ਮੁਨਸ਼ੀ ਪ੍ਰੇਮ ਚੰਦ ਦੀ ਸ਼ਖ਼ਸੀਅਤ ਅਤੇ ਲਿਖਤਾਂ
(ਅੰਮ੍ਰਿਤ ਰਾਏ ਅਤੇ ਕਮਲ ਗੁਪਤ ਵਿਚਕਾਰ ਹੋਈ ਬਹੁਪੱਖੀ ਗੱਲਬਾਤ)
ਅਨੁਵਾਦ - ਕੇਹਰ ਸ਼ਰੀਫ਼
ਭਾਗ ਦੂਜਾ
ਲੜੀ ਜੋੜਨ ਲਈ ਭਾਗ ਪਹਿਲਾ ਉਪਰਲੀ ਪੋਸਟ ਜ਼ਰੂਰ ਪੜ੍ਹੋ ਜੀ।
*****
ਕਮਲ: ਤੁਸੀਂ ਕੀ ਸਮਝਦੇ ਹੋ ਕਿ ਉਦੇਸ਼ ਰਹਿਤ ਲਿਖਤ ਦਾ ਦੌਰ ਖਤਮ ਹੋ ਗਿਆ ਹੈ ਜਾਂ ਫੇਰ ਅਜੇ ਚੱਲ ਰਿਹਾ ਹੈ?
- ਅੰਮ੍ਰਿਤ ਇਹ ਕਹਿਣਾ ਤਾਂ ਬਹੁਤ ਮੁਸ਼ਕਿਲ ਹੈ ਕਿ ਕੋਈ ਦੌਰ ਕਦੋਂ ਸ਼ੁਰੂ ਹੁੰਦਾ ਹੈ, ਕਦੋਂ ਤੇ ਕਿੱਥੇ ਖ਼ਤਮ ਹੁੰਦਾ ਹੈ। ਅਜਿਹੇ ਦੌਰ ਤਾਂ ਆਉਂਦੇ ਹੀ ਰਹਿੰਦੇ ਹਨ, ਨਵੀਂ ਕਹਾਣੀ ਦੇ ਸਮੇਂ ਵੀ ਆਏ ਤੇ ਉਸ ਤੋਂ ਬਾਅਦ ਵੀ।
------
ਕਮਲ: ਤੁਸੀਂ ਜਦੋਂ ਸੁਭਾਵਿਕ ਹੀ ਕਹਾਣੀ ਦੀ ਗੱਲ ਕਹੀ ਸੀ ਤਾਂ ਕੀ ਇਸ ਦੇ ਪਿੱਛੇ ਪ੍ਰਤੀਬੱਧਤਾ ਵਾਲੀ ਗੱਲ ਵੀ ਸੀ?
- ਅੰਮ੍ਰਿਤ ਨਹੀਂ ਉਸਦੇ ਪਿੱਛੇ ਕੋਈ ਦੂਜੀ ਗੱਲ ਸੀ ਅਤੇ ਉਹ ਸੀ.........
-----
ਕਮਲ: ਕੀ ਹੈ ਕਹਾਣੀ ਦੇ ਵਿਰੁੱਧ?
- ਅੰਮ੍ਰਿਤ ਹਾਂ, ਇਹ ਹੀ ਹੈ-ਕਹਾਣੀ ਦੇ ਖ਼ਿਲਾਫ਼ ਉਸ ਤੋਂ ਮੇਰਾ ਭਾਵ ਇਹ ਸੀ ਕਿ ਕਹਾਣੀ ’ਚ ਕਥਾ-ਰਸ ਹੋਣਾ ਚਾਹੀਦਾ, ਕਹਾਣੀ ਭਾਵੇਂ ਨਾ ਵੀ ਹੋਵੇ। ਕਿਉਂਕਿ ਜਦੋਂ ਕਥਾ-ਰਸ ਨਹੀਂ ਹੋਵੇਗਾ ਤਾਂ ਕੋਈ ਪੜ੍ਹੇਗਾ ਹੀ ਨਹੀਂ। ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਗੀਤ ਤਾਂ ਇਕੱਲਿਆਂ ਵੀ ਗੁਣਗੁਣਾਇਆ ਜਾ ਸਕਦਾ ਹੈ ਤੇ ਅਕਸਰ ਗਾਇਆ ਜਾਂਦਾ ਹੈ ਪਰ ਕਹਾਣੀ ’ਚ ਸੁਣਨ ਤੇ ਸੁਣਾਉਣ ਵਾਲਾ ਵੀ ਹੁੰਦਾ ਹੈ। ਇਸ ਕਰਕੇ ਸੁਣਨ ਵਾਲੇ ਨੂੰ ਕੀਲਣ ਵਾਸਤੇ ਕਥਾ ਰੌਚਿਕਤਾ ਵਾਲੀ ਸ਼ਕਤੀ ਤਾਂ ਹੋਣੀ ਹੀ ਚਾਹੀਦੀ ਹੈ। ਸਹਿਜ ਕਹਾਣੀ ਤੋਂ ਮੇਰਾ ਇਸ਼ਾਰਾ ਇੱਧਰ ਹੀ ਸੀ ਅਤੇ ਉਹ ਜੋ ਦੰਗਾ-ਗ੍ਰਸਤ, ਇਕੈਹਰੀਆਂ, ਨੀਰਸ ਅਤੇ ਅਕਾਉਣ ਵਾਲੀਆਂ ਕਹਾਣੀਆਂ ਹਨ – ਉਨ੍ਹਾਂ ਦੇ ਖ਼ਿਲਾਫ਼ ਇਹ ਗੱਲ ਸੀ।
-----
ਕਮਲ: ਇਹ ਸਭ ਤਾਂ ਵਿਅਕਤੀਵਾਦੀ ਕਹਾਣੀਆਂ ਸਨ?
- ਅੰਮ੍ਰਿਤ ਹਾਂ, ਇਨ੍ਹਾਂ ਹੀ ਕਹਾਣੀਆਂ ਦੇ ਖ਼ਿਲਾਫ਼ ਮੈਂ ਸਹਿਜ ਕਹਾਣੀ ਦੀ ਗੱਲ ਕੀਤੀ ਸੀ ਕਿਉਂਕਿ ਜਦੋਂ ਤੁਸੀਂ ਕਥਾ-ਰਸ ਵਾਲੀ ਵਾਲੀ ਕਹਾਣੀ ਨੂੰ ਲੈ ਕੇ ਚੱਲੋਗੇ ਤਾਂ ਸਮਾਨ-ਅੰਤਰ ਪੱਖ ਤੋਂ ਸਮੇਂ-ਸਥਾਨ ਨਾਲ ਤੁਸੀਂ ਜੁੜੋਗੇ ਵੀ ਉਸ ਕਹਾਣੀ ਨਾਲ ਜੋ ਕਿ ਤੁਹਾਡੇ ਆਂਢ-ਗੁਆਂਢ ਦੀ, ਘਰ-ਪਰਿਵਾਰ ਦੀ ਹੀ ਗੱਲ ਹੋਵੇ। ਉਹੋ ਜਹੇ ਪ੍ਰਸੰਗ ’ਚ ਹੀ ਸਾਰੀਆਂ ਗੱਲਾਂ ਹਨ ਇਸ ਤਰ੍ਹਾਂ ਸਮਾਜਕਤਾ ਦਾ ਕਰੀਬੀ ਬੋਧ ਕਹਾਣੀ ਨਾਲ ਜੁੜੇਗਾ।
-----
ਕਮਲ: ਪ੍ਰੇਮ ਚੰਦ ਦੀਆਂ ਕਹਾਣੀਆਂ ਦੀ ਇਹ ਹੀ ਵਿਸ਼ੇਸ਼ਤਾ ਤਾਂ ਉਨ੍ਹਾਂ ਨੂੰ ਏਨਾ ਹਰਮਨ ਪਿਆਰਾ ਬਣਾਉਂਦੀ ਹੈ। ਕਿਉਂਕਿ ਉਨ੍ਹਾਂ ’ਚ ਕਥਾ-ਰਸ ਦੇ ਨਾਲ ਕਥਾਨਕ ਦੀ ਰੌਚਕਤਾ ਵੀ ਨਾਲ ਨਾਲ ਚੱਲਦੀ ਹੈ।
- ਅੰਮ੍ਰਿਤ ਬਿਨਾ ਸ਼ੱਕ ਇਹ ਹੀ ਗੱਲ ਸੀ।
-----
ਕਮਲ: ਅੱਛਾ ਤੁਸੀਂ ਇਹ ਦੱਸੋ ਕਿ ਪ੍ਰੇਮ ਚੰਦ ਨੇ ਭਾਰਤੀ ਅਤੇ ਵਿਦੇਸ਼ੀ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਸੀ। ਜਿੰਨਾ ਲਿਖਿਆ ਉਸ ਤੋਂ ਬਹੁਤ ਜ਼ਿਆਦਾ ਪੜ੍ਹਿਆ ਵੀ, ਇਸ ਕਰਕੇ ਇਹ ਪੁੱਛਣਾਂ ਚਾਹਾਗਾਂ ਕਿ ਤੁਸੀ ਕਿਸ-ਕਿਸ ਲੇਖਕ ਦਾ ਉਨ੍ਹਾਂ ’ਤੇ ਪ੍ਰਭਾਵ ਸਮਝਦੇ ਹੋ?
- ਅੰਮ੍ਰਿਤ ਇਹ ਦੱਸਣਾ ਤਾਂ ਬਹੁਤ ਮੁਸ਼ਕਲ ਹੈ।
-----
ਕਮਲ: ਮੇਰਾ ਮਤਲਬ ਜਿੱਥੋਂ ਉਨ੍ਹਾਂ ਨੇ ਕੁੱਝ ਸਿੱਖਿਆ ਹੋਵੇ। ਗੱਲ ਗ੍ਰਹਿਣ ਕੀਤੀ ਹੋਵੇ। ਜ਼ਮੀਨ ਆਪਣੀ ਹੀ ਰੱਖੀ ਹੋਵੇ ਸ਼ੈਲੀ ਲਈ ਹੋਵੇ ਜਾਂ ਫੇਰ ਕਹਿਣ ਢੰਗ ਹੀ ਲਿਆ ਹੋਵੇ।
- ਅੰਮ੍ਰਿਤ ਕਹਿਣ ਢੰਗ ਤਾਂ ਸਿੱਧਾ ਉਰਦੂ ਤੋਂ ਆਇਆ ਅਤੇ ਉਸ ਕਹਿਣ ਢੰਗ ਤੋਂ ਮੈਂ ਸਮਝਦਾ ਹਾਂ ‘ਤਿਲਸਮੇਂ ਹੋਸ਼ਰੁਬਾ’ ਦਾ ਵੀ ਆਪਣਾ ਯੋਗਦਾਨ ਹੈ। ਭਾਵੇਂ ਉਨ੍ਹਾਂ ਨੇ ਤਲਿਸਮ ਦੀ ਗਲੀ ਛੱਡ ਦਿੱਤੀ ਹੋਵੇ ਅਤੇ ਉਹਨੂੰ ਲੈ ਆਏ ਸਮਾਜਕਤਾ ਦੇ ਰਸਤੇ ਵੱਲ, ਪਰ ਇਹ ਤਾਂ ਬੜੀ ਚੰਗੀ ਲਿਖੀ ਤੇ ਗੁੰਦੀ ਹੋਈ ਕਹਾਣੀ ਹੈ। ਗੱਲ ’ਚੋਂ ਗੱਲ ਨਿਕਲ ਰਹੀ ਹੈ, ਘਟਨਾ ’ਚੋਂ ਘਟਨਾ ਨਿਕਲ ਰਹੀ ਹੈ ਅਤੇ ਬੇਹੱਦ ਰੌਚਕਤਾ ਨਾਲ ਕਹਾਣੀ ਅੱਗੇ ਵਧ ਰਹੀ ਹੈ। ਇਹ ਹੀ ਢੰਗ ਤਾਂ ‘ਚੰਦਰ ਕਾਂਤਾ’ ’ਚ ਸੀ ਅਤੇ ਉਨ੍ਹਾਂ ਨੇ ਉੱਥੋਂ ਇਹ ਢੰਗ ਲਿਆ, ਫੇਰ ‘ਮਿਸਟ੍ਰੀਜ਼ ਆਫ ਦੀ ਕੋਰਟ ਆਫ ਲੰਡਨ’ ਵਰਗੀਆਂ ਜਾਸੂਸੀ ਕਿਸਮ ਦੀਆਂ ਚੀਜ਼ਾਂ ਉਨ੍ਹਾਂ ਨੇ ਉਸ ਜ਼ਮਾਨੇ ’ਚ ਹੀ ਪੜ੍ਹੀਆਂ ਸਨ। ਪਰ ਇਹ ਸਾਰੇ ਤੱਥ ਉਨ੍ਹਾਂ ਨੇ ਛੱਡ ਦਿੱਤੇ ਕਿ ਉਹ ਕੀ ਪੜ੍ਹਿਆ ਕਰਦੇ ਸਨ। ਕਹਾਣੀ ਦਾ ਰੂਪਕ ਪੱਖ ਤਾਂ ਉਨ੍ਹਾਂ ਨੇ ਉੱਥੋਂ ਫੜਿਆ ਪਰ ਕਹਾਣੀ ਦੀ ਆਤਮਾ ਨੂੰ ਉਨ੍ਹਾਂ ਨੇ ਉੱਥੋਂ ਨਹੀਂ ਫੜਿਆ। ਕਹਾਣੀ ਦਾ ਢਾਂਚਾ ਤਾਂ ਉਨ੍ਹਾਂ ਨੇ ਉੱਥੋਂ ਲਿਆ ਪਰ ਗੱਲ ਆਪਣੀ ਪਾਈ। ਹੋਰ ਉਨ੍ਹਾਂ ’ਤੇ ਪ੍ਰਭਾਵ ਪਿਆ ਰਤਨ ਲਾਲ ਸਰਸ਼ਾਰ ਦਾ। ਵਿਦੇਸ਼ੀ ਲੇਖਕਾਂ ਵਿਚੋਂ ਦਾਸਤੋਵਸਕੀ, ਚੈਖੋਵ ਅਤੇ ਟਾਲਸਟਾਏ ਦਾ ਪ੍ਰਭਾਵ ਵੀ ਉਨ੍ਹਾਂ ’ਤੇ ਸੀ ।
-----
ਕਮਲ: ਅੱਛਾ! ਇਹ ਉਰਦੂ ਵਿਚੋਂ ਹਿੰਦੀ ’ਚ ਆਉਣ ਦਾ ਵਿਚਾਰ ਕਿਉਂ ਤੇ ਕਿਵੇਂ ਪੈਦਾ ਹੋ ਗਿਆ? ਆਪਣੇ ਤੌਰ ਤੇ ਹੀ ਜਾਂ ਕਿਸੇ ਦੇ ਕਹਿਣ ਤੇ?
- ਅੰਮ੍ਰਿਤ ਪਤਾ ਨਹੀਂ ਕਿਵੇਂ ਪੈਦਾ ਹੋਇਆ। ਕੋਈ ਨਾ ਕੋਈ ਗੱਲ ਤਾਂ ਹੋਈ ਹੋਣੀ ਐਂ, ਤਦ ਉਨ੍ਹਾਂ ਨੇ ਮਹਿਸੂਸ ਕੀਤਾ ਹੋਵੇਗਾ ਕਿ ਹਿੰਦੀ ’ਚ ਜਾਣਾ ਚੰਗਾ ਰਹੇਗਾ।
-----
ਕਮਲ: ਹਾਂ ਜੋ ਉਨ੍ਹਾਂ ਦਾ ਮਕਸਦ ਸੀ ਸਮਾਜ ਅੰਦਰ ਵਿਚਾਰਧਾਰਕ ਤਬਦੀਲੀ ਅਤੇ ਵਿਵਹਾਰਕ ਸੁਧਾਰ ਲਿਆਉਣ ਦਾ, ਦੇਸ਼ ਦੀ ਅਜਾਦੀ ਦਾ ਉਸਦੇ ਵਾਸਤੇ ਉਨ੍ਹਾਂ ਨੂੰ ਹਿੰਦੀ ਦਾ ਖੇਤਰ ਜ਼ਿਆਦਾ ਵੱਡਾ ਲੱਗਾ ਹੋਵੇਗਾ ਕਿਉਂਕਿ ਉਸਦੇ ਪਾਠਕ ਵੱਧ ਸਨ, ਇਹ ਹੀ ਸਮਝ ਕੇ ਉਹ ਹਿੰਦੀ ਵਿਚ ਆ ਗਏ ਹੋਣਗੇ। ਕਹਿੰਦੇ ਹਨ ਕਿ ਇਸ ਮਾਮਲੇ ’ਚ ਦਯਾਨਾਰਾਇਣ ਨੇ ਵੀ ਕੋਈ ਖ਼ਾਸ ਪਹਿਲ ਕੀਤੀ ਸੀ।
- ਅੰਮ੍ਰਿਤ ਨਹੀਂ ਅਜਿਹੀ ਕੋਈ ਗੱਲ ਨਹੀਂ ਸੀ ਮੈਂ ਤਾਂ ਸਮਝਦਾ ਸੰਭਵ ਹੈ ਕਿ ਉਹ ਵੀ ਫ਼ਿਰਾਕ ਵਾਂਗ ਉਨ੍ਹਾਂ ਲੋਕਾਂ ’ਚੋਂ ਹੋਣ ਜਿਹੜੇ ਇਹ ਕਹਿੰਦੇ ਹਨ ਕਿ ਉਨ੍ਹਾਂ (ਪ੍ਰੇਮ ਚੰਦ) ਨੇ ਜ਼ਿੰਦਗੀ ਵਿਚ ਇਕ ਹੀ ਗਲਤੀ ਕੀਤੀ ਕਿ ਉਹ ਉਰਦੂ ਤੋਂ ਹਿੰਦੀ ਵੱਲ ਚਲੇ ਆਏ।
-----
ਕਮਲ: ਇਹ ਅਜੀਬ ਜਿਹੀ ਗੱਲ ਐ। ਲਗਦਾ ਹੈ ਉਨ੍ਹਾਂ ਦਾ ਉਰਦੂ ’ਚੋਂ ਹਿੰਦੀ ’ਚ ਆਉਣਾ ਬਹੁਤ ਸਾਰੇ ਉਰਦੂ ਵਾਲਿਆਂ ਨੂੰ ਜ਼ਖ਼ਮ ਵਾਂਗ ਦੁੱਖ ਦੇ ਰਿਹਾ ਹੈ ਤੇ ਸੈਲੇਸ਼ ਜ਼ੈਦੀ ਦਾ ਤਮਾਸ਼ਾ ਤਾਂ ਤੁਸੀਂ ਦੇਖਿਆ ਹੀ ਹੋਵੇਗਾ?
- ਅੰਮ੍ਰਿਤ ਹਾਂ ਦੇਖਿਆ ਸੀ ਪਰ ਹਿੰਦੀ ਵਾਲੇ ਇਹ ਵੀ ਤਾਂ ਨਹੀਂ ਕਰਦੇ ਕਿ ਜ਼ਰਾ ਢੰਗ ਨਾਲ ਉਹਦਾ ਜਵਾਬ ਦੇਣ।
-----
ਕਮਲ: ਜਵਾਬ ਤਾਂ ਉਹਨੂੰ ਦਿੱਤਾ ਹੀ ਜਾ ਰਿਹਾ ਪਰ ਮੈਂ ਜਾਣਨਾ ਚਾਹਾਂਗਾ ਕਿ ਤੁਹਾਡੇ ਜ਼ਿਹਨ ’ਚ ਇਹਦੇ ਜਵਾਬ ਵਿਚ ਕੀ ਖ਼ਿਆਲ ਐ?
- ਅੰਮ੍ਰਿਤ ਮੈਂ ਤਾਂ ਉਸਦੀ ਪੂਰੀ ਕਿਤਾਬ ਵੀ ਪੜ੍ਹਨੀ ਪਸੰਦ ਨਹੀਂ ਕੀਤੀ।
-----
ਕਮਲ: ਕਿਉਂ! ਅਜਿਹਾ ਕਿਉਂ। ਇਤਰਾਜ਼ਯੋਗ ਗੱਲ ਤਾਂ ਉਸ ਵਿਚ ਸ਼ਖਸੀਅਤ ਨੂੰ ਸਾਹਮਣੇ ਰੱਖ ਕੇ ਲਿਖੀ ਗਈ ਹੈ ਬਾਕੀ ਜਿੱਥੋਂ ਤੱਕ ਲਿਖਣ ਪੱਖ ਦਾ ਮੁਲਾਂਕਣ ਹੈ ਉਹ ਤਾਂ ਠੀਕ ਐ- ਢੰਗ ਨਾਲ ਲਿਖਿਆ ਗਿਆ ਹੈ ਫੇਰ ਪਤੇ ਦੀ ਗੱਲ ਤਾਂ ਇਹ ਹੈ ਕਿ ਉਹਨੇ ਸਾਰੀਆਂ ਗੱਲਾਂ ‘ਕਲਮ ਕਾ ਸਿਪਾਹੀ’ ਤੋਂ ‘ਪ੍ਰੇਮ ਚੰਦ ਚਿੱਠੀ-ਪੱਤਰ’ ਜਾਂ ‘ਪ੍ਰੇਮ ਚੰਦ ਘਰ ਮੇਂ’ ਵਰਗੀਆਂ ਕਿਤਾਬਾਂ ਤੋਂ ਹੀ ਨੋਟ ਕੀਤੀਆਂ ਤੇ ਉਨ੍ਹਾਂ ਦਾ ਹਵਾਲਾ ਦਿੱਤਾ ਹੈ। ਹਾਂ, ਪਰ ਉਸ ਦੀ ਪੇਸ਼ਕਾਰੀ ਬਹੁਤ ਹੀ ਇਤਰਾਜ਼ਯੋਗ ਅਤੇ ਅਪਮਾਨਜਨਕ ਹੈ ਜਿਸਨੂੰ ਪੜ੍ਹਕੇ ਕੋਈ ਵੀ ਆਦਮੀ ਇਹ ਕਹਿ ਸਕਦਾ ਹੈ ਕਿ ਇਹ ਸਾਰੇ ਦਾ ਸਾਰਾ ਦੋਸ਼ ਪਹਿਲਾਂ ਤੋਂ ਹੀ ਮਿਥਿਆ ਹੋਇਆ ਸੀ।
- ਅੰਮ੍ਰਿਤ ਹਾਂ ਦੁਨੀਆਂ ’ਚ ਕੋਈ ਚੀਜ਼ ਅਜਿਹੀ ਨਹੀਂ ਜਿਸਨੂੰ ਉਸ ਦੇ ਸੰਦਰਭ ਤੋਂ ਕੱਟਕੇ ਉਸ ਦਾ ਕੁਝ ਤੋਂ ਕੁਝ ਨਾ ਬਣਾ ਦਿੱਤਾ ਜਾਵੇ।
-----
ਕਮਲ: ਹੁਣ ਫੇਰ ਉਸਦਾ ਮੈਂ ਤੁਹਾਨੂੰ ਇਕ ਵਾਕ ਸੁਣਾਵਾਂ ਉਹ ਲਿਖਦਾ ਹੈ ‘ਉਂਜ ਤਾਂ ਪ੍ਰੇਮ ਚੰਦ ਝੂਠ ਬੋਲਣ ਦੇ ਮਾਹਿਰ ਸਨ- ਪਰ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਹ ਇੱਥੇ ਝੂਠ ਨਹੀਂ ਬੋਲ ਰਹੇ’
- ਅੰਮ੍ਰਿਤ ਇੱਥੇ ਮੈਂ ਤੁਹਾਨੂੰ ਇਕ ਸਮੀਖਿਆ ਦਾ ਹਵਾਲਾ ਦੇਣਾ ਚਾਹਾਂਗਾ ਇਕ ਸੱਜਣ ਹਨ ਗੋਪਾਲ ਨਾਂ ਦੇ...........
-----
ਕਮਲ: ਮਦਨ ਗੋਪਾਲ ਤਾਂ ਨਹੀਂ?
- ਅੰਮ੍ਰਿਤ ਨਹੀਂ, ਉਹ ਗੋਪਾਲ ਹਨ- ਗੋਪਾਲ ਰਾਏ, ਜਿਨ੍ਹਾਂ ਨੇ ਸ਼ੈਲੇਸ਼ ਜੈਦੀ ਦੀ ਕਿਤਾਬ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਦੇ ਕੁੱਝ ਗੱਲਾਂ ਦਾ ਤਾਂ ਖ਼ੈਰ ਵਿਰੋਧ ਵੀ ਕੀਤਾ ਹੈ ਪਰ ਇਹ ਗੱਲ ਕਹਿਣੀ ਵੀ ਨਹੀਂ ਭੁੱਲੇ ਕਿ ਜ਼ੈਦੀ ਨੇ ਬਹੁਤ ਵਧੀਆ ਸੰਗ੍ਰਹਿ ਦਿੱਤਾ ਹੈ ਅੱਗੇ ਲਿਖਿਆ ਹੈ ਅਮਕ ਕੀਤਾ, ਢਮਕ ਕੀਤਾ....
-----
ਕਮਲ: ਦੇਖੋ ਹੋਰ ਜਿਹੜੀ ਪਹਿਲੇ ਮੁਲਾਂਕਣ ਦੀ ਗੱਲ ਉਹਦੇ ਵਿਚ ਲਿਖੀ ਗਈ ਹੈ ਉਹ ਤਾਂ ਠੀਕ ਹੈ।
- ਅੰਮ੍ਰਿਤ ਕੀ ਲਿਖਿਆ ਹੈ- ਜਿੱਥੋਂ ਤੱਕ ਮੈਂ ਪੜ੍ਹਿਆ/ਦੇਖਿਆ , ਉਸ ਤੋਂ ਬਾਅਦ ਮੇਰੀ ਪਤਨੀ ਨੇ ਮੈਨੂੰ ਪੜ੍ਹਨ ਹੀ ਨਹੀਂ ਦਿੱਤਾ ਸੀ। ਉਸ ਭਰਾ ਨੇ ਤਾਂ ਚਾਹਿਆ ਸੀ ਕਿ ਉਹ ਕਿਤਾਬ ਮੇਰੇ ਹੱਥੋਂ ਰਿਲੀਜ਼ ਹੋਵੇ ਇਸ ਬਾਰੇ ਉਹਨੇ ਘੱਟੋ ਘੱਟ ਮੈਨੂੰ ਤਿੰਨ ਚਿੱਠੀਆਂ ਲਿਖੀਆਂ। ਪਰ, ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਂ ਉਹਦੀਆਂ ਚਿੱਠੀਆਂ ਦਾ ਜਵਾਬ ਹੀ ਨਹੀਂ ਦਿੱਤਾ। ਫੇਰ ਮੇਰੇ ਕੋਲ ਵਿਹਲ ਵੀ ਨਹੀਂ ਸੀ। ਮੈਂ ਆਪਣਾ ਕੰਮ ਕਰ ਰਿਹਾ ਸੀ- ਸੋਚਿਆ, ਛੱਡੋ ਪਰੇ......
------
ਕਮਲ: ਪਰ ਅਜਿਹਾ ਕਰਨਾ ਤਾਂ ਉਹਦਾ ਠੀਕ ਜਵਾਬ ਨਾ ਹੋਇਆ? ਤੁਹਾਨੂੰ ਥੋੜ੍ਹਾ ਜਿਹਾ ਅੱਗੇ ਵਧਕੇ ਜਵਾਬ ਦੇਣਾ ਹੀ ਚਾਹੀਦਾ ਸੀ।
- ਅੰਮ੍ਰਿਤ ਦੇਖੋ, ਇੱਥੇ ਮੇਰੀ ਹਾਲਤ ਥੋੜੀ ਡੈਲੀਕੇਟ (ਪਤਲੀ) ਹੋ ਜਾਂਦੀ ਹੈ ਇੱਥੇ ਮੇਰੇ ਕਰਨ ਦਾ ਕੋਈ ਕੰਮ ਨਹੀਂ।
-----
ਕਮਲ: ਠੀਕ ਐ- ਪਰ ਤੁਹਾਨੂੰ ਇੱਥੇ ਤਾਂ ਕੁੱਝ ਨਾ ਕੁੱਝ ਕਹਿਣਾ ਹੀ ਪਵੇਗਾ ਇੱਥੇ ਜੋ ਕੁੱਝ ਤੁਹਾਡੇ ਹਵਾਲੇ ਨਾਲ ਉਸ ਨੇ ਕਿਹਾ ਹੈ ਜੇਕਰ ਇਹ ਸੱਚ ਹੈ ਕਿ ਜੋ ਕੁੱਝ ਤੁਸੀਂ ਲਿਖਿਆ ਹੈ ਉਹ ਇਕ ਬਾਇਉਗਰਾਫਰ ( ਜੀਵਨੀ ਲਿਖਣ ਵਾਲਾ) ਦੀ ਈਮਾਨਦਾਰੀ ਤੇ ਸਪਸ਼ਟਤਾ ਦੇ ਕਰਕੇ ਹੀ ਲਿਖਿਆ ਹੈ ਪਰ ਜਿਸ ਤਰ੍ਹਾਂ ਉਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਉਸ ਬਾਰੇ ਤਾਂ ਤੁਹਾਨੂੰ ਕੁੱਝ ਕਹਿਣਾ ਚਾਹੀਦਾ- ਦੇਖਣਾ ਚਾਹੀਦਾ।
- ਅੰਮ੍ਰਿਤ ਉਹ ਤਾਂ ਤੁਹਾਡੇ ਦੇਖਣ ਦੀ ਗੱਲ ਹੈ ਕਿ ਮੈਂ ਕੀ ਕਿਹਾ ਤੇ ਸ਼ੈਲੇਸ਼ ਜ਼ੈਦੀ ਨੇ ਇੱਥੇ ਕਿਵੇਂ ਅੱਗੜ-ਦੁੱਗੜ ਕਰ ਦਿੱਤਾ ਹੈ....ਉਹਦੇ ਬਾਰੇ ਮੈਂ ਕੀ ਕਹਾਂਗਾ....... ਮੈਂ ਤਾਂ ਜੋ ਕਹਿਣਾ ਸੀ ਉਹ ਪਹਿਲਾਂ ਹੀ ਕਿਤਾਬ ਵਿਚ ਕਹਿ ਦਿੱਤਾ ਹੈ।
-----
ਕਮਲ: ਉਸ ਸਮੇਂ ਤੁਹਾਡੀ ਪਹਿਲੀ ਪ੍ਰਤੀਕ੍ਰਿਆ ਕਿਹੋ ਜਹੀ ਹੋਈ?
- ਅੰਮ੍ਰਿਤ ਜੋ ਤੁਹਾਡੀ ਹੋਈ ਉਹ ਹੀ ਮੇਰੀ ਹੋਈ।
****
ਸਮਾਪਤ
No comments:
Post a Comment