ਮੁਲਾਕਾਤੀ : ਜੋਗਿੰਦਰ ਸਿੰਘ ਨਿਰਾਲਾ
ਭਾਗ ਪਹਿਲਾ
ਨਿਰਾਲਾ - ਇਕ ਜਲੰਧਰੀਏ ਆਲੋਚਕ ਨੇ ਤੁਹਾਡੇ ਬਾਰੇ ਕਿਹਾ ਸੀ ਕਿ ਤੁਸੀਂ ਆਪਣੇ ਪਰਚੇ ਵਿਚ ਛਪਦੇ ਲੇਖਾਂ ਵਿਚ ਆਪਣਾ ਨਾਮ ਖ਼ੁਦ ਹੀ ਪਾ ਲੈਂਦੇ ਹੋ...?
ਜਿੰਦਰ - ਜੇ ਕ੍ਰਿਸ਼ਨਾਮੂਰਤੀ ਜੀ ਦਾ ਕਥਨ ਹੈ-‘‘ਅਸੀਂ ਮਾਨਵ ਮਾਤਰ ਜਿੱਦਾਂ ਦੇ ਲੱਖਾਂ ਸਾਲ ਪਹਿਲਾਂ ਸੀ, ਉੱਦਾਂ ਦੇ ਹੀ ਹੁਣ ਹਾਂ, ਬੇਹੱਦ ਲੋਭੀ, ਈਰਖਾਲੂ, ਹਮਲਾਵਰ, ਹਿੰਸਕ, ਸੜੀਅਲ, ਚਿੰਤਾਗ੍ਰਸਤ ਤੇ ਨਿਰਾਸ਼ਾ-ਖ਼ੁਸ਼ੀ ਤੇ ਪਿਆਰ ਤਾਂ ਸਾਨੂੰ ਕਦੇ-ਕਦਾਈਂ ਹੀ ਨਸੀਬ ਹੁੰਦੇ ਹਨ। ਅਸੀਂ ਨਫ਼ਰਤ, ਡਰ, ਭਲਮਾਣਸੀ ਦੇ ਅਜੀਬ ਜਿਹੇ ਮਿਸ਼ਰਣ ਹਾਂ। ਅਸੀ ਹਿੰਸਾ ਤੇ ਸ਼ਾਂਤੀ ਦੋਵੇਂ ਹਾਂ। ਸੰਸਾਰੀ ਤਰੱਕੀ ਤਾਂ ਗੱਡੇ ਤੋਂ ਜੈੱਟ ਜਹਾਜ਼ ਤੱਕ ਕਰ ਲਈ ਹੈ ਪਰ ਮਾਨਸਿਕ ਤੌਰ ’ਤੇ ਇਨਸਾਨ ਬਿਲਕੁਲ ਨਹੀਂ ਬਦਲਿਆ।’’
...........
ਇਹ ਆਲੋਚਕ ਮੇਰੇ ਛੋਟੇ ਭਾਈ ਸਮਾਨ ਹੈ। ਉਹਨੂੰ ਪੂਰੀਆਂ ਖੁੱਲ੍ਹਾਂ ਹਨ ਕਿ ਜੋ ਮਨ ’ਚ ਆਉਂਦਾ ਹੈ, ਬੋਲੀ ਜਾਵੇ.......।ਕਿਹਾ ਸੀ। ਹੁਣ ਉਹ ਨਹੀਂ ਕਹਿ ਰਿਹਾ। ਇਸਦੇ ਪਿੱਛੇ ਕਿਸੇ ਨੂੰ ਡੀਗਰੇਡ, ਦਬਾਅ ਜਾਂ ਤੱਬਾ ਲਾਉਣ ਦੀ ਭਾਵਨਾ ਕੰਮ ਕਰਦੀ ਹੈ। ਜਦੋਂ ਕਿਸੇ ਨੇ ਕਿਸੇ ਨੂੰ ਬਦਨਾਮ ਕਰਨਾ ਹੁੰਦਾ ਹੈ ਤਾਂ ਉਹ ਕੁਝ ਸ਼ਬਦਾਂ ਦਾ ਸਹਾਰਾ ਲੈਂਦਾ ਹੈ। ਉਸ ਆਲੋਚਕ ਦੀ ਵੀ ਅਜਿਹੀ ਹੀ ਸੋਚ ਸੀ। ‘ਸ਼ਬਦ’ ’ਚ ਅਕਸਰ ਪੰਜਾਬੀ ਕਹਾਣੀ ਨਾਲ ਸੰਬੰਧਤ ਲੇਖ ਛਾਪਦਾ ਰਹਿੰਦਾ ਹਾਂ। ਬਹੁਤੇ ਲੇਖ ਪ੍ਰੋਫੈਸਰਾਂ, ਡਾਕਟਰਾਂ ਜਾਂ ਆਲੋਚਕਾਂ ਵੱਲੋਂ ਪਹਿਲਾਂ ਹੀ ਕਿਸੇ ਫੰਕਸ਼ਨ ’ਚ ਪੜ੍ਹੇ ਹੁੰਦੇ ਹਨ। ਮੈਂ ਉਹ ਲੇਖ ਮੰਗਵਾ ਕੇ ਜਾਂ ਉਹ ਆਪ ਹੀ ਭੇਜ ਦਿੰਦੇ ਹਨ, ਨੂੰ ਛਾਪਦਾ ਹਾਂ। ਮੈਨੂੰ ਕਦੇ ਕਿਸੇ ਆਲੋਚਕ ਨੇ ਨਹੀਂ ਕਿਹਾ ਸੀ ਕਿ ਮੈਂ ਆਪਣਾ ਨਾਂ ਖ਼ੁਦ ਸ਼ਾਮਿਲ ਕੀਤਾ ਸੀ। ਮੈਂ ਅਜਿਹਾ ਕਿਉਂ ਕਰਨਾ ਸ? ਮੈਨੂੰ ਲੋੜ ਹੀ ਨਹੀਂ ਸੀ ਕਿਉਂਕਿ ਮੇਰਾ ਨਾਂ ‘ਤੁਸੀਂ ਨਹੀਂ ਸਮਝ ਸਕਦੇ’ ਕਹਾਣੀ ਸੰਗ੍ਰਹਿ ਨਾਲ ਹੀ ਸਥਾਪਤ ਹੋ ਗਿਆ ਸੀ। ‘ਸ਼ਬਦ’ ਨਾਲ ਤਾਂ ਮੈਂ ਤਿੰਨ-ਚਾਰ ਸਾਲਾਂ ਬਾਅਦ ਜੁੜਿਆ ਸੀ। ਹਾਂ, ਐਨਾ ਜ਼ਰੂਰ ਸੀ ਕਿ ਜਦੋਂ ‘ਸ਼ਬਦ’ ਨਵਾਂ-ਨਵਾਂ ਨਿਕਲਿਆ ਸੀ ਤਾਂ ਮੈਂ ਆਲੋਚਕਾਂ ਨੂੰ ਇਹ ਕਹਿੰਦਾ ਹੁੰਦਾ ਸੀ ਕਿ ਉਨ੍ਹਾਂ ਕਹਾਣੀਕਾਰਾਂ ਦੀ ਗੱਲ ਵੀ ਕੀਤੀ ਜਾਵੇ ਜਿਨ੍ਹਾਂ ਨੂੰ ਬਿਨਾਂ ਵਜ੍ਹਾ ਹੀ ਇਗਨੋਰ ਕੀਤਾ ਜਾ ਰਿਹਾ ਹੈ। ਇਕ ਵਾਰ ਸਤਿੰਦਰ ਸਿੰਘ ਨੂਰ ਹੋਰਾਂ ਨੇ ਜੰਮੂ ਯੂਨੀਵਰਸਿਟੀ ’ਚ ਗਲਪ ਨਾਲ ਸੰਬੰਧਤ ਪੇਪਰ ਪੜ੍ਹਿਆ ਸੀ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਮੈਨੂੰ ਇਹ ਪੇਪਰ ਭੇਜ ਦੇਣ। ਉਨ੍ਹਾਂ ਦੱਸਿਆ ਸੀ ਕਿ ਉਹ ਦੋ ਕੁ ਹਫ਼ਤਿਆਂ ਬਾਅਦ ਜਲੰਧਰ ਆਉਣਗੇ ਤੇ ਮੈਨੂੰ ਆਪਣਾ ਪੇਪਰ ਦੇ ਜਾਣਗੇ। ਉਹ ਮੈਨੂੰ ਮਿਲਣ ਮੇਰੇ ਦਫ਼ਤਰ ਆਏ ਸਨ। ਮੈਂ ਉਨ੍ਹਾਂ ਨੂੰ ਸਾਹਮਣੇ ਪੈਂਦੇ ‘ਇੰਟਰਨੈਸ਼ਨਲ ਹੋਟਲ’ ’ਚ ਲੈ ਗਿਆ ਸੀ। ਉਨ੍ਹਾਂ ਨੇ ਮੇਰੇ ਬੈਠਿਆਂ ਹੀ ਪੇਪਰ ’ਚ ਥੋੜ੍ਹੀ ਕੁ ਤਬਦੀਲੀ ਕੀਤੀ ਸੀ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਜਸਵੰਤ ਸਿੰਘ ਵਿਰਦੀ ਹੋਰਾਂ ਦਾ ਨਾਂ ਲਿਆ ਕਰਨ। ਦੂਜੀ ਗੱਲ : ਜਦੋਂ ‘ਸ਼ਬਦ’ ਸ਼ੁਰੂ ਹੋਇਆ ਸੀ ਤਾਂ ਕਈ ਅੰਕਾਂ ’ਚ ਮੇਰਾ ਨਾਂ ਸੰਪਾਦਕੀ ਮੰਡਲ ’ਚ ਸ਼ਾਮਿਲ ਨਹੀਂ ਸੀ। ‘ਅਦਾਰਾ ਸ਼ਬਦ’ ਦੀ ਪਹਿਲੀ ਪਾਲਿਸੀ ਇਹ ਸੀ ਕਿ ‘ਸ਼ਬਦ’ ’ਚ ਵੱਧ ਤੋਂ ਵੱਧ ਕਹਾਣੀ ਨਾਲ ਸੰਬੰਧਤ ਲੇਖ ਛਾਪਣੇ ਹਨ। ਉਨ੍ਹਾਂ ਦਿਨਾਂ ’ਚ ‘ਸਿਰਜਣਾ’ ਦੀ ਮਨੌਪਲੀ ਸੀ। ਮੇਰੀ ਬੈਠਣੀ-ਉੱਠਣੀ ਤੀਜੀ ਪੀੜ੍ਹੀ ਦੇ ਕਹਾਣੀਕਾਰਾਂ ਨਾਲ ਰਹੀ ਹੈ। ਇਹ ਪੀੜ੍ਹੀ ਰਘੁਬੀਰ ਸਿੰਘ ਤੋਂ ਤੰਗ ਸੀ। ਉਹਨਾਂ ਦਾ ਕਹਿਣਾ ਸੀ ਕਿ ਰਘੁਬੀਰ ਸਿੰਘ ਕੁਝ ਕੁ ਗਿਣਵੇਂ-ਚੁਣਵੇਂ ਕਹਾਣੀਕਾਰਾਂ ਦੀ ਹੀ ਗੱਲ ਕਰਦਾ ਹੈ। ਉਦੋਂ ਕਹਾਣੀਆਂ ਬਾਰੇ ਲੇਖ ਵੀ ਬਹੁਤ ਘੱਟ ਛਪਦੇ ਸਨ। ਮੈਂ ਇਨ੍ਹਾਂ ਕਹਾਣੀਕਾਰਾਂ ਦੀ ਗੱਲ ਤੋਰਨੀ ਸ਼ੁਰੂ ਕੀਤੀ ਸੀ। ਵੱਧ ਤੋਂ ਵੱਧ ਪੇਪਰ ਛਾਪੇ ਸਨ। ਜੇ ਇਨ੍ਹਾਂ ਪੇਪਰਾਂ ਵਿਚ ਕਿਸੇ ਆਲੋਚਕ ਨੇ ਮੇਰਾ ਵੀ ਨਾਂ ਲੈ ਲਿਆ ਤਾਂ ਕੀ ਕਹਿਰ ਆ ਗਿਆ। ਕੀ ਮੈਂ ਕਹਾਣੀਕਾਰ ਨਹੀਂ ਸੀ। ਹਾਂ, ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਿਆਂ ਕਿ ਇਸੇ ਆਲੋਚਕ ਨੇ 1997 ਦੀ ਕਹਾਣੀ ਦੀ ਗੱਲ ਕਰਦਿਆਂ ਹੋਇਆਂ ਮੈਨੂੰ 1997 ਦਾ ਸਭ ਤੋਂ ਚਰਚਿਤ ਕਹਾਣੀਕਾਰ ਵੀ ਕਿਹਾ ਸੀ। ਇਹ ਤਾਂ ਉਹ ਗੱਲ ਹੋ ਗਈ....ਟੁੱਟ ਗਈ ਯਾਰੀ ਤੋਂ ਜੱਟ ਗਾਲ੍ਹ ਬਿਨਾਂ ਨਾ ਬੋਲੇ। ਕੁਝ ਹੱਕ ਸੰਪਾਦਕ ਦੇ ਵੀ ਹੁੰਦੇ ਹਨ। ਇਕ ਵਾਰ ਕਿਸੇ ਆਲੋਚਕ ਨੇ ‘ਸਿਰਜਣਾ’ ਲਈ ਮੇਰੀ ਕਹਾਣੀ ‘ਕ਼ਤਲ’ ’ਤੇ ਪੇਪਰ ਲਿਖ ਕੇ ਭੇਜਿਆ ਸੀ। ਰਘੁਬੀਰ ਸਿੰਘ ਨੇ ਸੁਝਾਉ ਦਿੱਤਾ ਸੀ ਕਿ ਉਹ ਇਸੇ ਕਹਾਣੀ ਦੇ ਨਾਲ-ਨਾਲ ਦੋ-ਤਿੰਨ ਕਹਾਣੀਆਂ ਪਾ ਕੇ ਆਪਣਾ ਪੇਪਰ ਲਿਖੇ। ਉਸ ਆਲੋਚਕ ਨੇ ਰਘੁਬੀਰ ਸਿੰਘ ਦੀ ਗੱਲ ਮੰਨ ਲਈ ਸੀ। ਫੇਰ ਪੇਪਰ ਛਾਪ ਦਿੱਤਾ ਸੀ।
................
ਇਸ ਆਲੋਚਕ ਦੇ ਵਿਚਾਰਾਂ ਪਿੱਛੇ ਇਕ ਹੋਰ ਧੜਾ ਵੀ ਕੰਮ ਕਰਦਾ ਸੀ। ਮੇਰੇ ਅਤੀ ਨੇੜਲੇ ਲੇਖਕਾਂ ਸਮੇਤ। ਮੈਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਮਿਲਦੀਆਂ ਹੁੰਦੀਆਂ ਸਨ। ਇਕ ਕਹਾਣੀਕਾਰ ਨੇ ਤਾਂ ਆਪਣੇ ਗਰੁੱਪ ਦੇ ਲੇਖਕਾਂ ਨੂੰ ਹੁਕਮ ਹੀ ਜਾਰੀ ਕਰ ਦਿੱਤਾ ਸੀ ਕਿ ਉਨ੍ਹਾਂ ‘ਸ਼ਬਦ’ ਲਈ ਕੋਈ ਰਚਨਾ ਨਹੀਂ ਭੇਜਣੀ। ਇਹ ਸਾਰੀਆਂ ਗੱਲਾਂ ਉਸ ਵੇਲੇ ਦੀਆਂ ਹਨ ਜਦੋਂ ‘ਸ਼ਬਦ’ ਸ਼ੁਰੂ ਹੋਇਆ ਸੀ। ਇਹ ਸਿਲਸਿਲਾ ਚਾਰ-ਪੰਜ ਸਾਲ ਚੱਲਿਆ ਸੀ। ਹੁਣ ਸ਼ਾਂਤ ਹੈ। ‘ਸ਼ਬਦ’ ’ਚ ਰਘੁਬੀਰ ਸਿੰਘ, ਜਸਵਿੰਦਰ ਸਿੰਘ, ਧਨਵੰਤ ਕੌਰ, ਜੋਗਿੰਦਰ ਸਿੰਘ ਰਾਹੀ, ਬਲਕਾਰ ਸਿੰਘ, ਜਸਵਿੰਦਰ ਕੌਰ ਬਿੰਦਰਾ, ਬਲਦੇਵ ਧਾਲੀਵਾਲ, ਸੁਖਵਿੰਦਰ ਰੰਧਾਵਾ, ਸੁਖਪਾਲ ਥਿੰਦ ਸਮੇਤ ਬਹੁਤ ਸਾਰੇ ਆਲੋਚਕਾਂ ਦੇ ਲੇਖ ਛਪਦੇ ਰਹੇ ਹਨ।
..............
ਇਹ ਆਲੋਚਕ ਹਮੇਸ਼ਾ ਹੀ ਮੇਰਾ ਵਿਰੋਧ ਕਰਦਾ ਰਿਹਾ ਹੈ। ਪਿਛਲੇ ਸਾਲ ਉਸਨੇ ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ’ਚ ਅਪਲਾਈ ਕੀਤਾ ਸੀ। ਮੈਨੂੰ ਬੜੀ ਖ਼ੁਸ਼ੀ ਹੋਈ ਸੀ ਕਿ ਚਲੋ, ਜੇ ਉਸਦੀ ਨਿਯੁਕਤੀ ਹੋ ਗਈ ਤਾਂ ਸਿਆਣਿਆਂ ਦੀ ਸੰਗਤ ’ਚ ਰਹੇਗਾ। ਉਸ ’ਚ ਸਹਿਣਸ਼ੀਲਤਾ ਦੀ ਭਾਵਨਾ ਆਵੇਗੀ। ਮੈਨੂੰ ਆਪਣੇ ਪੁਰਾਣੇ ਕੁਲੀਗ ਵਾਸਦੇਵ ਸਿੰਘ ਦੀ ਯਾਦ ਆਉਂਦੀ ਹੈ। ਉਹ ਜਲੰਧਰ ਵਾਲੇ ਦਫ਼ਤਰ ’ਚ ਕਲਰਕ ਲੱਗਾ ਸੀ। ਬਹੁਤ ਸਿਆਣਾ ਸੀ। ਫ਼ੌਜੀ ਸੀ। ਉਸਨੂੰ ਸਪੇਅਰ ਪਾਰਟਸ ਦਾ ਬਹੁਤ ਗਿਆਨ ਸੀ ਪਰ ਉਸਦੀ ਇਕੋ-ਇਕ ਆਦਤ ਮਾੜੀ ਸੀ ਕਿ ਉਹ ਹਰ ਗੱਲ ’ਚ ਆਪਣੀ ਲੱਤ ਅੜਾਉਂਦਾ ਰਹਿੰਦਾ ਸੀ। ਉਸਨੇ ਪੌਜ਼ੇਟਿਵ ਗੱਲ ਨੂੰ ਨੈਗਟਿਵ ’ਚ ਲੈ ਜਾਣਾ ਹੁੰਦਾ ਸੀ। ਨੈਗਟਿਵ ਨੂੰ ਪੌਜ਼ੇਟਿਵ ’ਚ। ਆਪਣੀ ਗੱਲ ਮੰਨਾਏ ਬਿਨਾਂ ਉਸਨੂੰ ਚੈਨ ਨਹੀਂ ਆਉਂਦੀ ਸੀ। ਐਵੇਂ ਵਾਧੂ ਦੀ ਗੱਲ ਵਧਾਉਣ ਨਾਲੋਂ ਕਈ ਜਣੇ ਉਸਦੀ ਗੱਲ ਨੂੰ ਮੰਨ ਲੈਂਦੇ ਸਨ।
............
ਮੈਂ ਹਮੇਸ਼ਾ ਹੀ ਇਹ ਗੱਲ ਮੰਨੀ ਹੈ ਤੇ ਹੁਣ ਵੀ ਮੰਨ ਰਿਹਾ ਹਾਂ ਕਿ ਉਹ ਆਲੋਚਕ ਸਿਆਣਾ ਹੈ। ਉਸ ਕੋਲ਼ ਗਿਆਨ ਤੇ ਚਿੰਤਨ ਹੈ। ਪਰ ਪਤਾ ਨਹੀਂ ਕਿਉਂ ਉਸਨੂੰ ਰਚਨਾ ਤੋਂ ਪਹਿਲਾਂ ਲੇਖਕ ਦਿਸਣ ਲੱਗ ਪੈਂਦਾ ਹੈ। ਫੇਰ ਉਸ ਦੀ ਆਲੋਚਨਾ ਇਕ-ਪੱਖੀ ਹੋ ਜਾਂਦੀ ਹੈ। ਗੁਰਬਚਨ ਭੁੱਲਰ ਹੋਰਾਂ ਇਕ ਵਾਰ ਮੈਨੂੰ ਚਿੱਠੀ ’ਚ ਲਿਖਿਆ ਸੀ ਕਿ ਅਸੀਂ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਹਾਂ। ਇਸ ਪਰਿਵਾਰ ਵਿਚ ਵੱਖ-ਵੱਖ ਸੁਭਾਅ ਦੇ ਮੈਂਬਰ ਹੁੰਦੇ ਹਨ। ਸਾਨੂੰ ਅਡਜਸਮੈਂਟ ਲਈ ਇਕ-ਦੂਜੇ ਦੀ ਗੱਲ ਮੰਨ ਲੈਣੀ ਚਾਹੀਦੀ ਹੈ।
................
ਤੁਸੀਂ ਮੈਨੂੰ ਖੁੱਲ੍ਹ ਕੇ ਗੱਲਾਂ ਕਰਨ ਲਈ ਕਿਹਾ ਹੈ। ਇਸ ਆਲੋਚਕ ਨੇ ‘ਨਵਾਂ ਜ਼ਮਾਨਾ’ ਵਲੋਂ ਕਰਵਾਏ ਜਾਂਦੇ ਕਹਾਣੀ ਸਰਵੇਖਣ ਲਈ ਕਿਤਾਬ ਸੰਪਾਦਤ ਕਰਨੀ ਹੁੰਦੀ ਹੈ। ਇਕ ਵਾਰ ਜੱਸ ਮੰਡ ਦਾ ਫੋਨ ਆਇਆ ਕਿ ਮੈਂ ਇਸ ਸੰਗ੍ਰਹਿ ਲਈ ਆਪਣੀ ਸਹਿਮਤੀ ਭੇਜਾਂ। ਮੈਨੂੰ ਬੜੀ ਹੈਰਾਨੀ ਹੋਈ ਕਿ ਸੰਪਾਦਕ ਕੋਈ ਹੈ ਤੇ ਟੈਲੀਫੋਨ ਕੋਈ ਹੋਰ ਹੀ ਕਰ ਰਿਹਾ ਹੈ। ਬੜੀ ਅਜੀਬ ਗੱਲ ਹੈ। ਜੱਸ ਮੰਡ ਨੇ ਦੱਸਿਆ ਕਿ ਇਸ ਸਰਵੇਖਣ ਨਾਲ ਉਨ੍ਹਾਂ ਦੀ ਮਾਤਾ ਦਾ ਨਾਂ ਜੁੜਿਆ ਹੈ। ਮੈਂ ਕਿਹਾ ਸੀ ਕਿ ਜਿਹੋ ਜਿਹੀ ਜੱਸ ਦੀ ਮਾਂ ਹੈ, ਉਹੋ ਜਿਹੀ ਮੇਰੀ ਮਾਂ ਹੈ। ਹੁਣ ਫਿਰ ਕਿਤਾਬ ਛਪਣੀ ਹੈ। ਇਸ ਵਾਰ ਬਲਬੀਰ ਪਰਵਾਨੇ ਦਾ ਫੋਨ ਆਇਆ। ਮੈਂ ਉਸ ਨੂੰ ਕਿਹਾ ਸੀ, ‘‘ਮੈਂ ਕਿਹੜਾ ਉਸ ਦਾ ਜੇਠ ਲਗਦਾਂ ਜਿਹੜਾ ਕਿ ਮੈਥੋਂ ਅਪਰੂਵਲ ਲੈਂਦਿਆਂ ਵੀ ਝਿਜਕਦਾ ਹੈ।’’ ਅਸੀਂ ਕਾਹਦੇ ਲੇਖਕ ਹਾਂ ਜੇ ਸਾਡੇ ਮਨ ’ਚ ਏਨੀ ਨਫ਼ਰਤ ਭਰੀ ਹੋਈ ਹੈ। ਜਦੋਂ ਨਫ਼ਰਤ ਹੁੰਦੀ ਹੈ ਤਾਂ ਸਾਡੀ ਸੋਚ ’ਚ ਸੰਤੁਲਨ ਨਹੀਂ ਰਹਿੰਦਾ।
................
ਇਕ ਗੱਲ ਹੋਰ। ਹੁਣ ਮੈਂ ਸੋਚਦਾ ਹਾਂ ਕਿ ਮੇਰੀ ਉਮਰ ਛਪੰਜਾ ਸਾਲਾਂ ਦੀ ਹੋ ਗਈ ਹੈ। ਪਿੱਛੇ ਕਿੰਨੀ ਕੁ ਰਹਿ ਗਈ। ਕਾਹਦਾ ਵਿਰੋਧ। ਕਾਹਦਾ ਦਵੇਸ਼। ਉਹ ਆਲੋਚਕ ਜੋਗਿੰਦਰ ਸਿੰਘ ਰਾਹੀ ਵਰਗਾ ਮੁਕਾਮ ਹਾਸਿਲ ਕਰੇ-ਮੈਨੂੰ ਖ਼ੁਸ਼ੀ ਹੋਵੇਗੀ।
------
ਨਿਰਾਲਾ - ਤੁਸੀਂ ਕਾਫੀ ਦੇਰ ਪ੍ਰੇਮ ਪ੍ਰਕਾਸ਼ ਦੀ ਛਤਰੀ ’ਤੇ ਬੈਠੇ ਰਹੇ ਅਤੇ ਫੇਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਪ੍ਰੇਮ ਪ੍ਰਕਾਸ਼ ਤੋਂ ਕੁਝ ਨਹੀਂ ਸਿੱਖਿਆ...।
ਜਿੰਦਰ - ਮੈਂ ਕਦੇ ਨਹੀਂ ਕਿਹਾ ਕਿ ਮੈਂ ਪ੍ਰੇਮ ਪ੍ਰਕਾਸ਼ ਹੋਰਾਂ ਕੋਲੋਂ ਕੁਝ ਨਹੀਂ ਸਿੱਖਿਆ। ਅੱਜ ਤੱਕ ਮੈਂ ਉਨ੍ਹਾਂ ਕੋਲੋਂ ਸਿੱਖ ਰਿਹਾ ਹਾਂ। ਜਦੋਂ ਅਨੇਮਨ ਸਿੰਘ ਨੇ ਮੇਰੀ ਇੰਟਰਵਿਊ ਕੀਤੀ ਸੀ ਤਾਂ ਮੈਂ ਉਸਨੂੰ ਦੱਸਿਆ ਸੀ ਕਿ ਜੇ ਸਾਹਿੱਤ ਵਿਚ ਮੈਨੂੰ ਕਿਸੇ ਤੋਂ ਡਰ ਲੱਗਦਾ ਹੈ ਤਾਂ ਸਿਰਫ਼ ਪ੍ਰੇਮ ਪ੍ਰਕਾਸ਼ ਕੋਲੋਂ। ਉਹ ਮੇਰੇ ਬਜ਼ੁਰਗਾਂ ਸਮਾਨ ਹਨ। ਮੇਰੇ ਪਿਉ ਸਮਾਨ ਹਨ। ਮੇਰੇ ਮਨ ’ਚ ਉਨ੍ਹਾਂ ਪ੍ਰਤੀ ਬਹੁਤ ਇੱਜ਼ਤ ਦੀ ਭਾਵਨਾ ਹੈ। ਮੈਂ ਛੇਤੀ ਕਿਤੇ ਉਨ੍ਹਾਂ ਦਾ ਵਿਰੋਧ ਨਹੀਂ ਕਰਦਾ। ਭਾਪਾ ਪ੍ਰੀਤਮ ਸਿੰਘ ਮੈਨੂੰ ‘ਗੁਰੂ-ਚੇਲਾ’ ਕਹਿੰਦੇ ਸਨ। ਹੋਰ ਵੀ ਕਹਿੰਦੇ ਹਨ। ਵਰਿਆਮ ਸੰਧੂ ਹੋਰੀਂ ‘ਪ੍ਰੇਮ ਪ੍ਰਕਾਸ਼ ਦੇ ਮੁੰਡਿਆਂ’ ਜਾਂ ‘ਪ੍ਰੇਮ ਪ੍ਰਕਾਸ਼ ਦੇ ਖ਼ਾਸ ਚਮਚਿਆਂ’ ’ਚ ਸ਼ਾਮਿਲ ਕਰਦੇ ਹਨ। 2008 ’ਚ ਮੈਂ ਲੇਖਕਾਂ ਨਾਲ ਪਾਕਿਸਤਾਨ ਗਿਆ ਤਾਂ ਇਕਬਾਲ ਕੈਸਰ ਨੇ ਕਿਹਾ ਸੀ, ‘‘ਅੱਗੇ ਪੁੱਤ ਇਕੱਲਾ ਆਉਂਦਾ ਸੀ। ਇਸ ਵਾਰੀ ਪਿਉ-ਪੁੱਤ ਇਕੱਠੇ ਆਏ।’’ ਮੈਂ ਪ੍ਰੇਮ ਪ੍ਰਕਾਸ਼ ਹੋਰਾਂ ਨੂੰ 1982 ’ਚ ਮਿਲਿਆ ਸੀ। 1984 ’ਚ ਮੈਂ ਐਮ. ਬੀ. ਡੀ. ਪ੍ਰੈੱਸ ’ਚ ਚਲਾ ਗਿਆ ਸੀ। ਕਿੰਨੇ ਸਾਲ ਸਾਹਿੱਤ ਤੋਂ ਟੁੱਟਿਆ ਰਿਹਾ। ਜਦੋਂ ਉਨ੍ਹਾਂ ‘ਲਕੀਰ’ ਦੁਬਾਰਾ ਸ਼ੁਰੂ ਕੀਤਾ ਤਾਂ ਮੇਰੇ ਦਫ਼ਤਰ ਆਏ ਸਨ। ‘ਲਕੀਰ’ ਬਾਰੇ ਦਸਿਆ ਸੀ। ਸੰਪਾਦਕੀ ਮੰਡਲ ’ਚ ਮੇਰਾ ਤੇ ਜਸਵੰਤ ਦੀਦ ਦਾ ਨਾਂ ਸ਼ਾਮਿਲ ਸੀ। ਦੂਜੀ ਵਾਰੀ ਆਏ ਤਾਂ ਕਹਿੰਦੇ ਕਿ ‘ਲਕੀਰ’ ’ਤੇ ਕਿਸੇ ਦਾ ਵੀ ਨਾਂ ਨਹੀਂ ਆਵੇਗਾ। ਦਰਅਸਲ ਉਨ੍ਹੀਂ ਦਿਨੀਂ ਉਨ੍ਹਾਂ ਨੂੰ ਕਿਸੇ ਅਜਿਹੇ ਲੇਖਕ ਦੀ ਲੋੜ ਸੀ ਜਿਹੜਾ ਕਿ ਉਨ੍ਹਾਂ ਦੀ ‘ਲਕੀਰ’ ਲਈ ਮੱਦਦ ਕਰਦਾ। ਮੇਰਾ ਦਫ਼ਤਰ ਉਨ੍ਹਾਂ ਦੇ ਘਰ ਦੇ ਨੇੜੇ ਪੈਂਦਾ ਸੀ। ਮੈਂ ਲੰਘਦਾ-ਵੜਦਾ ਉਨ੍ਹਾਂ ਨੂੰ ਮਿਲ ਲੈਂਦਾ ਸੀ।
................
