ਅਦਬ ਸਹਿਤ
ਤਨਦੀਪ ‘ਤਮੰਨਾ’
******
“.....ਨਵੇਂ ਲੇਖਕਾਂ ਨੂੰ ਕਹਾਂਗਾ ਕਿ ਜੇ ਤੁਹਾਡੇ ਅੰਦਰ ਇੱਕ ਲਿਖਾਰੀ ਸੁੱਤਾ ਪਿਆ ਹੈ ਤਾਂ ਉਸਨੂੰ ਜਗਾਓ। ਤੁਸੀਂ ਲਿਖਣਾ ਸ਼ੁਰੂ ਕਰੋ। ਲਿਖਣ ਤੋਂ ਪਹਿਲਾਂ ਵਧੀਆ ਲੇਖਕਾਂ ਨੂੰ ਜ਼ਰੂਰ ਪੜ੍ਹੋ। ਹੋਰ ਭਾਸ਼ਾਵਾਂ ਦਾ ਸਾਹਿਤ ਵੀ ਪੜ੍ਹਨਾ ਚਾਹੀਦੈ। ਗ਼ਲਤ ਢੰਗ ਅਪਣਾ ਕੇ ਮਸ਼ਹੂਰੀ ਖੱਟਣ ਦਾ ਯਤਨ ਨਾ ਕਰੋ। ਆਪਣੀਆਂ ਪੁਸਤਕਾਂ ਨੂੰ ਚੂਰਨ ਦੀਆਂ ਸ਼ੀਸ਼ੀਆਂ ਵਾਂਗੂੰ ਲੋਕਾਂ ਦੇ ਤਰਲ਼ੇ ਕਰਕੇ ਨਾ ਵੇਚੋ। ਲੇਖਕ ਦੀ ਕਦਰ ਮਿੱਟੀ ਵਿੱਚ ਨਾ ਮਿਲਾਓ। ਅਜਿਹਾ ਨਾ ਹੋਵੇ ਕਿ ਲੋਕ ਲੇਖਕਾਂ ਨੂੰ ਟਿੱਚਰਾਂ ਕਰਨ। ਲੇਖਕ ਨੂੰ ਚੰਗੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਚਾਹੀਦਾ ਹੈ...” ਇਕਬਾਲ ਅਰਪਨ
******
ਮੁਲਾਕਾਤੀ – ਸਤਨਾਮ ਸਿੰਘ ਢਾਹ
ਇਕਬਾਲ ਅਰਪਨ ਕਿਸੇ ਜਾਣ ਪਛਾਣ ਦਾ ਮੁਥਾਜ ਨਹੀ। ਉਹ ਪੰਜਾਬ ਤੋਂ ਬਾਹਰ ਖ਼ਾਸ ਕਰਕੇ ਵਿਦੇਸ਼ਾਂ ਵਿੱਚ ਜਿਵੇਂ ਤਨਜ਼ਾਨੀਆ, ਜ਼ਾਂਬੀਆ, ਜ਼ਿੰਮਬਾਵੇ, ਸਾਮੋਆ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਿੱਚ ਆਪਣੀਆਂ ਸਾਹਿਤਕ ਸਰਗਰਮੀਆਂ ਕਰਕੇ ਇੱਕ ਵੱਖਰੀ ਪਛਾਣ ਰੱਖਦਾ ਹੈ। ਇਕਬਾਲ ਅਰਪਨ ਉਹ ਵਿਅਕਤੀ ਹੈ ਜਿਹੜਾ ਕਈ ਵੱਖਰੀਆਂ ਵੱਖਰੀਆਂ ਸ਼ਖ਼ਸੀਅਤਾਂ ਦਾ ਮਾਲਕ ਹੈ। ਉਹ ਆਪਣੇ ਜ਼ਮਾਨੇ ਵਿੱਚ ਵਧੀਆ ਹਾਕੀ, ਬੈਡਮਿੰਟਨ ਅਤੇ ਟੈਨਿਸ ਦਾ ਖਿਡਾਰੀ ਵੀ ਰਿਹਾ। ਉਹ ਇੱਕ ਹੰਢਿਆ ਸਮਾਜ ਸੇਵਕ ਹੋਣ ਦੇ ਨਾਲ ਨਾਲ ਇੱਕ ਵਧੀਆ ਲਿਖਾਰੀ ਵੀ ਹੈ ਜਿਹੜਾ ਮਾਂ ਬੋਲੀ ਦੀ ਸੇਵਾ ਲਈ ਸਿਰਤੋੜ ਯਤਨਸ਼ੀਲ ਹੈ। ਉਂਝ ਭਾਵੇ ਅੰਗਰੇਜ਼ੀ, ਉਰਦੂ ਅਤੇ ਹਿੰਦੀ ਬੋਲਣ ਦੀ ਮੁਹਾਰਤ ਰੱਖਦਾ ਹੈ, ਪਰ ਉਸਦਾ ਮਾਂ-ਬੋਲੀ ਪੰਜਾਬੀ ਨਾਲ ਵਿਸ਼ੇਸ਼ ਪਿਆਰ ਹੈ। ਜੇਕਰ ਮੈਂ ਇਹ ਕਹਾਂ ਕਿ ਇਕਬਾਲ ਖਾਲਸਾ ਹਾਈ ਸਕੂਲ ਕਮਾਲ ਪੁਰੇ ਦੇ ਲਿਖਾਰੀਆਂ ਦੀ ਉਸ ਨਰਸਰੀ ਦਾ ਖ਼ੂਬਸੂਰਤ ਗੁਲਾਬ ਹੈ ਜਿਸ ਨੇ ਆਪਣੀ ਮਹਿਕ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਖਿਲਾਰਿਆ, ਤਾਂ ਇਹ ਕੋਈ ਅਤਿਕਥਨੀ ਨਹੀ ਹੋਵੇਗੀ।
----
ਇਕਬਾਲ ਲੰਬੇ ਸਮੇਂ ਤੋ ਲਗਾਤਾਰ ਲਿਖ ਰਿਹਾ ਹੈ। ਉਹ ਬਹੁਪੱਖੀ ਤੇ ਬਹੁ ਵਿਧੀ ਲੇਖਕ ਹੈ। ਉਸਦੀਆਂ ਰਚਨਾਵਾਂ ਦੇਸੀ ਅਤੇ ਵਿਦੇਸ਼ੀ ਮੈਗਜ਼ੀਨਾਂ, ਅਖ਼ਬਾਰਾਂ ਵਿੱਚ ਆਮ ਛਪਦੀਆਂ ਰਹਿੰਦੀਆਂ ਹਨ। ਪਰ ਉਸਦਾ ਕਹਿਣਾ ਹੈ ਕਿ ਮੈਂ ਅਜੇ ਕਲਮ ਸਾਫ਼ ਕਰ ਰਿਹਾ ਹਾਂ। ਗੱਲ ਬਾਤ ਦੌਰਾਨ ਉਸ ਨੇ ਆਖਿਆ ਕਿ ਮੈਂ ਹੁਣ ਰਿਟਾਇਰਡ ਹੋ ਚੁੱਕਾ ਹਾਂ ‘ਤੇ ਪੂਰਾ ਸਮਾਂ ਲਿਖਣ ਪੜ੍ਹਨ ਵਾਲੇ ਪਾਸੇ ਲਾਉਣਾ ਹੈ।
----
ਸਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਜਗਰਾਵਾਂ (ਲੁਧਿਆਣਾ) ਦੇ ਨੇੜੇ ਖਾਲਸਾ ਹਾਈ ਸਕੂਲ ਕਮਾਲ ਪੁਰੇ ਨੇ ਕਈ ਲੇਖਕ ਪੰਜਾਬੀ ਸਾਹਿਤ ਨੂੰ ਦਿੱਤੇ ਹਨ ਜਿਵੇਂ ਡਾ: ਰਘਬੀਰ ਸਿੰਘ (ਸਿਰਜਣਾ), ਕਹਾਣੀਕਾਰ ਸ਼ਿਵਚਰਨ ਗਿੱਲ, ਕਵੀ ਡਾ: ਸੁਰਿੰਦਰ ਗਿੱਲ ਅਤੇ ਗ਼ਜ਼ਲਗੋ ਕੇਸਰ ਸਿੰਘ ਨੀਰ। ਇਕਬਾਲ ਅਰਪਨ ਵੀ ਇਸੇ ਨਰਸਰੀ ਦਾ ਇੱਕ ਬੂਟਾ ਹੈ। ਆਪਣੀ ਜਾਣ ਪਛਾਣ ਕਰਾਉਂਦਿਆਂ ਉਹ ਇੱਕ ਲਾਈਨ ਵਿੱਚ ਕਹਿੰਦਾ ਹੈ ‘ਮੈਂ ਉਹ ਵਿਅਕਤੀ ਹਾਂ, ਜਿਸ ਨੇ ਇਸ਼ਕ ਉਰਦੂ ਨਾਲ ਕੀਤਾ, ਵਿਆਹ ਪੰਜਾਬੀ ਨਾਲ ਕਰਵਾਇਆ ਅਤੇ ਕਮਾਈ ਸਾਰੀ ਉਮਰ ਅੰਗਰੇਜ਼ੀ ਦੀ ਖਾਧੀ’। ਇਕਬਾਲ ਦੀ ਪਕੜ ਭਾਵੇਂ ਹੋਰ ਭਾਸ਼ਾਵਾਂ ਤੇ ਵੀ ਮਜਬੂਤ ਹੈ ਪਰ ਤੁਸੀਂ ਹੈਰਾਨ ਹੋਵੋਗੇ ਕਿ ਜਦੋੰ ਉਹ ਉਰਦੂ ਮੁਸ਼ਾਇਰਿਆਂ ਵਿੱਚ ਜਾਂਦਾ ਹੈ ਤਾਂ ਮੁਸ਼ਾਇਰਾ ਲੁੱਟ ਲੈਂਦਾ ਹੈ।
----
ਉਹ ਭਾਵੇਂ ਲੀਡਰ ਨਹੀ ਪਰ ਨਿਧੜਕ ਬੁਲਾਰਾ ਹੈ। ਉਹ ਕਦੇ ਕਿਸੇ ਨਾਲ ਧੱਕਾ ਹੁੰਦਾ ਸਹਿਣ ਨਹੀ ਕਰ ਕਰਦਾ। ਸਾਡੇ ਸਮਾਜ ਵਿੱਚ ਹੋ ਰਹੇ ਗ਼ਲਤ ਕੰਮਾਂ, ਗ਼ਲਤ ਕਰਮ ਕਾਂਡਾਂ ਦੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਉਣ ਦਾ ਜੇਰਾ ਰੱਖਦਾ ਹੈ। ਇਸੇ ਕਰਕੇ ਉਸਦੀਆਂ ਲਿਖਤਾਂ ਵਿੱਚ ਇਹ ਰੰਗ ਭਾਰੂ ਹੈ। ਉਹ ਇੱਕ ਸਿਹਤਮੰਦ ਸਮਾਜ ਦੇਖਣ ਦਾ ਚਾਹਵਾਨ ਹੈ।
ਇਕਬਾਲ ਬਹੁਪੱਖੀ ਲੇਖਕ ਹੈ। ਕਵਿਤਾ, ਕਹਾਣੀ, ਨਾਵਲ ਅਤੇ ਲੇਖ ਲਿਖਣ ਦੇ ਨਾਲ ਨਾਲ ਉਹ ਇੱਕ ਨਿਰਪੱਖ ਤੇ ਉਸਾਰੂ ਆਲੋਚਕ ਵੀ ਹੈ ਜੋ ਲੇਖਕ ਨੂੰ ਵਧੀਆ ਤੇ ਮਿਆਰੀ ਲਿਖਣ ਲਈ ਪ੍ਰੇਰਨਾ ਦਿੰਦਾ ਹੈ। ਉਸਦੀ ਪ੍ਰੇਰਨਾ ਸਦਕਾ ਹੀ ਕੈਲਗਰੀ ਵਿੱਚ ਅਨੇਕਾਂ ਨਵੇਂ ਲਿਖਾਰੀ ਪਾਠਕਾਂ ਦੇ ਸਨਮੁੱਖ ਹੋਏ ਹਨ, ਨਹੀ ਤਾਂ ਸ਼ਾਇਦ ਉਨ੍ਹਾਂ ਦੀ ਲਿਖਣ ਕਲਾ ਦੱਬੀ ਘੁੱਟੀ ਹੀ ਰਹਿ ਜਾਂਦੀ। ਉਹ ਪਿਛਲੇ ਦਸ ਸਾਲਾਂ ਤੋਂ ਕੈਲਗਰੀ ਵਿੱਚ ਰਹਿ ਕੇ ਪੰਜਾਬੀ ਬੋਲੀ ਦੀ ਸੇਵਾ ਵਿੱਚ ਪੂਰੀ ਸਰਗਰਮੀ ਨਾਲ ਜੁਟਿਆ ਹੋਇਆ ਹੈ।
----
ਉਹ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਮੋਢੀ ਮੈਂਬਰ ਹੈ। ਉਸਦੀ ਨੇਕ ਦਿਲ ਅਗਵਾਈ ਹੇਠ ਪੰਜਾਬੀ ਲਿਖਾਰੀ ਸਭਾ ਨੇ ਉਹ ਕੰਮ ਕੀਤੇ ਜਿਹੜੇ ਬਹੁਤ ਘੱਟ ਸਭਾਵਾਂ ਕਰ ਸਕੀਆਂ। ਪਿਛਲੇ ਦਿਨੀਂ ਸਤਨਾਮ ਸਿੰਘ ਢਾਹ ਨੇ ਇਕਬਾਲ ਅਰਪਨ ਨਾਲ ਵਿਸ਼ੇਸ਼ ਗੱਲ ਬਾਤ ਕੀਤੀ। ਪੇਸ਼ ਹਨ ਉਸ ਗੱਲ ਬਾਤ ਦੇ ਕੁਝ ਅੰਸ਼:
**********
ਸਤਨਾਮ - ਤੁਸੀਂ ਆਪਣੇ ਤੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਕੁਝ ਦੱਸੋ?
ਅਰਪਨ - ਪੇਪਰਾਂ ਵਿੱਚ ਮੇਰਾ ਜਨਮ 15 ਜੂਨ 1938 ਪਿੰਡ ਛੱਜਾਵਾਲ ਦਾ ਲਿਖਿਆ ਹੈ। ਅਸਲ ਵਿੱਚ ਮੇਰਾ ਜਨਮ ਜੈਪੁਰ ਵਿੱਚ ਹੋਇਆ। ਮੇਰੇ ਪਿਤਾ ਜੀ ਸਵ. ਟਹਿਲ ਸਿੰਘ, ਜੈਪੁਰ ਵਿੱਚ ਨੌਕਰੀ ਕਰਦੇ ਸਨ ਤੇ ਬਾਅਦ ਵਿੱਚ ਪਿੰਡ ਆ ਗਏ। ਮੇਰੇ ਦਾਦਾ ਜੀ ਸਵ. ਬਾਬੂ ਗੁਰਦਿੱਤ ਸਿੰਘ ‘ਗੁਰਹਰੀ’ ਨੂੰ ਕਵਿਤਾ ਲਿਖਣ ਦਾ ਬਹੁਤ ਸ਼ੌਕ ਸੀ। ਉਹ ਆਪਣੇ ਸਮੇਂ ਦੇ ਵਧੀਆ ਸਾਹਿਤਕਾਰ ਸਨ। ਉਹਨਾਂ ਦੀਆਂ ਲਿਖੀਆਂ ਦੋ ਪੁਸਤਕਾਂ ‘ਲੋਕ ਪ੍ਰਲੋਕ’ ਅਤੇ ‘ਮਹਾਂ ਇੰਜੀਨੀਅਰ ਬਾਬਾ ਵਿਸ਼ਕਰਮਾਂ ਜੀ ਦਾ ਇਤਿਹਾਸ’ ਦੀਆਂ ਸਾਡੇ ਕੋਲ ਹਨ। ਪਿਤਾ ਜੀ ਨੂੰ ਕਵਿਤਾ ਪੜ੍ਹਨ ਦਾ ਸ਼ੌਕ ਸੀ। ਅਸੀਂ ਚਾਰ ਭਰਾ ਹਾਂ, ਵੱਡੇ ਸੁਰਜੀਤ ਸਿੰਘ, ਸ਼ੋਸ਼ਲ ਵਰਕਰ ਹਨ। ਕੇਸਰ ਸਿੰਘ ਨੀਰ ਅਧਿਆਪਕ ਸਨ। ਤੀਜੇ ਨੰਬਰ ਤੇ ਮੈਂ ਹਾਂ। ਛੋਟਾ ਅਫ਼ਰੀਕਾ ਵਿੱਚ ਹੈ। ਲਿਖਣ ਦਾ ਕੰਮ ਮੇਰੇ ਤੇ ਵੀਰ ਕੇਸਰ ਸਿੰਘ ਨੀਰ ਦੇ ਹਿੱਸੇ ਆਇਆ।
----
ਸਤਨਾਮ - ਸਾਹਿਤਕ ਪ੍ਰੇਰਨਾ ਤੁਹਾਨੂੰ ਘਰ ਵਿੱਚੋਂ ਹੀ ਮਿਲੀ ਜਾਂ ਕਿਸੇ ਹੋਰ ਪ੍ਰੇਰਨਾ ਸਰੋਤ ਤੋਂ ? ਤੁਹਾਨੂੰ ਲਿਖਣ ਦੀ ਚੇਟਕ ਕਦੋਂ ਲੱਗੀ?
ਅਰਪਨ - ਲਿਖਣ ਦੀ ਗੁੜ੍ਹਤੀ ਮੈਨੂੰ ਵਿਰਸੇ ਵਿੱਚ ਹੀ ਮਿਲੀ ਹੈ। ਪਹਿਲਾਂ ਬਾਬਾ ਜੀ, ਫੇਰ ਪਿਤਾ ਜੀ ਅਤੇ ਪਿੱਛੋਂ ਵੱਡੇ ਵੀਰ ਕੇਸਰ ਸਿੰਘ ਨੀਰ ਹੋਰੀਂ ਸਾਹਿਤ ਨਾਲ ਜੁੜੇ ਰਹੇ। ਘਰੇਲੂ ਮਾਹੌਲ ਸਾਹਿਤਕ ਸੀ। ਇਸ ਵਿੱਚ ਮੇਰੇ ਸਕੂਲ ਦਾ ਵੀ ਬਹੁਤ ਯੋਗਦਾਨ ਹੈ। ਘਰ ਵਿੱਚ ਪੰਜਾਬੀ ਦੇ ਮੈਗਜ਼ੀਨ ਤੇ ਪੁਸਤਕਾਂ ਪੜ੍ਹਨ ਨੂੰ ਮਿਲਦੀਆਂ। ਲਿਖਣ ਦੀ ਚੇਟਕ ਸਕੂਲ ਦੇ ਸਮੇਂ ਤੋਂ ਹੀ ਲੱਗੀ ਸੀ।
----
ਸਤਨਾਮ - ਹਾਈ ਸਕੂਲ ਤੋ ਬਾਅਦ ਦੀ ਵਿੱਦਿਆ ਕਿੱਥੋਂ ਲਈ ?
ਅਰਪਨ - ਹਾਈ ਸਕੂਲ ਤੋਂ ਬਾਅਦ ਮੈਂ ਡੀ.ਸੀ. ਜੈਨ ਕਾਲਜ ਫਿਰੋਜ਼ਪੁਰ ਦਾਖਲ ਹੋਇਆ। ਉਥੇ ਮੇਰੀਆਂ ਰਚਨਾਵਾਂ ਕਾਲਜ ਦੇ ਮੈਗਜ਼ੀਨ ਤੋਂ ਇਲਾਵਾ ਬਾਹਰਲੇ ਮੈਗਜ਼ੀਨਾਂ ਵਿੱਚ ਵੀ ਛਪਣ ਲੱਗੀਆਂ। ਦਸਵੀਂ ਮੈਂ ਬਿਨ੍ਹਾਂ ਸਾਇੰਸ ਤੋਂ ਕੀਤੀ ਸੀ। ਘਰਦਿਆਂ ਨੇ ਆਖਿਆ ਕਿ ਜੇ ਅੱਗੇ ਪੜ੍ਹਨਾਂ ਹੈ ਤਾਂ ਸਾਇੰਸ ਲੈ ਕੇ ਪੜ੍ਹ। ਅਸੀਂ ਤੈਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਹਾਂ। ਪਰ ਮੇਰਾ ਸਾਇੰਸ ਵੱਲ ਉੱਕਾ ਝੁਕਾਅ ਨਹੀ ਸੀ। ਖ਼ੈਰ, ਮਰ ਖਪ ਕੇ ਐਫ. ਐਸੀ. ਥਰਡ ਡਵੀਜ਼ਨ ਵਿੱਚ ਪਾਸ ਕੀਤੀ। ਵੱਡੇ ਵੀਰ ਨੇ ਕਿਹਾ ਕਿ ਤੂੰ ਪੜ੍ਹਾਈ ਵਿੱਚ ਹੁਸ਼ਿਆਰ ਨਹੀ। ਇਸ ਲਈ ਅੱਗੇ ਨਹੀ ਪੜ੍ਹਾਉਣਾ। ਪਰ ਵੀਰ ਕੇਸਰ ਸਿੰਘ ਨੀਰ ਨੇ ਰਾਮਗੜ੍ਹੀਆ ਇੰਜਨੀਅਰਿੰਗ ਕਾਲਜ ਫਗਵਾੜੇ ਦਾਖਲਾ ਲੈ ਦਿੱਤਾ। ਪਰ ਮੈਂ ਵੱਡੇ ਭਰਾ ਕੋਲ ਦਿੱਲੀ ਚਲਿਆ ਗਿਆ ਅਤੇ ਅਗਾਂਹ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਦਿੱਲੀ ਵਿੱਚ ਟਾਈਪਿੰਗ ਤੇ ਸ਼ੌਰਟਹੈਂਡ ਸਿੱਖੀ। ਛੇ ਕੁ ਮਹੀਨੇ ‘ਫਤਿਹ-ਪ੍ਰੀਤਮ’ ਦੇ ਦਫ਼ਤਰ ਵਿੱਚ ਕੰਮ ਕੀਤਾ। ਤਿੰਨ ਸਾਲ ਨਵੀਂ ਦਿੱਲੀ ਮਿਊਂਸੀਪਲ ਕਮੇਟੀ ਵਿੱਚ ਸਟੈਨੋ ਦੀ ਨੌਕਰੀ ਕੀਤੀ। ਉਸ ਤੋ ਪਿੱਛੋਂ ਆਈ. ਟੀ. ਆਈ. ਵਿੱਚ ਪੜ੍ਹਾਉਣ ਦੀ ਨੌਕਰੀ ਮਿਲ ਗਈ। ਮੈਨੂੰ ਇਸ ਗੱਲ ਦਾ ਗੁੱਸਾ ਸੀ ਕਿ ਵੱਡੇ ਭਾਈ ਸਾਹਿਬ ਨੇ ਕਿਉਂ ਕਿਹਾ “ਮੈਂ ਪੜ੍ਹਨ ਵਿੱਚ ਹੁਸ਼ਿਆਰ ਨਹੀ, ਇਸ ਲਈ ਹੋਰ ਨਹੀ ਪੜ੍ਹਾਉਣਾ”। ਮੇਰੇ ਧੁਰ ਅੰਦਰ ਅੱਗੇ ਪੜ੍ਹਨ ਦੀ ਚਿਣਗ ਸੀ। ਆਪਣੇ ਤੌਰ ਤੇ ਪੜ੍ਹਾਈ ਜਾਰੀ ਰੱਖੀ। ਕਈ ਵਾਰੀ ਆਪਣੇ ਸਮਾਜ ਵਿੱਚ ਅਸੀਂ ਬੱਚੇ ਦੀਆਂ ਰੁਚੀਆਂ ਵੱਲ ਧਿਆਨ ਨਹੀਂ ਦਿੰਦੇ। ਇਹ ਗੱਲ ਆਮ ਦੇਖਣ ਵਿੱਚ ਆਈ ਹੈ ਕਿ ਅਸੀਂ ਧੱਕੇ ਨਾਲ ਹੀ ਬੱਚਿਆਂ ਨੂੰ ਡਾਕਟਰ, ਵਕੀਲ, ਇੰਜੀਨੀਅਰ ਆਦਿ ਬਣਾਉਣਾ ਚਾਹੰਦੇ ਹਾਂ। ਮੈਂ ਵੀ ਇਸੇ ਸਮੱਸਿਆ ਦਾ ਸ਼ਿਕਾਰ ਹੋਇਆ ਹਾਂ। ਮੇਰੀਆਂ ਰੁਚੀਆਂ ਸਾਹਿਤਕ ਸਨ। ਸਾਹਿਤਕ ਰੁਚੀਆਂ ਨੂੰ ਘਰੋਂ ਬਹੁਤਾ ਬੜ੍ਹਾਵਾ ਨਹੀਂ ਮਿਲਦਾ। ਓਸ ਸਮੇਂ ਬੱਚਿਆਂ ਵਿੱਚ ਮਾਪਿਆਂ ਨੂੰ ਆਪਣੇ ਮਨ ਦੀ ਗੱਲ ਕਹਿਣ ਦੀ ਹਿੰਮਤ ਨਹੀਂ ਸੀ ਹੁੰਦੀ। ਅੱਗੇ ਪੜ੍ਹਨ ਦੀ ਰੁਚੀ ਨਾਲ ਪਹਿਲਾਂ ਮੈਂ ਗਿਆਨੀ, ਫੇਰ ਬੀ.ਏ. ਕਰਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਅੰਗ੍ਰੇਜ਼ੀ ਸਾਹਿਤ ਦੀ ਐਮ. ਏ. ਕੀਤੀ। ਮੈਂ ਇਹ ਸਾਬਤ ਕਰਨਾ ਚਾਹੰਦਾ ਸੀ ਕਿ ਮੈਂ ਪੜ੍ਹਾਈ ਵਿੱਚ ਨਿਕੰਮਾ ਨਹੀ। ਮੈਂ ਇਸ ਗੱਲ ‘ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਅੱਜ ਮਾਪਿਆਂ ਨੂੰ ਬੱਚਿਆਂ ਦੀਆ ਰੁਚੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
---
ਸਤਨਾਮ - ਤੁਸੀਂ ਬਹੁਪੱਖੀ ਤੇ ਬਹੁਵਿਧੀ ਲੇਖਕ ਹੋ। ਲੇਖਕ ਦੇ ਤੌਰ ਤੇ ਤੁਸੀ ਕਿਹੜੀ ਵਿਧੀ ਨੂੰ ਪਹਿਲ ਦਿੰਦੇ ਹੋ?
ਅਰਪਨ - ਮੈਂ ਵਾਰਤਿਕ ਦੇ ਮਾਧਿਅਮ ਨੂੰ ਪਹਿਲ ਦਿੰਦਾ ਹਾਂ। ਆਮ ਤੌਰ ਤੇ ਬਹੁਤੇ ਲੇਖਕ ਪਹਿਲਾਂ ਕਵਿਤਾ ਤੋਂ ਸ਼ੁਰੂ ਕਰਦੇ ਹਨ। ਗੁਰਚਰਨ ਰਾਮਪੁਰੀ ਦੇ ਦੋਹਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਵਿਤਾ ਵੀ ਕਮਾਲ ਦੀ ਵਿਧੀ ਹੈ। ਦੋ ਸਤਰਾਂ ਵਿੱਚ ਬਹੁਤ ਵੱਡੀ ਗੱਲ ਕਹੀ ਜਾ ਸਕਦੀ ਹੈ। ਪਰ ਵਾਰਤਿਕ ਦਾ ਘੇਰਾ ਵੱਡਾ ਹੈ। ਕਹਾਣੀ, ਨਾਵਲ ਵਿੱਚ ਆਪਣੀ ਗੱਲ ਨੂੰ ਕਾਫ਼ੀ ਵਿਸਤਾਰ ਨਾਲ ਕਹਿਣ ਦਾ ਮੌਕਾ ਮਿਲਦਾ ਹੈ । ਉਂਝ ਮੈ ਕਵਿਤਾ ਲਿਖਣੀ ਵੀ ਪਸੰਦ ਕਰਦਾ ਹਾਂ ।
-----
ਸਤਨਾਮ - ਤੁਸੀਂ ਆਲੋਚਨਾ ਵੀ ਕਰਦੇ ਹੋ । ਮੇਰੇ ਖ਼ਿਆਲ ਵਿੱਚ ਇਹ ਬੜਾ ਮੁਸ਼ਕਲ ਕੰਮ ਹੈ । ਤੁਸੀਂ ਇਸ ਪਾਸੇ ਕਿਵੇਂ ਆਏ ? ਆਲੋਚਨਾ ਬਾਰੇ ਕੀ ਕਹਿਣਾ ਚਾਹੋਗੇ?
ਅਰਪਨ - ਪੰਜਾਬੀ ਆਲੋਚਨਾ ਗੁੱਟਬੰਦੀ ਦੀ ਸ਼ਿਕਾਰ ਹੈ । ਆਮ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਕੋਈ ਲਿਖਾਰੀ ਤੁਹਾਡੇ ਗਰੁੱਪ ਨਾਲ ਸਬੰਧ ਰੱਖਦਾ ਹੈ ਤਾਂ ਲਿਖਤ ਭਾਵੇਂ ਕਮਜ਼ੋਰ ਹੋਵੇ ਪਰ ਆਲੋਚਕ ਉਸਦੀ ਪ੍ਰਸ਼ੰਸ਼ਾ ਦੇ ਪੁਲ਼ ਬੰਨ੍ਹ ਦਿੰਦਾ ਹੈ। ਜੇਕਰ ਦੂਜੇ ਗਰੁੱਪ ਦਾ ਹੋਵੇ ਤਾਂ ਰਚਨਾ ਭਾਵੇਂ ਕਿੰਨੀ ਵੀ ਵਧੀਆ ਹੋਵੇ, ਆਲੋਚਕ ਉਸਦੀ ਬਣਦੀ ਸਿਫਤ ਨਹੀਂ ਕਰਦਾ। ਇਸ ਤਰ੍ਹਾਂ ਮੈਂ ਸਮਝਦਾ ਹਾਂ ਕਿ ਲੇਖਕ ਨੂੰ ਸਹੀ ਰਾਏ ਨਹੀਂ ਮਿਲਦੀ। ਮੇਰੇ ਖ਼ਿਆਲ ਵਿੱਚ ਆਲੋਚਨਾਂ ਪੱਖਪਾਤੀ ਨਹੀਂ ਹੋਣੀ ਚਾਹੀਦੀ। ਆਲੋਚਨਾ ਰਾਹੀਂ ਲਿਖਾਰੀ ਦੇ ਵਧੀਆ ਕੰਮ ਦੀ ਤਾਰੀਫ਼ ਕੀਤੀ ਜਾਵੇ ਤਾਂ ਕਿ ਉਸਨੂੰ ਹੋਰ ਲਿਖਣ ਦੀ ਪ੍ਰੇਰਨਾ ਮਿਲੇ। ਜੇ ਕੋਈ ਕਮਜ਼ੋਰੀ ਨਜ਼ਰ ਆਵੇ ਤਾਂ ਕੇਵਲ ਇਸ਼ਾਰੇ ਨਾਲ ਲੇਖਕ ਦਾ ਧਿਆਨ ਉਸ ਪਾਸੇ ਦੁਆਇਆ ਜਾਵੇ। ਮੈਨੂੰ ਆਲੋਚਨਾ ਦਾ ਕੋਈ ਸ਼ੋਕ ਨਹੀਂ ਸੀ। ਅਮਰੀਕਾ ਵਾਲੇ ਡਾ: ਸਵਰਾਜ ਸਿੰਘ ਬੜੇ ਵਧੀਆ ਲੇਖਕ ਹਨ। ਉਹਨਾਂ ਦੀ ਇੱਕ ਪੁਸਤਕ ਛਪੀ ਤਾਂ ਮੈਨੂੰ ਕਿਸੇ ਨੇ ਰਿਵੀਊ ਲਈ ਦਿੱਤੀ। ਪੁਸਤਕ ਦਾ ਨਾਂ ਸੀ “ਆ ਸਿੱਖ, ਪੰਜਾਬ ਤੂੰ ਘਰ ਆ” । ਮੈਂ ਕਿਹਾ ਕਿ ਇਹ ਧਾਰਮਿਕ ਪੁਸਤਕ ਹੈ। ਮੈਨੂੰ ਇਸ ਵਿਸ਼ੇ ਦਾ ਲੋੜੀਂਦਾ ਗਿਆਨ ਨਹੀ। ਮੈਗਜ਼ੀਨ ਦੇ ਸੰਪਾਦਕ ਨੇ ਕਿਹਾ ਕਿ ਪਹਿਲਾਂ ਤੁਸੀਂ ਪੁਸਤਕ ਪੜ੍ਹ ਲਵੋ। ਜਦੋ ਮੈਂ ਕਿਤਾਬ ਪੜ੍ਹੀ, ਮੈਨੂੰ ਚੰਗੀ ਲਗੀ। ਮੈਂ ਉਸ ਬਾਰੇ ਆਪਣੇ ਵਿਚਾਰ ਲਿਖੇ । ਲੋਕਾਂ ਨੂੰ ਪਸੰਦ ਆਏ। ਡਾ: ਸਵਰਾਜ ਸਿੰਘ ਦਾ ਫੋਨ ਆਇਆ ਕਿ ਤੇਰੀ ਆਲੋਚਨਾ ਬੜੀ ਉਸਾਰੂ ਹੈ। ਇੱਕ ਜਥੇਬੰਦੀ ਨੇ ਕੇਵਲ ਤੇਰੀ ਆਲੋਚਨਾ ਪੜ੍ਹ ਕੇ ਹੀ ਮੈਨੂੰ ਕਿਤਾਬਾਂ ਭੇਜਣ ਦਾ ਆਰਡਰ ਦਿੱਤਾ ਹੈ। ਮੈਨੂੰ ਬੜੀ ਖੁਸ਼ੀ ਹੋਈ। ਇਸ ਤੋ ਬਾਅਦ ਮੈਨੂੰ ਹੋਰ ਕਿਤਾਬਾਂ ਰੀਵੀਊ ਲਈ ਆਉਣ ਲੱਗੀਆਂ। ਮੈਂ ਉਹਨਾ ਨੂੰ ਪੜ੍ਹ ਕੇ ਬਿਨਾਂ ਕਿਸੇ ਪੱਖਪਾਤ ਤੋਂ ਆਪਣੇ ਵਿਚਾਰ ਲਿਖਦਾ ਲਿਖਦਾ ਆਲੋਚਕ ਬਣ ਗਿਆ ।
----
ਸਤਨਾਮ - ਤੁਹਾਡਾ ਅਫ਼ਰੀਕਾ ਜਾਣ ਦਾ ਸਬੱਬ ਕਿਵੇਂ ਬਣਿਆ ? ਤੁਸੀਂ ਅਫ਼ਰੀਕਾ ਦੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮੇ ਹੋ । ਅਫ਼ਰੀਕਾ ਵਿੱਚ ਪੰਜਾਬੀ ਵਸੋਂ ਕਾਫੀ ਚਿਰਾਂ ਤੋ ਰਹਿ ਰਹੀ ਹੈ । ਉਥੇ ਵਸੇ ਪੰਜਾਬੀਆਂ ਨੇ ਆਪਣੇ ਸਭਿਆਚਾਰ, ਬੋਲੀ ਜਾਂ ਧਾਰਮਕ ਵਿਰਸੇ ਨੂੰ ਸੰਭਾਲਿਆ ਹੈ ਜਾਂ ਫੇਰ ਉਥੇ ਹੀ ਰਚ ਮਿਚ ਗਏ ਹਨ? ਉਥੇ ਰਹਿੰਦਿਆਂ ਦਾ ਕੋਈ ਅਨੁਭਵ ਸਾਂਝਾ ਕਰਨਾ ਚਾਹੋਗੇ?
ਅਰਪਨ - ਮੇਰੇ ਅਫ਼ਰੀਕਾ ਜਾਣ ਦੀ ਗੱਲ ਇਸ ਤਰ੍ਹਾਂ ਹੈ ਕਿ 1970 ਵਿੱਚ ਤਨਜ਼ਾਨੀਆ ਦੀ ਸਰਕਾਰ ਨੇ ਭਾਰਤ ਸਰਕਾਰ ਤੋਂ ਕਮਰਸ਼ੀਅਲ ਵਿਸ਼ੇ ਪੜ੍ਹਾਉਣ ਵਾਲੇ ਲੈਕਚਰਾਰ ਮੰਗੇ। ਮੈਨੂੰ ਚੁਣ ਲਿਆ ਗਿਆ। ਇੱਕ ਸ਼ਰਤ ਸੀ ਕਿ ਤਿੰਨ ਸਾਲ ਉਥੇ ਪੜ੍ਹਾਉਣਾ ਪਵੇਗਾ। ਮੈਂ ਤਨਜ਼ਾਨੀਆਂ ਡੈਪੂਟੇਸ਼ਨ ‘ਤੇ ਗਿਆ ਸੀ। ਵਿਦੇਸ਼ ਜਾਣ ਦਾ ਮੇਰਾ ਪਹਿਲਾ ਮੌਕਾ ਸੀ। ਮੈਂ ਮਾਰਚ 1971 ਵਿੱਚ ਦਾਰਾਸਲਾਮ ਆਪਣੇ ਪਰਿਵਾਰ ਸਮੇਤ ਪਹੁੰਚਿਆ। ਸਨਿੱਚਰਵਾਰ ਦਾ ਦਿਨ ਸੀ। ਅਗਲੇ ਦਿਨ ਸਵੇਰੇ ਮੈਂ ਆਪਣੇ ਹੋਟਲ ਵਿੱਚੋਂ ਬਾਹਰ ਨਿੱਕਲ ਕੇ ਅਜੇ ਪੁੱਛ ਗਿੱਛ ਹੀ ਕਰ ਰਿਹਾ ਸੀ ਕਿ ਸੜਕ ‘ਤੇ ਇਕ ਪੰਜਾਬੀ ਨੇ ਮੈਨੂੰ ਦੇਖ ਕੇ ਆਪਣੀ ਕਾਰ ਰੋਕ ਲਈ। ਪੁੱਛਣ ਲੱਗਿਆ, ਕਿੱਧਰ ਜਾਣਾ ਹੈ। ਮੈਂ ਕਿਹਾ, ‘ਗੁਰਦੁਆਰੇ’। ਅਸੀਂ ਗੁਰਦੁਆਰੇ ਪਹੁੰਚ ਗਏ। ਮੈਂ ਕਦੇ ਸੋਚਿਆ ਵੀ ਨਹੀ ਸੀ ਕਿ ਏਨੇ ਪੰਜਾਬੀ ਇਕੱਲੇ ਦਾਰਾਸਲਾਮ ਵਿੱਚ ਹੋਣਗੇ। ਬਹੁਤੇ ਲੋਕ ਪਿੰਡਾਂ ਵਾਲੀ ਠੇਠ ਪੰਜਾਬੀ ਬੋਲਦੇ। ਗੁਰਦੁਆਰੇ ਦੇ ਸਕੂਲ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ। ਦੋ ਹੋਰ ਗੱਲਾਂ ਮੈਂ ਦੱਸਣੀਆਂ ਚਾਹਾਂਗਾ। ਇੱਕ ਤਾਂ ਜਿਹੜੇ ਲੋਕ ਪਹਿਲਾਂ ਉਥੇ ਰਹਿੰਦੇ ਸੀ, ਉਹ ਨਵੇਂ ਆਏ ਲੋਕਾਂ ਨਾਲੋਂ ਆਪਣੇ ਆਪ ਨੂੰ ਵੱਖਰਾ ਸਮਝਦੇ। ਖ਼ੈਰ ਮੇਰੇ ਨਾਲ਼ ਤਾਂ ਉਹ ਠੀਕ ਹੀ ਵਰਤੇ, ਖਾਸ ਤੌਰ ‘ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਦਿੱਲੀ ਤੋਂ ਉਥੇ ਪੜ੍ਹਾਉਣ ਆਇਆ ਹਾਂ। ਦੂਜੀ ਗੱਲ ਉਹਨਾਂ ਦੀ ਪੱਗ ਦਾ ਸਟਾਈਲ ਵੱਖਰੀ ਪਛਾਣ ਰੱਖਦਾ ਹੈ। ਉਸਨੂੰ ਆਮ ਲੋਕ ਅਫ਼ਰੀਕਨ ਸਟਾਈਲ ਕਹਿੰਦੇ ਹਨ। ਆਪਣੇ ਲੋਕਾਂ ਨੇ ਕੁੱਝ ਅਫ਼ਰੀਕਨ ਸੱਭਿਆਚਾਰ ਦਾ ਪ੍ਰਭਾਵ ਵੀ ਕਬੂਲਿਆ ਤੇ ਕੁਝ ਆਪਣੇ ਸੱਭਿਆਚਾਰ ਦਾ ਪ੍ਰਭਾਵ ਉਹਨਾਂ ‘ਤੇ ਪਾਇਆ। ਕਈ ਪੰਜਾਬੀ ਬੜੀ ਵਧੀਆ ਸਵਾਹਲੀ ਬੋਲ਼ੀ ਬੋਲਦੇ। ਸਵਾਹਲੀ ਦੇ ਸ਼ਬਦ ਪੰਜਾਬੀਆਂ ਦੇ ਘਰੀਂ ਆਮ ਬੋਲੇ ਜਾਂਦੇ। ਪੰਜਾਬੀਆਂ ਨੇ ਸਵਾਹਲੀ ਦਾ ਨਾਂ ਵੀ ਸੌਖਾ ਰੱਖ ਲਿਆ। ਸਵਾਹਲੀ ਨੂੰ ਸਹੇਲੀ ਆਖਦੇ। ਪੰਜਾਬੀਆਂ ਨੇ ਆਪਣੇ ਘਰਾਂ ਵਿੱਚ ਅਫ਼ਰੀਕਨ ਮੁੰਡੇ ‘ਤੇ ਕੁੜੀਆਂ ਨੌਕਰ ਰੱਖੇ ਹੁੰਦੇ। ਉਹਨਾਂ ਨੂੰ ਆਪਣੇ ਖਾਣੇ ਬਣਾਉਣੇ, ਦਾਲ਼ਾਂ ਸਬਜ਼ੀਆਂ ਨੂੰ ਤੜਕੇ ਲਾਉਣੇ, ਮੀਟ ਮਸਾਲੇ, ਚਟਣੀਆਂ, ਆਚਾਰ ਆਦਿ ਸਿਖਾਲ਼ ਦਿੱਤੇ। ਕਈ ਨੌਕਰ ਮੁੰਡੇ ਕੁੜੀਆਂ ਨੇ ਏਨੀ ਵਧੀਆ ਪੰਜਾਬੀ ਬੋਲਣੀ ਸਿੱਖ ਲਈ ਹੈ ਕਿ ਜੇ ਤੁਸੀ ਘਰ ਦੇ ਬਾਹਰ ਖੜ੍ਹੇ ਹੋ ਕੇ ਘਰ ਦੇ ਅੰਦਰ ਬੋਲ ਰਹੇ ਮੁੰਡੇ ਜਾਂ ਕੁੜੀ ਨੂੰ ਸੁਣੋਂ ਤਾਂ ਤੁਹਾਨੂੰ ਪਤਾ ਨਹੀ ਲੱਗੇਗਾ ਕਿ ਪੰਜਾਬੀ ਬੋਲਣ ਵਾਲਾ ਪੰਜਾਬੀ ਹੈ ਜਾਂ ਕੋਈ ਅਫ਼ਰੀਕਨ।
ਪੰਜਾਬੀ ਖਾਣ ਪੀਣ ਦੇ ਮਾਮਲੇ ਵਿੱਚ ਖੁੱਲ੍ਹ ਦਿਲੇ ਹਨ। ਉਥੋਂ ਦੇ ਵਾਸੀਆਂ ਨਾਲ ਰਲ਼ ਮਿਲ਼ ਕੇ ਰਹਿੰਦੇ। ਗੁਜਰਾਤੀ ਵਿਉਪਾਰੀ ਸੁਭਾ ਦੇ ਹੋਣ ਕਰਕੇ ਉਹਨਾਂ ਲੋਕਾਂ ਦੇ ਮਿੱਤਰ ਨਾ ਬਣ ਸਕੇ। ਉਦਾਹਰਣ ਦੇ ਤੌਰ ਤੇ ਜੇ ਕੋਈ ਪੰਜਾਬੀ ਉਥੇ ਟਰੱਕ ਚਲਾਉਂਦਾ ਸੀ ਤਾਂ ਉਸਨੇ ਕਿਸੇ ਅਫ਼ਰੀਕਨ ਮੁੰਡੇ ਨੂੰ ਕਲੀਨਰ ਰੱਖ ਕੇ ਟਰੱਕ ਚਲਾਉਣਾ ਸਿਖਾ ਦਿੱਤਾ। ਜੇ ਕੋਈ ਮਿਸਤਰੀ ਦਾ ਕੰਮ ਕਰਦਾ ਤਾਂ ਉਸਨੇ ਆਪਣੇ ਨਾਲ਼ ਦੇ ਬੰਦੇ ਨੂੰ ਕੰਮ ਸਿਖਾ ਕੇ ਰੁਜ਼ਗਾਰ ਤੇ ਲਾ ਦਿੱਤਾ। ਇਸ ਕਰਕੇ ਉਹ ਲੋਕ ਪੰਜਾਬੀਆਂ ਤੋਂ ਬਹੁਤ ਖ਼ੁਸ਼ ਸਨ। ਜਿਸ ਤਰ੍ਹਾਂ ਦਾ ਪੰਜਾਬੀ ਆਪ ਖਾਂਦੇ, ਉਸੇ ਤਰ੍ਹਾਂ ਦਾ ਨੌਕਰਾਂ ਨੂੰ ਵੀ ਖੁਆਉਂਦੇ। ਸ਼ਰਾਬ ਵੀ ਸਾਂਝੀ ਕਰਦੇ। ਇੱਕ ਹੋਰ ਗੱਲ ਯਾਦ ਆ ਗਈ ।
ਪੂਰਬੀ ਅਫ਼ਰੀਕਾ ਵਿੱਚ ਕਾਰਾਂ ਦੀ ਰੈਲੀ ਹੁੰਦੀ ਸੀ। ਉਥੇ ਆਪਣਾ ਇੱਕ ਪੰਜਾਬੀ ਜੋਗਿੰਦਰ ਸਿੰਘ ਰੈਲੀ ਵਿੱਚ ਭਾਗ ਲੈਂਦਾ। 5,000 ਕਿੱਲੋਮੀਟਰ ਰੈਲੀ ਦਾ ਰਸਤਾ ਬੜਾ ਖਰਾਬ ਤੇ ਅੜਿੱਕਿਆਂ ਵਾਲਾ ਹੁੰਦਾ। ਕਈ ਕਾਰਾਂ ਚਿੱਕੜ ਵਿੱਚ ਫਸ ਜਾਂਦੀਆਂ। ਲੋਕ ਰਸਤਿਆਂ ਉਦਾਲੇ ਰੈਲੀ ਦੇਖਣ ਲਈ ਖੜ੍ਹੇ ਹੁੰਦੇ। ਜਦੋਂ ਕਦੇ ਜੋਗਿੰਦਰ ਸਿੰਘ ਦੀ ਕਾਰ ਚਿੱਕੜ ਵਿੱਚ ਫਸਦੀ ਤਾਂ ਅਫ਼ਰੀਕਨ ਮੁੰਡੇ ਫੁਰਤੀ ਨਾਲ ਉਸਦੀ ਕਾਰ ਨੂੰ ਧੱਕਾ ਲਾ ਕੇ ਚਿੱਕੜ ‘ਚੋਂ ਬਾਹਰ ਕੱਢ ਦਿੰਦੇ।ਅਫ਼ਰੀਕਨ ਲੋਕ ਜੋਗਿੰਦਰ ਸਿੰਘ ਨੂੰ ਆਪਣਾ ਸਿੰਬਾ (ਸ਼ੇਰ) ਕਹਿੰਦੇ। ਜੇ ਕਿਸੇ ਹੋਰ ਦੀ ਕਾਰ ਫਸ ਜਾਂਦੀ ਤਾਂ ਖੜ੍ਹੇ ਤਮਾਸ਼ਾ ਦੇਖਦੇ ਰਹਿੰਦੇ।
-----
ਸਤਨਾਮ - ਤੁਸੀਂ ਹਾਕੀ ਅਤੇ ਬੈਡਮਿੰਟਨ ਅੰਤਰਰਾਸ਼ਟਰੀ ਪੱਧਰ ਤੱਕ ਖੇਡੀ ਹੈ। ਆਪਣੇ ਕੰਮ ਕਾਰ ਦੇ ਰੁਝੇਵਿਆਂ ਵਿੱਚੋਂ ਇਸ ਪਾਸੇ ਕਿਵੇਂ ਸਮਾਂ ਕੱਢਦੇ ਸੀ?
ਅਰਪਨ - ਮੈਂ ਸ਼ੁਰੂ ਤੋ ਹੀ ਮਹਿਸੂਸ ਕਰਦਾ ਹਾਂ ਕਿ ਖੇਡਾਂ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਹ ਵੀ ਓਨੀਆਂ ਹੀ ਜ਼ਰੂਰੀ ਹਨ ਜਿੰਨੀ ਕਿ ਪੜ੍ਹਾਈ। ਦੂਜੀ ਗੱਲ ਇਹ ਕਿ ਮੈਂ ਟੀਚਿੰਗ ਪ੍ਰੋਫੈਸ਼ਨ ਵਿੱਚ ਰਿਹਾ ਹਾਂ ਤੇ ਟੀਚਿੰਗ ਦਾ ਕੰਮ ਤਕਰੀਬਨ ਅੱਧਾ ਕੁ ਦਿਨ ਹੁੰਦਾ ਹੈ।ਕਈ ਵਾਰੀ ਦੋ ਤਿੰਨ ਘੰਟੇ ਪੜ੍ਹਾਉਣ ਤੋ ਪਿੱਛੋਂ ਤੁਸੀਂ ਵਿਹਲੇ ਹੋ ਜਾਂਦੇ ਹੋ। ਮੇਰੀਆਂ ਦੋ ਕਮਜ਼ੋਰੀਆਂ ਰਹੀਆਂ ਹਨ। ਇੱਕ ਖੇਡਾਂ ਤੇ ਦੂਜੀ ਸਾਹਿਤ। ਜ਼ਾਂਬੀਆ ਵਿੱਚ ਮੈਨੂੰ ਅੰਤਰਰਾਸ਼ਟਰੀ ਪੱਧਰ ਤੇ ਹਾਕੀ ਖੇਡਣ ਦਾ ਮੌਕਾ ਮਿਲਿਆ। ਜ਼ਾਂਬੀਆ ਵਿੱਚ ਹੀ ਮੈਨੂੰ ਬੈਡਮਿੰਟਨ ਵਾਸਤੇ ਨੈਸ਼ਨਲ ਟੀਮ ਲਈ ਚੁਣਿਆ ਗਿਆ। ਇਸੇ ਤਰ੍ਹਾਂ ਮੈ ਟੈਨਿਸ ਵੀ ਖੇਡਿਆ। ਮੈਂ ਚਾਹੰਦਾ ਹਾਂ ਕਿ ਕੋਈ ਨਾ ਕੋਈ ਗੇਮ ਜ਼ਰੂਰ ਖੇਡੀ ਜਾਵੇ। ਖੇਡਾਂ ਨਾਲ ਸਰੀਰ ਰਿਸ਼ਟ ਪੁਸ਼ਟ ਤੇ ਬੰਦਾ ਦਿਮਾਗ਼ੀ ਤੌਰ ਤੇ ਤੰਦਰੁਸਤ ਰਹਿੰਦਾ ਹੈ। ਖੇਡਾਂ ਸਾਡੇ ਬੱਚਿਆਂ ਲਈ ਬਹੁਤ ਜ਼ਰੂਰੀ ਹਨ। ਸੋਸ਼ਲ ਸਰਕਲ ਵਧਾਉਣ ਤੇ ਚੰਗੀ ਸਿਹਤ ਲਈ ਇਹਨਾਂ ਮੁਲਕਾਂ ਵਿੱਚ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਾਮੋਆ ਵਿੱਚ ਮੈਨੂੰ ਉਲੈਂਪਕ ਕਮੇਟੀ ਨੇ ਬੱਚਿਆਂ ਨੂੰ ਬੈਡਮਿੰਟਨ ਦੀ ਟ੍ਰੇਨਿੰਗ ਦੇਣ ਲਈ ਬਤੌਰ ਕੋਚ ਤਿਆਰ ਕੀਤਾ ਸੀ। ਜੇ ਆਪਣੇ ਭਾਈਚਾਰੇ ਵਿੱਚ ਕੋਈ ਅਜਿਹਾ ਉਪਰਾਲਾ ਹੁੰਦਾ ਹੈ, ਤਾਂ ਮੈਂ ਸਹਿਯੋਗ ਦੇਣ ਲਈ ਤਿਆਰ ਹਾਂ।
----
ਸਤਨਾਮ - ਤੁਸੀਂ ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਵਾਲੇ ਉਹਨਾ ਸਿਰੜੀਆਂ ਵਿੱਚੋਂ ਹੋ ਜਿਨ੍ਹਾਂ ਨੇ ਆਪਣੇ ਕਿੱਤੇ ਦੌਰਾਨ ਵੀ ਮਾਂ ਬੋਲੀ ਦੀ ਸੇਵਾ ਨੂੰ ਪੂਰੇ ਤਨ ਮਨ ਨਾਲ ਨਿਭਾਇਆ। ਇਸ ਦੌਰਾਨ ਕੁਝ ਸਾਹਿਤਕ ਦੋਸਤੀਆਂ ਵੀ ਪਾਲ਼ੀਆਂ ਹੋਣਗੀਆਂ। ਕੁਝ ਇਸਦੇ ਬਾਰੇ ਦੱਸਣਾ ਚਾਹੋਗੇ ?
ਅਰਪਨ - ਸਵਾਲ ਬਹੁਤ ਵਧੀਆ ਹੈ। ਜਦੋਂ ਮੈਂ ਪਹਿਲਾਂ ਤਨਜ਼ਾਨੀਆ ਗਿਆ, ਉਥੇ ਆਪਣੇ ਲੋਕ ਪੰਜਾਬੀ ਘੱਟ ਹੀ ਪੜ੍ਹਦੇ ਸਨ। ਕੋਈ ਪੰਜਾਬੀ ਦੇ ਅਖ਼ਬਾਰ, ਮੈਗਜ਼ੀਨ ਅਤੇ ਪੁਸਤਕਾਂ ਨਹੀਂ ਮੰਗਵਾਉਂਦਾ ਸੀ। ਪਹਿਲਾਂ ਮੈਂ ਦਾਰਾਸਲਾਮ ਦੇ ਇੱਕ ਅੰਗ੍ਰੇਜ਼ੀ ਅਖ਼ਬਾਰ ਵਿੱਚ ਆਪਣੀ ਇੱਕ ਕਹਾਣੀ ਅਨੁਵਾਦ ਕਰਕੇ ਭੇਜੀ। ਜਦੋ ਉਹ ਕਹਾਣੀ ਛਪੀ ਤਾਂ ਉਥੋਂ ਦੇ ਲੋਕਾਂ ਨੇ ਪੜ੍ਹੀ। ਉਸਦੇ ਨਾਲ ਉਹਨਾ ਲੋਕਾਂ ਨੂੰ ਸਾਡੀ ਸੋਚ ‘ਤੇ ਵਿਚਾਰਧਾਰਾ ਦਾ ਪਤਾ ਲੱਗਿਆ। ਪਿੱਛੋਂ ਮੈ ਜ਼ਾਂਬੀਆ ਜਾ ਕੇ ਉਥੋਂ ਦੇ ਅੰਗ੍ਰੇਜ਼ੀ ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਨਸਲੀ ਵਿਤਕਰੇ ਬਾਰੇ ਲਿਖਿਆ। ਅਜਿਹਾ ਕਰਨ ਨਾਲ ਮੈਨੂੰ ਉਥੋਂ ਦੇ ਵਧੀਆ ਲੇਖਕਾਂ ਨੂੰ ਮਿਲਣ ਦਾ ਸਬੱਬ ਬਣਿਆ। 1980 ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਭਾਗ ਲੈਣ ਲਈ ਸੱਦਾ ਪੱਤਰ ਆਇਆ। ਇਹ ਕਾਨਫਰੰਸ ਬਰਤਾਨੀਆਂ ਵਿੱਚ ਹੋਈ ਸੀ। ਉਥੇ ਮੈਂ “ਪੂਰਬੀ ਅਫ਼ਰੀਕਾ ਵਿੱਚ ਪੰਜਾਬੀ ਕਲਚਰ” ਦੇ ਵਿਸ਼ੇ ਤੇ ਪੇਪਰ ਪੜ੍ਹਿਆ। ਉਸ ਕਾਨਫਰੰਸ ਵਿੱਚ ਬਹੁਤ ਸਾਰੇ ਸਾਹਿਤਕਾਰਾਂ ਨੂੰ ਮਿਲਣ ਦਾ ਸਬੱਬ ਬਣਿਆ। ਉਹਨਾ ਵਿੱਚ ਸੰਤ ਸਿੰਘ ਸੇਖੋਂ, ਗੁਰਦਿਆਲ ਸਿੰਘ ਨਾਵਲਿਸਟ, ਹਰਨਾਮ ਸਿੰਘ ਸ਼ਾਨ, ਦਲੀਪ ਕੌਰ ਟਿਵਾਣਾ, ਸੋਹਣ ਸਿੰਘ ਜੋਸ਼, ਬਲਦੇਵ ਬਾਵਾ, ਸ਼ਿਵਚਰਨ ਗਿੱਲ, ਜਗਤਾਰ ਢਾਅ, ਜਸਵੰਤ ਦੀਦ ਤੇ ਪਾਕਿਸਤਾਨ ਦੇ ਸ਼ਰੀਫ ਕੁੰਜਾਹੀ ਵਰਗੇ ਉੱਘੇ ਲਿਖਾਰੀ ਸ਼ਾਮਲ ਹਨ। ਇਹ ਲਿਸਟ ਤਾਂ ਕਾਫੀ ਲੰਬੀ ਹੈ। ਇਸ ਤਰ੍ਹਾਂ ਬਹੁਤ ਚੰਗਾ ਲਗਦਾ ਹੈ ਜਦੋਂ ਪੰਜਾਬੀ ਦੇ ਲੇਖਕ ਇੱਕਠੇ ਹੋ ਕੇ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦਾ ਉਪਰਾਲਾ ਕਰਨ।
1956 ਤੋਂ ਲੈ ਕੇ 1970 ਤੱਕ ਦਿੱਲੀ ਰਿਹਾ ਹਾਂ। ਅੱਜ ਤੱਕ ਸਾਹਿਤ ਸਭਾ ਦਿੱਲੀ ਨਾਲ ਜੁੜਿਆ ਹੋਇਆ ਹਾਂ। 2000 ਵਿੱਚ ਜਦੋਂ ਇੰਡੀਆ ਗਿਆ ਤਾਂ ਦਿੱਲੀ ਦੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਇਆ ਹਾਂ। ਦਿੱਲੀ ਰਹਿੰਦਿਆਂ ਵੀ ਮੈਂ ਬਹੁਤ ਲੇਖਕਾਂ ਨੂੰ ਮਿਲਿਆ। ਦਵਿੰਦਰ ਸਤਿਆਰਥੀ, ਤਾਰਾ ਸਿੰਘ, ਡਾ. ਹਰਭਜਨ ਸਿੰਘ, ਨਰਿੰਦਰਪਾਲ ਸਿੰਘ, ਪ੍ਰਭਜੋਤ ਕੌਰ, ਪਿਆਰਾ ਸਿੰਘ, ਕਰਨਜੀਤ ਸਿੰਘ, ਬਲਬੰਤ ਗਾਰਗੀ, ਜਸਵੰਤ ਸਿੰਘ ਵਿਰਦੀ, ਨਰੇਸ਼ ਕੁਮਾਰ ਸ਼ਾਦ, ਰਾਜਿੰਦਰ ਕੌਰ ਵਰਗੇ ਲੇਖਕਾਂ ਨੂੰ ਕਈ ਵਾਰ ਮਿਲਿਆ। 1980 ਵਿੱਚ ਅੰਮ੍ਰਿਤਾ ਪ੍ਰੀਤਮ ਨੇ ਮੇਰੀ ਇੰਟਰਵਿਊ ਲਈ ਜਿਸਨੂੰ ‘ਨਾਗਮਣੀ’ ਵਿੱਚ ਛਾਪਿਆ। ਮੇਰੇ ਉਸਤਾਦ ਬਿਸ਼ਨ ਸਿੰਘ ਉਪਾਸ਼ਕ ਤੋਂ ਇਲਾਵਾ ਜੋਗਿੰਦਰ ਅਮਰ ਤੇ ਜੋਗਾ ਸਿੰਘ ਜਗਿਆਸੂ ਮੇਰੇ ਬਹੁਤ ਪਿਆਰੇ ਦੋਸਤ ਹਨ।
----
ਸਤਨਾਮ - ਤੁਸੀਂ ਆਪਣੀ ਜਿੰਦਗੀ ਦਾ ਬਹੁਤਾ ਸਮਾਂ ਵਿਦੇਸ਼ਾਂ ਵਿਚ ਅਧਿਆਪਨ ਕਰਦਿਆਂ ਗਜ਼ਾਰਿਆ। ਤੁਹਾਡੀਆਂ ਰਚਨਾਵਾਂ ਦੇ ਬਹੁਤੇ ਪਾਤਰ ਪੂਰੀ ਤਰਾਂ ਜਿਉਂਦੇ ਜਾਗਦੇ ਤੇ ਰੋਜ਼ਾਨਾ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਜੂਝਦੇ ਦਿਖਾਈ ਦਿੰਦੇ ਹਨ। ਤੁਸੀ ਏਨੀ ਡੂੰਘਾਈ ਨਾਲ ਇਹਨਾਂ ਪਾਤਰਾਂ ਨੂੰ ਕਿਵੇਂ ਸਿਰਜਦੇ ਹੋ?
ਅਰਪਨ - ਮੈਂ 33 ਵਰ੍ਹੇ ਪੜ੍ਹਾਇਆ। 9 ਸਾਲ ਇੰਡੀਆ, 3 ਸਾਲ ਤਨਜ਼ਾਨੀਆਂ, 9 ਸਾਲ ਜ਼ਾਂਬੀਆ, 5 ਸਾਲ ਜ਼ਿੰਮਬਾਵੇ ਤੇ 7 ਸਾਲ ਸਾਮੋਆ ਵਿੱਚ। ਅਸੀਂ ਭਾਵੇਂ ਕਿਸੇ ਵੀ ਦੇਸ਼ ਵਿੱਚ ਹੋਈਏ, ਬਹੁਤੇ ਕਿਰਦਾਰ ਮਿਲਦੇ ਜੁਲਦੇ ਹਨ। ਇਹ ਇਨਸਾਨੀ ਫਿਤਰਤ ਹੈ। ਜਿੱਥੇ ਤੁਸੀਂ ਰਹਿੰਦੇ ਹੋ, ਉਥੋਂ ਦੀਆਂ ਸਮੱਸਿਆਵਾਂ ਬਾਰੇ ਤੁਹਾਨੂੰ ਵਧੇਰੇ ਜਾਣਕਾਰੀ ਹੁੰਦੀ ਹੈ। ਉਹਨਾ ਸਮੱਸਿਆਵਾਂ ਬਾਰੇ ਲਿਖਣਾ ਲੇਖਕ ਦਾ ਫ਼ਰਜ਼ ਹੈ। ਅਫ਼ਰੀਕਾ ਵਿਚ ਰਹਿੰਦਿਆਂ ਮੈਂ ਕਾਫੀ ਕਹਾਣੀਆਂ ਅਫ਼ਰੀਕਨ ਸਮੱਸਿਆਵਾਂ ਬਾਰੇ ਲਿਖੀਆਂ। ਜਿਵੇਂ ਉਥੇ ਆਜ਼ਾਦੀ ਦੀ ਲ਼ਹਿਰ ਚਲ ਰਹੀ ਸੀ। ਮੈਂ ਉਹਨਾਂ ਦੀ ਆਜ਼ਾਦੀ ਦੀਆਂ ਸਰਗਰਮੀਆਂ ਬਾਰੇ ਲਿਖਿਆ। ਉਥੋਂ ਦੇ ਸਲੇਬ ਟ੍ਰੇਡ ਦੇ ਇਤਿਹਾਸ ਨੂੰ ਪੜ੍ਹਿਆ, ਜਿਸਨੇ ਮੇਰੀ ਆਤਮਾ ਨੂੰ ਝੰਜੋੜਿਆ। ਮੈਂ ਬਹੁਤ ਸਾਰਾ ਅਫ਼ਰੀਕਨ ਸਾਹਿਤ ਪੜ੍ਹਿਆ ਤੇ ਮਹਿਸੂਸ ਕੀਤਾ ਕਿ ਇਹਨਾ ਲੋਕਾਂ ਨਾਲ ਬਹੁਤ ਧੱਕਾ ਹੋਇਆ ਹੈ ਤੇ ਹੋ ਰਿਹਾ ਹੈ। ਜ਼ਿੰਮਬਾਵੇ ਅਤੇ ਸਾਊਥ ਅਫ਼ਰੀਕਾ ਉਸ ਸਮੇ ਆਜ਼ਾਦੀ ਦੀ ਲੜਾਈ ਲੜ ਰਹੇ ਸਨ। ਆਜ਼ਾਦੀ ਹਰ ਇਨਸਾਨ ਦਾ ਜਮਾਂਦਰੂ ਹੱਕ ਹੈ। ਮੈਂ ਆਪਣੇ ਆਲੇ ਦੁਆਲੇ ਵਿੱਚੋਂ ਕਿਰਦਾਰ ਲੈ ਕੇ ਕਹਾਣੀਆਂ ਲਿਖਦਾ ਹਾਂ। ਇਸੇ ਤਰ੍ਹਾਂ ਮੇਰੇ ਨਾਵਲ ‘ਪਰਾਈ ਧਰਤੀ’ ਦੇ ਪਾਤਰ ਵੀ ਸਾਡੇ ਆਲੇ ਦੁਆਲੇ ਵਿੱਚ ਸਾਹ ਲੈਂਦੇ ਪ੍ਰਤੀਤ ਹੁੰਦੇ ਹਨ। ਜਦੋਂ ਤੁਸੀਂ ਕਿਸੇ ਕਿਰਦਾਰ ਨੂੰ ਬਹੁਤ ਨੇੜਿਉਂ ਦੇਖਦੇ ਹੋ ਤਾਂ ਉਹ ਤੁਹਾਡੇ ਅੰਦਰ ਉਕਰਿਆ ਜਾਂਦਾ ਹੈ। ਫਿਰ ਜਿਨ੍ਹਾਂ ਚਿਰ ਤੁਸੀ ਉਸਦੇ ਬਾਰੇ ਲਿਖਦੇ ਨਹੀ, ਉਹ ਤਹਾਨੂੰ ਮਾਨਸਿਕ ਤੌਰ ਤੇ ਚੈਨ ਨਹੀਂ ਲੈਣ ਦਿੰਦਾ। ਉਹ ਕਿਰਦਾਰ ਤੁਹਾਡੇ ਨਾਲ ਹੀ ਤੁਰਿਆ ਫਿਰਦਾ ਰਹਿੰਦਾ ਹੈ। ਕਈ ਵਾਰੀ ਲਿਖਣ ਦਾ ਕਾਰਜ ਛੇਤੀ ਨੇਪਰੇ ਚੜ੍ਹ ਜਾਂਦਾ ਹੈ, ਪਰ ਕਈ ਵਾਰੀ ਸਮਾਂ ਲਗਦਾ ਹੈ।
----
ਸਤਨਾਮ - ਤੁਹਾਡੀ ਇੱਕ ਕਹਾਣੀ “ਵੈਲੀ” ਪੜ੍ਹੀ ਸੀ । ਤੁਸੀਂ ਵੈਲੀ ਦੇ ਕਿਰਦਾਰ ਨੂੰ ਬਹੁਤ ਖ਼ੂਬਸੂਰਤੀ ਨਾਲ ਚਿਤਰਿਆ ਹੈ । ਇਸਦੇ ਬਾਰੇ ‘ਚ ਕੀ ਕਹਿਣਾ ਚਾਹੋਗੇ?
ਅਰਪਨ - ਹਾਂ! ਇਹ ਇੱਕ ਦਿਲਚਸਪ ਕਹਾਣੀ ਹੈ। ਇਸ ਕਹਾਣੀ ਦਾ ਮੁੱਖ ਪਾਤਰ ਮੇਰੇ ਨਾਲ ਪ੍ਰਾਇਮਰੀ ਸਕੂਲ ਵਿਚ ਪੜ੍ਹਦਾ ਸੀ। ਉਸ ਦਾ ਅਸਲੀ ਨਾਂ ਸੀ ਮੇਵਾ ਸਿੰਘ। ਸਾਡਾ ਗਆਂਢੀ ‘ਤੇ ਸਿਹਤ ਪੱਖੋਂ ਕਾਫ਼ੀ ਕਮਜ਼ੋਰ ਸੀ। ਪੜ੍ਹਾਈ ਵਿੱਚ ਢਿੱਲਾ ਹੋਣ ਕਰਕੇ ਪੜ੍ਹਨਾ ਛੱਡ ਦਿੱਤਾ। ਮੈਂ ਕਾਲਜ ਚਲਿਆ ਗਿਆ। ਕਈ ਸਾਲਾਂ ਪਿੱਛੋਂ ਜਦੋਂ ਪਿੰਡ ਆਇਆ ਤਾਂ ਮੇਵੇ ਬਾਰੇ ਪਤਾ ਲੱਗਿਆ ਕਿ ਉਹ ਵੈਲੀ ਬਣ ਗਿਆ। ਜਦੋ ਮੇਵਾ ਬੱਚਾ ਸੀ ਤਾਂ ਉਸਦੇ ਪਿਉ ਨੂੰ ਕਿਸੇ ਨੇ ਕਤਲ ਕੀਤਾ ਸੀ। ਦੇਖਿਆ ਜਾਵੇ ਤਾਂ ਬੰਦਾ ਕੋਈ ਮਾੜਾ ਨਹੀ ਹੁੰਦਾ। ਉਸਨੂੰ ਹਾਲਾਤ ਬਦਲ ਦਿੰਦੇ ਹਨ। ਕਈ ਵਾਰੀ ਹਾਲਾਤ ਮਾੜੇ ਨੂੰ ਚੰਗਾ ਵੀ ਬਣਾ ਦਿੰਦੇ ਹਨ। ਮੇਵਾ ਨੇਕ ਸੁਭਾਅ ਦਾ ਮੁੰਡਾ ਸੀ। ਪਰ ਪਿਉ ਦੇ ਕਤਲ ਪਿੱਛੋਂ ਉਸਦੇ ਅੰਦਰ ਬਦਲੇ ਦੀ ਭਾਵਨਾ ਪ੍ਰਬਲ ਹੋ ਗਈ। ਜਦੋਂ ਕੋਈ ਬੰਦਾ ਉਸਨੂੰ ਤੰਗ ਕਰਦਾ ਜਾਂ ਉਹ ਕਿਸੇ ਨਾਲ ਧੱਕਾ ਹੁੰਦਾ ਦੇਖਦਾ ਤਾਂ ਉਸ ਤੋਂ ਬਰਦਾਸ਼ਤ ਨਾ ਹੁੰਦਾ। ਉਹ ਧੱਕੇਸ਼ਾਹੀ ਅੱਗੇ ਕੰਧ ਬਣ ਜਾਂਦਾ। ਇਸੇ ਲਈ ਉਸਨੇ ਕਈ ਖ਼ੂਨ ਕੀਤੇ।
----
ਸਤਨਾਮ - ਤੁਸੀਂ ਦੇਸ਼ਾ ਵਿਦੇਸ਼ਾਂ ਵਿੱਚ ਵਿਚਰਦਿਆਂ ਕੀ ਮਹਿਸੂਸ ਕੀਤਾ ਕਿ ਪੰਜਾਬੀ ਸਾਹਿਤ ਦੀ ਕਿਹੜੀ ਵੰਨਗੀ ਤੇ ਠੀਕ ਕੰਮ ਹੋ ਰਿਹਾ। ਕਿਹੜੀ ਵੰਨਗੀ ਦੀ ਘਾਟ ਲਗਦੀ ਹੈ। ਕੀ ਨਾਵਲ ਜਾਂ ਸਫ਼ਰਨਾਮਿਆਂ ਦੀ ਘਾਟ ਮਹਿਸੂਸ ਨਹੀ ਕੀਤੀ ਜਾ ਰਹੀ?
ਅਰਪਨ - ਇਹ ਇੱਕ ਮਹੱਤਵਪੂਰਨ ਸਵਾਲ ਹੈ। ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਹਾਂ ਨਾਵਲ ਘੱਟ ਲਿਖਿਆ ਜਾ ਰਿਹਾ ਹੈ। ਕਹਾਣੀ ਕਾਫ਼ੀ ਲਿਖੀ ਜਾ ਰਹੀ ਹੈ। ਕਵਿਤਾ ਤਾਂ ਥੋਕ ਦੇ ਭਾਅ ਲਿਖੀ ਜਾਂਦੀ ਹੈ। ਕਈ ਨਵੇਂ ਲੇਖਕ ਪੜ੍ਹਦੇ ਘੱਟ ਤੇ ਲਿਖਦੇ ਬਹੁਤ ਹਨ। ਕੁਝ ਵੀ ਲਿਖਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ। ਛਪਣ ਦੀ ਤਮੰਨਾ ਤਾਂ ਹਰ ਬੰਦੇ ਦੇ ਮਨ ਵਿੱਚ ਪ੍ਰਬਲ ਹੁੰਦੀ ਹੈ। ਕੇਵਲ ਛਪਣ ਲਈ ਹੀ ਲਿਖਣਾ ਮਾੜੀ ਰੁਚੀ ਹੈ। ਬਾਕੀ ਨਾਵਲ ਘੱਟ ਲਿਖਣ ਦਾ ਇੱਕ ਕਾਰਨ ਇਹ ਵੀ ਹੈ ਕਿ ਲੇਖਕਾਂ ਕੋਲ ਨਾਵਲ ਲਿਖਣ ਅਤੇ ਪਾਠਕਾਂ ਕੋਲ ਨਾਵਲ ਪੜ੍ਹਨ ਦਾ ਸਮਾਂ ਘੱਟ ਹੈ। ਹਾਂ, ਕਹਾਣੀ ਪੜ੍ਹਨ ਵੱਲ ਲੋਕਾਂ ਦਾ ਕਾਫ਼ੀ ਰੁਝਾਨ ਹੈ। ਇੱਕ ਤਾਂ ਕਹਾਣੀ ਦਾ ਆਕਾਰ ਛੋਟਾ, ਦੂਜੇ ਜੇ ਕਹਾਣੀਕਾਰ ਕਿਸੇ ਸਮੱਸਿਆ ਨੂੰ ਹੱਥ ਪਾਉਂਦਾ ਤੇ ਉਸਾਰੂ ਸੇਧ ਦਿੰਦਾ ਹੈ, ਤਾਂ ਉਹ ਕਹਾਣੀ ਪੜ੍ਹੀ ਤੇ ਸਰਾਹੀ ਜਾਵੇਗੀ। ਕਹਾਣੀ ਲਿਖਣ ਦੀ ਤਕਨੀਕ ਤੇ ਵੀ ਬਹੁਤ ਨਿਰਭਰ ਕਰਦਾ ਹੈ । ਦੂਸਰਾ ਹੈ ਸਫ਼ਰਨਾਮਿਆਂ ਦੀ ਘਾਟ। ਆਮ ਸਫ਼ਰਨਾਮੇ ਇੱਕ ਜਾਂ ਦੋ ਦਿਨਾ ਦੀ ਪੰਛੀ ਝਾਤ ਪਿੱਛੋਂ ਲਿਖੇ ਜਾਂਦੇ ਹਨ। ਸਫ਼ਰਨਾਮਾਂ ਲਿਖਣ ਲਈ ਲੇਖਕ ਨੂੰ ਉਸ ਦੇਸ਼ ਵਿਚ ਕੁੱਝ ਸਮਾਂ ਰਹਿਣਾਂ ਤੇ ਉਥੋ ਦੇ ਸਮਾਜਿਕ, ਰਾਜਨੀਤਕ ਤੇ ਸਭਿਆਚਾਰਕ ਢਾਂਚੇ ਤੋਂ ਜਾਣੂੰ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਘੱਟ ਲੇਖਕਾਂ ਨੇ ਬਾਹਰਲੇ ਦੇਸ਼ਾਂ ਦੇ ਭਰਮਣ ਪਿੱਛੋਂ ਉਥੋਂ ਬਾਰੇ ਡੂੰਘਾਈ ਨਾਲ ਅਧਿਅਨ ਕਰਕੇ ਸਫ਼ਰਨਾਮੇ ਲਿਖੇ ਹਨ। ਮੈਨੂੰ ਬਹੁਤ ਸਾਰੇ ਦੋਸਤਾਂ ਨੇ ਸੁਝਾਉ ਦਿੱਤੇ ਹਨ ਕਿ ਮੈਂ ਕਈ ਦੇਸ਼ਾ ਵਿੱਚ ਰਿਹਾ ਹਾਂ। ਇਸ ਲਈ ਮੈਨੂੰ ਉਹਨਾ ਦੇਸ਼ਾਂ ਬਾਰੇ ਲਿਖਣਾ ਚਾਹੀਦਾ ਹੈ। ਮੈਂ ਸਵੈ-ਜੀਵਨੀ ਲਿਖਣ ਦਾ ਯਤਨ ਕਰਾਂਗਾ। ਮੈਂ ਦੋ ਦਰਜਨ ਤੋਂ ਵੱਧ ਮੁਲਕਾਂ ਵਿੱਚ ਰਹਿ ਚੁੱਕਾ ਹਾਂ। ਮੇਰੇ ਕੋਲ ਅਜੇ ਬਹੁਤ ਕੁਝ ਲਿਖਣ ਵਾਲਾ ਬਾਕੀ ਹੈ।
----
ਸਤਨਾਮ - ਤੁਸੀਂ ਪੰਜਾਬੀ ਲਿਖਾਰੀ ਸਭਾ ਕੈਲਗਿਰੀ ਵਿੱਚ ਕਾਫ਼ੀ ਸਰਗਰਮੀ ਨਾਲ ਕੰਮ ਕਰ ਰਹੇ ਹੋ। ਕਈ ਲੋਕਾਂ ਦਾ ਵਿਚਾਰ ਹੈ ਕਿ ਇਹ ਇੱਕ ਖੱਬੇ-ਪੱਖੀ ਵਿਚਾਰਧਾਰਾ ਦੇ ਲੋਕਾਂ ਦੀ ਜਥੇਬੰਦੀ ਹੈ। ਕੀ ਲਿਖਾਰੀ ਹੋਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਕਿਸੇ ਵਿਚਾਰਧਾਰਾ ਨਾਲ ਜੁੜੇ ਹੋਏ ਹੋਵੋ ?
ਅਰਪਨ - ਲੇਖਕ ਨੂੰ ਕਿਸੇ ਵਿਚਾਰਧਾਰਾ ਨਾਲ ਜੁੜਨਾ ਜ਼ਰੂਰੀ ਨਹੀ। ਪੰਜਾਬੀ ਲਿਖਾਰੀ ਸਭਾ ਵਿੱਚ ਹਰ ਵਿਚਾਰਧਾਰਾ ਦੇ ਲੋਕਾਂ ਦਾ ਸਵਾਗਤ ਹੈ । ਲਿਖਣ ਵਾਲਾ ਵਿਅਕਤੀ ਕਿਸੇ ਵੀ ਰੰਗ, ਧਰਮ, ਨਸਲ, ਸਭਿਆਚਾਰ, ਦੇਸ਼ ਜਾਂ ਵਿਚਾਰਧਾਰਾ ਦਾ ਹੋਵੇ, ਉਹ ਪੰਜਾਬੀ ਲਿਖਰੀ ਸਭਾ ਦਾ ਮੈਂਬਰ ਬਣ ਸਕਦਾ ਹੈ। ਮੇਰੇ ਵਿਚਾਰ ਅਨੁਸਾਰ ਜੇਕਰ ਲੇਖਕ ਕਿਸੇ ਇਕ ਵਿਚਾਰਧਾਰਾ ਨਾਲ ਜੁੜਦਾ ਹੈ ਤਾਂ ਉਸਦਾ ਘੇਰਾ ਸੀਮਤ ਹੋ ਜਾਂਦਾ ਹੈ। ਤੁਸੀਂ ਸਾਰੀਆਂ ਵਿਚਾਰਧਾਰਾਵਾਂ ਨੂੰ ਸੁਣੋ, ਪੜ੍ਹੋ ਤੇ ਫੇਰ ਲਿਖੋ। ਪਰ ਲਿਖਣ ਲਈ ਤੁਹਾਡੀ ਆਪਣੀ ਨਿੱਜੀ ਵਿਚਾਰਧਾਰਾ ਹੋਣੀ ਜ਼ਰੂਰੀ ਹੈ। ਜਿੱਥੇ ਕੁੱਝ ਗ਼ਲਤ ਹੋ ਰਿਹਾ ਹੋਵੇ, ਉਸਦੇ ਵਿਰੁੱਧ ਆਵਾਜ਼ ਉਠਾਉਣੀ ਲੇਖਕ ਦਾ ਧਰਮ ਹੈ।ਅੱਜ ਆਪਣੇ ਸਮਾਜ ਵਿੱਚ ਕਰਮ ਕਾਂਡ ਤੇ ਪਾਖੰਡਵਾਦ ਨੇ ਕਿੰਨਾ ਜ਼ੋਰ ਫੜਿਆ ਹੈ। ਹਰ ਚੰਗੇ ਇਨਸਾਨ ਦਾ ਫ਼ਰਜ਼ ਹੈ ਕਿ ਉਹ ਇਹਨਾ ਦਾ ਵਿਰੋਧ ਕਰੇ। ਹੁਣ ਜੇ ਮੈਂ ਇਹਨਾ ਦੇ ਖ਼ਿਲਾਫ਼ ਲਿਖਦਾ ਹਾਂ ਤਾਂ ਲੋਕ ਮੈਨੂੰ ਖੱਬੇਪੱਖੀ ਕਹਿਣ ਜਾਂ ਸੱਜੇ-ਪੱਖੀ, ਮੈਨੂੰ ਕੋਈ ਫ਼ਰਕ ਨਹੀ ਪੈਂਦਾ। ਮੈਂ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ ਸ਼ਰਧਾਲੂ ਹਾਂ। ਤੁਸੀ ਗੁਰੂ ਨਾਨਕ ਦੇਵ ਜੀ ਨੂੰ ਜਿਸ ਮਰਜੀ ਵਿਚਾਰਧਾਰਾ ਨਾਲ ਜੋੜ ਲਵੋ। ਜਿਹੜਾ ਸੁਧਾਰ ਉਹਨਾ ਨੇ ਆਪਣੇ ਸਮੇਂ ਵਿੱਚ ਕੀਤਾ, ਅਸੀਂ ਉਸਨੂੰ ਅੱਖੋਂ ਪਰੋਖੇ ਕਰੀ ਬੈਠੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇ ਸਾਨੂੰ ਜਾਤਾਂ ਪਾਤਾਂ ਦੀ ਦਲਦਲ ‘ਚੋਂ ਬਾਹਰ ਕੱਢਿਆ। ਸਾਰੀ ਮਨੁੱਖਤਾ ਨੂੰ ਬਰਾਬਰੀ ਤੇ ਭਰੱਪਣ ਦਾ ਉਪਦੇਸ਼ ਦਿਤਾ। ਪਰ ਅੱਜ ਗੋਲਕ ਤੇ ਕਬਜ਼ੇ ਲਈ ਘੋਲ ਹੋ ਰਿਹੈ ਨਾ ਕਿ ਧਰਮ ਦੇ ਪ੍ਰਚਾਰ ਲਈ। ਸਾਡੇ ਗੁਰੂਘਰ ਵੀ ਜਾਤਾਂ ਪਾਤਾਂ ਦੇ ਆਧਾਰ ਤੇ ਬਣ ਰਹੇ ਹਨ। ਪਾਖੰਡੀ ਸਾਧਾਂ ਦੇ ਡੇਰਿਆਂ ਨੇ ਸਿੱਖ ਧਰਮ ਨੂੰ ਬਹੁਤ ਢਾਅ ਲਾਈ ਹੈ। ਬਾਕੀ ਕਸਰ ਅਖੌਤੀ ਬਾਬਿਆਂ ਨੇ ਕੱਢ ਦਿੱਤੀ। ਮੇਰੇ ਖ਼ਿਆਲ ਵਿੱਚ ਲੇਖਕ ਨੂੰ ਇਹਨਾ ਗੱਲਾਂ ਦਾ ਵਿਰੋਧ ਕਰਨਾ ਚਾਹੀਦਾ। ਮੈਂ ਧਾਰਮਕ ਪਾਖੰਡਵਾਦ ਤੇ ਕਰਮ ਕਾਂਡਾਂ ਦੇ ਬਹੁਤ ਵਿਰੁੱਧ ਹਾਂ। ਇਹ ਸਾਡੀ ਬਦਕਿਸਮਤੀ ਹੈ ਕਿ ਗੁਰਬਾਣੀ ਦਾ ਬਹੁਤਾ ਪਾਠ ਕੇਵਲ ਤੋਤਾ-ਰਟਨ ਬਣ ਕੇ ਰਹਿ ਗਿਆ ਹੈ। ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਨਹੀਂ ਢਾਲ਼ ਸਕੇ। ਗੁਰਬਾਣੀ ਕੇਵਲ ਮੱਥਾ ਟੇਕਣ ਤੱਕ ਸੀਮਤ ਹੋ ਕੇ ਰਹਿ ਗਈ ਹੈ ।
----
ਸਤਨਾਮ - ਤੁਸੀਂ ਅਗਾਂਹਵਧੂ ਖਿਆਲਾਂ ਦੇ ਵਿਅਕਤੀ, ਵਧੀਆ ਤੇ ਸਿਹਤਮੰਦ ਸਾਹਿਤ ਰਚਣ ਵਿੱਚ ਯਕੀਨ ਰੱਖਦੇ ਹੋ ? ਕੀ ਤੁਸੀਂ ਸਮਝਦੇ ਹੋ ਕਿ ਸਾਡੇ ਵਿਦੇਸ਼ੀ ਲੇਖਕ ਪ੍ਰਵਾਸੀਆਂ ਦੀਆਂ ਸਭ ਸਮੱਸਿਆਵਾਂ ਪ੍ਰਤੀ ਚਿੰਤਤ ਹਨ ?
ਅਰਪਨ - ਇਹ ਇੱਕ ਮੱਹਤਵਪੂਰਨ ਸਵਾਲ ਹੈ। ਮੈਨੂੰ ਇਹ ਗੱਲ ਗੁਰਦਿਆਲ ਸਿੰਘ ਨਾਵਲਿਸਟ ਨੇ ਕਹੀ ਸੀ ਕਿ ਭਾਰਤ ਦੀਆਂ ਸਮੱਸਿਆਵਾਂ ਬਾਰੇ ਲਿਖਣ ਲਈ ਅਸੀਂ ਬੈਠੇ ਹਾਂ। ਤੁਸੀ ਵਿਦੇਸ਼ੀ ਸਮੱਸਿਆਵਾਂ ਬਾਰੇ ਲਿਖੋ ਜਿੱਥੇ ਤੁਸੀਂ ਬੈਠੇ ਹੋ। ਉਹਨਾ ਦੀ ਪ੍ਰੇਰਨਾ ਸਦਕਾ ਮੈਂ ਆਪਣਾ ਨਾਵਲ “ਪਰਾਈ ਧਰਤੀ” ਲਿਖਿਆ ਸੀ। ਮੈਂ ਸੋਚਦਾਂ ਕਿ ਜੇ ਅਸੀ ਬਾਹਰ ਆ ਕੇ ਆਪਣੇ ਪਿੰਡਾਂ ਬਾਰੇ ਲਿਖੀ ਜਾਈਏ ਤਾਂ ਕੋਈ ਖ਼ਾਸ ਪ੍ਰਾਪਤੀ ਨਹੀ ਹੋਵੇਗੀ। ਇਹ ਗੱਲ ਦਰੁਸਤ ਹੈ ਕਿ ਅਸੀ ਬਾਹਰ ਬੈਠੇ ਏਥੋਂ ਦੀਆਂ ਸਮੱਸਿਆਵਾਂ ਤੇ ਜੀਵਨ-ਢੰਗ ਬਾਰੇ ਲਿਖੀਏ। ਇਸ ਦਿਸ਼ਾ ਵੱਲ ਤਸੱਲੀਬਖ਼ਸ਼ ਕੰਮ ਵੀ ਹੋ ਰਿਹੈ ।
----
ਸਤਨਾਮ - ਤੁਸੀਂ ਕੈਲਗਰੀ ਸਿੱਖਿਆ ਬੋਰਡ ਤੇ ਕਚਹਿਰੀਆਂ ਨਾਲ ਕਾਫੀ ਕੰਮ ਕੀਤਾ। ਮੇਰੇ ਖ਼ਿਆਲ ਵਿੱਚ ਤੁਹਾਨੂੰ ਆਮ ਬੰਦੇ ਨਾਲੋਂ ਸਾਡੇ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਵਧੇਰੇ ਗਿਆਨ ਹੋਵੇਗਾ। ਸੁਣਨ ਵਿੱਚ ਆਇਆ ਹੈ ਕਿ ਸਾਡੇ ਲੋਕ ਕਈ ਸਮੱਸਿਆਵਾਂ ਦਾ ਹੱਲ ਜੰਤਰਾਂ ਮੰਤਰਾਂ ਵਾਲੇ ਬਾਬਿਆਂ ਕੋਲੋਂ ਭਾਲ਼ਦੇ ਨੇ। ਕੀ ਪੰਜਾਬੀ ਮੀਡੀਆ ਵੀ ਕੋਈ ਉਸਾਰੂ ਯੋਗਦਾਨ ਪਾ ਸਕਦਾ ਹੈ ?
ਅਰਪਨ - ਇਸਦੇ ਬਾਰੇ ਮੈਂ ਸਮੇਂ ਸਮੇਂ ਲਿਖਿਆ ਵੀ ਹੈ। ਪਿੱਛੇ ਜਿਹੇ ਇੱਕ ਆਰਟੀਕਲ ਲਿੱਖਿਆ ਸੀ ‘ਲੁਟੇਰਿਆਂ ਤੋਂ ਬਚੋ’। ਜੰਤਰਾਂ ਮੰਤਰਾਂ ਵੱਲ ਜਾਣ ਨੂੰ ਨਾ ਤਾਂ ਧਰਮ ਕਹਿੰਦਾ ਹੈ ਤੇ ਨਾ ਹੀ ਸਿਹਤਮੰਦ ਸੋਚ। ਮੈਨੂੰ ਇਹ ਸਮਝ ਨਹੀ ਆਉਂਦੀ ਕਿ ਸਾਡੇ ਲੋਕ ਏਨੇ ਕਮਜ਼ੋਰ ਕਿਉਂ ਹਨ। ਆਪਣੀ ਖ਼ੂਨ ਪਸੀਨੇ ਦੀ ਕਮਾਈ ਇਹਨਾ ਲੁਟੇਰਿਆਂ ਦੀ ਝੋਲ਼ੀ ਵਿੱਚ ਪਾਈ ਜਾਂਦੇ ਹਨ। ਜੇਕਰ ਬੱਚਾ ਪੜ੍ਹਾਈ ਵਿੱਚ ਕਮਜ਼ੋਰ ਹੈ ਤਾਂ ਉਸਦੇ ਗਲ਼ ਵਿੱਚ ਜੋਤਸ਼ੀ ਕੋਲੋਂ ਲਿਆ ਕੇ ਪੱਥਰ ਪਾਉਣ ਨਾਲ ਬੱਚਾ ਹੁਸ਼ਿਆਰ ਨਹੀ ਹੋ ਸਕਦਾ। ਬੱਚੇ ਦੀ ਪੜ੍ਹਾਈ ਦੀ ਸਮੱਸਿਆ ਦਾ ਹੱਲ ਤਾਂ ਬੱਚੇ ਨਾਲ ਗੱਲ ਕਰਕੇ ਹੀ ਲੱਭੇਗਾ। ਇਸੇ ਤਰ੍ਹਾਂ ਪਰਵਾਰਿਕ ਸਮੱਸਿਆਵਾਂ ਦਾ ਹੱਲ ਜੋਤਸ਼ੀ ਬਾਬੇ ਕਿਵੇਂ ਕਰ ਸਕਦੇ ਹਨ? ਉਹ ਤਾਂ ਤੁਹਾਨੂੰ ਲੁੱਟ ਕੇ ਸਮੱਸਿਆ ਵਿੱਚ ਵਾਧਾ ਕਰਨਗੇ। ਜੇਕਰ ਕਿਸੇ ਕੁੜੀ ਮੁੰਡੇ ਦੀ ਆਪਣੇ ਵਿਆਹ ਤੋਂ ਬਾਅਦ ਨਹੀ ਬਣਦੀ ਤਾਂ ਪੱਥਰ ਉਹਨਾ ਨੂੰ ਜੋੜਨਗੇ ਨਹੀਂ, ਸਗੋਂ ਤੋੜਨਗੇ। ਸਾਡੀ ਕਮਿਊਨਿਟੀ ਵਿੱਚ ਅਜਿਹੀਆਂ ਸੰਸਥਾਵਾਂ ਹੋਣੀਆਂ ਚਾਹੀਦੀਆਂ ਹਨ ਜਿਹੜੀਆ ਸਮੱਸਿਆਵਾਂ ਨੂੰ ਸੁਣ ਕੇ ਕੋਈ ਹੱਲ ਲੱਭਣ ਦਾ ਯਤਨ ਕਰਨ। ਜਿਹੜੇ ਵੀ ਵਿਅਕਤੀ ਅਜਿਹੀਆਂ ਜਥੇਬੰਦੀਆਂ ਵਿੱਚ ਅੱਗੇ ਆਉਣ, ਉਹ ਸਾਰੀ ਸਮੱਸਿਆ ਨੂੰ ਬੜੇ ਗਹੁ ਤੇ ਹਮਦਰਦੀ ਨਾਲ ਸੁਣਨ। ਉਸਦਾ ਢੁਕਵਾਂ ਹੱਲ ਲੱਭਣ। ਸਾਰੀ ਗੱਲਬਾਤ ਗੁਪਤ ਰੱਖੀ ਜਾਵੇ। ਸਾਡੀ ਬਦਕਿਸਮਤੀ ਇਹ ਹੈ ਕਿ ਸਾਡੇ ਲੋਕ ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਦੇਖ ਕੇ ਕਿ ਜੰਤਰਾਂ ਮੰਤਰਾਂ ਵਾਲੇ ਬਾਬਿਆਂ ਕੋਲੋਂ 24 ਘੰਟਿਆਂ ਵਿੱਚ ਸਮੱਸਿਆ ਦਾ ਹੱਲ ਭਾਲ਼ਦੇ ਹਨ। ਜਿਉਂ ਜਿਉਂ ਪੈਸੇ ਲੁਟਾਉਂਦੇ ਹਨ, ਸਮੱਸਿਆ ਵਧਦੀ ਤੁਰੀ ਜਾਂਦੀ ਹੈ। ਏਥੇ ਮੀਡੀਏ ਵਾਲੇ ਵੀ ਆਪਣੇ ਪੈਸੇ ਬਣਾਉਣ ਖਾਤਰ ਗ਼ਰੀਬ ਲੋਕਾਂ ਦਾ ਇਹਨਾ ਬਾਬਿਆਂ ਹੱਥੋਂ ਘਾਣ ਕਰਵਾਈ ਜਾਂਦੇ ਹਨ। ਇਹ ਸੋਚਣ ਵਾਲੀ ਗੱਲ ਹੈ ਕਿ ਜੇ ਇਹ ਜੋਤਸ਼ੀ ਸਿੱਧੇ ਸਾਦੇ ਲੋਕਾਂ ਕੋਲੋਂ ਹਜ਼ਾਰ, ਦੋ ਹਜ਼ਾਰ ਡਾਲਰ ਲੈ ਕੇ ਉਹਨਾ ਦਾ ਮਸਲਾ 24 ਘੰਟਿਆਂ ਵਿੱਚ ਹੱਲ ਕਰ ਸਕਦੇ ਹਨ, ਤਾਂ ਇਹ ਬਾਬੇ ਉਸਾਮਾ-ਬਿਨ-ਲਾਦਨ ਨੂੰ ਅਮਰੀਕਾ ਦੇ ਹਵਾਲੇ ਕਰਕੇ 25/30 ਮਿਲੀਅਨ ਅਮਰੀਕਨ ਡਾਲਰ ਕਿਉਂ ਨਹੀਂ ਕਮਾ ਲੈਂਦੇ। ਕੀ ਉਸਾਮਾ-ਬਿਨ-ਲਾਦਨ ਇਹਨਾ ਬਾਬਿਆਂ ਦੀ ਰੇਂਜ ਤੋਂ ਬਾਹਰ ਹੈ? ਇਹ ਸਾਡੇ ਲੋਕਾਂ ਨੂੰ ਸੋਚਣ ਦੀ ਲੋੜ ਹੈ। ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦਾ ਹੱਲ ਆਪ ਲੱਭਣਾ ਹੈ । ਤੁਹਾਡੇ ਮਸਲਿਆਂ ਨੂੰ ਤੁਹਾਡੇ ਨਾਲੋਂ ਵੱਧ ਕੋਈ ਹੋਰ ਨਹੀ ਸਮਝ ਸਕਦਾ। ਬਾਬਿਆਂ ਕੋਲ ਇਹਨਾਂ ਦਾ ਕੋਈ ਇਲਾਜ ਨਹੀ। ਉਹ ਤਾਂ ਅੰਧ-ਵਿਸ਼ਵਾਸ਼ੀ ਲੋਕਾਂ ਦੀ ਕਮਜ਼ੋਰੀ ਦਾ ਲਾਭ ਉਠਾਉਂਦੇ ਹਨ। ਜਿਹੜਾ ਮੀਡੀਆ ਅਜਿਹੇ ਬਾਬਿਆਂ ਦੀਆਂ ਮਸ਼ਹੂਰੀਆਂ ਨੂੰ ਬੜ੍ਹਾਵਾ ਦਿੰਦਾ ਹੈ, ਉਹ ਵੀ ਬਰਾਬਰ ਦਾ ਦੋਸ਼ੀ ਹੈ। ਆਪਣੇ ਨਿੱਜੀ ਸੁਆਰਥ ਲਈ ਲੋਕਾਂ ਨੂੰ ਗੁਮਰਾਹ ਕਰਦਾ ਹੈ।
----
ਸਤਨਾਮ - ਤੁਸੀਂ ਕੀ ਕੁਝ ਲਿਖਿਆ ਹੈ? ਹੁਣ ਕੀ ਲਿਖ ਰਹੇ ਹੋ? ਅੱਗੇ ਕੀ ਲਿਖਣ ਦਾ ਪ੍ਰੋਗਰਾਮ ਹੈ? ਤੁਸੀਂ ਕਹਿ ਰਹੇ ਸੀ ਕਿ ਹੁਣ ਮੈਂ ਰਿਟਾਇਰ ਹੋ ਗਿਆ ਹਾਂ। ਲਿਖਣਾ ਸ਼ੁਰੂ ਕਰਨਾ ਹੈ। ਇਸ ਬਾਰੇ ਕੀ ਕਹਿਣਾ ਚਾਹੋਗੇ?
ਅਰਪਨ - ਗੱਲ ਇਉਂ ਹੈ ਕਿ ਇੱਕ ਪ੍ਰਸਿੱਧ ਉਰਦੂ ਦਾ ਲੇਖਕ ਕਾਜ਼ੀ ਅਬਦੁਲ ਸੱਤਾਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੀ। ਇੱਕ ਵਾਰੀ ਅਸੀਂ ਇਕੱਠੇ ਬੈਠੇ। ਉਸਨੂੰ ਇੱਕ ਮੈਗਜ਼ੀਨ ਦੇ ਸੰਪਾਦਕ ਨੇ ਕਿਹਾ ਕਿ ਕਾਜ਼ੀ ਸਾਹਿਬ, ਆਪ ਬਹੁਤ ਅੱਛਾ ਲਿਖਤੇ ਹੋ, ਬੜੇ ਕਮਾਲ ਕੇ ਅਫ਼ਸਾਨੇ ਹੈਂ ਆਪ ਕੇ। ਕਾਜ਼ੀ ਸਾਹਿਬ ਨੇ ਹੱਸ ਕੇ ਜਵਾਬ ਦਿੱਤਾ ਕਿ ਜਨਾਬ, ਅਭੀ ਤੋ ਮੈਂ ਕਲਮ ਸਾਫ ਕਰ ਰਹਾ ਹੂੰ। ਮੈਨੂੰ ਲਗਦਾ ਕਿ ਮੈਂ ਵੀ ਅਜੇ ਕਲਮ ਸਾਫ਼ ਕਰ ਰਿਹਾਂ। ਕਿੰਨਾਂ ਵੀ ਲਿਖ ਲਵਾਂ, ਪਰ ਮਨ ਨੂੰ ਤਸੱਲੀ ਨਹੀਂ ਹੁੰਦੀ। ਮਹਿਸੂਸ ਹੁੰਦਾ ਹੈ ਕਿ ਇਸ ਤੋਂ ਹੋਰ ਵਧੀਆ ਲਿਖਿਆ ਜਾ ਸਕਦਾ ਹੈ। ਹੁਣ ਤੱਕ ਦੋ ਕਾਵਿ-ਸੰਗ੍ਰਿਹ “ਸੁਨੱਖਾ ਦਰਦ” ਅਤੇ “ਕਬਰ ਦਾ ਫੁੱਲ”, ਤਿੰਨ ਕਹਾਣੀ-ਸੰਗ੍ਰਿਹ “ਗੁਆਚੇ ਰਾਹ”, “ਮੌਤ ਦਾ ਸੁਪਨਾ” ਅਤੇ “ਆਫਰੇ ਹੋਏ ਲੋਕ”, ਇੱਕ ਨਾਵਲ “ਪਰਾਈ ਧਰਤੀ” ਇੱਕ ਅਲੋਚਨਾ ਦੀ ਕਿਤਾਬ “ਪੁਸਤਕ ਚਰਚਾ” ਲਿਖੇ ਹਨ। ਇਸੇ ਲਈ ਕਿਹਾ ਸੀ ਕਿ ਮੈਂ ਵੀ ਅਜੇ ਲਿਖਣਾ ਸ਼ੁਰੂ ਕਰਨਾ ਹੈ। ਅੱਜ ਕੱਲ ਸਾਮੋਆ (ਸਾਊਥ ਪੈਸੇਫਿਕ) ਬਾਰੇ ਇੱਕ ਨਾਵਲ ਲਿਖ ਰਿਹਾ ਹਾਂ। ਇੱਕ ਕਵਿਤਾ ਤੇ ਇੱਕ ਕਹਾਣੀਆਂ ਦੀ ਪੁਸਤਕ ਦਾ ਖਰੜਾ ਤਿਆਰ ਹੈ। ਏਥੋਂ ਦੀਆਂ ਸਮੱਸਿਆਵਾਂ ਬਾਰੇ ਇੱਕ ਲੇਖਾਂ ਦੀ ਪੁਸਤਕ ਦਾ ਖਰੜਾ ਵੀ ਤਿਆਰ ਹੈ। ਅਜੇ ਵੀ ਬਹੁਤ ਕੁਝ ਲਿਖਣ ਵਾਲਾ ਹੈ। ਇਸ ਕਰਕੇ ਕਲਮ ਸਾਫ਼ ਕਰਨ ਵਾਲੀ ਗੱਲ ਸਮਝੋ। ਕੈਨੇਡਾ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਬਾਰੇ ਲਿਖਣ ਦੀ ਲੋੜ ਹੈ। ਆਏ ਦਿਨ ਤਲਾਕ ਹੋ ਰਹੇ ਹਨ। ਪਰਿਵਾਰ ਟੁੱਟ ਰਹੇ ਹਨ । ਬੱਚੇ ਮਾੜੀ ਸੋਸਾਇਟੀ ਵਿੱਚ ਪੈਰ ਧਰ ਰਹੇ ਹਨ। ਗੈਂਗ ਬਣ ਰਹੇ ਹਨ। ਨਸ਼ੇ ਪੱਤੇ ਦਾ ਧੰਦਾ ਹੋ ਰਿਹੈ। ਬਹੁਤੀ ਸ਼ਰਾਬ ਦਾ ਸੇਵਨ ਅੱਜ ਦਾ ਭਖਦਾ ਮਸਲਾ। ਇਹਨਾ ਬਾਰੇ ਲਿਖਿਆ ਜਾਣਾ ਚਾਹੀਦੈ।
----
ਸਤਨਾਮ - ਜਿਹੜੇ ਲੇਖਕਾਂ ਤੋਂ ਤੁਸੀਂ ਪ੍ਰਭਾਵਤ ਹੋਏ, ਉਹਨਾ ਬਾਰੇ ਕੀ ਕਹਿਣਾ ਚਾਹੋਗੇ?
ਅਰਪਨ - ਮੈਂ ਮਿਰਜ਼ਾ ਗ਼ਾਲਿਬ ਦਾ ਫੈਨ ਹਾਂ। ਅੰਮ੍ਰਿਤਾ ਪ੍ਰੀਤਮ ਨੂੰ ਬਹੁਤ ਵੱਡੀ ਲੇਖਕਾ ਮੰਨਦਾ ਹਾਂ। ਤਾਰਾ ਸਿੰਘ ਬਹੁਤ ਵੱਡਾ ਸ਼ਾਇਰ ਸੀ। ਪਰ ਉਸਦੀ ਬਹੁਤੀ ਚਰਚਾ ਨਹੀਂ ਹੋਈ। ਸ਼ਾਇਦ ਉਹ ਕਿਸੇ ਜੁੰਡਲੀ ਨਾਲ ਨਹੀਂ ਸੀ ਜੁੜਿਆ। ਗੁਲਜ਼ਾਰ ਬਹੁਤ ਵਧੀਆ ਕਵਿਤਾ ਤੇ ਕਹਾਣੀ ਲਿਖਦੈ। ਬਾਵਾ ਬਲਵੰਤ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ। ਜਸਵੰਤ ਸਿੰਘ ਵਿਰਦੀ ਤੋਂ ਮੈ ਬਹੁਤ ਪ੍ਰਭਾਵਤ ਹਾਂ। ਉਹ ਮੇਰਾ ਦੋਸਤ ਵੀ ਹੈ। ਵਿਰਦੀ ਇੱਕ ਐਸਾ ਵਿਅਕਤੀ ਹੈ ਜਿਸ ਨੇ ਮਾਣ-ਸਨਮਾਨਾਂ ਦੀ ਖਾਤਰ ਕਿਸੇ ਦੀ ਚਮਚਾਗਿਰੀ ਨਹੀ ਕੀਤੀ। ਮਸਤ ਮਲੰਗ ਫੱਕਰ ਵਾਂਗ ਮਾਂ ਬੋਲੀ ਦੀ ਸੇਵਾ ਕੀਤੀ ਹੈ। ਇਸੇ ਕਰਕੇ ਉਸਨੂੰ ਅੱਜ ਤੱਕ ਸਾਹਿਤ ਅਕੈਡਮੀ ਦਾ ਐਵਾਰਡ ਨਹੀਂ ਮਿਲਿਆ। ਡਾ. ਜਗਤਾਰ ਕਮਾਲ ਦਾ ਗ਼ਜ਼ਲਗੋ ਹੈ। ਹੁਣ ਕੈਨੇਡਾ ਦੀ ਗੱਲ ਲੈ ਲਉ। ਗਿਆਨੀ ਕੇਸਰ ਸਿੰਘ ਨਾਵਲਿਸਟ ਤੋਂ ਮੈਂ ਸਭ ਤੋ ਵੱਧ ਪ੍ਰਭਾਵਤ ਹਾਂ। ਉਹਨਾ ਦੀ ਪੰਜਾਬੀ ਸਾਹਿਤ ਨੂੰ ਦੇਣ ਦਾ ਕੋਈ ਮੁਕਾਬਲਾ ਹੀ ਨਹੀ। ਜਿੰਨਾ ਕੰਮ ਇਸ ਇਕੱਲੇ ਬੰਦੇ ਨੇ ਕੀਤਾ, ਓਨਾ ਸ਼ਾਇਦ ਕਿਸੇ ਸੰਸਥਾ ਨੇ ਵੀ ਨਹੀਂ ਕੀਤਾ। ਤੁਸੀਂ ਦੇਖੋ, ਉਹਨਾਂ ਦੀ ਕਿੰਨੀ ਕੁ ਕਦਰ ਪਈ ਹੈ। ਪਿਛਲੇ ਦਿਨੀ ਮੈਂ ਉਹਨਾਂ ਨੂੰ ਐਡਮਿੰਟਨ ਮਿਲਕੇ ਆਇਆ ਹਾਂ। ਹੁਣ ਤਾਂ ਆਖ਼ਰੀ ਘੜੀਆਂ ਗਿਣ ਰਹੇ ਹਨ। ਉਹਨਾ ਨੇ ਸਾਡੇ ਲਈ ਇਤਿਹਾਸਕ ਤੱਥਾਂ ਤੇ ਗ਼ਦਰੀਆਂ ਬਾਰੇ ਜਾਣਕਾਰੀ ਦਾ ਏਨਾਂ ਵੱਡਾ ਖ਼ਜ਼ਾਨਾ ਇੱਕਠਾ ਕੀਤਾ ਹੈ ਕਿ ਜਿੰਨੇ ਮਰਜੀ ਸਨਮਾਨ ਦਿੱਤੇ ਜਾਣ ਫੇਰ ਵੀ ਘੱਟ ਹਨ। ਗਿਆਨੀ ਜੀ ਨੇ ਜਾਪਾਨੀ ਸਿੱਖ ਕੇ ਸੁਭਾਸ਼ ਚੰਦਰ ਬੋਸ ਨਾਲ ਵੀ ਕੰਮ ਕੀਤਾ। ਗਿਆਨੀ ਜੀ ਸੁਭਾਸ਼ ਚੰਦਰ ਬੋਸ ਦੇ ਭਾਸ਼ਨ ਨੂੰ ਜਾਪਾਨੀ ਵਿੱਚ ਅਨੁਵਾਦ ਕਰਕੇ ਲੋਕਾਂ ਨੂੰ ਦੱਸਦੇ। ਗਿਆਨੀ ਜੀ ਨੇ ਏਨਾ ਵਧੀਆ ਤੇ ਏਨਾ ਲਿਖਿਆ ਕਿ ਤੁਸੀਂ ਹੈਰਾਨ ਹੋਵੋਗੇ। ਅੱਜ ਉਹ ਬੀਮਾਰੀ ਦੀ ਹਾਲਤ ਵਿੱਚ ਰੁਲ਼ ਰਹੇ ਨੇ, ਪਰ ਉਹਨਾਂ ਦੀ ਮੌਤ ਪਿੱਛੋਂ ਲੈਕਚਰ ਦੇਣ ਵਾਲਿਆਂ ਦੀ ਭੀੜ ਲੱਗ ਜਾਵੇਗੀ।
----
ਸਤਨਾਮ - ਆਮ ਸੁਣਿਆ ਕਿ ਪੰਜਾਬੀ ਵਿੱਚ ਲਿਖਣਾ ਬਹੁਤਾ ਲਾਹੇਵੰਦ ਨਹੀ? ਪਾਠਕਾਂ ਦਾ ਘੇਰਾ ਬੜਾ ਸੀਮਤ ਹੈ। ਬਹੁਤੇ ਲੇਖਕਾਂ ਨੂੰ ਆਪਣੇ ਪੈਸੇ ਖ਼ਰਚ ਕੇ ਪੁਸਤਕਾਂ ਛਪਾਉਣੀਆਂ ਪੈਂਦੀਆਂ ਹਨ। ਇਸਦੇ ਬਾਰੇ ਕੀ ਕਹਿਣਾ ਚਾਹੋਗੇ?
ਅਰਪਨ - ਜੇ ਬੰਦਾ ਇਹ ਸੋਚ ਕੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰੇ ਕਿ ਮੈਂ ਇਸ ਵਿੱਚੋਂ ਪੈਸੇ ਕਮਾਵਾਂਗਾ, ਤਾਂ ਇਹ ਉਸਦੀ ਭੁੱਲ ਹੋਵੇਗੀ। ਇਹ ਤਾਂ ਇਸ਼ਕ ਦੀ ਖੇਡ ਆ। ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਸਮਝੋ। ਇਹ ਜਨੂੰਨ ਦਾ ਉਹ ਦੀਵਾ ਜਿਹੜਾ ਜਿਗਰ ਦੇ ਲਹੂ ਨਾਲ਼ ਬਲ਼ਦੈ। ਜਿਸ ਵਿਅਕਤੀ ਨੇ ਵਪਾਰ ਸਮਝ ਕੇ ਇਸ ਮੈਦਾਨ ਵਿੱਚ ਨਿੱਤਰਨਾ, ਉਸਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦੈ ਕਿ ਇਹ ਘਾਟੇ ਦਾ ਸੌਦਾ। ਪੈਸੇ ਕਮਾਉਣ ਲਈ ਤਾਂ ਹੱਟੀ ਪਾਉਣੀ ਚਾਹੀਦੀ ਹੈ। ਪਰ ਜੇ ਤੁਹਾਡੇ ਅੰਦਰ ਕੁਝ ਕਹਿਣ ਲਈ ਅੰਗੜਾਈਆਂ ਲੈ ਰਿਹੈ, ਤਾਂ ਉਸਨੂੰ ਦਬਾਉ ਨਾ। ਲਿਖਣਾ ਸ਼ੁਰੂ ਕਰੋ। ਕਲਮ ਵਰਗਾ ਕੋਈ ਸੱਚਾ ਦੋਸਤ ਨਹੀਂ। ਜਦੋਂ ਤੁਸੀਂ ਚੰਗਾ ਲਿਖੋਗੇ, ਤਾਂ ਲੋਕ ਤੁਹਾਨੂੰ ਪੜ੍ਹਨਗੇ ਵੀ।
----
ਸਤਨਾਮ - ਤੁਸੀਂ ਰੁਜ਼ਗਾਰ ਲਈ ਕੰਮ ਕਰਦਿਆਂ ਤੇ ਸਾਹਿਤ ਰਚਦਿਆਂ, ਆਪਣੀ ਕਮਿਊਨਿਟੀ ਲਈ ਵਲੰਟੀਅਰ ਦਾ ਕੰਮ ਵੀ ਕਰਦੇ ਹੋ। ਤੁਸੀ ਇਹ ਕਿਵੇਂ ਮਹਿਸੂਸ ਕੀਤਾ ਕਿ ਆਪਣੀ ਕਮਿਊਨਿਟੀ ਵਿੱਚ ਇਸ ਕੰਮ ਦੀ ਲੋੜ ਹੈ, ਜਦੋ ਕਿ ਸਾਡੀ ਕੁਮਿਊਨਿਟੀ ਵਿੱਚ ਵਲੰਟੀਅਰ ਕੰਮ ਕਰਨ ਦਾ ਰਿਵਾਜ਼ ਘੱਟ ਹੈ ?
ਅਰਪਨ - ਪਹਿਲੀ ਗੱਲ ਇਹ ਕਿ ਜਿਹੜੀ ਮਾਨਸਿਕ ਤੱਸਲੀ ਵਲੰਟੀਅਰ ਕੰਮ ਵਿੱਚੋਂ ਮਿਲਦੀ ਹੈ, ਉਹ ਪੈਸੇ ਕਮਾਉਣ ਵਾਲੇ ਕੰਮ ਵਿੱਚੋਂ ਨਹੀਂ। ਆਈ ਚਲਾਈ ਲਈ ਪੈਸਾ ਵੀ ਜ਼ਰੂਰੀ ਹੈ। ਪਰ ਨਿਰਾ ਪੈਸਾ ਕਮਾਉਣਾ ਜ਼ਿੰਦਗੀ ਦਾ ਮਕਸਦ ਨਹੀਂ। ਸੇਵਾ ਵਾਲੇ ਕੰਮ ਦੀ ਆਪਣੀ ਕਮਿਊਨਿਟੀ ਵਿੱਚ ਘਾਟ ਹੈ। ਜਦੋਂ ਮੈਂ 1995 ਵਿੱਚ ਏਥੇ ਆਇਆ ਤਾਂ ਕੈਲਗਰੀ ਇਮੀਗਰਾਂਟ ਏਡ ਸੋਸਾਇਟੀ ਨਾਲ਼ ਬਹੁਤ ਵਲੰਟੀਅਰ ਕੰਮ ਕੀਤਾ। ਜੌਬ ਦੇ ਤੋਰ ‘ਤੇ ਮੈਂ ਕੈਲਗਰੀ ਸਿੱਖਿਆ ਬੋਰਡ, ਕਚਹਿਰੀਆਂ, ਬਰਿੱਜ ਫਾਊਂਡੇਸ਼ਨ ਅਤੇ ਵਕੀਲਾਂ ਦੀਆਂ ਕੰਪਨੀਆਂ ਨਾਲ਼ ਕੰਮ ਕੀਤਾ। ਪਰ ਜਦੋਂ ਮੈਨੂੰ ਲਗਦੈ ਕਿ ਕੋਈ ਵਿਅਕਤੀ ਮਾਇਕ ਪੱਖੋਂ ਕਮਜ਼ੋਰ ਹੈ ਤਾਂ ਉਸਦਾ ਕੰਮ ਮੈਂ ਮੁਫ਼ਤ ਕਰ ਦਿੰਦਾ ਹਾਂ। ਸਾਡੇ ਘਰਾਂ ਵਿਚ ਪਤੀ ਪਤਨੀ ਦੀ ਤਲਖ਼ੀ ਵੀ ਆਮ ਹੋ ਜਾਂਦੀ ਹੈ। ਜਦੋਂ ਕੋਈ ਮੇਰੇ ਨਾਲ ਸੰਪਰਕ ਕਰਦਾ ਹੈ ਤਾਂ ਮੈਂ ਦੋਹਾਂ ਧਿਰਾਂ ਨੂੰ ਬੁਲਾ ਕੇ ਸਮਝਾਉਣ ਦਾ ਯਤਨ ਕਰਦਾ ਹਾਂ। ਇਸ ਤਰਾਂ ਕਈ ਟੁੱਟਦੇ ਪਰਿਵਾਰਾਂ ਨੂੰ ਜੋੜਿਆ ਹੈ ਜਿਸਦੀ ਮੈਨੂੰ ਬੇਹੱਦ ਖੁਸ਼ੀ ਹੈ। ਅਜਿਹਾ ਕੰਮ ਕਰਕੇ ਮੰਨ ਨੂੰ ਬੜੀ ਤਸੱਲੀ ਮਿਲਦੀ ਹੈ। ਨਵੇਂ ਆਏ ਲੜਕੇ ਲੜਕੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ। ਮੈਂ ਉਹਨਾਂ ਦੀ ਮੱਦਦ ਕਰਦਾ ਹਾਂ। ਆਪਣੇ ਲੋਕ ਆਪਣੇ ਭਾਈਚਾਰੇ ਵਿੱਚ ਤਾਂ ਬਥੇਰਾ ਕੰਮ ਕਰੀ ਜਾਂਦੇ ਨੇ ਪਰ ਉਸ ਕੰਮ ਦਾ ਮੇਨ ਸਟਰੀਮ ਨੂੰ ਕੋਈ ਪਤਾ ਨਹੀ ਲਗਦਾ। ਸਾਨੂੰ ਲੋੜ ਹੈ ਮੇਨ ਸਟਰੀਮ ਵਿੱਚ ਸ਼ਾਮਲ ਹੋਣ ਦੀ ਤਾਂ ਜੋ ਉਹਨਾ ਨੂੰ ਸਾਡੇ ਬਾਰੇ ਪਤਾ ਲੱਗੇ ਤੇ ਸਾਨੂੰ ਉਹਨਾ ਬਾਰੇ ਹੋਰ ਜਾਨਣ ਦਾ ਮੌਕਾ ਮਿਲੇ। ਕਈ ਵਾਰੀ ਦੂਰੋਂ ਦੂਰੋਂ ਇੱਕ ਦੂਜੇ ਪ੍ਰਤੀ ਅਨਜਾਣਪੁਣੇ ਵਿੱਚ ਗ਼ਲਤ ਕਿਆਸ ਲਾਏ ਜਾਂਦੇ ਹਨ। ਸਾਨੂੰ ਆਪਣੀ ਪੰਜਾਬੀਅਤ ਦੀ ਖੁੱਲ੍ਹੀ ਮਿਲਵਰਤਣ ਨੂੰ ਉਵੇਂ ਕਾਇਮ ਰੱਖਦੇ ਹੋਏ ਕੈਨੇਡੀਅਨ ਲੋਕਾਂ ਨਾਲ ਮਿਲਵਰਤਣ ਵਧਾਉਣੀ ਚਾਹੀਦੀ ਹੈ। ਸਾਡੀ ਨਵੀਂ ਪੀੜ੍ਹੀ ਨੂੰ ਇਸਦਾ ਲਾਭ ਹੋਵੇਗਾ ।
----
ਸਤਨਾਮ - ਤੁਸੀਂ ਆਪਣੇ ਪਰਵਾਰ ਅਤੇ ਬੱਚਿਆਂ ਬਾਰੇ ਵੀ ਕੁਝ ਦੱਸੋ। ਕਿਸੇ ਹੋਰ ਨੂੰ ਵੀ ਪੰਜਾਬੀ ਸਾਹਿਤ ਨਾਲ ਲਗਾਉ ਹੈ?
ਅਰਪਨ - ਮੇਰੀ ਪਤਨੀ ਹਰਜੀਤ ਲਿਖਦੀ ਤਾਂ ਨਹੀ ਪਰ ਉਸਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਮੇਰੇ ਨਾਲੋਂ ਵੱਧ ਸਾਹਿਤ ਪੜ੍ਹਦੀ ਹੈ। ਮੈਂ ਆਪਣੀ ਹਰ ਰਚਨਾ ਪਹਿਲਾਂ ਉਸਨੂੰ ਸੁਣਾ ਕੇ ਸੁਝਾਅ ਵੀ ਲੈਂਦਾ ਹਾਂ। ਮੇਰਾ ਇੱਕ ਬੇਟਾ ਜਸਵਿੰਦਰ ਤੇ ਇੱਕ ਬੇਟੀ ਦਲਵਿੰਦਰ ਹੈ। ਬੇਟਾ ਤਕਰੀਬਨ 20 ਸਾਲਾਂ ਤੋ ਅਮਰੀਕਾ ਵਿੱਚ ਰਹਿ ਰਿਹੈ। ਉਹ ਲਿਖਦਾ ਤਾਂ ਨਹੀਂ ਪਰ ਉਸਨੂੰ ਸਾਹਿਤ ਨਾਲ ਬਹੁਤ ਲਗਾਉ ਹੈ। ਮੇਰੀ ਬੇਟੀ ਨੂੰ ਅੰਗਰੇਜ਼ੀ ਸਾਹਿਤ ਪੜ੍ਹਨ ਦਾ ਸ਼ੌਕ ਹੈ। ਪੰਜਾਬੀ ਵਿੱਚ ਮੇਰੇ ਵੱਡੇ ਵੀਰ ਕੇਸਰ ਸਿੰਘ ਨੀਰ ਤੋਂ ਸਿਵਾ ਕੋਈ ਨਹੀਂ ਲਿਖਦਾ।
----
ਸਤਨਾਮ - ਆਪਣੇ ਸੁਭਾਅ ਬਾਰੇ ਕੁਝ ਦੱਸਣਾ ਚਾਹੋਗੇ? ਕੀ ਪਸੰਦ ਤੇ ਕੀ ਨਾ-ਪਸੰਦ ਕਰਦੇ ਹੋ? ਤੁਹਾਡੇ ਤਖ਼ੱਲਸ ‘ਅਰਪਨ’ ਵਿੱਚੋਂ ਮੈਨੂੰ ਤੁਹਾਡੇ ਸਭਾਉ ਦਾ ਪ੍ਰਤੱਖ ਪ੍ਰਛਾਵਾਂ ਦਿਸਦਾ ਹੈ?
ਅਰਪਨ - ਜਿਹੜਾ ਵਿਅਕਤੀ ਮੇਰੇ ਨਾਲ ਇਮਾਨਦਾਰੀ ਨਾਲ ਪੇਸ਼ ਆਉਂਦਾ ਹੈ, ਮੈਂ ਉਸਦੀ ਬਹੁਤ ਕਦਰ ਕਰਦਾ ਹਾਂ। ਉਹ ਮੇਰਾ ਸੱਚਾ ਦੋਸਤ ਹੁੰਦਾ ਹੈ। ਪਰ ਦੋਗਲੇ ਕਿਰਦਾਰ ਵਾਲੇ ਵਿਅਕਤੀ ਨੂੰ ਮੈਂ ਬਰਦਾਸ਼ਤ ਨਹੀ ਕਰ ਸਕਦਾ। ਅਜਿਹੇ ਸੱਜਣਾਂ ਤੋਂ ਮੈਂ ਦੂਰ ਰਹਿਣਾ ਪਸੰਦ ਕਰਦਾ ਹਾਂ। ਬਲਕਿ ਕੋਈ ਰਾਬਤਾ ਹੀ ਨਹੀਂ ਰੱਖਣਾ ਚਾਹੁੰਦਾ। ਕੁਰਸੀ ਅਤੇ ਚੌਧਰ ਦੀ ਭੁੱਖ ਵਾਲਿਆਂ ਤੋਂ ਮੈਨੂੰ ਸਖ਼ਤ ਨਫ਼ਰਤ ਹੈ। ਮੈਂ ਇਹ ਜਾਣ ਬੁੱਝ ਕੇ ਨਹੀ ਕਰਦਾ। ਇਹ ਮੇਰਾ ਸੁਭਾਓ ਹੈ। ਕਿਸੇ ਤੋਂ ਕੰਮ ਕੱਢਣ ਲਈ ਮੈਂ ਦੋਸਤੀ ਦਾ ਮਖੌਟਾ ਨਹੀਂ ਪਹਿਨ ਸਕਦਾ, ਚਾਪਲੂਸੀਆਂ ਨਹੀਂ ਕਰਦਾ। ਰਹੀ ਗੱਲ ਤਖ਼ੱਲਸ ਦੀ, ਬਹੁਤ ਪਹਿਲਾਂ ਮੈਂ ਆਪਣੇ ਨਾਂ ਨਾਲ ਪਿੰਡ ਦਾ ਨਾਂ ‘ਛੱਜਾਵਾਲ’ ਲਿਖਦਾ ਹੁੰਦਾ ਸੀ। ਪਰ ਪਿੱਛੋਂ ‘ਅਰਪਨ’ ਰੱਖ ਲਿਆ। ਸ਼ਾਇਦ ਇਹ ਮੇਰੇ ਸੁਭਾਉ ਨਾਲ ਵੀ ਮੇਲ ਖਾਂਦਾ ਹੈ।
----
ਸਤਨਾਮ - ਦੇਸ਼ ਵਿਦੇਸ਼ ਵਿੱਚ ਪੰਜਾਬੀ ਸਾਹਿਤ ਦੀ ਸੇਵਾ ਕਰਦਿਆਂ ਕੋਈ ਮਾਨ ਸਨਮਾਨ?
ਅਰਪਨ - ਭਾਰਤ ਵਿੱਚ ਬਹੁਤੇ ਸਨਮਾਨ ਭੱਜ-ਦੌੜ ਦਾ ਸਿੱਟਾ ਹਨ। ਜਿਹੜਾ ਲੇਖਕ ਭੱਜ ਦੌੜ ਨਹੀਂ ਕਰ ਸਕਦਾ, ਉਹ ਅਣਗੌਲਿਆ ਰਹਿ ਜਾਂਦਾ ਹੈ। ਬਹੁਤ ਘੱਟ ਜਥੇਬੰਦੀਆਂ ਹਨ ਜੋ ਸਹੀ ਲੇਖਕ ਦੀ ਚੋਣ ਕਰਦੀਆਂ ਹਨ। ਨਹੀਂ ਤਾਂ ਦੋਸਤੀਆਂ ਅਤੇ ਰਸੂਖ਼ ਚਲਦਾ ਹੈ। ਜਦੋਂ ਕੋਈ ਵਿਅਕਤੀ ਮੇਰੀ ਰਚਨਾ ਪੜ੍ਹ ਕੇ ਫੋਨ ਕਰਦਾ ਹੈ, ਜਾਂ ਮੈਨੂੰ ਖ਼ਤ ਲਿਖਦਾ ਹੈ ਤਾਂ ਮੈਨੂੰ ਲਗਦਾ ਹੈ ਕਿ ਮੇਰਾ ਸਨਮਾਨ ਹੋ ਗਿਆ। ਪਾਠਕਾਂ ਦੀ ਹੱਲਾਸ਼ੇਰੀ ਮੇਰਾ ਸਭ ਤੋਂ ਵੱਡਾ ਸਨਮਾਨ ਹੈ। ਵੈਸੇ ਲੇਖਕ ਦਾ ਸਨਮਾਨ ਕਰਨਾ ਵੀ ਅੱਜ ਕਲ੍ਹ ਮਖੌਲ ਜਿਹਾ ਬਣ ਕੇ ਰਹਿ ਗਿਆ। ਪਹਿਲਾਂ ਇੱਕ ਲੱਕੜੀ ਦੀ ਪਲੈਕ ਦਿੱਤੀ ਜਾਂਦੀ ਸੀ। ਹੁਣ ਉਹ ਸ਼ੀਸ਼ੇ ਦੀ ਪਲੈਕ ਵਿੱਚ ਤਬਦੀਲ ਹੋ ਗਈ। ਇਸ ਬਾਰੇ ਰਾਮ ਸਰੂਪ ਅਣਖ਼ੀ ਦੀ ਗੱਲ ਯਾਦ ਆਉਂਦੀ ਹੈ ਕਿ ਲੇਖਕ ਨੂੰ ਸਨਮਾਨ ਵਜੋਂ ਇੱਕ ਲੱਕੜੀ ਦਾ ਫੌਢਾ ਜਿਹਾ ਫੜਾ ਦਿੱਤਾ ਜਾਂਦਾ ਹੈ। ਅਣਖੀ ਨੇ ਇਹ ਵੀ ਕਿਹਾ ਕਿ ਮੇਰੇ ਘਰ ਇਹਨਾਂ ਦੀ ਬੋਰੀ ਭਰੀ ਪਈ ਹੈ। ਮੇਰਾ ਵਿਚਾਰ ਹੈ ਕਿ ਜੇ ਕੋਈ ਮਾਇਕ ਸਾਧਨਾ ਦੇ ਘਾਟ ਵਾਲੀ ਜਥੇਬੰਦੀ ਕਿਸੇ ਲੇਖਕ ਦਾ ਸਨਮਾਨ ਕੇਵਲ ਸਨਮਾਨ ਪੱਤਰ ਨਾਲ ਹੀ ਕਰਦੀ ਹੈ ਤਾਂ ਉਹ ਲੇਖਕ ਦਾ ਅਸਲੀ ਸਨਮਾਨ ਹੈ। ਕੈਲਗਰੀ ਵਿੱਚ ਇੱਕ ਅਜਿਹੀ ਜਥੇਬੰਦੀ ਹੈ ‘ਵਿਰਸਾ ਪੰਜਾਬ ਦਾ’ ਜਿਸਨੇ ਇਸ ਵਰ੍ਹੇ ਮੇਰਾ ਸਨਮਾਨ ਕੀਤਾ। ਮੇਰੇ ਲਈ ਸਨਮਾਨ ਵਿੱਚ ਭੇਂਟ ਕੀਤੀ ਉਹਨਾਂ ਦੀ ਪਲੈਕ ਬਹੁਤ ਅਜ਼ੀਜ਼ ਹੈ। ਪਰ ਜੇ ਕੋਈ ਪੈਸੇ ਵਾਲੀ ਜਥੇਬੰਦੀ ਲੇਖਕ ਦਾ ਸਨਮਾਨ ਕਰਦੀ ਹੈ ਤਾਂ ਲੇਖਕ ਨੂੰ ਘੱਟੋ ਘੱਟ ਉਸਦੀ ਇੱਕ ਪੁਸਤਕ ਦੀ ਛਪਾਈ ਦੇ ਪੈਸੇ ਜ਼ਰੂਰ ਮਿਲਣੇ ਚਾਹੀਦੇ ਹਨ। ਕੈਲਗਿਰੀ ਵਿੱਚ ‘ਪੰਜਾਬੀ ਸਟਾਰ’ ਮੈਗਜ਼ੀਨ ਹਰ ਸਾਲ ‘ਮੇਵਾ ਸਿੰਘ ਲੋਪੋਕੇ’ ਐਵਾਰਡ ਕਿਸੇ ਇੱਕ ਵਿਅਕਤੀ ਨੂੰ ਦਿੰਦਾ ਹੈ। 2001 ਵਿੱਚ ਇਹ ਐਵਾਰਡ ਮੈਨੂੰ ਦਿੱਤਾ, ਜਿਸ ਵਿੱਚ ਪਲੈਕ ਦੇ ਨਾਲ 500 ਡਾਲਰ ਦੀ ਨਕਦ ਰਾਸ਼ੀ ਵੀ ਸ਼ਾਮਲ ਸੀ।
----
ਸਤਨਾਮ - ਪਾਠਕਾਂ, ਨਵੇਂ ਲੇਖਕਾਂ ਲਈ ਜਾਂ ਆਪਣੇ ਲੋਕਾਂ ਲਈ ਕੋਈ ਸੰਦੇਸ਼ ?
ਅਰਪਨ - ਸੰਦੇਸ਼ ਤਾਂ ਨੇਤਾ ਲੋਕ ਦਿੰਦੇ ਨੇ। ਮੈਂ ਤਾਂ ਕਲਮ ਵਾਹਕ ਹਾਂ। ਪਾਠਕ ਬਹੁਤ ਸਿਆਣੇ ਹਨ । ਬੇਨਤੀ ਜ਼ਰੂਰ ਕਰਾਂਗਾ ਕਿ ਪੰਜਾਬੀ ਦਾ ਵਧੀਆ ਸਾਹਿਤ ਜ਼ਰੂਰ ਖ਼ਰੀਦੋ। ਨਵੇਂ ਲੇਖਕਾਂ ਨੂੰ ਕਹਾਂਗਾ ਕਿ ਜੇ ਤੁਹਾਡੇ ਅੰਦਰ ਇੱਕ ਲਿਖਾਰੀ ਸੁੱਤਾ ਪਿਆ ਹੈ ਤਾਂ ਉਸਨੂੰ ਜਗਾਓ। ਤੁਸੀਂ ਲਿਖਣਾ ਸ਼ੁਰੂ ਕਰੋ। ਲਿਖਣ ਤੋਂ ਪਹਿਲਾਂ ਵਧੀਆ ਲੇਖਕਾਂ ਨੂੰ ਜ਼ਰੂਰ ਪੜ੍ਹੋ। ਹੋਰ ਭਾਸ਼ਾਵਾਂ ਦਾ ਸਾਹਿਤ ਵੀ ਪੜ੍ਹਨਾ ਚਾਹੀਦੈ। ਗ਼ਲਤ ਢੰਗ ਅਪਣਾ ਕੇ ਮਸ਼ਹੂਰੀ ਖੱਟਣ ਦਾ ਯਤਨ ਨਾ ਕਰੋ। ਆਪਣੀਆਂ ਪੁਸਤਕਾਂ ਨੂੰ ਚੂਰਨ ਦੀਆਂ ਸ਼ੀਸ਼ੀਆਂ ਵਾਂਗੂੰ ਲੋਕਾਂ ਦੇ ਤਰਲ਼ੇ ਕਰਕੇ ਨਾ ਵੇਚੋ। ਲੇਖਕ ਦੀ ਕਦਰ ਮਿੱਟੀ ਵਿੱਚ ਨਾ ਮਿਲਾਓ। ਅਜਿਹਾ ਨਾ ਹੋਵੇ ਕਿ ਲੋਕ ਲੇਖਕਾਂ ਨੂੰ ਟਿੱਚਰਾਂ ਕਰਨ। ਲੇਖਕ ਨੂੰ ਚੰਗੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਚਾਹੀਦਾ ਹੈ। ਅਜਿਹੀਆਂ ਰਚਨਾਵਾਂ ਰਚੋ ਜਿਨ੍ਹਾਂ ‘ਚੋਂ ਸਹੁਜ ਉਪਜੇ, ਪਿਆਰ ਦੀ ਮਹਿਕ ਆਵੇ, ਮਨੁੱਖੀ ਸਮਾਜ ਨੂੰ ਕੋਈ ਸੇਧ ਮਿਲੇ ਤੇ ਸਰਬੱਤ ਦੇ ਭਲੇ ਦੀ ਗੱਲ ਹੋਵੇ। ਕਲਮ ਇੱਕ ਹਥਿਆਰ ਹੈ। ਇਸਨੂੰ ਕਿਸੇ ਵੀ ਜ਼ੁਲਮ ਵਿਰੁੱਧ ਜ਼ਰੂਰ ਵਰਤੋ । ਇਹ ਹੀ ਲੇਖਕ ਦਾ ਧਰਮ ਹੈ। ਪੰਜਾਬੀ ਭਾਈਚਾਰੇ ਨੂੰ ਬੇਨਤੀ ਹੈ ਕਿ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਆਪਣੇ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਜ਼ਰੂਰ ਬੋਲੋ। ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾਉਣ ਲਈ ਖੇਡਾਂ ਵਿੱਚ ਪਾਉ, ਵੱਧ ਤੋਂ ਵੱਧ ਸਮਾਂ ਆਪਣੇ ਬੱਚਿਆਂ ਨੂੰ ਦਿਉ। ਮਾਪੇ ਹੋਣ ਦੇ ਨਾਲ ਨਾਲ ਬੱਚਿਆਂ ਦੇ ਚੰਗੇ ਦੋਸਤ ਵੀ ਬਣੋ। ਫੇਰ ਉਹ ਤੁਹਾਡੇ ਕੋਲੋਂ ਕੋਈ ਵੀ ਲਕੋ ਨਹੀ ਰੱਖਣਗੇ। ਆਪਣੇ ਘਰਾਂ ਵਿੱਚ ਪੰਜਾਬੀ ਦੀਆਂ ਵਧੀਆ ਕਿਤਾਬਾਂ ਜ਼ਰੂਰ ਰੱਖੋ। ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਨਾ ਦਿਉ। ਗ਼ਲਤ ਰੀਤੀ ਰਿਵਾਜਾਂ ਨੂੰ ਤਿਲਾਂਜਲੀ ਦਿਉ। ਬਜ਼ੁਰਗਾਂ ਦੀ ਇੱਜ਼ਤ ਕਰੋ। ਨਿੱਜੀ ਸੁਆਰਥਾਂ ਤੋਂ ਉੱਪਰ ਉੱਠ ਕੇ ਲੋਕਾਂ ਦੇ ਕੰਮ ਆਉ।
----
ਸਤਨਾਮ: ਅਰਪਨ ਜੀ, ਤੁਸੀਂ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਪਾਠਕਾਂ ਨਾਲ ਆਪਣੀ ਜ਼ਿੰਦਗੀ ਦੀ ਖੁੱਲ੍ਹੀ ਕਿਤਾਬ ਦੇ ਪੰਨੇ ਸਾਂਝੇ ਕੀਤੇ ਹਨ। ਦੇਸ਼ ਵਿਦੇਸ਼ ਵਿੱਚ ਵਿਚਰਦਿਆਂ ਆਪਣੇ ਤਜ਼ਰਬੇ ਸਾਡੇ ਨਾਲ਼ ਸਾਂਝੇ ਕਰਨ ਲਈ ਆਪ ਦਾ ਬਹੁਤ ਬਹੁਤ ਧੰਨਵਾਦ। ਸਾਡੀ ਦੁਆ ਹੈ ਕਿ ਤੁਸੀਂ ਇਸ ਤੋਂ ਵਧ ਚੜ੍ਹ ਕੇ ਪੰਜਾਬੀ ਬੋਲ਼ੀ ਦੀ ਸੇਵਾ ਕਰਦੇ ਰਹੋ।
******
No comments:
Post a Comment