾਈ। ਉਨ੍ਹਾਂ ਲੋਕਾਂ ਨੇ ਫੌਰਨ ਲੜਨਾ ਬੰਦ ਕਰ ਦਿੱਤਾ। ਉਨ੍ਹਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਆ ਗਈ। ਮੈਂ ਇਹੋ ਜਿਹੀਆਂ ਗੱਲਾਂ ਨੂੰ ਹੀ ਆਪਣੀ ਅਸਲ ਪ੍ਰਾਪਤੀ ਸਮਝਦਾ ਹਾਂ।
-----
ਸੁਖਿੰਦਰ: - ਤੁਹਾਡੀਆਂ ਫਿਲਮਾਂ ਵਿੱਚ ਕਿਸ ਤਰ੍ਹਾਂ ਦੇ ਵਿਸ਼ੇ ਪੇਸ਼ ਕੀਤੇ ਗਏ ਹਨ?
ਹਰਭਜਨ: - ਮੇਰੀਆਂ ਫਿਲਮਾਂ ਦੇ ਵਿਸ਼ੇ ਵੀ ਇਮੀਗਰੇਸ਼ਨ ਦੀਆਂ ਠੱਗੀਆਂ ਬਾਰੇ ਅਤੇ ਪਰਿਵਾਰਕ ਝਗੜਿਆਂ ਬਾਰੇ ਹੁੰਦੇ ਹਨ। ਜਿਵੇਂ ਕਿ ਕੋਈ ਕੈਨੇਡਾ ਆ ਕੇ ਕੁਝ ਸਾਲਾਂ ਬਾਹਦ ਆਪਣੀ ਹੀ ਪਤਨੀ ਨੂੰ ਝੂਠਾ ਸਿਰਫ ਕਾਗਜ਼ਾਂ ਵਿੱਚ ਤਲਾਕ ਦੇ ਕੇ ਉਸ ਕੋਲੋਂ ਆਪਣੇ ਹੀ ਕਿਸੇ ਚਾਚੇ, ਮਾਮੇ, ਤਾਏ ਦੇ ਪੁੱਤਰ ਨੂੰ ਸਪਾਂਸਰ ਕਰਵਾ ਦਿੰਦਾ ਹੈ। ਜਦੋਂ ਚਾਚੇ, ਮਾਮੇ, ਤਾਏ ਦਾ ਪੁੱਤਰ ਕੈਨੇਡਾ ਸੈਟਲ ਹੋ ਜਾਂਦਾ ਹੈ ਤਾਂ ਉਸ ਤੋਂ ਉਸਦੀ ਪਤਨੀ ਦਾ ਕਾਗਜ਼ੀ ਤਲਾਕ ਕਰਵਾਕੇ ਅਪਣੀ ਕਿਸੀ ਹੋਰ ਰਿਸ਼ਤੇਦਾਰ ਕੁੜੀ ਨੂੰ ਕੈਨੇਡਾ ਸਪਾਂਸਰ ਕਰਵਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹ ਸਿਲਸਿਲਾ ਸਾਰੇ ਪ੍ਰਵਾਰ ਵਿੱਚ ਚਲਦਾ ਜਾਂਦਾ ਹੈ ਅਤੇ ਕੈਨੇਡਾ ਦੇ ਇਮੀਗਰੇਸ਼ਨ ਕਾਨੂੰਨ ਦੀਆਂ ਧੱਜੀਆਂ ਉਡਾਈ ਜਾਂਦੇ ਹਨ। ਬਸ ਇਸ ਤਰ੍ਹਾਂ ਦੀਆਂ ਪਰਵਾਸੀ ਪੰਜਾਬੀਆਂ ਵੱਲੋਂ ਮਾਰੀਆਂ ਜਾ ਰਹੀਆਂ ਇਮੀਗਰੇਸ਼ਨ ਦੀਆਂ ਠੱਗੀਆਂ ਅਤੇ ਉਨ੍ਹਾਂ ਕਾਰਨ ਹੋ ਰਹੇ ਪਰਿਵਾਰਕ ਝਗੜਿਆਂ ਨੂੰ ਮੈਂ ਆਪਣੀਆਂ ਫਿਲਮਾਂ ਵਿੱਚ ਵਿਸ਼ੇ ਵਜੋਂ ਪੇਸ਼ ਕੀਤਾ ਹੈ।
-----
ਸੁਖਿੰਦਰ: - ਆਮ ਤੌਰ ਉੱਤੇ ਲੋਕਾਂ ਵੱਲੋਂ ਤੁਹਾਨੂੰ ਕਿਹੋ ਜਿਹਾ ਹੁੰਗਾਰਾ ਮਿਲਿਆ?
ਹਰਭਜਨ: - ਆਮ ਲੋਕਾਂ ਦਾ ਕਹਿਣਾ ਹੈ ਕਿ ਮੇਰੀ ਮੂਵੀ ‘ਦੁੱਖ ਸਮੁੰਦਰੋਂ ਪਾਰ ਦੇ’ ਏਨੀ ਚੱਲੀ ਹੈ ਕਿ ਦੋ ਵੀਕ ਤਾਂ ਉਨ੍ਹਾਂ ਨੂੰ ਵੀਡੀਓ ਸਟੋਰਾਂ ਤੋਂ ਮੂਵੀ ਮਿਲੀ ਹੀ ਨਹੀਂ। ਅਮਿਤਾਬ ਬਚਨ ਦੀਆਂ ਫਿਲਮਾਂ ਨਾਲੋਂ ਵੀ ਇਹ ਫਿਲਮ ਵੱਧ ਚੱਲੀ ਹੈ।
------
ਸੁਖਿੰਦਰ: - ਹਰਭਜਨ ਪਵਾਰ, ਕੀ ਤੁਸੀਂ ਇੱਕ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਹੋਣ ਤੋਂ ਬਿਨ੍ਹਾਂ ਕੈਨੇਡਾ ਵਿੱਚ ਕਿਸੇ ਹੋਰ ਖੇਤਰ ਵਿੱਚ ਵੀ ਸਰਗਰਮ ਰਹੇ ਹੋ?
ਹਰਭਜਨ: - ਸੁਖਿੰਦਰ ਜੀ, ਮੈਂ ਪੱਤਰਕਾਰੀ ਦੇ ਖੇਤਰ ਵਿੱਚ ਵੀ ਕਾਫ਼ੀ ਸਰਗਰਮ ਰਿਹਾ ਹਾਂ। ਮੈਂ 1980 ਤੋਂ 1985 ਤੱਕ ਹਫਤਾਵਾਰੀ ਪੰਜਾਬੀ ਪੱਤ੍ਰਿਕਾ ਅਖ਼ਬਾਰ ਦਾ ਸੰਪਾਦਕ ਰਿਹਾ ਹਾਂ। ਇਸ ਤੋਂ ਬਿਨ੍ਹਾਂ ਮੈਂ ਕੈਨੇਡਾ ਦੀ ਪ੍ਰਸਿੱਧ ਪੰਜਾਬੀ ਹਫਤਾਵਾਰੀ ਅਖਬਾਰ ਇੰਡੋ-ਕੈਨੇਡੀਅਨ ਟਾਈਮਜ਼, ਵੈਨਕੂਵਰ ਦਾ ਕਈ ਵਰ੍ਹੇ ਪੱਤਰ ਪ੍ਰੇਰਕ ਵੀ ਰਿਹਾ ਹਾਂ। ਉਨ੍ਹਾਂ ਸਮਿਆਂ ਵਿੱਚ ਟੋਰਾਂਟੋ ਵਿੱਚ ਇੱਕ ਪੰਜਾਬੀ ਮੀਡੀਆ ਐਸੋਸੀਏਸ਼ਨ ਵੀ ਬਣੀ ਸੀ। ਮੈਂ ਉਸਦਾ ਸਕੱਤਰ ਹੁੰਦਾ ਸਾਂ। ਇਸ ਐਸੋਸੀਏਸ਼ਨ ਵਿੱਚ ਪੰਜਾਬੀ ਅਖਬਾਰਾਂ, ਰੇਡੀਓ ਅਤੇ ਟੀਵੀ ਨਾਲ ਸਬੰਧਤ ਲੋਕ ਸ਼ਾਮਿਲ ਸਨ। ਇਸ ਮੀਡੀਆ ਐਸੋਸੀਏਸ਼ਨ ਵਿੱਚ ਪੰਜਾਬੀ ਮੀਡੀਏ ਦੇ ਜਿਹੜੇ ਹੋਰ ਚਰਚਿਤ ਲੋਕ ਸ਼ਾਮਿਲ ਸਨ ਉਨ੍ਹਾਂ ਦੇ ਨਾਮ ਹਨ : ਜੁਗਿੰਦਰ ਬਾਸੀ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ ‘ਗਾਉਂਦਾ ਪੰਜਾਬ’ ਰੇਡੀਓ), ਬੇਅੰਤ ਮਾਨ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ ‘ਧੁਰ ਕੀ ਬਾਣੀ’ ਟੀਵੀ), ਜਗਦੇਵ ਰੰਧਾਵਾ, ਪ੍ਰਧਾਨ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ ਪੰਜਾਬੀ ਟੈਲੀਵੀਯਨ ਪ੍ਰੋਗਰਾਮ), ਕੁਲਦੀਪ ਦੀਪਕ, ਮੀਤ ਪ੍ਰਧਾਨ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ ‘ਪੰਜਾਬ ਦੀ ਗੂੰਜ’ ਰੇਡੀਓ ਪ੍ਰੋਗਰਾਮ), ਸਤਿੰਦਰਪਾਲ ਸਿੰਘ ਸਿੱਧਵਾਂ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ ‘ਪੰਜਾਬੀ ਲਹਿਰਾਂ’ ਰੇਡੀਓ ਪ੍ਰੋਗਰਾਮ), ਰਵਿੰਦਰ ਪੰਨੂੰ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ ‘ਸੁਰ ਸਾਗਰ’ ਰੇਡੀਓ ਅਤੇ ਟੀਵੀ) ਅਤੇ ਬਲਤੇਜ ਪਨੂੰ (ਫਰੀਲਾਂਸ ਪੱਤਰਕਾਰ)। 1982 ਵਿੱਚ ਕੈਨੇਡਾ ਵਿੱਚ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਸਮੇਂ ਮੈਂ ਬਤੌਰ ਫਾਇਨੈਂਸ ਚੇਅਰਮੈਨ ਵਜੋਂ ਜ਼ਿੰਮੇਵਾਰੀ ਨਿਭਾਈ ਸੀ। 1990 ਵਿੱਚ ਜਦੋਂ ਟਰਾਂਟੋ ਵਿੱਚ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਤਾਂ ਮੈਂ ਬਤੌਰ ਜਨਰਲ ਸਕੱਤਰ ਵਜੋਂ ਜ਼ਿੰਮੇਵਾਰੀ ਨਿਭਾਈ ਸੀ।
-----
ਸੁਖਿੰਦਰ: - ਪਿਛਲੇ ਤਕਰੀਬਨ 10 ਵਰ੍ਹਿਆਂ ਤੋਂ ਤੁਸੀਂ ਸਾਹਿਤਕ ਖੇਤਰ ਤੋਂ ਅਤੇ ਫਿਲਮਾਂ ਬਣਾਉਣ ਦੇ ਖੇਤਰ ‘ਚੋਂ ਬਾਹਰ ਹੋ। ਕੀ ਇਸਦਾ ਕੋਈ ਵਿਸ਼ੇਸ਼ ਕਾਰਨ ਸੀ?
ਹਰਭਜਨ: - ਕਾਰਨ ਇਹ ਹੈ ਕਿ ਹੁਣ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਇਹ ਕੰਮ ਮੈਂ ਤਕਰੀਬਨ ਛੱਡੇ ਹੋਏ ਸਨ। ਪਰ ਹੁਣ ਫਿਰ ਮੇਰੇ ਮਨ ਵਿੱਚ ਆਇਆ ਹੈ ਕਿ ਮੈਂ ਜਿਹੜੀਆਂ ਚੀਜ਼ਾਂ ਅਧੂਰੀਆਂ ਛੱਡੀਆਂ ਹੋਈਆਂ ਹਨ ਉਨ੍ਹਾਂ ਨੂੰ ਮੁਕੰਮਲ ਕਰਾਂ। ਮੈਂ ਆਪਣੀਆਂ ਕਹਾਣੀਆਂ ਦੀ ਕਿਤਾਬ ‘ਟੋਰਾਂਟੋ ਦੀਆਂ ਗਲ਼ੀਆਂ’ ਜੋ ਅਜੇ ਅਧੂਰੀ ਪਈ ਸੀ, ਉਸ ਕਿਤਾਬ ਨੂੰ ਹੁਣ ਮੈਂ ਮੁਕੰਮਲ ਕਰ ਰਿਹਾ ਹਾਂ। ਉਮੀਦ ਹੈ ਕਿ ਅਗਲੇ ਤਿੰਨ ਚਾਰ ਮਹੀਨੇ ਵਿੱਚ ਮੈਂ ‘ਟੋਰਾਂਟੋ ਦੀਆਂ ਗਲੀਆਂ’ ਕਹਾਣੀ ਸੰਗ੍ਰਹਿ ਮੁਕੰਮਲ ਕਰਕੇ ਪ੍ਰਕਾਸ਼ਿਤ ਕਰ ਦਿਆਂਗਾ।
-----
ਸੁਖਿੰਦਰ: - ਭਵਿੱਖ ਵਿੱਚ ਤੁਹਾਡੀਆਂ ਕੀ ਯੋਜਨਾਵਾਂ ਹਨ?
ਹਰਭਜਨ: - ਕਹਾਣੀਕਾਰ ਹੀ ਬਣਾਂਗਾ। ਹੁਣ ਮੈਂ ਕਹਾਣੀਆਂ ਹੀ ਲਿਖਾਂਗਾ - ਨਵੇਂ, ਨਵੇਂ ਵਿਸ਼ਿਆਂ ਉੱਤੇ।
-----
ਸੁਖਿੰਦਰ: - ਹਰਭਜਨ ਪਵਾਰ, ਮੁਲਾਕਾਤ ਦੇ ਅੰਤ ਉੱਤੇ ਤੁਸੀਂ ਕੋਈ ਹੋਰ ਗੱਲ ਕਹਿਣੀ ਚਾਹੋ ਜੋ ਤੁਸੀਂ ਅਜੇ ਤੱਕ ਮੁਲਾਕਾਤ ਦੌਰਾਨ ਨਾ ਕਹੀ ਹੋਵੇ?
ਹਰਭਜਨ: - ਬੱਸ, ਠੀਕ ਹੈ। ਜੋ ਮੈਂ ਕਹਿਣਾ ਸੀ ਕਹਿ ਦਿੱਤਾ। ‘ਸੰਵਾਦ’ ਲਈ ਮੁਲਾਕਾਤ ਵਾਸਤੇ ਸਮਾਂ ਦੇਣ ਲਈ ਤੁਹਾਡਾ ਸ਼ੁਕਰੀਆ। ਮੈਂ ਆਪਣੀ ਪਤਨੀ ਮੋਹਨਜੀਤ ਦਾ ਸਭ ਤੋਂ ਵੱਧ ਧੰਨਵਾਦ ਕਰਨਾ ਚਾਹੁੰਦਾ ਹਾਂ। ਜਿਸਨੇ ਮੈਨੂੰ ਇੱਕ ਲੇਖਕ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਅਦਾਕਾਰ ਵਜੋਂ ਕੰਮ ਕਰਨ ਦਾ ਉਤਸ਼ਾਹ ਦਿੱਤਾ। ਜੇਕਰ ਮੈਨੂੰ ਮੇਰੀ ਪਤਨੀ ਦਾ ਇੰਨਾ ਜ਼ਿਆਦਾ ਸਾਥ ਨਾ ਮਿਲਦਾ ਤਾਂ ਸ਼ਾਇਦ ਮੈਂ ਨਾ ਤਾਂ ਲੇਖਕ ਹੀ ਬਣ ਸਕਦਾ, ਨਾ ਹੀ ਕੋਈ ਕਲਾਕਾਰ ਅਤੇ ਨਾ ਕੋਈ ਫਿਲਮਾਂ ਹੀ ਬਣਾ ਸਕਦਾ। ਫਿਲਮਾਂ ਬਣਾਉਣ ਵੇਲੇ ਮੈਨੂੰ ਕਦੀ ਕੋਈ ਆਰਥਿਕ ਔਕੜ ਆਈ ਤਾਂ ਮੇਰੀ ਪਤਨੀ ਨੇ ਕਿਹਾ ਇਹ ਲਓ ਪੈਸੇ ਤੁਹਾਡਾ ਕੰਮ ਨਹੀਂ ਰੁਕਣਾ ਚਾਹੀਦਾ। ਮੈਂ ਜਦੋਂ ਆਪਣੀਆਂ ਫਿਲਮਾਂ ਬਣਾ ਰਿਹਾ ਸੀ ਤਾਂ ਅਦਾਕਾਰਾਂ ਦੀ ਮੇਕਅਪ ਦੀ ਸਾਰੀ ਜ਼ਿੰਮੇਵਾਰੀ ਮੇਰੀ ਪਤਨੀ ਮੋਹਨਜੀਤ ਨੇ ਬੜੀ ਹੀ ਕਾਮਯਾਬੀ ਨਾਲ ਨਿਭਾਈ ਸੀ। ਮੋਹਨਜੀਤ ਦੇ ਪਿਤਾ ਐਮ.ਐਸ.ਕੈਲੇ (ਆਈ.ਏ.ਐਸ.) ਹੁਸ਼ਿਆਰਪੁਰ ਅਤੇ ਰੋਪੜ ਦੇ ਇਲਾਕੇ ਵਿੱਚ ਡਿਪਟੀ ਕਮਿਸ਼ਨਰ ਰਹੇ ਸਨ।