ਜਿਥੋਂ ਤੱਕ ਗੁਰੂ-ਚੇਲੇ ਦਾ ਸੰਬੰਧ ਹੈ-ਮੈਂ ਉਨ੍ਹਾਂ ਦਾ ਚੇਲਾ ਨਹੀਂ ਹਾਂ। ਨਾ ਮੁੰਡਿਆਂ ’ਚ ਸ਼ਾਮਿਲ ਹਾਂ। ਨਾ ਚਮਚਿਆਂ ’ਚ। ਮੈਂ ਜਿੰਦਰ ਹਾਂ। ਮੇਰਾ ਆਪਣਾ ਮੁਕਾਮ ਹੈ। ਮੈਂ ਜਦੋਂ ਵੀ ਆਪਣੀ ਨਵੀਂ ਕਹਾਣੀ ਲਿਖਦਾ ਹਾਂ-ਕਦੇ ਉਨ੍ਹਾਂ ਨੂੰ ਪੜ੍ਹਨ ਨੂੰ ਨਹੀਂ ਦਿੱਤੀ। ਕਦੇ ਨਹੀਂ ਦਿਖਾਈ। ਉਹ ਕਦੇ-ਕਦੇ ਮੈਥੋਂ ਆਪਣੀ ਨਵੀਂ ਕਹਾਣੀ ਪੜ੍ਹਾ ਲੈਂਦੇ ਹਨ। ਹਾਂ, ਅਸੀਂ ਨਵੀਆਂ ਛਪੀਆਂ ਕਿਤਾਬਾਂ ਬਾਰੇ ਚਰਚਾ ਕਰਦੇ ਹਾਂ। ਨਵੀਆਂ ਛਪੀਆਂ ਰਚਨਾਵਾਂ ਬਾਰੇ ਗੱਲਾਂ ਕਰਦੇ ਹਾਂ। ਇਕ-ਦੂਜੇ ਨੂੰ ਮਿਲਦੇ ਹਾਂ। ਮੇਰੇ ਲਈ ਪ੍ਰੇਮ ਪ੍ਰਕਾਸ਼ ਕਦੇ ਵੱਡਾ ਕਹਾਣੀਕਾਰ ਨਹੀਂ ਰਿਹਾ। ਮੇਰਾ ਉਹ ਕਦੇ ਆਦਰਸ਼ ਲੇਖਕ ਨਹੀਂ ਰਿਹਾ। ਮੈਂ ਕਦੇ ਉਨ੍ਹਾਂ ਤੋਂ ਪ੍ਰਭਾਵਿਤ ਨਹੀਂ ਹੋਇਆ। ਮੇਰੇ ਲਈ ਅਜੀਤ ਕੌਰ ਵੱਡੀ ਲੇਖਿਕਾ ਹੈ। ਮੈਂ ਉਸ ਦੀਆਂ ਕਹਾਣੀਆਂ ਵਾਰ-ਵਾਰ ਪੜ੍ਹਦਾ ਹਾਂ। ਹੁਣ ਮੈਨੂੰ ਕੁਲਵੰਤ ਸਿੰਘ ਵਿਰਕ ਤੇ ਵਰਿਆਮ ਸੰਧੂ ਚੰਗੇ ਲੱਗਣ ਲੱਗੇ ਹਨ। ਵਿਰਕ ਦੀ ‘ਖੱਬਲ’ ਤੇ ‘ਸਾਂਝ’ ਵੱਡੀਆਂ ਕਹਾਣੀਆਂ ਹਨ।
................
ਪ੍ਰੇਮ ਪ੍ਰਕਾਸ਼ ਹੋਰਾਂ ਦੀ ਇਕ ਚੰਗੀ ਆਦਤ ਇਹ ਹੈ ਕਿ ਉਹ ਆਪਣਾ ਪ੍ਰਤੀਕਰਮ ਇਕਦਮ ਜ਼ਾਹਿਰ ਨਹੀਂ ਕਰਦੇ ਪਰ ‘ਕਲਮ ਦੀ ਮਾਰ’ ਮਾਰਨ ਦਾ ਮੌਕਾ ਵੀ ਨਹੀਂ ਗਵਾਉਂਦੇ। ਉਨ੍ਹਾਂ ਨੂੰ ਸਮਝਣਾ ਬਹੁਤ ਔਖਾ ਹੈ। ਬਹੁਤ ਹੀ ਜ਼ਿਆਦਾ। ਮੇਰੇ ਤੇ ਉਨ੍ਹਾਂ ਦੇ ਸੰਬੰਧਾਂ ’ਚ ਬੜੀਆਂ ਅਜੀਬੋ-ਗ਼ਰੀਬ ਗੱਲਾਂ ਹੁੰਦੀਆਂ ਰਹੀਆਂ ਹਨ। ਮੇਰੀਆਂ ਪੁਸਤਕਾਂ ਦੇ ਜਿੰਨੇ ਮਾੜੇ ਤੇ ਮਿੱਥੇ ਹੋਏ ਰੀਵੀਊ ‘ਲਕੀਰ’ ’ਚ ਹੋਏ ਹਨ ਸ਼ਾਇਦ ਹੀ ਕਿਸੇ ਹੋਰ ਪਰਚੇ ਵਿਚ ਹੋਏ ਹੋਣ। ਮੈਨੂੰ ਤਾਂ ਕੁਝ ਮਿੱਤਰਾਂ ਨੇ ਇਥੋਂ ਤੱਕ ਕਿਹਾ ਸੀ ਕਿ ਪ੍ਰੇਮ ਪ੍ਰਕਾਸ਼ ਰਜਨੀਸ਼ ਬਹਾਦਰ ਨੂੰ ਡਿਕਟੇਟ ਕਰਵਾਉਂਦਾ ਹੈ ਤੇ ਰਜਨੀਸ਼ ਬਹਾਦਰ ਉਹੀ ਲਿਖ ਕੇ ਦੇ ਆਉਂਦਾ ਹੈ। ਉਨ੍ਹਾਂ ਦੀਆਂ ਗੱਲਾਂ ਵਿਚ ਇਹ ਤਰਕ ਸੀ ਕਿ ਰਜਨੀਸ਼ ਆਪਣੇ ਪਰਚੇ ਵਿਚ ਮੇਰੇ ਬਾਰੇ ਮਾੜੇ ਰੀਵੀਊ ਨਹੀਂ ਛਾਪਦਾ। ‘ਲਕੀਰ’ ’ਚ ਹੀ ਕਿਉਂ? ਮੈਂ ਉਨ੍ਹਾਂ ਦੀਆਂ ਗੱਲਾਂ ਹੱਸ ਕੇ ਟਾਲ਼ ਦਿੰਦਾ ਸੀ। ਕੁਝ ਦੋਸਤਾਂ ਨੇ ਕਿਹਾ ਸੀ ਕਿ ਪ੍ਰੇਮ ਪ੍ਰਕਾਸ਼ ਤਮਾਸ਼ਾ ਦੇਖਦਾ ਹੈ। ਜੇ ਉਹ ਚਾਹੁੰਦਾ ਤਾਂ ਮੇਰੇ ਤੇ ਰਜਨੀਸ਼ ਵਿਚਕਾਰ ਸੁਲਾਹ ਕਰਵਾ ਸਕਦਾ ਸੀ ਕਿਉਂਕਿ ਅਸੀਂ ਦੋਵੇਂ ਉਸ ਕੋਲ ਜਾਂਦੇ ਸੀ। ਉਹ ਬਜ਼ੁਰਗ ਦਾ ਰੋਲ ਨਿਭਾ ਸਕਦਾ ਸੀ। ਜਦੋਂ ਪ੍ਰੇਮ ਪ੍ਰਕਾਸ਼ ਦੀ ਸ੍ਵੈ-ਜੀਵਨੀ ‘ਆਤਮ ਮਾਇਆ’ ਛਪੀ ਸੀ ਤਾਂ ਮੇਰਾ ਕਿਤੇ ਵੀ ਜ਼ਿਕਰ ਨਹੀਂ ਸੀ। ਜ਼ਿਕਰ ਕੀ-ਨਾਂ ਤੱਕ ਨਹੀਂ ਸੀ। ਮੈਨੂੰ ਉਦੋਂ ਪਹਿਲੀ ਵਾਰ ਮਹਿਸੂਸ ਹੋਇਆ ਸੀ ਕਿ ਮੇਰੇ ਲਈ ਉਨ੍ਹਾਂ ਦੀ ਮਹੱਤਤਾ ਹੈ ਪਰ ਉਨ੍ਹਾਂ ਲਈ ਮੈਂ ਕੁਝ ਵੀ ਨਹੀਂ ਹਾਂ। ਸ਼ਾਇਦ ਇਹ ਗੱਲ ਸੱਚ ਹੋਵੇ। ਸ਼ਾਇਦ ਇਹ ਗੱਲ ਝੂਠੀ ਹੋਵੇ। ਸੱਚ ਤੇ ਝੂਠ ਦਾ ਨਿਤਾਰਾ ਆਉਣ ਵਾਲੇ ਸਾਲ ਕਰਨਗੇ।
.................
ਪ੍ਰੇਮ ਪ੍ਰਕਾਸ਼ ਤੋਂ ਬਿਨਾਂ ਵੀ ਮੇਰੇ ਕੋਲ ਮੇਰੇ ਦੋਸਤਾਂ ਦਾ ਵਿਸ਼ਾਲ ਘੇਰਾ ਹੈ। ਹਰਜੀਤ ਅਟਵਾਲ ਹੈ ਜੋ ਕਿ ਮੈਨੂੰ ਬਾਹਰ ਛਪਦੇ ਚੰਗੇ ਸਾਹਿਤ ਬਾਰੇ ਦਸਦਾ ਰਹਿੰਦਾ ਹੈ ਤੇ ਨਵੇਂ-ਨਵੇਂ ਨਾਵਲ ਤੇ ਮਨੋਵਿਗਿਆਨ ਦੀਆਂ ਕਿਤਾਬਾਂ ਪੜ੍ਹਾਉਂਦਾ ਰਹਿੰਦਾ ਹੈ। ਗੁਰਪਾਲ ਸੰਧੂ ਤੇ ਬਲਕਾਰ ਸਿੰਘ ਹੈ। ਡਾ: ਰਵੀ ਰਵਿੰਦਰ ਹੈ। ਕਿੰਨੇ ਕੁ ਨਾਂ ਲਵਾਂ। ਤਲਵਿੰਦਰ ਹੈ। ਹਿੰਦੀ ’ਚ ਕਈ ਦੋਸਤ ਹਨ। ਮੈਂ ਤਾਂ ਵੱਡੇ ਭਾਈ ਸਾਰਿਆਂ ਕੋਲੋਂ ਸਿੱਖਦਾ ਹਾਂ।
------
ਨਿਰਾਲਾ - ‘ਨਵਾਂ ਜ਼ਮਾਨਾ’ ਵਾਲੇ ਸਾਹਿੱਤਕ ਸਰਵੇਖਣ ਕਰਵਾਉਂਦੇ ਹਨ। ਹੁਣ ‘ਕਹਾਣੀ-ਧਾਰਾ’ ਵਾਲਿਆਂ ਵੱਡਾ ਪ੍ਰਫਾਰਮਾ ਭੇਜਿਐ। ਇਹ ਸਰਵੇਖਣ ਕਿੰਨੇ ਕੁ ਸਾਰਥਿਕ ਹਨ।
ਜਿੰਦਰ - ਸਰਵੇਖਣ ਕਰਵਾਉਣਾ ਚੰਗਾ ਉੱਦਮ ਹੈ। ਅਜਿਹੇ ਉੱਦਮ ਹੋਣੇ ਚਾਹੀਦੇ ਹਨ। ਕਈ ਵਾਰ ਇਨ੍ਹਾਂ ਦੇ ਨਤੀਜੇ ਚੰਗੇ ਨਿਕਲਦੇ ਹਨ। ‘ਨਵਾਂ ਜ਼ਮਾਨਾ’ ਨੇ ਜਦੋਂ ਇਹ ਸਰਵੇਖਣ ਕਰਵਾਉਣਾ ਸ਼ੁਰੂ ਕੀਤਾ ਸੀ ਤਾਂ ਸਥਾਪਤ ਲੇਖਕਾਂ ਨੇ ਆਪਣੀ ਰਾਏ ਦੇਣੀ ਸ਼ੁਰੂ ਕੀਤੀ ਸੀ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਸਥਾਪਤ ਲੇਖਕ ਪਿਛਾਂਹ ਹਟਦੇ ਗਏ। ਹੁਣ ਲੇਖਕਾਂ ’ਚ ਇਸਦੀ ਰੁਚੀ ਘਟ ਗਈ ਹੈ। ‘ਨਵਾਂ ਜ਼ਮਾਨਾ’ ਦੇ ਸੰਪਾਦਕਾਂ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਉਦੋਂ ਹੀ ਸੋਚਣਾ ਚਾਹੀਦਾ ਸੀ ਜਦੋਂ ਜਸਬੀਰ ਭੁੱਲਰ ਵਰਗੇ ਬਹੁ-ਚਰਚਿਤ ਲੇਖਕ ਨੇ ‘ਨਵਾਂ ਜ਼ਮਾਨਾ’ ਨੂੰ ਚਿੱਠੀ ਲਿਖੀ ਸੀ ਕਿ ‘ਥਰਡ ਰੇਟਿਡ’ ਕਹਾਣੀ ਨੂੰ ਹੀ ਪ੍ਰਥਮ ਸਥਾਨ ਦਿੱਤਾ ਗਿਆ ਹੈ। (ਮੈਨੂੰ ਉਨ੍ਹਾਂ ਦੇ ਸ਼ਬਦ ਯਾਦ ਨਹੀਂ ਸੀ ਇਹੋ ਜਿਹੇ ਹੀ ਸਨ।) ਜੇ ਮੈਂ ਨਹੀਂ ਭੁੱਲਦਾ ਤਾਂ ਪ੍ਰੇਮ ਗੋਰਖੀ ਹੋਰਾਂ ਨੇ ਵੀ ਅਜਿਹੀ ਹੀ ਚਿੱਠੀ ਲਿਖੀ ਸੀ।
...............
ਉਨ੍ਹਾਂ ਨੂੰ ਇਸ ਸਰਵੇਖਣ ਲਈ ਕੈਟਾਗਰੀਆਂ ਬਣਾਈਆਂ ਚਾਹੀਦੀਆਂ ਹਨ। ਜਿਵੇਂ (ੳ) ਸਥਾਪਤ ਲੇਖਕ (ਅ) ਸਥਾਪਤ ਹੋਣ ਜਾ ਰਹੇ ਲੇਖਕ (ੲ) ਸੰਪਾਦਕ (ਸ) ਆਲੋਚਕ (ਹ) ਆਮ ਪਾਠਕ। ਇਨ੍ਹਾਂ ਪੰਜਾਂ ਕੈਟਾਗਰੀਆਂ ਕੋਲੋਂ ਉਨ੍ਹਾਂ ਦੀ ਚੋਣ/ਪਸੰਦ ਦੀ ਕਹਾਣੀ/ਪੁਸਤਕ ਪੁੱਛਣੀ ਚਾਹੀਦੀ ਹੈ। ਫੇਰ ਹੀ ਕੋਈ ਨਤੀਜਾ ਕੱਢਣਾ ਚਾਹੀਦਾ ਹੈ। ਜਿਸ ਨਾਲ, ਜੇ ਮੈਂ ਨਹੀਂ ਭੁੱਲਦਾ, ਅਨੇਮਨ ਸਿੰਘ ਤੇ ਬਲਦੇਵ ਸਿੰਘ ਦੀਆਂ ਪੁਸਤਕਾਂ ਨੂੰ ਪ੍ਰਥਮ ਐਵਾਰਡ ਦਿੱਤਾ ਸੀ, ਉਨ੍ਹਾਂ ਨੂੰ ਸਿਰਫ਼ ਸੱਤ ਜਾਂ ਨੌਂ ਲੇਖਕਾਂ/ਪਾਠਕਾਂ ਨੇ ਹੀ ਪਸੰਦ ਕੀਤਾ ਸੀ। ਇਹ ਕੰਮ ਗੰਭੀਰਤਾ ਮੰਗਦਾ ਹੈ ਨਾ ਕਿ ‘ਫੌਰਮੈਲਟੀ ਸੇਕ’।
...............
‘ਨਵਾਂ ਜ਼ਮਾਨਾ’ ਬੋਰਡ ਨੇ ਇਸ ਸਾਲ ਦੀ ਸਰਵੋਤਮ ਪੁਸਤਕ ਦਾ ਪੁਰਸਕਾਰ ਅਵਤਾਰ ਸਿੰਘ ਬਿਲਿੰਗ ਦੇ ਨਾਵਲ ‘ਪੱਤ ਕੁਮਲਾ ਗਏ’ ਨੂੰ ਦਿੱਤਾ ਹੈ। ਉਨ੍ਹਾਂ ਦੀ ਚੋਣ ਦਾ ਆਧਾਰ ਮੈਨੂੰ ਤਾਂ ਸਮਝ ਨਹੀਂ ਆਇਆ। ਬਿਲਿੰਗ ਦੇ ਨਾਵਲ ’ਚ ਕੋਈ ਨਵੀਂ ਗੱਲ ਜਾਂ ਸ਼ੈਲੀ ਨਹੀਂ ਹੈ। ਇਹੋ ਜਿਹੇ ਨਾਵਲ ਤਾਂ ਅੱਜ ਤੋਂ ਤੀਹ ਸਾਲ ਪਹਿਲਾਂ ਵਧੇਰੇ ਲਿਖੇ ਗਏ ਹਨ। ਮੈਨੂੰ ਇਹ ਪਤਾ ਹੈ ਕਿ ਗੁਰਦਿਆਲ ਸਿੰਘ, ਹਰਜੀਤ ਅਟਵਾਲ ਤੇ ਮਨਮੋਹਨ ਬਾਵਾ ਜੀ ਦਾ ਨਾਵਲ ਬਿਲਿੰਗ ਨਾਲੋਂ ਕਿਤੇ ਚੰਗਾ ਹੈ। ਕੁਝ ਹੋਰ ਪੁਸਤਕਾਂ ਵੀ ਇਸ ਸਾਲ ’ਚ ਆਈਆਂ ਹਨ ਜਿਨ੍ਹਾਂ ’ਚ ਡਾ: ਜੋਗਿੰਦਰ ਸਿੰਘ ਰਾਹੀ ਦੀ ਪੁਸਤਕ ‘ਪੰਜਾਬੀ ਕਹਾਣੀ ਦਾ ਵਿਕਾਸ ਤੇ ਸ਼ਾਸਤਰ’ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਸੰਪਾਦਕੀ ਬੋਰਡ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਚੋਣ ਨੂੰ ਇਕ ਪਾਸੇ ਰੱਖ ਕੇ ਦੂਜੀਆਂ ਪੁਸਤਕਾਂ ਬਾਰੇ ਵੀ ਸੋਚੇ। ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਸੁਕੀਰਤ ਤੇ ਜੱਸ ਮੰਡ ਕੋਲ ਐਨਾ ਸਮਾਂ ਨਹੀਂ ਹੈ ਕਿ ਉਹ ਹਰ ਛਪੀ ਕਿਤਾਬ ਨੂੰ ਪੜ੍ਹਨ ਜਾਂ ਦੇਖਣ ਜਾਂ ਨੋਟ ਲੈਣ। ਪਰ ਰਜਨੀਸ਼ ਬਹਾਦਰ ਤਾਂ ‘ਪ੍ਰਵਚਨ’ ਵੀ ਕੱਢਦਾ ਹੈ। ਸਭਾਵਾਂ ਤੇ ਯੂਨੀਵਰਸਿਟੀਆਂ ’ਚ ਪੇਪਰ ਪੜ੍ਹਨ ਜਾਂਦਾ ਹੈ। ਸਾਹਿਤ ਦੀ ਰਾਜਨੀਤੀ ’ਚ ਹਿੱਸਾ ਲੈਂਦਾ ਹੈ ਤੇ ਉਸ ਨੂੰ ਇਸ ਗੱਲ ਦਾ ਪਤਾ ਹੈ ਕਿ ਜੇ 2009 ਦੀਆਂ ਤਿੰਨ ਚੋਣਵੀਆਂ ਪੁਸਤਕਾਂ ਦੀ ਇਮਾਨਦਾਰੀ ਨਾਲ, ਗੱਲ ਕਰੀਏ ਤਾਂ ਜੋਗਿੰਦਰ ਸਿੰਘ ਰਾਹੀ ਦੀ ਪੁਸਤਕ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਡਾ: ਰਾਹੀ ਨੇ 10-15 ਪੁਸਤਕਾਂ ਭੇਜੀਆਂ ਸਨ। ਆਲੋਚਕਾਂ, ਲੇਖਕਾਂ ਤੇ ਆਪਣੇ ਨੇੜਲੇ-ਘੇਰੇ ਦੇ ਮਿੱਤਰਾਂ ਨੂੰ। ਫੇਰ ਮਨਿੰਦਰ ਕਾਂਗ ਦਾ ਕਹਾਣੀ ਸੰਗ੍ਰਹਿ ਵੀ ਹੈ। ਮੈਂ ਸੋਚਦਾ ਹਾਂ ਕਿ ਜੇ ‘ਨਵਾਂ ਜ਼ਮਾਨਾ’ ਵਾਲੇ ਇਸ ਪੱਖ ਵੱਲ ਧਿਆਨ ਦੇਣ ਤਾਂ ਉਨ੍ਹਾਂ ਵਲੋਂ ਆਯੋਜਿਤ ਪੁਰਸਕਾਰ ਦੀ ਵਧੇਰੇ ਚਰਚਾ ਹੋਵੇਗੀ, ਨਹੀਂ ਤਾਂ ਅੱਲਾ ਹੀ ਜਾਣਦਾ ਹੈ।...।
...............
ਮੈਨੂੰ ਪਤਾ ਹੈ ਕਿ ਬਲਬੀਰ ਪਰਵਾਨਾ ਬਹੁਤ ਮਿਹਨਤ ਕਰਦਾ ਹੈ, ਨਾਲ ਦੀ ਨਾਲ ਮੈਨੂੰ ਇਸ ਗੱਲ ਦਾ ਪਤਾ ਵੀ ਹੈ ਕਿ ਨਵੇਂ ਕਹਾਣੀਕਾਰ ਆਪਣੀਆਂ ਕਹਾਣੀਆਂ ਨੂੰ ਉਤਾਂਹ ਦਾ ਦਰਜਾ ਦਿਵਾਉਣ ਲਈ ਕੀ-ਕੀ ਪਾਪੜ ਵੇਲਣੇ ਸ਼ੁਰੂ ਕਰਦੇ ਹਨ। ਕੁਝ ਕਹਾਣੀਕਾਰਾਂ ਦੇ ਮੈਨੂੰ ਹਰ ਰੋਜ਼ ਹੀ ਐੱਸ. ਐੱਮ. ਐੱਸ. ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਸਿਲਸਿਲਾ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਤੇ ਜਨਵਰੀ ਤੱਕ ਚੱਲਦਾ ਹੈ। ਇਕ ਦਿਨ ਮੇਰੇ ਕੋਲ ਇਕ ਕਹਾਣੀਕਾਰ ਆਇਆ। ਉਸ ਦੱਸਿਆ ਕਿ ਉਸਨੂੰ ਫਲਾਣੇ ਸੰਪਾਦਕਨੁਮਾ ਕਵੀ ਦਾ ਫੋਨ ਆਇਆ ਕਿ ਉਹ ਆਪਣੀ ਚੋਣ ’ਚ ਮਨਮੋਹਨ ਬਾਵਾ ਦੀ ਕਹਾਣੀ ਦਾ ਨਾਂ ਅਵੱਸ਼ ਹੀ ਦਰਜ ਕਰੇ। ਉਸ ਕਹਾਣੀਕਾਰ ਨੂੰ ਉਸ ਦੀ ਸਿਫ਼ਾਰਸ਼ ਮੰਨਣੀ ਪਈ ਸੀ। ਮੇਰੇ ਕੋਲ ਐਦਾਂ ਦੀਆਂ ਕਈ ਸੂਚਨਾਵਾਂ ਹਨ।
................
‘ਕਹਾਣੀ ਧਾਰਾ’ ਵਾਲੇ ਵੀ ਸਰਵੇਖਣ ਕਰਵਾ ਰਹੇ ਹਨ। ਕੋਈ ਮਾੜੀ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਇਕ ਵਾਰ ‘ਅਕਸ’ ਨੇ ਵੀ ਕਹਾਣੀਆਂ ਦਾ ਸਰਵੇਖਣ ਕਰਵਾਇਆ ਸੀ। ਇਸ ਸਰਵੇਖਣ ਦਾ ਨਤੀਜਾ ‘ਨਵਾਂ ਜ਼ਮਾਨਾ’ ਤੋਂ ਬਿਲਕੁਲ ਉਲਟ ਸੀ। ਇਸ ਸਰਵੇਖਣ ਵਿਚ ਉਹ ਕਹਾਣੀਕਾਰ ਬਿਲਕੁਲ ਹੀ ਨਹੀਂ ਦਿਸੇ ਸਨ ਜਿਨ੍ਹਾਂ ਨੂੰ ‘ਨਵਾਂ ਜ਼ਮਾਨਾ’ ’ਚ ਪਹਿਲਾ, ਦੂਜਾ ਜਾਂ ਤੀਜਾ ਸਥਾਨ ਪ੍ਰਾਪਤ ਹੁੰਦਾ ਰਹਿੰਦਾ ਹੈ/ਹੋਇਆ ਹੈ।
.............
ਮੈਨੂੰ ਪਤਾ ਲੱਗਾ ਸੀ ਕਿ ‘ਲੋਕਗੀਤ ਪ੍ਰਕਾਸ਼ਨ’ ਵਾਲੇ ਹਰੀਸ਼ ਜੈਨ ਵੱਲੋਂ ਬੁੱਕਰ ਐਵਾਰਡ ਵਰਗੇ ਐਵਾਰਡ ਦੀ ਯੋਜਨਾ ਬਣਾਈ ਗਈ ਸੀ। ਹਰੇਕ ਸਾਲ ਦੀ ਸਰਵ-ਉੱਤਮ ਪੁਸਤਕ ਨੂੰ ਇਕ ਲੱਖ ਰੁਪਏ ਦਾ ਐਵਾਰਡ ਦੇਣਾ ਸੀ। ਇਕ ਨਵੇਂ ਕਹਾਣੀਕਾਰ, ਜਿਸ ਦਾ ਅਜੇ ਪਹਿਲਾ ਕਹਾਣੀ-ਸੰਗ੍ਰਹਿ ਹੀ ਛਪਿਆ ਸੀ-ਉਸ ਨੇ ਆਪਣੇ ਸ਼ਾਤਰ ਦਿਮਾਗ਼ ਦੀ ਵਰਤੋਂ ਕਰਕੇ, ਆਪਣੇ ਪੱਖ ’ਚ ਡੇਢ ਸੌ ਚਿੱਠੀਆਂ ਪਵਾ ਦਿੱਤੀਆਂ। ਹੁਣ ਦੱਸੋ ਜਦੋਂ ਅਜਿਹੀ ਲਾਲਸਾ ਵਾਲੇ ਲੇਖਕ ਹੋਣਗੇ ਤਾਂ ਬਲਬੀਰ ਪਰਵਾਨਾ ਜਾਂ ਉਸ ਦੇ ਵਰਗੇ ਸਾਹਿਤ ਦੇ ਸ਼ੁਭਚਿੰਤਕ ਕੀ ਕਰ ਸਕਦੇ ਹਨ।
.............
ਹੁਣ ਤੁਸੀਂ ‘ਕਹਾਣੀ ਧਾਰਾ’ ਦੇ ਸਰਵੇਖਣ ਨੂੰ ਦੇਖਿਉ। ਮੇਰੇ ਖ਼ਿਆਲ ਮੁਤਾਬਕ ਇਹ ਵੀ ‘ਨਵਾਂ ਜ਼ਮਾਨਾ’ ਦੇ ਸਰਵੇਖਣ ਦੇ ਬਿਲਕੁਲ ਉਲਟ ਹੋਵੇਗਾ। ਪਿਛਲੇ ਪੰਜ ਸਾਲਾਂ ’ਚ ਜਿਹੜੀਆਂ ‘ਨਵਾਂ ਜ਼ਮਾਨਾ’ ਵੱਲੋਂ ਕਹਾਣੀਆਂ ਪ੍ਰਥਮ ਕੱਢੀਆਂ ਗਈਆਂ ਹਨ, ਸ਼ਾਇਦ ਉਹ ਇਸ ਸਰਵੇਖਣ ’ਚ ਨਾ ਦਿਸਣ। ਭਗਵੰਤ ਰਸੂਲਪੁਰੀ ਆਪ ਕਹਾਣੀਕਾਰ ਹੈ। ਕਾਲੀ ਹੈ। ਉਨ੍ਹਾਂ ਦਾ ਆਪਣਾ ਦਾਇਰਾ ਹੈ। ਬਾਕੀ ਗੱਲਾਂ ਤਾਂ ਇਹ ਸਰਵੇਖਣ ਦੇਖਣ ਤੋਂ ਬਾਅਦ ਹੀ ਪਤਾ ਲੱਗਣਗੀਆਂ। ਸਾਡੇ ਲਈ ਸੰਤੁਸ਼ਟੀ ਵਾਲੀ ਗੱਲ ਹੈ ਕਿ ‘ਨਵਾਂ ਜ਼ਮਾਨਾ’ ਗਰੁੱਪ ਕੋਲ ਬਲਬੀਰ ਪਰਵਾਨਾ, ਰਜਨੀਸ਼ ਬਹਾਦਰ, ਸੁਕੀਰਤ ਤੇ ਜੱਸ ਮੰਡ ਜਿਹੇ ਸੁਲਝੇ ਹੋਏ ਕਹਾਣੀਕਾਰ ਤੇ ਆਲੋਚਕ/ਚਿੰਤਕ ਹਨ। ਜੇ ਉਹ ਮਿਹਨਤ ਕਰਨ ਤਾਂ ‘ਨਵਾਂ ਜ਼ਮਾਨਾ’ ਸਰਵੇਖਣ ਦੀ ਸਾਰਥਕਤਾ ਵਧ ਸਕਦੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ’ਚ.......।
******
ਲੜੀ ਜੋੜਨ ਲਈ ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ।