Sunday, September 19, 2010

ਲੇਖਕ/ਅਨੁਵਾਦਕ ਸੁਭਾਸ਼ ਨੀਰਵ ਨਾਲ਼ ਇਕ ਮੁਲਾਕਾਤ - ਭਾਗ ਦੂਜਾ

ਸੁਭਾਸ਼ ਨੀਰਵ ਨਾਲ਼ ਇਕ ਮੁਲਾਕਾਤ

ਭਾਗ ਦੂਜਾ

ਮੁਲਾਕਾਤੀ: ਜਿੰਦਰ

ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।

******

ਜਿੰਦਰ: ਤੁਸੀਂ ਇਕ ਥਾਂ ਤੇ ਲਿਖਦੇ ਹੋ : ‘‘ਮੇਰੇ ਆਪਣੇ ਸੰਘਰਸ਼ ਹਨ, ਪਰ ਨਾਲ ਦੀ ਨਾਲ ਸਮੇਂ ਨੇ ਮੈਨੂੰ ਆਪਣੇ ਸਮਾਜ ਤੇ ਮਾਹੌਲ ਪ੍ਰਤੀ ਜਾਗਰੁਕ ਬਣਾਇਆ ਹੈ। ਉਸ ਸਮਾਜ ਵਿਚ ਰਹਿ ਰਹੇ ਹਰ ਗ਼ਰੀਬ, ਦੁਖੀ, ਮਜ਼ਬੂਰ, ਪੀੜਿਤ, ਦਲਿਤ, ਸ਼ੋਸ਼ਿਤ, ਵਿਅਕਤੀ ਤੇ ਇਸਤਰੀ ਪ੍ਰਤੀ ਸੰਵੇਦਨਸ਼ੀਲ ਰਿਸ਼ਤਾ ਕਾਇਮ ਕੀਤਾ ਹੈ। ਆਪਣੀਆਂ ਕਹਾਣੀਆਂ, ਮਿੰਨੀ ਕਥਾਵਾਂ ਵਿਚ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਲੋਕਾਂ ਦੇ ਯਥਾਰਥ ਨੂੰ ਈਮਾਨਦਾਰੀ ਨਾਲ ਛੋਹ ਸਕਾਂ ਤੇ ਤੈਹਾਂ ਦੇ ਹੇਠਾਂ ਛੁਪੇ ਸੱਚ ਨੂੰ ਸਾਹਮਣੇ ਲਿਆ ਸਕਾਂ।’’ ਜਦੋਂ ਤੁਸੀਂ ਕਿਸੇ ਰਚਨਾ ਨੂੰ ਅਨੁਵਾਦ ਕਰਨ ਬਾਰੇ ਸੋਚਦੇ ਹੋ ਤਾਂ ਕੀ ਤੁਸੀਂ ਉਦੋਂ ਵੀ ਅਜਿਹੀ ਹੀ ਭਾਵਨਾ/ਵਿਚਾਰਾਂ ਨੂੰ ਸਾਹਮਣੇ ਰੱਖਦੇ ਹੋ?

-----

ਨੀਰਵ: ਤੁਸੀਂ ਇਹ ਬਹੁਤ ਵਧੀਆ ਸਵਾਲ ਕੀਤਾ ਹੈ। ਸੱਚ ਤਾਂ ਇਹ ਹੈ ਕਿ ਇਹ ਮੇਰੇ ਮਨ ਦਾ ਸਵਾਲ ਹੈ। ਅਨੁਵਾਦਕ ਜਦ ਖ਼ੁਦ ਲੇਖਕ ਵੀ ਹੁੰਦਾ ਹੈ ਤਾਂ ਉਸ ਦੀ ਆਪਣੇ ਲੇਖਣ ਨੂੰ ਲੈ ਕੇ ਇਕ ਸੋਚ ਹੁੰਦੀ ਹੈ। ਉਸ ਦੇ ਕੁਝ ਸਰੋਕਾਰ ਹੁੰਦੇ ਹਨ। ਉਹ ਭਾਵੇਂ ਕਿਸੇ ਪਾਰਟੀ ਦਾ ਕਾਰਡ ਹੋਲਡਰ ਨਾ ਹੋਵੇ, ਪਰ ਉਹ ਸਮਾਜ ਦਾ ਇਕ ਹਿੱਸਾ ਹੁੰਦਾ ਹੈ। ਉਹ ਆਪਣੇ ਸਮਾਜ ਪ੍ਰਤੀ, ਸਮਾਜ ਵਿਚ ਰਹਿ ਰਹੇ ਲੋਕਾਂ ਪ੍ਰਤੀ, ਦੇਸ਼ ਪ੍ਰਤੀ, ਵਿਸ਼ਵ ਪ੍ਰਤੀ ਇਕ ਜ਼ਿੰਮੇਵਾਰੀ ਮਹਿਸੂਸ ਕਰਦਾ ਹੈ। ਲੇਖਕ ਕਿਉਂਕਿ ਸਮਾਜ ਦਾ ਸਭ ਤੋਂ ਵੱਧ ਸੰਵੇਦਨਸ਼ੀਲ ਵਿਅਕਤੀ ਹੁੰਦਾ ਹੈ, ਇਸ ਲਈ ਉਹ ਹਰ ਦੁਖੀ, ਪੀੜਿਤ, ਸ਼ੋਸ਼ਿਤ ਪ੍ਰਾਣੀ ਦੇ ਦੁੱਖ ਸੰਵੇਦਤ ਹੋਏ ਬਿਨਾਂ ਨਹੀਂ ਰਹਿ ਸਕਦਾ। ਸਰੀਰਿਕ ਤੌਰ ਤੇ ਉਹ ਚਾਹੁੰਦਾ ਹੋਇਆ ਵੀ ਭਾਵੇਂ ਕੁਝ ਨਾ ਕਰ ਸਕੇ, ਉਹ ਆਪਣੀ ਕਲਮ ਦੇ ਜ਼ਰੀਏ ਉਨ੍ਹਾਂ ਲੋਕਾਂ ਦੇ ਦਰਦ ਨੂੰ ਆਵਾਜ਼ ਦਿੰਦਾ ਹੈ। ਮੇਰੀਆਂ ਆਪਣੀਆਂ ਕਹਾਣੀਆਂ ਵਿੱਚ ਅਜਿਹੇ ਹੀ ਲਾਚਾਰ, ਦੁੱਖੀ, ਸਤਾਏ ਹੋਏ ਬਜ਼ੁਰਗ ਹਨ, ਨੌਜਵਾਨ ਹਨ, ਔਰਤਾਂ ਹਨ ਜਿਨ੍ਹਾਂ ਦੀ ਚਾਹੁੰਦਾ ਹੋਇਆ ਵੀ ਮੈਂ ਮੱਦਦ ਨਹੀਂ ਕਰ ਸਕਦਾ ਪਰ ਉਹ ਮੇਰੇ ਲੇਖਣ ਦਾ ਹਿੱਸਾ ਬਣਦੇ ਹਨ। ਮੈਂ ਉਨ੍ਹਾਂ ਦੇ ਦਰਦ ਨੂੰ ਲਿਖ ਕੇ ਜ਼ੁਬਾਨ ਦੇਣ ਦੀ ਕੋਸ਼ਿਸ਼ ਕਰਦਾ ਹਾਂ ਤੇ ਉਨ੍ਹਾਂ ਦੇ ਪੱਖ ਵਿਚ ਖੜ੍ਹਾ ਹੋਣ ਦਾ ਯਤਨ ਕਰਦਾ ਹਾਂ। ਜਦੋਂ ਅਨੁਵਾਦ ਕਰਦਾ ਹਾਂ ਤਾਂ ਮੈਂ ਅਜਿਹੀਆਂ ਰਚਨਾਵਾਂ ਦੀ ਤਲਾਸ਼ ਵਿੱਚ ਰਹਿੰਦਾ ਹਾਂ ਤੇ ਖ਼ੁਸ਼ੀ ਦੀ ਗੱਲ ਹੈ ਕਿ ਮੈਨੂੰ ਇਹੋ ਜਿਹੀਆਂ ਰਚਨਾਵਾਂ ਮਿਲਦੀਆਂ ਵੀ ਹਨ। ਉਨ੍ਹਾਂ ਦਾ ਅਨੁਵਾਦ ਕਰਕੇ ਮੈਨੂੰ ਤਸੱਲੀ ਹੁੰਦੀ ਹੈ। ਇਕ ਮਾਨਸਿਕ ਸੰਤੁਸ਼ਟੀ ਹੁੰਦੀ ਹੈ। ਤੁਹਾਡੀ ਕਹਾਣੀ ਤੁਸੀਂ ਨਹੀਂ ਸਮਝ ਸਕਦੇਨੂੰ ਜੇ ਮੈਂ ਅਨੁਵਾਦ ਲਈ ਚੁਣਿਆ ਸੀ ਤਾਂ ਇਸ ਦੇ ਪਿੱਛੇ ਮੇਰੀ ਉਪਰਲੀ ਸੋਚ ਹੀ ਕੰਮ ਕਰ ਰਹੀ ਸੀ। ਅਜਿਹੀਆਂ ਕਈ ਕਹਾਣੀਆਂ ਦੇ ਮੈਂ ਨਾਂ ਗਿਣਾ ਸਕਦਾ ਹਾਂ ਜਿਨ੍ਹਾਂ ਨੇ ਖ਼ੁਦ ਮੇਰੀ ਉਂਗਲੀ ਫੜ ਕੇ ਮੇਰੇ ਕੋਲੋਂ ਅਨੁਵਾਦ ਕਰਵਾ ਲਿਆ, ਕਿਉਂਕਿ ਉਹ ਮੇਰੀ ਸੋਚ ਦੇ ਬਹੁਤ ਨੇੜੇ ਦੀਆਂ ਕਹਾਣੀਆਂ ਸਨ, ਇਸ ਲਈ ਕਿ ਉਹ ਸੰਘਰਸ਼ ਵਿਚ ਜਿਉਂਦੇ-ਮਰਦੇ ਲੋਕਾਂ ਦੀਆਂ ਕਹਾਣੀਆਂ ਸਨ। ਟੁੱਟਦੇ ਸੁਪਨਿਆਂ ਕਹਾਣੀਆਂ ਸਨ ਜੋ ਆਪਣੀ ਲੜਾਈ ਆਪਣੇ ਢੰਗ ਨਾਲ ਲੜ ਰਹੇ ਸਨ, ਪਰ ਆਪਣੇ ਦੁੱਖ ਜ਼ਾਹਿਰ ਕਰਨ ਦੀ ਉਨ੍ਹਾਂ ਕੋਲ ਭਾਸ਼ਾ ਨਹੀਂ ਹੈ। ਸੰਘਰਸ਼ ਵਿਚ ਜਿੱਥੇ ਲੋਕਾਂ ਨੂੰ ਜਦੋਂ ਕੁਝ ਨਹੀਂ ਮਿਲਦਾ, ਜਦੋਂ ਉਨ੍ਹਾਂ ਦੀਆਂ ਅੱਖਾਂ ਦੇ ਸੁਪਨੇ ਜ਼ਬਰਦਸਤੀ ਖੋਹ ਲਏ ਜਾਂਦੇ ਹਨ, ਜਦੋਂ ਉਨ੍ਹਾਂ ਨੂੰ ਜ਼ਬਰੀ ਤੌਰ ਤੇ ਹਾਰਨ ਲਈ ਮਜ਼ਬੂਰ ਕਰ ਦਿੱਤਾ ਜਾਂਦਾ ਹੈ, ਉਹ ਲੋਕ ਫੇਰ ਵੀ ਆਪਣੇ ਆਪ ਨੂੰ ਹਾਰਿਆ ਹੋਇਆ ਨਹੀਂ ਸਮਝਦੇ, ਜੀਵਨ ਦੀ ਲੜਾਈ ਵਿਚ ਮੁੜ ਮੁੜ ਉੱਠ ਕੇ ਆਪਣਾ ਮੋਰਚਾ ਸੰਭਾਲਦੇ ਹਨ, ਭਾਵੇਂ ਇਹ ਮੋਰਚਾ ਪਰਿਵਾਰ ਦਾ ਹੋਵੇ, ਸਮਾਜ ਦਾ ਹੋਵੇ, ਦੇਸ਼ ਦਾ ਹੋਵੇ ਜਾਂ ਆਪਣ ਦੁੱਖਾਂ-ਤਕਲੀਫ਼ਾਂ ਤੋਂ ਛੁਟਕਾਰਾ ਪਾਉਣ ਦਾ ਹੋਵੇ, ਦੱਬੇ-ਕੁਚਲੇ, ਦਲਿਤ, ਸ਼ੋਸ਼ਿਤ ਲੋਕ ਜਦੋਂ ਵਿਸ਼ਵ ਦੀ ਕਿਸੇ ਵੀ ਭਾਸ਼ਾ ਦੇ ਸਾਹਿਤ ਦਾ ਹਿੱਸਾ ਬਣੇ ਹਨ, ਉਨ੍ਹਾਂ ਨੇ ਉਸ ਭਾਸ਼ਾ ਦੇ ਸਾਹਿਤ ਨੂੰ ਅਮਰ ਕੀਤਾ ਹੈ। ਪ੍ਰੇਮਚੰਦ ਦੀਆਂ ਕਹਾਣੀਆਂ ਇਸ ਦਾ ਪ੍ਰਮਾਣ ਹਨ। ਅਨੁਵਾਦ ਕਰਨ ਵੇਲੇ ਮੈਂ ਅਜਿਹੀਆਂ ਹੀ ਸ਼ਾਹਕਾਰ ਕਹਾਣੀਆਂ ਦੀ ਭਾਲ ਵਿੱਚ ਰਹਿੰਦਾ ਹਾਂ ਜਿਸ ਵਿਚ ਦਲਿਤ, ਪੀੜਿਤ, ਸ਼ੋਸ਼ਿਤ ਲੋਕਾਂ ਦੀ ਗੱਲ ਕੀਤੀ ਹੁੰਦੀ ਹੈ।

*****

ਜਿੰਦਰ: ਤੁਸੀਂ ਪੰਜਾਬੀ ਦੀਆਂ ਅਨੇਕਾਂ ਹੀ ਕਹਾਣੀਆਂ ਹਿੰਦੀ ਚ ਅਨੁਵਾਦ ਕੀਤੀਆਂ ਹਨ। ਤੁਸੀਂ ਆਪ ਹਿੰਦੀ ਦੇ ਚਰਚਿਤ ਕਹਾਣੀਕਾਰ ਹੋ। ਹਿੰਦੀ ਤੇ ਹੋਰ ਭਾਸ਼ਾਵਾਂ ਚ ਲਿਖੀ ਜਾ ਰਹੀ ਕਹਾਣੀ ਤੋਂ ਵਾਕਿਫ਼ ਹੋ। ਜੇ ਆਪਾਂ ਹਿੰਦੀ ਤੇ ਪੰਜਾਬੀ ਕਹਾਣੀ ਦਾ ਤੁਲਨਾਤਮਕ ਅਧਿਐਨ ਕਰੀਏ ਤਾਂ ਤੁਸੀਂ ਪੰਜਾਬੀ ਕਹਾਣੀ ਨੂੰ ਕਿੱਥੇ ਰੱਖੋਗੇ (ਉਦਯ ਪ੍ਰਕਾਸ਼ ਨੂੰ ਛੱਡ ਲਉ, ਉਸ ਵਰਗਾ ਕਹਾਣੀਕਾਰ ਭਾਰਤ ਦੀ ਕਿਸੇ ਵੀ ਹੋਰ ਭਾਸ਼ਾ ਚ ਨਹੀਂ ਹੈ) ਤੁਹਾਡੇ ਆਪਣੇ ਵਿਚਾਰ ਚ ਪੰਜਾਬੀ ਕਹਾਣੀ ਦਾ ਭਵਿੱਖ ਕਿਹੋ ਜਿਹਾ ਹੈ?

-----

ਨੀਰਵ: ਇਕ ਵਾਰ ਰੇਡੀਓ ਤੇ ਪੰਜਾਬੀ ਕਹਾਣੀ ਤੇ ਅੱਧੇ ਘੰਟੇ ਦੀ ਗੱਲਬਾਤ ਸੀ। ਇਸ ਗੱਲਬਾਤ ਵਿਚ ਹਿੰਦੀ ਦੇ ਮੰਨੇ-ਪ੍ਰਮੰਨੇ ਕਵੀ ਗਿਰਧਰ ਰਾਠੀ, ਪੰਜਾਬੀ ਦੇ ਸਿਰਮੌਰ ਕਵੀ-ਆਲੋਚਕ ਸੁਤਿੰਦਰ ਸਿੰਘ ਨੂਰ ਸਨ ਤੇ ਪੰਜਾਬੀ ਕਹਾਣੀਆਂ ਦੇ ਅਨੁਵਾਦਕ ਦੇ ਤੌਰ ਤੇ ਮੈਂ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਹਿੰਦੀ ਦੀ ਪ੍ਰਸਿੱਧ ਪਤ੍ਰਿਕਾ ਕਥਾਦੇਸ਼ਦਾ ਪੰਜਾਬੀ ਕਹਾਣੀ ਵਿਸ਼ੇਸ਼ ਅੰਕ (ਜੂਨ 2000) ਛਪਿਆ ਸੀ ਜਿਸ ਵਿੱਚ ਲਗਭਗ 95 ਫੀਸਦੀ ਅਨੁਵਾਦ ਮੇਰਾ ਸੀ। ਇਕ ਪੰਜਾਬੀ ਕਹਾਣੀਕਾਰ ਦੇ ਤੌਰ ਤੇ ਆਉਣਾ ਤਾਂ ਅਜੀਤ ਕੌਰ ਜੀ ਨੂੰ ਵੀ ਸੀ, ਪਰ ਉਹ ਬੀਮਾਰ ਹੋਣ ਕਰਕੇ ਨਾ ਆ ਸਕੇ। ਗਿਰਧਰ ਰਾਠੀ ਸਵਾਲ ਕਰ ਰਹੇ ਸਨ ਤੇ ਨੂਰ ਸਾਹਿਬ ਤੇ ਮੈਂ ਜਵਾਬ ਦੇ ਰਹੇ ਸੀ। ਆਖਿਰ ਵਿਚ ਰਾਠੀ ਨੇ ਸਵਾਲ ਕੀਤਾ ਸੀ ਕਿ ਕੀ ਪੰਜਾਬੀ ਕਹਾਣੀ ਵਿੱਚ ਕੋਈ ਮੰਟੋ ਪੈਦਾ ਹੋਵੇਗਾ। ਨੂਰ ਸਾਹਿਬ ਦਾ ਕਹਿਣਾ ਸੀ ਕਿ ਮੰਟੋ ਜਿਹਾ ਲੇਖਕ ਨਾ ਪੈਦਾ ਹੋਇਆ ਹੈ, ਨਾ ਹੋਵੇਗਾ। ਇਸ ਬਾਰੇ ਮੇਰਾ ਜਵਾਬ ਸੀ ਕਿ ਉਮੀਦ ਤੇ ਦੁਨੀਆਂ ਟਿਕੀ ਹੈ। ਪੰਜਾਬੀ ਵਿੱਚ ਜੋ ਨਵੀਂ ਕਥਾ ਪੀੜ੍ਹੀ ਆ ਰਹੀ ਹੈ ਉਸ ਦੀ ਗੰਭੀਰ ਰਚਨਾਤਮਕਤਾ, ਉਸ ਦੀ ਲਗਨ ਤੇ ਵਿਲੱਖਣਤਾ ਤੇ ਚਲਦਿਆਂ ਪੰਜਾਬੀ ਕਹਾਣੀ ਨਵੇਂ ਮੁਕਾਮ ਵੱਲ ਵੱਧ ਰਹੀ ਹੈ, ਕੀ ਪਤਾ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਵਿਚੋਂ ਹੀ ਕੋਈ ਮੰਟੋ ਜਿਹਾ ਮਿਲ ਜਾਵੇ। ਖ਼ੈਰ, ਮੈਂ ਜਦ ਪੰਜਾਬੀ ਦੀਆਂ ਵੀਹਵੀਂ ਸਦੀ ਦੀਆਂ ਸ਼੍ਰੇਸ਼ਟ ਕਹਾਣੀਆਂ ਤੇ ਸੰਨ 2000 ਵਿਚ ਕੰਮ ਕਰ ਰਿਹਾ ਸੀ ਤਾਂ ਨਾਨਕ ਸਿੰਘ ਤੇ ਉਸ ਦੇ ਸਮਕਾਲੀ ਲੇਖਕਾਂ ਤੋਂ ਲੈ ਕੇ ਸੰਨ 2000 ਤੱਕ ਦੇ ਨਵੇਂ ਲੇਖਕਾਂ ਦੀਆਂ ਕਹਾਣੀਆਂ ਲਭ-ਲਭ ਕੇ ਪੜ੍ਹ ਰਿਹਾ ਸਾਂ। ਇਹ ਸਿਲਸਿਲਾ ਅੱਜ ਵੀ ਜਾਰੀ ਹੈ ਕਿਉਂਕਿ ਇੰਟਰਨੈਟ ਤੇ ਮੈਂ ਆਪਣੇ ਬਲੋਗਕਥਾ ਪੰਜਾਬਵਿੱਚ ਪੰਜਾਬੀ ਕਹਾਣੀ : ਆਜ ਤੱਕਸਿਰਲੇਖ ਦੇ ਤਹਿਤ ਪੰਜਾਬੀ ਦੀ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਦੀ ਨਵੀਂ ਕਥਾ ਪੀੜ੍ਹੀ ਦੀਆਂ ਸ਼੍ਰੇਸ਼ਟ ਕਹਾਣੀਆਂ ਨੂੰ ਹਿੰਦੀ ਵਿਚ ਪੇਸ਼ ਕਰਨਾ ਚਾਹੁੰਦਾ ਹਾਂ। ਤੁਸੀਂ ਹਿੰਦੀ ਤੇ ਪੰਜਾਬੀ ਦੇ ਕਥਾ ਸਾਹਿਤ ਦੇ ਤੁਲਨਾਤਮਕ ਅਧਿਐਨ ਦੀ ਗੱਲ ਕੀਤੀ ਹੈ ਪਰ ਮੇਰਾ ਆਪਣਾ ਮਤ ਹੈ ਕਿ ਇਸ ਵਿਚ ਤੁਲਨਾ ਵਾਲੀ ਕੋਈ ਗੱਲ ਨਹੀਂ ਹੈ। ਹਿੰਦੀ ਵਿਚ ਬਹੁਤ ਸ਼੍ਰੇਸ਼ਟ ਕਹਾਣੀਆਂ ਲਿਖੀਆਂ ਗਈਆਂ ਹਨ। ਹਿੰਦੀ ਦਾ ਦਾਇਰਾ ਬਹੁਤ ਵਿਸ਼ਾਲ ਹੈ। ਪ੍ਰੇਮਚੰਦ, ਜੈਨੇਂਦਰ, ਯਸ਼ਪਾਲ, ਰੇਣੂ, ਕਾਮਤਾਨਾਥ, ਅਮਰਕਾਂਤ, ਸ਼ੇਖਰ ਜੋਸ਼ੀ, ਕਮਲੇਸ਼ਵਰ, ਭੀਸ਼ਮ ਸਾਹਨੀ, ਮੋਹਨ ਰਾਕੇਸ਼, ਮੰਨੂ ਭੰਡਾਰੀ, ਕ੍ਰਿਸ਼ਨਾ ਸੋਬਤੀ, ਰਾਜੇਂਦਰ ਯਾਦਵ, ਸ਼ੈਲੇਸ ਮਟਿਆਨੀ, ਸੰਜੀਵ ਤੇ ਹੋਰ ਬਹੁਤ ਸਾਰੇ ਨਾਂ ਹਨ ਜਿਨ੍ਹਾਂ ਨੇ ਹਿੰਦੀ ਕਹਾਣੀ ਨੂੰ ਸਿਖਰ ਤੇ ਪਹੁੰਚਾਇਆ। ਇਨ੍ਹਾਂ ਦੀਆਂ ਕਈ ਕਹਾਣੀਆਂ ਵਿਸ਼ਵ ਪੱਧਰ ਦੀਆਂ ਹਨ। ਪਰ ਪੰਜਾਬੀ ਕਹਾਣੀ ਸਾਹਿਤ ਵੀ ਬਹੁਤ ਸਮਰਿਧ ਰਿਹਾ ਹੈ ਤੇ ਹੈ ਵੀ। ਪੰਜਾਬੀ ਦੇ ਪੁਰਾਣੇ ਸਿਰਮੌਰ ਲੇਖਕਾਂ ਨੇ ਭਾਰਤੀ ਭਾਸ਼ਾਵਾਂ ਵਿੱਚ ਲਿਖੀਆਂ ਸ਼੍ਰੇਸ਼ਟ ਕਹਾਣੀਆਂ ਨੂੰ ਹੀ ਨਹੀਂ ਸਗੋਂ ਵਿਸ਼ਵ ਦੀਆਂ ਸ਼੍ਰੇਸ਼ਟ ਕਹਾਣੀਆਂ ਨੂੰ ਵੀ ਟੱਕਰ ਦਿੱਤੀ ਹੈ। ਸੁਜਾਨ ਸਿੰਘ, ਸੰਤ ਸਿੰਘ ਸੇਖੋਂ, ਦੁੱਗਲ, ਕੁਲਵੰਤ ਸਿੰਘ ਵਿਰਕ, ਅਮ੍ਰਿਤਾ ਪ੍ਰੀਤਮ, ਮਹਿੰਦਰ ਸਿੰਘ ਸਰਨਾ, ਨਵਤੇਜ ਸਿੰਘ, ਅਜੀਤ ਕੌਰ, ਮੋਹਨ ਭੰਡਾਰੀ, ਰਾਮ ਸਰੂਪ ਅਣਖੀ, ਪ੍ਰੇਮ ਪ੍ਰਕਾਸ਼, ਗੁਰਬਚਨ ਸਿੰਘ ਭੁੱਲਰ, ਰਘਬੀਰ ਢੰਡ, ਵਰਿਆਮ ਸਿੰਘ ਸੰਧੂ, ਗੁਰਦੇਵ ਰੁਪਾਣਾ ਆਦਿ ਕਈ ਨਾਂ ਹਨ ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਵਿੱਚ ਬਹੁਤ ਸਾਰੀਆਂ ਸ਼ਾਹਕਾਰ ਕਹਾਣੀਆਂ ਪੰਜਾਬੀ ਕਥਾ ਸਾਹਿਤ ਦੀ ਝੋਲੀ ਵਿਚ ਪਾਈਆਂ ਹਨ, ਜਿਨ੍ਹਾਂ ਤੇ ਨਾਜ਼ ਕੀਤਾ ਜਾ ਸਕਦਾ ਹੈ। ਉਹ ਕਿਸੇ ਵੀ ਭਾਸ਼ਾ ਵਿੱਚ ਸ਼੍ਰੇਸ਼ਟ ਕਹਾਣੀਆਂ ਤੋਂ ਘੱਟ ਨਹੀਂ ਹਨ। ਪੰਜਾਬੀ ਦੀ ਨਵੀਂ ਕਥਾ ਪੀੜ੍ਹੀ ਦੇ ਕਈ ਕਹਾਣੀਕਾਰ ਸ਼੍ਰੇਸ਼ਟ ਤੇ ਪੜ੍ਹਨ ਯੋਗ ਕਹਾਣੀਆਂ ਲਿਖ ਰਹੇ ਹਨ, ਜਿਨ੍ਹਾਂ ਤੋਂ ਬਹੁਤ ਉਮੀਦਾਂ ਹਨ। ਆਪਣੇ ਸਮੇਂ ਤੇ ਕਾਲ ਨੂੰ, ਬਦਲਦੇ ਜੀਵਨ ਮੁੱਲਾਂ ਨੂੰ, ਭੂਮੰਡਲੀਕਰਨ ਦੇ ਇਸ ਦੌਰ ਵਿੱਚ ਬਾਜ਼ਾਰਵਾਦ ਤੇ ਉਪਭੋਗਤਾਵਾਦ ਦੇ ਤਹਿਤ ਨਵੇਂ ਢੰਗ ਦੇ ਸ਼ੋਸ਼ਣ ਦੇ ਸ਼ਿਕਾਰ ਵਿਅਕਤੀ ਨੂੰ ਪੇਸ਼ ਕਰਨ ਵਾਲੀਆਂ ਸ਼੍ਰੇਸ਼ਟ ਕਹਾਣੀਆਂ ਪੰਜਾਬੀ ਵਿਚ ਲਿਖੀਆਂ ਜਾ ਰਹੀਆਂ ਹਨ। ਭਾਵੇਂ ਉਹ ਪੁਰਾਣੇ ਲੇਖਕ ਦੀ ਕਲਮ ਤੋਂ ਘੱਟ, ਨਵੇਂ ਲੇਖਕਾਂ ਦੀ ਕਲਮ ਤੋਂ ਵੱਧ ਆ ਰਹੀਆਂ ਹਨ, ਇਨ੍ਹਾਂ ਕਹਾਣੀਆਂ ਨੂੰ ਸਾਹਮਣੇ ਰੱਖ ਕੇ ਜੇ ਗੱਲ ਕਰਾਂ ਤਾਂ ਪੰਜਾਬੀ ਦਾ ਕਥਾ ਸਾਹਿਤ ਮੈਨੂੰ ਆਪਣੇ ਆਪ ਵਿੱਚ ਬਹੁਤ ਹੀ ਅਮੀਰ ਤੇ ਮੁੱਲਵਾਨ ਲੱਗਦਾ ਹੈ ਤੇ ਮੈਨੂੰ ਉਸ ਦਾ ਭਵਿੱਖ ਉੱਜਲ ਦਿਸਦਾ ਹੈ।

*****

ਜਿੰਦਰ: ਤੁਸੀਂ ਬਤੌਰ ਕਹਾਣੀਕਾਰ ਪੰਜਾਬੀ ਦੇ ਕਿਨ੍ਹਾਂ ਕਹਾਣੀਕਾਰਾਂ ਤੋਂ ਪ੍ਰਭਾਵਿਤ ਹੋ। ਕਹਿ ਲਉ-ਤੁਹਾਡੇ ਆਪਣੇ ਮਨ ਚ ਕਦੇ ਆਇਆ ਹੋਵੇ ਕਿ ਮੈਂ ਵੀ ਪੰਜਾਬੀ ਦੇ ਫਲਾਣੇ ਕਹਾਣੀਕਾਰ ਵਾਂਗ ਕਹਾਣੀ ਲਿਖਾਂ?

-----

ਨੀਰਵ: ਵਧੀਆ ਲੇਖਕ ਦੂਜਿਆਂ ਨੂੰ ਪ੍ਰਭਾਵਿਤ ਕਰਦਾ ਹੀ ਹੈ। ਸਮੇਂ ਸਮੇਂ ਤੇ ਹਿੰਦੀ ਪੰਜਾਬੀ ਦੇ ਹੀ ਨਹੀਂ ਸਗੋਂ ਵਿਸ਼ਵ ਦੇ ਕਈ ਮਹਾਨ ਲੇਖਕਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ। ਚੇਖੋਵ, ਮੋਪਾਂਸਾ, ਗੋਰਕੀ, ਪ੍ਰੇਮਚੰਦ, ਸ਼ਰਤ ਚੰਦਰ, ਨਾਨਕ ਸਿੰਘ, ਸੁਜਾਨ ਸਿੰਘ, ਸੰਤ ਸਿੰਘ ਸੇਖੋਂ, ਦੁੱਗਲ, ਵਿਰਕ, ਮਹਿੰਦਰ ਸਿੰਘ ਸਰਨਾ, ਗੁਰਦਿਆਲ ਸਿੰਘ, ਨਵਤੇਜ ਸਿੰਘ, ਮੋਹਨ ਭੰਡਾਰੀ, ਗੁਰਬਚਨ ਭੁੱਲਰ, ਅਜੀਤ ਕੌਰ ਆਦਿ ਲੇਖਕਾਂ ਦੀਆਂ ਕਹਾਣੀਆਂ ਮੈਨੂੰ ਧੁਰ ਅੰਦਰ ਤੱਕ ਛੋਹ ਜਾਂਦੀਆਂ ਰਹੀਆਂ ਹਨ, ਪਰ ਜੇ ਪੰਜਾਬੀ ਭਾਸ਼ਾ ਦੇ ਸਿਰਫ਼ ਇਕ ਲੇਖਕ ਦੀ ਗੱਲ ਕਰਾਂ ਤਾਂ ਮੈਨੂੰ ਕੁਲਵੰਤ ਸਿੰਘ ਵਿਰਕ ਬਹੁਤ ਪ੍ਰਭਾਵਿਤ ਕਰਦੇ ਰਹੇ ਹਨ। ਹਾਂ, ਕਈ ਵਾਰ ਕਿਸੇ ਦੀ ਵਧੀਆ ਕਹਾਣੀ ਪੜ੍ਹ ਕੇ ਲੱਗਦਾ ਹੈ ਕਾਸ਼! ਇਹੋ ਜਿਹੀ ਕਹਾਣੀ ਮੈਂ ਵੀ ਲਿਖਦਾ। ਪਰ ਜਿੰਦਰ, ਜੇ ਕੋਈ ਲੇਖਕ ਦੂਜੇ ਲੇਖਕ ਤੋਂ ਪ੍ਰਭਾਵਿਤ ਹੋ ਕੇ ਉਸ ਵਰਗੀ ਕਹਾਣੀ ਲਿਖੇਗਾ ਤਾਂ ਫਿਰ ਉਹ ਖ਼ੁਦ ਕਿੱਥੇ ਹੋਵੇਗਾ। ਸੁਭਾਸ਼ ਨੀਰਵ ਨੇ ਤਾਂ ਉਹ ਕਹਾਣੀ ਲਿਖਣੀ ਹੈ ਜੋ ਸੁਭਾਸ਼ ਨੀਰਵ ਦੀ ਲੱਗੇ, ਕਿਸੇ ਦਾ ਉਸ ਤੇ ਪ੍ਰਭਾਵ ਨਾ ਦਿਖਾਈ ਦੇਵੇ। ਹਰ ਲੇਖਕ ਨੂੰ ਆਪਣੇ ਢੰਗ ਦੀ ਹੀ ਕਹਾਣੀ ਲਿਖਣੀ ਚਾਹੀਦੀ ਹੈ। ਵਿਰਾਸਤ ਵਿਚ ਮਿਲੀਆਂ ਕਹਾਣੀਆਂ ਸਾਨੂੰ ਵਧੀਆ ਰਚਨਾ ਦਾ ਰਾਹ ਦਿਖਾਉਣ ਤਾਂ ਠੀਕ ਹੈ ਪਰ ਉਨ੍ਹਾਂ ਜਿਹਾ ਹੀ ਲਿਖਣ ਲਈ ਪ੍ਰੇਰਿਤ ਕਰਨ ਤਾਂ ਇਹ ਲੇਖਕ ਦੇ ਵਿਕਾਸ ਨੂੰ ਬੰਨ੍ਹ ਮਾਰਨ ਵਾਲੀ ਗੱਲ ਹੋਵੇਗੀ।

*****

ਜਿੰਦਰ: ਤੁਸੀਂ ਆਪਣੇ ਕੰਮ ਤੋਂ ਕਿੰਨ੍ਹੇ ਕੁ ਸੰਤੁਸ਼ਟ ਹੋ?

ਨੀਰਵ: ਜਿਥੋਂ ਤੱਕ ਪੰਜਾਬੀ ਤੇ ਹਿੰਦੀ ਵਿਚ ਅਨੁਵਾਦ ਦੀ ਗੱਲ ਹੈ-ਮੈਂ ਆਪਣੇ ਕੰਮ ਤੋਂ ਇਸ ਲਈ ਸੰਤੁਸ਼ਟ ਹਾਂ ਕਿ ਮੈਂ ਜੋ ਵੀ ਅਨੁਵਾਦ ਕੀਤਾ ਪੂਰੀ ਈਮਾਨਦਾਰੀ, ਮਿਹਨਤ ਤੇ ਲਗਨ ਨਾਲ ਕੀਤਾ ਹੈ। ਹੁਣ ਤੱਕ ਪੰਜਾਬੀ ਦੇ ਸ਼੍ਰੇਸ਼ਟ ਸਾਹਿਤ ਨੂੰ ਹੀ ਹਿੰਦੀ ਵਿਚ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਇਹ ਕੋਸ਼ਿਸ਼ ਅਜੇ ਵੀ ਜਾਰੀ ਹੈ।

*****

ਜਿੰਦਰ: ਮੈਨੂੰ ਤਾਂ ਤੁਹਾਡੇ ਕੀਤੇ ਕੰਮਾਂ ਬਾਰੇ ਜਾਣਕਾਰੀ ਹੈ, ਪਰ ਪੰਜਾਬੀ ਦੇ ਪਾਠਕਾਂ ਨੂੰ ਆਪਣੇ ਕੀਤੇ ਕੰਮਾਂ ਤੋਂ ਜਾਣੂੰ ਕਰਵਾਉ।

ਨੀਰਵ: ਹਿੰਦੀ ਮੇਰੇ ਤਿੰਨ ਮੌਲਿਕ ਕਹਾਣੀ ਸੰਗ੍ਰਹਿ-ਦੈਤ ਤਥਾ ਅਨਯ ਕਹਾਣੀਆਂ’, ‘ਔਰਤ ਹੋਣੇ ਕਾ ਗੁਨਾਹਅਤੇ ਆਖਿਰੀ ਪੜਾਵ ਕਾ ਦੁੱਖਛਪ ਚੁੱਕੇ ਹਨ। ਦੋ ਕਵਿਤਾ ਸੰਗ੍ਰਹਿ-ਯ੍ਰਤਕਿੰਚਿਤਤੇ ਰੌਸ਼ਨੀ ਕੀ ਲਕੀਰ’, ਇਕ ਬਾਲ ਕਹਾਣੀ ਸੰਗ੍ਰਹਿ-ਮੇਹਨਤ ਕੀ ਰੋਟੀਇਕ ਲਘੂ ਕਥਾ ਸੰਗ੍ਰਹਿ-ਕਥਾ-ਬਿੰਦੁ’ (ਸਹਿਯੋਗੀ ਲੇਖਕ ਚੰਦੇਲ ਤੇ ਨਾਗਰ) ਛਪ ਚੁੱਕੇ ਹਨ, ਅੱਠ ਸਾਲਾਂ ਤੱਕ ਨਿਰੰਤਰ ਪ੍ਰਯਾਸਮੈਗਜ਼ੀਨ ਦਾ ਸੰਪਾਦਨ ਕੀਤਾ ਹੈ, ਕੁਝ ਸਮੇਂ ਲਈ ਮਚਾਨਤੇ ਸਹਜਮੈਗਜ਼ੀਨ ਦਾ ਵੀ ਸੰਪਾਦਨ ਕੀਤਾ, ਜਿਥੋਂ ਤੱਕ ਅਨੁਵਾਦ ਦੀ ਗੱਲ ਹੈ, ਹੁਣ ਤੱਕ ਤਿੰਨ ਸੌ ਤੋਂ ਵੱਧ ਕਹਾਣੀਆਂ ਦਾ ਅਨੁਵਾਦ ਤੇ ਲਗਭਗ ਬਾਰਾਂ ਪੁਸਤਕਾਂ ਦਾ ਅਨੁਵਾਦ ਹਿੰਦੀ ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ। ਜਿਨ੍ਹਾਂ ਵਿਚ ਪ੍ਰਮੁੱਖ ਹਨ-ਕਾਲਾ ਦੌਰ’ (ਪੰਜਾਬੀ ਦੇ ਅੱਤਵਾਦ ਤੇ ਆਧਾਰਤ ਚੌਵੀ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ), ‘ਪੰਜਾਬੀ ਕੀ ਚਰਚਿਤ ਲਘੁਕਥਾਏਂ’, ‘ਤੁਸੀਂ ਨਹੀਂ ਸਮਝ ਸਕਦੇ’ (ਜਿੰਦਰ ਦਾ ਕਹਾਣੀ ਸੰਗ੍ਰਹਿ), ‘ਕਥਾ ਪੰਜਾਬ-2’ (ਨੈਸ਼ਨਲ ਬੁਕ ਟ੍ਰਸਟ ਲਈ), ‘ਕੁਲਵੰਤ ਸਿੰਘਵਿਰਕ ਦੀਆਂ ਚੋਣਵੀਆਂ ਕਹਾਣੀਆਂ (ਨੈਸ਼ਨਲ ਬੁਕ ਟ੍ਰਸਟ ਲਈ), ‘ਸਿੱਖ ਇਤਿਹਾਸ’, ‘ਰੇਤ’ (ਹਰਜੀਤ ਅਟਵਾਲ ਦਾ ਨਾਵਲ), ‘ਪਾਵੇ ਸੇ ਬੰਧਾ ਹੁਆ ਕਾਲ’ (ਜਤਿੰਦਰ ਸਿੰਘ ਹੰਸ ਦਾ ਕਹਾਣੀ ਸੰਗ੍ਰਹਿ) ਅਤੇ ਛਾਂਗਿਆ ਰੁੱਖ’ (ਬਲਬੀਰ ਮਾਧੋਪੁਰੀ ਦੀ ਸਵੈ-ਜੀਵਨੀ) ਅੱਜਕਲ੍ਹ ਇਕ ਸਵੈ-ਜੀਵਨੀ ਤੇ ਤਿੰਨ ਨਾਵਲਾਂ ਦਾ ਅਨੁਵਾਦ ਹਿੰਦੀ ਚ ਕਰ ਰਿਹਾ ਹਾਂ।

*****

ਜਿੰਦਰ: ਤੁਸੀਂ ਇੰਟਰਨੈੱਟ ਤੇ ਵੀ ਬਲੌਗ ਪੱਤ੍ਰਿਕਾ ਸੰਪਾਦਿਤ ਕਰ ਰਹੇ ਹੋ। ਕਈ ਬਲੌਗਸ ਬਣਾਏ ਹੋਏ ਹਨ ਉਨ੍ਹਾਂ ਬਾਰੇ ਵੀ ਦੱਸੋ।

------

ਨੀਰਵ: ਇੰਟਰਨੈੱਟ ਨਵੇਂ ਸਮੇਂ ਦੀ ਇਕ ਨਵੀਂ ਤਕਨੀਕ ਹੈ ਤੇ ਸਹਿਜ ਸੁਲਭ ਹੈ, ਪ੍ਰਿੰਟ ਮੀਡੀਆ ਦਾ ਆਪਣਾ ਇਕ ਵਿਸ਼ੇਸ਼ ਮਹੱਤਵ ਹੈ ਤੇ ਸੁਖ ਵੀ, ਇਹ ਰਹੇਗਾ ਵੀ, ਪਰ ਇਹ ਆਪਣੇ ਆਪ ਵਿਚ ਜਿਨ੍ਹਾਂ ਮਿਹਨਤ ਵਾਲਾ ਤੇ ਖ਼ਰਚੀਲਾ ਮਾਧਿਅਮ ਹੈ, ਉਸ ਤੋਂ ਕੀਤੇ ਵੱਧ ਮੁਸ਼ਕਿਲ ਵਾਲਾ ਤੇ ਖ਼ਰਚੀਲਾ ਕੰਮ ਹੈ। ਇਸ ਦਾ ਵਿਤਰਣ, ਅੱਜ ਇਕ ਮੈਗਜ਼ੀਨ ਜਾਂ ਕਿਤਾਬ ਨੂੰ ਡਾਕ ਰਾਹੀਂ ਕਿਤੇ ਭੇਜਣਾ ਹੋਵੇ ਤਾਂ ਅਸੀਂ ਸੋਚ ਵਿਚ ਪੈ ਜਾਂਦੇ ਹਾਂ। ਵਿਤਰਣ ਪ੍ਰਣਾਲੀ ਇੰਨੀ ਖ਼ਰਚੀਲੀ ਹੈ ਕਿ ਮੈਗਜ਼ੀਨਾਂ/ਕਿਤਾਬਾਂ ਦੂਰ ਦੁਰਾਡੇ ਬੈਠੇ ਪਾਠਕ ਖ਼ਰੀਦ ਕੇ ਪੜ੍ਹ ਨਹੀਂ ਸਕਦੇ, ਅਜਿਹੀ ਸਥਿਤੀ ਵਿਚ ਨੈੱਟ ਪਤ੍ਰਿਕਾਵਾਂ ਚਾਹੇ ਉਹ ਵੈੱਬ ਪਤ੍ਰਿਕਾਵਾਂ ਦੇ ਰੂਪ ਚ ਹੋਣ ਜਾਂ ਬਲੌਗ ਦੇ ਰੂਪ , ਬੜੀ ਸਹਿਜਤਾ ਤੇ ਬਿਨਾਂ ਖ਼ਰਚ ਦੇ ਉਪਲਬਧ ਹੋ ਜਾਂਦੀਆਂ ਹਨ। ਇਨ੍ਹਾਂ ਪਤ੍ਰਿਕਾਵਾਂ ਵਿਚ ਪ੍ਰਕਾਸ਼ਿਤ ਸਾਹਿਤ ਸੱਤ ਸਮੁੰਦਰ ਪਾਰ ਬੈਠੇ ਪਾਠਕਾਂ ਲਈ ਇਕ ਕਲਿਕ ਭਰ ਦੀ ਦੂਰੀ ਤੇ ਹੁੰਦਾ ਹੈ, ਇਸ ਦੀ ਇਸੇ ਉਪਯੋਗਿਤਾ ਨੂੰ ਦੇਖਦੇ ਹੋਏ ਅੱਜ ਬਹੁਤ ਸਾਰੇ ਲੇਖਕ, ਪੱਤਰਕਾਰ, ਰੰਗਕਰਮੀ, ਡਾਕਟਰ, ਸਮਾਜ ਸੇਵੀ, ਫਿਲਮਕਾਰ ਇਸ ਮਾਧਿਅਮ ਨਾਲ ਤੇਜ਼ੀ ਨਾਲ ਜੁੜ ਰਹੇ ਹਨ। ਮੈਂ ਜਦੋਂ ਬਲੌਗ ਦੀ ਦੁਨੀਆਂ ਵਿਚ ਪ੍ਰਵੇਸ਼ ਕੀਤਾ ਤਾਂ ਉਸ ਵੇਲੇ ਹਿੰਦੀ ਵਿਚ ਬਲੌਗ ਦੀ ਗਿਣਤੀ ਸਿਰਫ਼ ਛੇ ਸੌ ਦੇ ਕਰੀਬ ਸੀ। ਉਨ੍ਹਾਂ ਵਿਚੋਂ ਵੀ ਬਹੁਤੇ ਪੱਤਰਕਾਰਾਂ ਦੇ ਬਲੌਗ ਸਨ ਜਾਂ ਉਨ੍ਹਾਂ ਲੋਕਾਂ ਦੇ ਜੋ ਬਲੌਗ ਤੇ ਆਪਣੀਆਂ ਰਚਨਾਵਾਂ ਨੂੰ ਪੇਸ਼ ਕਰਕੇ ਆਪਣੇ ਪ੍ਰਗਟਾਵੇ ਦੀ ਇੱਛਾ ਪੂਰਤੀ ਕਰਦੇ ਹਨ, ਮੈਂ ਇਸ ਮਾਧਿਅਮ ਦਾ ਲਾਭ ਉਠਾਉਣਾ ਚਾਹਿਆ ਤੇ ਆਪਣਾ ਪਹਿਲਾ ਬਲੌਗ ਅਨੁਵਾਦ ਤੇ ਹੀ ਆਧਾਰਿਤ ਰੱਖਿਆ, ‘ਸੇਤੁ ਸਾਹਿਤਨਾਂ ਦੇ ਮੇਰੇ ਇਸ ਬਲੌਗ ਵਿਚ ਭਾਰਤੀ ਭਾਸ਼ਾਵਾਂ ਦੀਆਂ ਸਵਰੋਤਮ ਰਚਨਾਵਾਂ ਸਮੇਤ ਵਿਦੇਸ਼ੀ ਭਾਸ਼ਾਵਾਂ ਦੇ ਸ਼੍ਰੇਸ਼ਟ ਸਾਹਿਤ ਦਾ ਅਨੁਵਾਦ ਵੀ ਪ੍ਰਸਤੁਤ ਹੁੰਦਾ ਹੈ, ਪਰ ਛੋਟੀਆਂ ਰਚਨਾਵਾਂ ਦਾ ਜਿਵੇਂ-ਕਵਿਤਾ, ਲਘੂਕਥਾ, ਸੰਸਮਰਣ, ਪਤਰ ਆਦਿ ਪੰਜਾਬੀ ਰਚਨਾਵਾਂ ਦਾ ਬਹੁਤਾ ਅਨੁਵਾਦ ਮੈਂ ਆਪ ਹੀ ਕਰਦਾ ਹਾਂ। ਇਹ ਬਲੌਗ ਚੌਂਤੀ ਦੇਸ਼ਾਂ ਵਿਚ ਪੜ੍ਹਿਆ ਜਾਂਦਾ ਹੈ ਤੇ ਹੁਣ ਤੱਕ (ਇਸ ਇੰਟਰਵਿਊ ਦੇ ਦੇਣ ਤੱਕ) ਇਸ ਦੇ ਦਸ ਹਜ਼ਾਰ ਤੋਂ ਵੱਧ ਪਾਠਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਵਾਟਿਕਾਨਾਂ ਦੇ ਬਲੌਗ ਵਿਚ ਹਰ ਮਹੀਨੇ ਮੇਰੀ ਪਸੰਦ ਦੇ ਕਿਸੇ ਇਕ ਕਵੀ ਦੀਆਂ ਦਸ ਚੋਣਵੀਆਂ ਕਵਿਤਾਵਾਂ ਜਾਂ ਕਿਸੇ ਸ਼ਾਇਰ ਦੀਆਂ ਦਸ ਚੋਣਵੀਆਂ ਗ਼ਜ਼ਲਾਂ ਪ੍ਰਕਾਸ਼ਿਤ ਹੁੰਦੀਆਂ ਹਨ। ਗਵਾਕ੍ਰਸ਼ਨਾਂ ਵਾਲੇ ਬਲੌਗ ਵਿਚ ਭਾਰਤ ਤੋਂ ਬਾਹਰ ਵਿਦੇਸ਼ਾਂ ਵਿਚ ਰਹਿ ਰਹੇ ਹਿੰਦੀ-ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਾਹਿਤ ਸ੍ਰਿਜਨਇਕ ਬਲੌਗ ਮੈਗਜ਼ੀਨ ਹੈ ਅਤੇ ਇਸ ਵਿੱਚ ਮੇਰੀ ਬਾਤ, ਕਹਾਣੀ, ‘ਕਵਿਤਾ’, ‘ਲਘੁਕਥਾ’, ‘ਅਨੁਵਾਦ’, ‘ਇੰਟਰਵਿਯੂ’, ‘ਸੰਸਮਰਣ’, ‘ਪੁਸਤਕ ਸਮੀਖਿਆ’, ਆਦਿ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਇਹ ਬਲੌਗ ਪਤ੍ਰਿਕਾ 63 ਦੇਸ਼ਾਂ ਵਿੱਚ ਵੇਖੀ ਪੜ੍ਹੀ ਜਾਂਦੀ ਹੈ, ‘ਸ੍ਰਿਜਨ ਯਾਤਰਾਬਲੌਗ ਮੇਰੀਆਂ ਆਪਣੀਆਂ ਰਚਨਾਵਾਂ ਦਾ ਬਲੌਗ ਹੈ, ਜਿਸ ਵਿਚ ਮੈਂ ਸਮੇਂ ਸਮੇਂ ਤੇ ਆਪਣੀਆਂ ਕਹਾਣੀਆਂ, ਕਵਿਤਾਵਾਂ, ਲਘੂਕਥਾਵਾਂ, ਸੰਸਮਰਣ ਆਦਿ ਪੇਸ਼ ਕਰਦਾ ਰਹਿੰਦਾ ਹਾਂ। ਇਹ ਵੀ 63 ਦੇਸ਼ਾਂ ਵਿਚ ਵੇਖਿਆ-ਪੜ੍ਹਿਆ ਜਾ ਰਿਹਾ ਹੈ। ਅਨੁਵਾਦ ਨੂੰ ਲੈ ਕੇ ਮੇਰੀ ਇਕ ਨਵੀਂ ਬਲੌਗ ਪਤ੍ਰਿਕਾ ਹੈ-ਕਥਾ ਪੰਜਾਬ। ਦਰਅਸਲ ਮੈਂ ਇਸ ਨੂੰ ਇਕ ਵੈੱਬ ਮੈਗਜ਼ੀਨ ਦਾ ਰੂਪ ਦੇਣਾ ਚਾਹੁੰਦਾ ਸੀ, ਪਰ ਕਿਉਂਕਿ ਇਹ ਖ਼ਰਚੀਲਾ ਤੇ ਬੇਹੱਦ ਮਿਹਨਤ ਵਾਲਾ ਕੰਮ ਹੈ, ਮੈਂ ਇਸ ਨੂੰ ਅਜੇ ਬਲੌਗ ਮੈਗਜ਼ੀਨ ਤੱਕ ਹੀ ਸੀਮਿਤ ਰੱਖਿਆ ਹੈ। ਇਸ ਬਲੌਗ ਦੇ ਜ਼ਰੀਏ ਮੇਰੀ ਇਕ ਲੰਬੀ ਯੋਜਨਾ ਹੈ। ਪੰਜਾਬੀ ਗਲਪ ਤੇ ਕੇਂਦ੍ਰਿਤ ਇਸ ਬਲੋਗ ਵਿਚ ਕਈ ਕਾਲਮ ਹਨ ਜਿਵੇਂ- ਪੰਜਾਬੀ ਕਹਾਣੀ ਅੱਜ ਤੱਕ’, ‘ਪੰਜਾਬੀ ਲਘੂਕਥਾ : ਆਜ ਤਕ’, ‘ਪੰਜਾਬੀ ਕਹਾਣੀ : ਨਏ ਹਸ੍ਰਤਾਕ੍ਰਸ਼ਰ’, ‘ਇਸਤਰੀ ਕਥਾ ਲੇਖਕ : ਚੁਨਿੰਦਾ ਕਹਾਣੀਆਂ’, ‘ਆਤਮ-ਕਥਾ-ਸਵੈ ਜੀਵਨੀ’, ‘ਪੰਜਾਬੀ ਉਪਨਾਯਾਸ’, ‘ਲੇਖਕ ਸੇ ਬਾਤਚੀਤਸੰਸਮਰਣ/ਰੇਖਾ ਚਿੱਤਰ ਆਦਿ, ਇਸ ਬਲੋਗ ਵਿਚ ਜਾਣ ਵਾਲੇ ਮੈਟਰ ਦੀ ਚੋਣ ਮੇਰੀ ਆਪਣੀ ਹੁੰਦੀ ਹੈ ਤੇ ਅਨੁਵਾਦ ਵੀ। ਇਹ ਵੀ ਵਿਸ਼ਵ ਦੇ ਤੇਈ ਦੇਸ਼ਾਂ ਵਿਚ ਵੇਖਿਆ-ਪੜ੍ਹਿਆ ਜਾ ਰਿਹਾ ਹੈ।

*****

ਜਿੰਦਰ: ਮੰਨ ਲਉ ਕਿ ਰਾਜਕਮਲ ਜਾਂ ਵਾਣੀ ਪ੍ਰਕਾਸ਼ਨ ਵੱਲੋਂ ਤੁਹਾਨੂੰ ਕੋਈ ਕਹਾਣੀਆਂ ਦੀ ਕਿਤਾਬ ਸੰਪਾਦਿਤ ਕਰਨ ਦਾ ਨਿਮੰਤਰਣ ਮਿਲਦਾ ਹੈ। ਤੁਸੀਂ ਸਿਰਫ਼ ਪੰਦਰਾਂ ਕਹਾਣੀਆਂ ਲੈਣੀਆਂ ਹਨ। ਤੁਹਾਡੀ ਚੋਣ ਦਾ ਆਧਾਰ ਕੀ ਹੋਵੇਗਾ? ਕਿਹੜੀਆਂ ਕਿਹੜੀਆਂ ਕਹਾਣੀਆਂ ਨੂੰ ਸ਼ਾਮਿਲ ਕਰੋਗੇ। ਕਿਸੇ ਇਕ ਵਿਸ਼ੇ ਨੂੰ ਲੈ ਕੇ ਨਹੀਂ, ਸਿਰਫ਼ ਪੰਜਾਬੀ ਦੀਆਂ ਮਾਸਟਰ ਕਹਾਣੀਆਂ।

-----

ਨੀਰਵ: ਤੁਸੀਂ ਇਨ੍ਹਾਂ ਪ੍ਰਕਾਸ਼ਕਾਂ ਦੇ ਨਾਂ ਸ਼ਾਇਦ ਇਸ ਕਰਕੇ ਲਏ ਹਨ ਕਿਉਂਕਿ ਹਿੰਦੀ ਦੇ ਵੱਡੇ ਪ੍ਰਕਾਸ਼ਕਾਂ ਵਿਚ ਗਿਣੇ ਜਾਂਦੇ ਹਨ। ਜੇ ਤੁਸੀਂ ਇਨ੍ਹਾਂ ਦੀ ਥਾਂ-ਸਾਹਿਤ ਅਕਾਦਮੀ ਜਾਂ ਨੈਸ਼ਨਲ ਬੁਕ ਟ੍ਰੱਸਟ ਦਾ ਨਾਂ ਲੈਂਦੇ ਤਾਂ ਮੈਨੂੰ ਚੰਗਾ ਲੱਗਦਾ। ਕਿਉਂਕਿ ਇਹ ਦੋਵੇਂ ਸੰਸਥਾਵਾਂ ਲੇਖਕ ਤੇ ਅਨੁਵਾਦਕ ਦੇ ਹੱਕ ਦਾ ਪੂਰਾ-ਪੂਰਾ ਖ਼ਿਆਲ ਰੱਖਦੀਆਂ ਹਨ। ਤੁਹਾਨੂੰ ਮੇਰਾ ਇਹ ਜਵਾਬ ਤੁਹਾਡੇ ਸਵਾਲ ਤੋਂ ਬਾਹਰ ਲੱਗ ਸਕਦਾ ਹੈ। ਪਰ ਮੈਂ ਆਪਣੀ ਗੱਲ ਕਹਿਣੀ ਜ਼ਰੂਰੀ ਹੈ। ਤੁਹਾਡੇ ਦੱਸੇ ਪ੍ਰਕਾਸ਼ਕਾਂ ਵਿਚੋਂ ਇਕ ਪ੍ਰਕਾਸ਼ਕ ਨਾਲ ਮੇਰਾ ਵਾਹ ਪੈ ਚੁੱਕਿਆ ਹੈ। ਉਸ ਨੇ ਮੈਨੂੰ ਅਨੁਵਾਦਕ ਦੇ ਤੌਰ ਤੇ ਮੇਰਾ ਮਿਹਨਤਾਨਾ ਤਾਂ ਕੀ ਦੇਣਾ ਸੀ, ਅਨੁਵਾਦਕ ਨੂੰ ਕਿਤਾਬ ਦੀਆਂ ਦੋ ਕਾਪੀਆਂ ਦੇਣੀਆਂ ਵੀ ਉਸ ਦੇ ਨਿਯਮ ਵਿਚ ਸ਼ਾਮਿਲ ਨਹੀਂ। ਅਜਿਹੇ ਪ੍ਰਕਾਸ਼ਕਾਂ ਦੇ ਸੱਦੇ ਮੈਂ ਉਨ੍ਹਾਂ ਦੀਆਂ ਸ਼ਰਤਾਂ ਤੇ ਕਿਵੇਂ ਸਵੀਕਾਰ ਕਰ ਸਕਦਾ ਹਾਂ? ਇਹ ਤਾਂ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਸਮੁੱਚੀ ਪੰਜਾਬੀ ਦੀਆਂ ਮਾਸਟਰਪੀਸ ਕਹਾਣੀਆਂ ਦੀ ਗੱਲ ਕਰਨੀ ਹੋਵੇ ਤਾਂ ਸਿਰਫ਼ ਪੰਦਰਾਂ ਕਹਾਣੀਆਂ ਕਾਫ਼ੀ ਨਹੀਂ ਹਨ, ਪੰਜਾਬੀ ਕਥਾ ਸਾਹਿਤ ਵਿਚ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਚਾਰ ਕਥਾ ਪੀੜ੍ਹੀਆਂ ਦਾ ਯੋਗਦਾਨ ਰਿਹਾ ਹੈ ਤੇ ਪੁਰਾਣੀ ਪੀੜ੍ਹੀ ਤੋਂ ਲੈ ਕੇ ਚੌਥੀ ਪੀੜ੍ਹੀ ਦੇ ਕਹਾਣੀਕਾਰਾਂ ਵਿਚੋਂ ਜੇ ਸ਼ਾਹਕਾਰ ਕਹਾਣੀਆਂ ਦੀ ਚੋਣ ਕਰਨੀ ਹੋਵੇ ਤਾਂ ਪੰਦਰਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਵਰਿਆਮ ਸਿੰਘ ਸੰਧੂ ਨੇ ਨੈਸ਼ਨਲ ਬੁਕ ਟ੍ਰੱਸਟ ਲਈ ਆਜ਼ਾਦੀ ਤੋਂ ਬਾਅਦ ਦੀ ਪੰਜਾਬੀ ਕਹਾਣੀ ਦੀ ਪੁਸਤਕ ਸੰਪਾਦਿਤ ਕੀਤੀ ਹੈ ਜਿਸ ਵਿਚ 37 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਕਈ ਚੰਗੇ ਨਾਂ ਤੇ ਉਨ੍ਹਾਂ ਦੀਆਂ ਚੰਗੀਆਂ ਕਹਾਣੀਆਂ ਪੁਸਤਕ ਤੋਂ ਬਾਹਰ ਰਹਿ ਗਈਆਂ ਹਨ। ਕੋਸ਼ਾਂ ਦੀ ਗੱਲ ਵੱਖਰੀ ਹੈ। ਉਨ੍ਹਾਂ ਵਿਚੋਂ ਕਿਸੇ ਨੂੰ ਵੀ ਛੱਡਣ ਦੀ ਗੁੰਜਾਇਸ਼ ਨਹੀਂ ਰਹਿੰਦੀ ਕਿਉਂਕਿ ਉਹ ਵੱਡ ਆਕਾਰੀ ਪੁਸਤਕਾਂ ਹੁੰਦੀਆਂ ਹਨ। ਪਰ ਜੇ ਪੰਜਾਬੀ ਦੀ ਸਮੁੱਚੀ ਵਧੀਆ ਕਹਾਣੀ ਦੀ ਗੱਲ ਕਰਨੀ ਹੋਵੇ ਤੇ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ 30 ਕਹਾਣੀਕਾਰ ਤਾਂ ਲੈਣੇ ਹੀ ਪੈਣਗੇ, ਫਿਰ ਵੀ ਜੇ ਕੋਈ ਪ੍ਰਕਾਸ਼ਕ ਮੇਰੇ ਸਾਹਮਣੇ ਇਸ ਤਰ੍ਹਾਂ ਦੇ ਕੰਮ ਦੀ ਤਜਵੀਜ਼ ਰੱਖਦਾ ਹੈ ਤਾਂ ਮੈਂ ਉਸ ਦੇ ਸਾਹਮਣੇ ਘੱਟ ਤੋਂ ਘੱਟ 25 ਕਹਾਣੀਕਾਰਾਂ ਦੀਆਂ ਕਹਾਣੀਆਂ ਦੀ ਕਿਤਾਬ ਛਪਣ ਲਈ ਆਪਣੀ ਸ਼ਰਤ ਜ਼ਰੂਰ ਰੱਖਾਂਗਾ, ਤਾਂ ਕਿ ਸਮੁੱਚੀ ਪੰਜਾਬੀ ਕਹਾਣੀ ਦੇ ਨਾਲ ਨਿਆ ਕਰ ਸਕਾਂ। ਮੇਰੀ ਮਨਸ਼ਾ ਇਹ ਰਹੇਗੀ ਕਿ ਇਹ ਸਾਰੀਆਂ ਕਹਾਣੀਆਂ ਪੰਜਾਬੀ ਕਥਾ ਸਾਹਿਤ ਨੂੰ ਅਮੀਰ ਕਰਨ ਵਾਲੀਆਂ ਹੋਣ, ਦੂਜੀ ਭਾਸ਼ਾ ਵਿੱਚ ਉਸ ਦੀ ਸਹੀ ਪ੍ਰਤੀਨਿਧਤਾ ਕਰਨ ਵਾਲੀਆਂ ਹੋਣ। ਇਹ ਕਹਾਣੀਆਂ ਨਾ ਸਿਰਫ਼ ਆਪਣੇ ਸਮੇਂ ਤੇ ਕਾਲ ਦੀਆਂ ਬੇਹਤਰੀਨ ਕਹਾਣੀਆਂ ਹੋਣ, ਸਗੋਂ ਮਾਨਵੀਂ ਮੁੱਲਾਂ ਨੂੰ ਤਰਜੀਹ ਦੇਣ ਵਾਲੀਆਂ ਵੀ ਹੋਣ। ਮੈਂ 25 ਕਹਾਣੀਆਂ ਲਈ ਜਿਨ੍ਹਾਂ ਲੇਖਕਾਂ ਦੀਆਂ ਕਹਾਣੀਆਂ ਤੇ ਗੌਰ ਕਰ ਸਕਦਾ ਹਾਂ, ਉਨ੍ਹਾਂ ਲੇਖਕਾਂ ਤੇ ਕਹਾਣੀਆਂ ਦੇ ਨਾਂ ਇਸ ਤਰ੍ਹਾਂ ਹੋ ਸਕਦੇ ਹਨ-ਸੰਤ ਸਿੰਘ ਸੇਖੋਂ (ਮੀਂਹ ਜਾਵੇ, ਹਨੇਰੀ ਜਾਵੇ), ਕੁਲਵੰਤ ਸਿੰਘ ਵਿਰਕ (ਧਰਤੀ ਹੇਠਲਾ ਬਲਦ), ਕਰਤਾਰ ਸਿੰਘ ਦੁੱਗਲ (ਚਾਨਣੀ ਰਾਤ ਦਾ ਦੁਖਾਂਤ), ਸੰਤੋਖ ਸਿੰਘ ਧੀਰ (ਕੋਈ ਇਕ ਸਵਾਰ), ਰਾਮ ਸਰੂਪ ਅਣਖੀ (ਚਿੱਟੀ ਕਬੂਤਰੀ), ਪ੍ਰੇਮ ਪ੍ਰਕਾਸ਼ (ਡੈੱਡ ਲਾਈਨ), ਜਸਵੰਤ ਸਿੰਘ ਵਿਰਦੀ (ਘਰ), ਅਜੀਤ ਕੌਰ (ਗੁਲਬਾਨੋ), ਗੁਰਬਚਨ ਸਿੰਘ ਭੁੱਲਰ (ਵਖਤਾਂ ਮਾਰੇ), ਮੋਹਨ ਭੰਡਾਰੀ (ਮੂਨ ਦੀ ਅੱਖ), ਗੁਰਦੇਵ ਰੁਪਾਣਾ (ਸ਼ੀਸ਼ਾ), ਵਰਿਆਮ ਸਿੰਘ ਸੰਧੂ (ਚੌਥੀ ਕੂਟ), ਰਘੁਬੀਰ ਢੰਡ (ਸ਼ਾਨੇ ਪੰਜਾਬ), ਸੁਖਵੰਤ ਕੌਰ ਮਾਨ (ਜਿਉਣ ਜੋਗੇ), ਕਿਰਪਾਲ ਕਜ਼ਾਕ (ਗੁੰਮਸ਼ੁਦਾ) ਨਛੱਤਰ (ਲਾਸ਼), ਵੀਨਾ ਵਰਮਾ (ਰਜਾਈ), ਜਿੰਦਰ (ਕ਼ਤਲ), ਤਲਵਿੰਦਰ ਸਿੰਘ (ਖ਼ੁਸ਼ਬੂ), ਸੁਖਜੀਤ (ਬਰਫ਼), ਹਰਜੀਤ ਅਟਵਾਲ (ਜਿੰਨ ਜਾਂ ਮਛਲੀਆਂ), ਗੁਰਮੀਤ ਕੜਿਆਲਵੀ (ਸਾਰੰਗੀ ਦੀ ਮੌਤ) ਤੇ ਜਤਿੰਦਰ ਹਾਂਸ (ਪਾਵੇ ਨਾਲ ਬੰਨ੍ਹਿਆ ਹੋਇਆ ਕਾਲ਼)

*****

ਸਮਾਪਤ

No comments: