*******
ਮੁਲਾਕਾਤੀ: ਸੁਖਿੰਦਰ
-----
ਸੁਖਿੰਦਰ: ਅਜਾਇਬ ਕਮਲ ਸਾਹਿਬ, ਪੰਜਾਬੀ ਕਵਿਤਾ ਨਾਲ ਸਬੰਧਤ ਰਹੀ ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿੱਚ ਤੁਹਾਡਾ ਨਾਮ ਸ਼ਾਮਿਲ ਕੀਤਾ ਜਾਂਦਾ ਹੈ। ਕਵਿਤਾ ਦੇ ਖੇਤਰ ਵਿੱਚ ਤੁਸੀਂ ਜਦੋਂ ਪ੍ਰਵੇਸ਼ ਕੀਤਾ ਤਾਂ ਉਸ ਸਮੇਂ ਸਾਹਿਤਕ ਮਾਹੌਲ ਕਿਹੋ ਜਿਹਾ ਸੀ?
ਅਜਾਇਬ: ਸੁਖਿੰਦਰ ਜੀ, ਜਦੋਂ ਅਸੀਂ ਕਵਿਤਾ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ 55,56 ਜਾਂ 60ਵਿਆਂ ਵਿੱਚ ਤਾਂ ਉਸ ਵੇਲੇ ਪ੍ਰਗਤੀਵਾਦੀ ਕਵਿਤਾ ਜਾਂ ਰੋਮਾਂਸਵਾਦੀ ਪ੍ਰਗਤੀਵਾਦੀ ਕਵਿਤਾ ਆਪਣੇ ਸਿਖ਼ਰਾਂ ਉੱਤੇ ਸੀ। ਇਸਦਾ ਆਰੰਭ ਤਕਰੀਬਨ 1935 ਤੋਂ ਹੋ ਚੁੱਕਾ ਸੀ। ਇਸਦਾ ਭਾਵ ਹੈ ਕਿ ਉਹ ਲਹਿਰ ਲੱਗ ਭੱਗ 25 ਕੁ ਵਰ੍ਹੇ ਚਾਲੂ ਰਹੀ ਤੇ ਉਸਦਾ ਬੋਲਬਾਲਾ ਰਿਹਾ। ਉਦੋਂ ਇਨ੍ਹਾਂ ਸਾਲਾਂ ਬਾਹਦ ਉਹ ਤਕਰੀਬਨ ਆਪਣੀਆਂ ਸਾਰੀਆਂ ਵਿਕਾਸਮੁਖੀ ਸੰਭਾਵਨਾਵਾਂ ਹੰਢਾ ਚੁੱਕੀ ਸੀ। ਉਸਦੇ ਬਿੰਬ ਤੇ ਪ੍ਰਤੀਕ ਵੀ ਪੁਰਾਣੇ ਹੋ ਚੁੱਕੇ ਸਨ - ਸ਼ਬਦਾਵਲੀ ਤੇ ਮੁਹਾਵਰਾ ਵੀ। ਉਨ੍ਹਾਂ ਵਿੱਚ ਵਿਕਾਸ ਦਾ ਕੋਈ ਲੱਛਣ ਬਾਕੀ ਨਹੀਂ ਸੀ ਰਿਹਾ। ਲੋੜ ਸੀ ਉਸ ਤਰ੍ਹਾਂ ਦੀ ਰੂੜ੍ਹ ਕਵਿਤਾ ਨੂੰ ਵਿਸਥਾਪਤ ਕਰਕੇ ਨਵੀਂ ਤਰ੍ਹਾਂ ਦੀ ਕਵਿਤਾ ਨੂੰ ਪਰਚਲਤ ਕੀਤਾ ਜਾਵੇ ਜਿਸਦਾ ਵਿਸ਼ਾ ਵੀ ਨਵਾਂ ਹੋਵੇ ਅਤੇ ਤਰਜ਼ੇ-ਬਿਆਨ ਵੀ ਨਵਾਂ ਹੋਵੇ। ਸੋ ਅਸੀਂ ਉਸ ਤਰ੍ਹਾਂ ਦੀ ਨਵੀਨ ਭਾਂਤੀ ਕਵਿਤਾ ਦੀ ਤਲਾਸ਼ ਸ਼ੁਰੂ ਕੀਤੀ। ਜਿਸ ਨੂੰ ਅਸੀਂ ਪ੍ਰਯੋਗਵਾਦ ਦਾ ਨਾਮ ਦਿੱਤਾ; ਪ੍ਰਯੋਗਵਾਦ ਦਾ ਮਤਲਬ ਅਕਸਪੈਰੀਮੈਂਟਲਿਜ਼ਮ ਹੀ ਹੈ। ਸੋ ਇਹ ਨਵੀਂ ਕਵਿਤਾ ਦੀ ਤਲਾਸ਼ ਦੀ ਲਹਿਰ ਸੀ - ਪ੍ਰਯੋਗਵਾਦੀ ਕਵਿਤਾ।
-----
ਸੁਖਿੰਦਰ: ਤੁਸੀਂ ਆਪਣੀ ਕਵਿਤਾ ਵਿੱਚ ਆਪਣੇ ਸਮੇਂ ਵਿੱਚ ਪਰਚਲਤ ਕਵਿਤਾ ਨਾਲੋਂ ਕਿਹੜੀ ਵੱਖਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ? ਕੀ ਤੁਹਾਨੂੰ ਇਸ ਯਤਨ ਵਿੱਚ ਸਫਲਤਾ ਵੀ ਮਿਲੀ ਜਾਂ ਕਿ ਪ੍ਰਯੋਗਸ਼ੀਲ ਲਹਿਰ ਨੂੰ ਇੱਕ ਸ਼ੌਸ਼ਾ ਸਮਝ ਕੇ ਹੀ ਲੋਕਾਂ ਨੇ ਨਜ਼ਰਅੰਦਾਜ਼ ਕਰ ਦਿੱਤਾ?
ਅਜਾਇਬ: ਨਹੀਂ! ਇਹ ਸ਼ੌਸ਼ਾ ਨਹੀਂ ਸੀ ਅਤੇ ਨਾ ਹੀ ਕਿਸੀ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ। ਜਿਹੜੀ ਇਸਦੀ ਵਿਰੋਧਤਾ ਹੋਈ ਉਹ ਪ੍ਰਗਤੀਵਾਦੀਆਂ ਵੱਲੋਂ ਹੋਈ। ਇਹ ਬੜੀ ਸੋਲਿਡ ਲਹਿਰ ਸੀ। ਨਵੀਂ ਕਵਿਤਾ ਵਿੱਚ ਅਸੀਂ ਵਿਸ਼ੇ ਵੀ ਨਵੇਂ ਲਏ ਅਤੇ ਤਰਜ਼ੇ-ਬਿਆਨ ਵੀ ਬਿਲਕੁਲ ਬਦਲ ਦਿੱਤਾ। ਬਿੰਬ, ਚਿੰਨ, ਭਾਸ਼ਾ - ਸਭ ਕੁਝ ਅਸੀਂ ਨਵਾਂ ਲਿਆਂਦਾ। ਪੰਜਾਬੀ ਕਵਿਤਾ ਦੀ ਨੁਹਾਰ ਹੀ ਬਿਲਕੁਲ ਬਦਲ ਦਿੱਤੀ। ਇਸ ਵਿੱਚ ਸਾਨੂੰ ਸਫਲਤਾ ਮਿਲੀ ਅਤੇ ਦਿਨੋਂ ਦਿਨ ਸਫ਼ਲਤਾ ਹੀ ਮਿਲਦੀ ਗਈ। ਅੰਤ, ਇਹੀ ਨਵੀਂ ਕਵਿਤਾ, ਪੰਜਾਬੀ ਦੀ ਸ਼ਿਰੋਮਣੀ ਕਵਿਤਾ ਵਜੋਂ ਹੀ ਜਾਣੀ ਜਾਣ ਲੱਗੀ।
-----
ਸੁਖਿੰਦਰ: ਤੁਸੀਂ ਇੱਕ ਲੰਬੇ ਸਮੇਂ ਤੋਂ ਪੰਜਾਬੀ ਕਵਿਤਾ ਦੇ ਖੇਤਰ ਨਾਲ ਜੁੜੇ ਹੋਏ ਹੋ। ਇੰਨੇ ਲੰਬੇ ਸਮੇਂ ਵਿੱਚ ਤੁਹਾਨੂੰ ਕਿਹੜੇ ਪੰਜਾਬੀ ਕਵੀਆਂ ਦੀ ਕਵਿਤਾ ਨੇ ਟੁੰਬਿਆ ਹੈ?
ਅਜਾਇਬ: ਦੇਖੋ ਜੀ, ਜਿਹੜੇ ਸੀਨੀਅਰ ਲੇਖਕ ਹੁੰਦੇ ਹਨ ਉਨ੍ਹਾਂ ਨੂੰ ਸਾਰੇ ਹੀ ਸਟੱਡੀ ਕਰਦੇ ਹਨ। ਉਰਦੂ ਵਿੱਚ ਇੱਕ ਕਹਾਵਤ ਸੀ ਕਿ ਜਿਸ ਨੇ ਵੀ ਗ਼ਜ਼ਲ ਲਿਖਣੀ ਸ਼ੁਰੂ ਕਰਨੀ ਹੈ ਉਸਨੂੰ ਘੱਟ ਤੋਂ ਘੱਟ 60,000 ਸ਼ੇਅਰ ਆਪਣੇ ਤੋਂ ਪਹਿਲਾਂ ਆਏ ਸ਼ਾਇਰਾਂ ਦੇ ਯਾਦ ਹੋਣੇ ਚਾਹੀਦੇ ਹਨ। ਮੈਂ ਵੀ ਆਪਣੇ ਤੋਂ ਪਹਿਲਾਂ ਆਏ ਕਵੀਆਂ ਨੂੰ ਚੰਗੀ ਤਰ੍ਹਾਂ ਪੜ੍ਹਿਆ। ਉਨ੍ਹਾਂ ਦੀ ਕਵਿਤਾ ਵਿੱਚੋਂ ਉਨ੍ਹਾਂ ਦੇ ਵਿਚਾਰਾਂ ਵਿੱਚੋਂ ਜੋ ਕੁਝ ਮੈਨੂੰ ਚਾਹੀਦਾ ਸੀ ਮੈਂ ਉਹ ਲਿਆ, ਬਾਕੀ ਮੈਂ ਤਿਆਗ ਦਿੱਤਾ।
-----
ਸੁਖਿੰਦਰ: ਮੈਂ ਫਿਰ ਵੀ ਚਾਹਾਂਗਾ ਕਿ ਤੁਸੀਂ ਕੁਝ ਨਾਮ ਜ਼ਰੂਰ ਲਵੋ?
ਅਜਾਇਬ: ਮੈਂ ਕਿੰਨ੍ਹੇ ਕੁ ਨਾਮ ਲਵਾਂਗਾ? ਅਨੇਕਾਂ ਭਾਸ਼ਾਵਾਂ ਦੇ ਬਹੁਤ ਸਾਰੇ ਕਵੀ ਹਨ। ਬਹੁਤ ਨਾਮ ਹਨ...
-----
ਸੁਖਿੰਦਰ: ਅਜੋਕੇ ਸਮਿਆਂ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਬਾਰੇ ਤੁਸੀਂ ਕਿਵੇਂ ਸੋਚਦੇ ਹੋ?
ਅਜਾਇਬ: ਜਿਹੜੀ ਨਵੀਂ ਪੰਜਾਬੀ ਕਵਿਤਾ ਅੱਜ ਲਿਖੀ ਜਾ ਰਹੀ ਹੈ ਉਹ ਬੜੀ ਸੰਭਾਵਨਾ ਭਰਪੂਰ ਹੈ। ਮੈਂ ਸਮੁੱਚੀ ਕਵਿਤਾ ਦੀ ਗੱਲ ਕਰ ਰਿਹਾ ਹਾਂ। ਅੱਜ ਦੇ ਜੀਵਨ ਨਾਲ ਸਬੰਧਤ ਕਿਸੀ ਵੀ ਵਿਸ਼ੇ ਬਾਰੇ ਕਵਿਤਾ ਲਿਖੀ ਜਾ ਸਕਦੀ ਹੈ। ਅੱਜ ਦੇ ਜਿੰਨੇ ਵੀ ਕਵੀ ਹਨ - ਜਿਹੜੇ ਸਥਾਪਤ ਹੋ ਚੁੱਕੇ ਹਨ ਜਾਂ ਜਿਹੜੇ ਸਥਾਪਤ ਹੋਣ ਦੇ ਯਤਨ ਕਰ ਰਹੇ ਹਨ ਉਹ ਜੀਵਨ ਦੇ ਨਵੇਂ ਨਵੇਂ ਵਿਸ਼ੇ ਅਕਸਪਲੋਰ ਕਰ ਰਹੇ ਹਨ। ਨਵੀਂ ਨਵੀਂ ਤਰ੍ਹਾਂ ਦੀ ਨਵੀਂ ਕਵਿਤਾ ਲਿਖਕੇ ਪੰਜਾਬੀ ਕਵਿਤਾ ਦੇ ਭੰਡਾਰ ਨੂੰ ਭਰਪੂਰ ਕਰ ਰਹੇ ਹਨ। ਨਵੇਂ ਸਿਖਾਂਦਰੂ ਕਵੀਆਂ ਦੀ ਮੈਂ ਗੱਲ ਨਹੀਂ ਕਰਦਾ।
-----
ਸੁਖਿੰਦਰ: ਨਵੇਂ ਕਵੀਆਂ ‘ਚੋਂ ਕਿਹੜੇ ਕਵੀਆਂ ਦੀ ਕਵਿਤਾ ਤੋਂ ਤੁਸੀਂ ਸੰਤੁਸ਼ਟੀ ਮਹਿਸੂਸ ਕਰਦੇ ਹੋ?
ਅਜਾਇਬ: ਯਾਰ, ਤੇਰਾ ਜਿਹੜਾ ਇਹ ਸੁਆਲ ਹੈ ਬਈ ਨਾਮ ਲਵੋ?...ਏਨੇ ਨਾਮ ਹਨ? ਬਈ ਮੈਨੂੰ ਨਾਮ ਯਾਦ ਨਹੀਂ ਰਹਿੰਦੇ। ਮੇਰੀ ਯਾਦਾਸ਼ਤ ਬਹੁਤ ਕਮਜ਼ੋਰ ਹੋ ਚੁੱਕੀ ਹੈ। ਲੱਗਭਗ ਸਾਰੇ ਹੀ ਜਿਹੜੇ ਅੱਜਕੱਲ੍ਹ ਚਰਚਿਤ ਕਵੀ ਹਨ - ਉਹ ਵਧੀਆ ਕਵਿਤਾ ਲਿਖਦੇ ਹਨ ਅਤੇ ਪੰਜਾਬੀ ਕਵਿਤਾ ਦੇ ਭੰਡਾਰੇ ਨੂੰ ਭਰਪੂਰ ਕਰ ਰਹੇ ਹਨ।
-----
ਸੁਖਿੰਦਰ: ਪੰਜਾਬੀ ਆਲੋਚਨਾ ਉੱਤੇ ਅਕਸਰ ਇਹ ਦੋਸ਼ ਲੱਗਦਾ ਰਹਿੰਦਾ ਹੈ ਕਿ ਇਹ ਧੜੇਬੰਦੀਆਂ ਵਿੱਚ ਵੰਡੀ ਹੋਈ ਹੈ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ?
ਅਜਾਇਬ: ਦਿੱਲੀ ਤੇ ਪੰਜਾਬ ਵਿੱਚ ਕੁਝ ਬਹੁਤ ਚੰਗੇ ਆਲੋਚਕ ਹਨ ਪਰ ਮੈਂ ਤੁਹਾਡੇ ਇਸ ਵਿਚਾਰ ਨਾਲ ਵੀ ਸਹਿਮਤ ਹਾਂ। ਮੈਂ ਦੇਖਦਾ ਹਾਂ ਕਿ ਜਿਹੜੇ ਸਥਾਪਿਤ ਆਲੋਚਕਾਂ ਦੇ ਸ਼ਰਧਾਲੂ ਹੁੰਦੇ ਹਨ ਜਾਂ ਉਨ੍ਹਾਂ ਦੇ ਧੜੇ ਦੇ ਹੁੰਦੇ ਹਨ ਉਹ ਅਪਣੀ ਪੱਖਪਾਤੀ ਆਲੋਚਨਾ ‘ਚ ਉਨ੍ਹਾਂ ਨੂੰ ਅਸਮਾਨ ਉੱਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ - ਜਿਹੜੇ ਉਨ੍ਹਾਂ ਦੇ ਵਿਰੋਧੀ ਹੁੰਦੇ ਹਨ ਜਾਂ ਤਾਂ ਉਹ ਉਨ੍ਹਾਂ ਦੇ ਵਿਰੁੱਧ ਲਿਖਦੇ ਹਨ ਜਾਂ ਉਨ੍ਹਾਂ ਨੂੰ ਉੱਕਾ ਹੀ ਨਜ਼ਰ-ਅੰਦਾਜ਼ ਕਰ ਦਿੰਦੇ ਹਨ। ਇਸ ਦੇ ਨਾਲ ਹੀ ਮੇਰੀ ਇੱਕ ਹੋਰ ਧਾਰਨਾ ਵੀ ਬਣੀ ਹੈ ਕਿ ਆਲੋਚਨਾ ਹੁਣ ਕੋਈ ਸਮੱਗਰ ਜਾਂ ਸਟੈਂਡਰਡ ਵਸਤੂ ਨਹੀਂ ਰਹੀ। ਇਹ ਇੱਕ ਵਿਅਕਤੀਗਤ ਸ਼ੈਅ ਬਣ ਗਈ ਹੈ। ਅੱਜ ਦਾ ਹਰ ਲੇਖਕ ਪੜ੍ਹਿਆ ਲਿਖਿਆ ਹੈ ਅਤੇ ਨਾਲ ਹੀ ਉਹ ਇੱਕ ਆਲੋਚਕ ਵੀ ਹੈ। ਹਰੇਕ ਰਚਨਾ ਵੱਲ ਉਸਦਾ ਆਪਣਾ ਹੀ ਪ੍ਰਤੀਕਰਮ ਹੁੰਦਾ ਹੈ। ਇਸ ਲਈ ਆਲੋਚਨਾ ਦਾ ਮਸਲਾ ਹੁਣ ਧੜੇਬੰਦੀ ਤੋਂ ਹਟ ਕੇ ਵਿਅਕਤੀਗਤ ਮਸਲਾ ਬਣ ਗਿਆ ਹੈ।
------
ਸੁਖਿੰਦਰ: ਕੀ ਤੁਸੀਂ ਕੁਝ ਆਲੋਚਕਾਂ ਦੇ ਨਾਮ ਲੈਣੇ ਚਾਹੋਗੇ ਜਿਨ੍ਹਾਂ ਦੇ ਕੰਮ ਤੋਂ ਤੁਹਾਨੂੰ ਸੰਤੁਸ਼ਟੀ ਮਿਲੀ ਹੈ?
ਅਜਾਇਬ: ਤੁਸੀਂ ਫਿਰ ਆਪਣੇ ਸੁਆਲ ਨੂੰ ਹੀ ਇੱਕ ਤਰ੍ਹਾਂ ਦੁਹਰਾ ਰਹੇ ਹੋ। ਇਸਦੇ ਜੁਆਬ ਵਿੱਚ ਤਾਂ ਮੈਂ ਇਹੀ ਕਹਾਂਗਾ ਕਿ ਮੈਂ ਲਿਖੀ ਜਾ ਰਹੀ ਆਲੋਚਨਾ ਤੋਂ ਸੰਤੁਸ਼ਟ ਨਹੀਂ ਹਾਂ ਜਾਂ ਸਾਹਿਤਾਂ ਵੱਲ ਨਜ਼ਰ ਮਾਰੋ ਜਿੱਥੇ -ਆਲੋਚਨਾ ਦਾ ਨਾਂ ਨਿਸ਼ਾਨ ਬਿਲਕੁਲ ਹੀ ਮਿਟ ਚੁੱਕਾ ਹੈ।
-----
ਸੁਖਿੰਦਰ: ਹਿੰਦੁਸਤਾਨ ਤੋਂ ਬਾਹਰ ਰਹਿ ਰਹੇ ਪੰਜਾਬੀ ਲੇਖਕਾਂ ਵਿੱਚੋਂ ਅਜੇ ਵਧੇਰੇ ਲੇਖਕ ਆਲੋਚਨਾ ਦੇ ਖੇਤਰ ਵੱਲ ਨਹੀਂ ਗਏ। ਇਸ ਲਈ ਉਨ੍ਹਾਂ ਨੂੰ ਆਪਣੀਆਂ ਲਿਖਤਾਂ ਦੀ ਆਲੋਚਨਾ ਲਈ ਹਿੰਦੁਸਤਾਨ ਦੇ ਆਲੋਚਕਾਂ ਵੱਲ ਹੀ ਦੇਖਣਾ ਪੈਂਦਾ ਹੈ। ਉਨ੍ਹਾਂ ਆਲੋਚਕਾਂ ਨੂੰ ਬਾਹਰਲੇ ਦੇਸ਼ਾਂ ਦੀਆਂ ਪ੍ਰਸਥਿਤੀਆਂ ਦੀ ਵਧੇਰੇ ਜਾਣਕਾਰੀ ਨਾ ਹੋਣ ਕਾਰਨ ਉਹ ਬਾਹਰਲੇ ਦੇਸ਼ਾਂ ਦੇ ਲੇਖਕਾਂ ਦੀਆਂ ਲਿਖਤਾਂ ਨਾਲ ਵੀ ਪੂਰੀ ਤਰ੍ਹਾਂ ਇਨਸਾਫ ਨਹੀਂ ਕਰ ਸਕਦੇ। ਤੁਸੀਂ ਵੀ ਜ਼ਿੰਦਗੀ ਦਾ ਕਾਫੀ ਹਿੱਸਾ ਹਿੰਦੁਸਤਾਨ ਤੋਂ ਬਾਹਰ ਹੀ ਬਿਤਾਇਆ ਹੈ। ਕੀ ਤੁਹਾਡੇ ਮਨ ਵਿੱਚ ਵੀ ਕਦੀ ਅਜਿਹਾ ਵਿਚਾਰ ਆਇਆ ਸੀ?
ਅਜਾਇਬ: ਸੁਖਿੰਦਰ, ਮੈਂ ਤੇਰੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾਂ। ਮੇਰੇ ਮਨ ਵਿੱਚ ਬਹੁਤ ਵਾਰੀ ਇਹ ਵਿਚਾਰ ਆਇਆ ਹੈ। ਬਈ ਵਿਦੇਸ਼ਾਂ ਦੀ ਸਥਿਤੀ ਹੋਰ ਹੈ - ਭਾਰਤ ਦੀ ਸਥਿਤੀ ਹੋਰ ਹੈ। ਭਾਰਤ ਵਿੱਚ ਰਹਿੰਦੇ ਲੇਖਕ ਵਿਦੇਸ਼ਾਂ ਵਿੱਚ ਰਚੇ ਜਾ ਰਹੇ ਸਾਹਿਤ ਨਾਲ ਇਨਸਾਫ਼ ਨਹੀਂ ਕਰ ਸਕਦੇ। ਜੇਕਰ ਉਹ ਇਸਦਾ ਮੁਲਅੰਕਣ ਕਰਨ। ਵਿਦੇਸ਼ਾਂ ਵਿੱਚ ਰਹਿ ਰਹੇ ਲੇਖਕ, ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਲਿਖ ਰਹੇ ਲੇਖਕਾਂ ‘ਚੋਂ ਹੀ ਆਲੋਚਕ ਪੈਦਾ ਕਰਨੇ ਪੈਣਗੇ। ਜੋ ਉੱਥੇ ਦੇ ਹਾਲਾਤ ਨੂੰ, ਉੱਥੇ ਦੇ ਜੀਵਨ, ਸਭਿਆਚਾਰ ਨੂੰ, ਉੱਥੇ ਦੇ ਕਰਾਸਕਲਚਰ ਨੂੰ ਸਮਝਦੇ ਹੋਣ - ਸਾਹਿਤ ਦੀ ਪੂਰੀ ਰੂਪਰੇਖਾ ਨੂੰ ਸਮਝਦੇ ਹੋਣ। ਉਹ ਹੀ ਵਿਦੇਸ਼ਾਂ ਵਿੱਚ ਲਿਖੇ ਜਾ ਰਹੇ ਪੰਜਾਬੀ ਸਾਹਿਤ ਨਾਲ ਪੂਰਾ ਇਨਸਾਫ਼ ਕਰ ਸਕਣਗੇ। ਭਾਰਤ ਵਿੱਚ ਰਹਿੰਦੇ ਲੇਖਕ ਨਹੀਂ।
-----
ਸੁਖਿੰਦਰ: ਤੁਸੀਂ ਆਪਣੇ ਮੁੱਢਲੇ ਸਾਲਾਂ ਵਿੱਚ ਲਿਖੀ ਹੋਈ ਕਵਿਤਾ ਨੂੰ ਆਪਣੀ ਅੱਜ ਕੱਲ੍ਹ ਦੀ ਲਿਖੀ ਜਾ ਰਹੀ ਕਵਿਤਾ ਦੇ ਮੁਕਾਬਲੇ ਵਿੱਚ ਰੱਖ ਕੇ ਜਦੋਂ ਦੇਖਦੇ ਹੋ ਤਾਂ ਤੁਹਾਨੂੰ ਕੀ ਮੁੱਖ ਅੰਤਰ ਦਿਖਦਾ ਹੈ?
ਅਜਾਇਬ: ਸੁਖਿੰਦਰ, ਜਿਵੇਂ ਕਿ ਜੀਵਨ ਲਗਾਤਾਰ ਬਦਲਦਾ ਰਹਿੰਦਾ ਹੈ। ਸਮੇਂ ਦੇ ਬਦਲਣ ਨਾਲ ਜੀਵਨ ਵੀ ਬਦਲਦਾ ਹੈ ਅਤੇ ਜੀਵਨ ਦੀ ਨੁਹਾਰ ਵੀ ਬਦਲਦੀ ਹੈ। ਸੋਚਣੀ ਵੀ ਬਦਲਦੀ ਹੈ। ਉਨ੍ਹਾਂ ਦਾ ਜੀਵਨ ਉੱਤੇ ਪ੍ਰਭਾਵ ਪੈਂਦਾ ਹੈ- ਜਿਵੇਂ ਕਿ ਟੈਕਨਾਲੋਜੀ ਵਿੱਚ ਕਿਵੇਂ ਨਵੀਂਆਂ ਨਵੀਂਆਂ ਖੋਜਾਂ ਹੋ ਰਹੀਆਂ ਹਨ। ਉਨ੍ਹਾਂ ਨਾਲ ਜੀਵਨ ਦੀ ਨੁਹਾਰ ਬਿਲਕੁਲ ਬਦਲ ਚੁੱਕੀ ਹੈ। ਜੀਵਨ ਕਦੇ ਵੀ ਇੱਕੋ ਜਿਹਾ ਨਹੀਂ ਰਿਹਾ - ਉਸੇ ਤਰ੍ਹਾਂ ਹੀ ਸਾਹਿਤ ਵੀ ਇੱਕੋ ਤਰ੍ਹਾਂ ਦਾ ਨਹੀਂ ਰਹਿ ਸਕੇਗਾ। ਸਾਹਿਤ ਨੂੰ ਜੀਵਨ ਦੇ ਪ੍ਰੀਵਰਤਨ ਦੇ ਨਾਲ ਨਾਲ ਬਦਲਣਾ ਚਾਹੀਦਾ ਅਤੇ ਬਦਲਣਾ ਪਵੇਗਾ। ਇਹ ਬਹੁਤ ਜ਼ਰੂਰੀ ਹੈ।
------
ਸੁਖਿੰਦਰ: ਕੀ ਤੁਸੀਂ ਸਮਝਦੇ ਹੋ ਕਿ ਜਿਹੜੀ ਅਜੋਕੀ ਪੰਜਾਬੀ ਕਵਿਤਾ ਹੈ ਉਹ ਅਜੋਕੇ ਸਮਿਆਂ ਦੀਆਂ ਸਮੱਸਿਆਵਾਂ ਦਾ ਸਹੀ ਪ੍ਰਗਟਾਵਾ ਕਰ ਰਹੀ ਹੈ?
ਅਜਾਇਬ: ਦੇਖੋ, ਇਹ ਸੁਆਲ ਬਹੁਤ ਵਿਸ਼ਾਲ ਹੈ। ਜਿਹੜੀ ਤਾਂ ਭਾਰਤ ਦੀ ਸਥਿਤੀ ਤੇ ਸਮੱਸਿਆ ਹੈ ਉਸ ਦੇ ਨਾਲ ਤਾਂ ਭਾਰਤ ਦੇ ਲੇਖਕ ਹੀ ਇਨਸਾਫ ਕਰ ਸਕਦੇ ਹਨ। ਜਿਹੜੇ ਉੱਥੇ ਬੈਠੇ ਲਿਖ ਰਹੇ ਹਨ। ਬਦੇਸ਼ਾਂ ਵਿੱਚ ਜਿਹੜੀਆਂ ਜ਼ਿੰਦਗੀ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਜਾਂ ਜੋ ਹਾਵ ਭਾਵ ਹਨ - ਉਨ੍ਹਾਂ ਦਾ ਸਹੀ ਪ੍ਰਗਟਾਵਾ ਵਿਦੇਸ਼ਾਂ ਵਿੱਚ ਰਹਿ ਰਹੇ ਲੇਖਕ ਹੀ ਕਰ ਸਕਦੇ ਹਨ। ਮੈਂ ਸਮਝਦਾ ਹਾਂ ਕਿ ਉਹ ਪੂਰੇ ਯਤਨਸ਼ੀਲ ਹਨ। ਮੈਂ ਬਦੇਸ਼ਾਂ ਵਿੱਚ ਰਹਿ ਰਹੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਦਾ ਰਹਿੰਦਾ ਹਾਂ। ਮੈਂ ਦੇਖਦਾ ਹਾਂ ਕਿ ਉਹ ਪੂਰਾ ਯਤਨ ਕਰ ਰਹੇ ਹਨ - ਆਪਣੇ ਵਿਸ਼ੇ ਨਾਲ ਇਨਸਾਫ ਕਰਨ ਲਈ। ਇਨ੍ਹਾਂ ਯਤਨਾਂ ਵਿੱਚ ਭਾਵੇਂ ਉਹ ਪੂਰੀ ਤਰ੍ਹਾਂ ਹਾਲੇ ਸਫ਼ਲ ਨਾ ਵੀ ਹੋਏ ਹੋਣ - ਪਰ 100 ‘ਚੋਂ, ਉਨ੍ਹਾਂ ‘ਚੋਂ 80% ਜ਼ਰੂਰ ਸਫਲ ਹੋਏ ਹਨ।
-----
ਸੁਖਿੰਦਰ: ਅਜੋਕੇ ਸਮਿਆਂ ਦੀ ਕਵਿਤਾ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਇੱਕ ਲੇਖਕ ਲਈ ਜ਼ਰੂਰੀ ਹੈ ਕਿ ਉਹ ਆਪਣੀਆਂ ਸਥਾਨਕ ਸਮੱਸਿਆਵਾਂ ਨੂੰ ਵੀ ਸਮਝਦਾ ਹੋਵੇ, ਆਪਣੀਆਂ ਕੌਮੀ ਸਮੱਸਿਆਵਾਂ ਨੂੰ ਵੀ ਸਮਝਦਾ ਹੋਵੇ ਅਤੇ ਅੰਤਰ-ਰਾਸ਼ਟਰੀ ਸਮੱਸਿਆਵਾਂ ਨੂੰ ਵੀ ਸਮਝਦਾ ਹੋਵੇ। ਕੀ ਸਾਡਾ ਪੰਜਾਬੀ ਲੇਖਕ ਇਨ੍ਹਾਂ ਗੱਲਾਂ ਉੱਤੇ ਪੂਰਾ ਉਤਰ ਰਿਹਾ ਹੈ ਜਾਂ ਕਿ ਨਹੀਂ ਉਤਰ ਰਿਹਾ?
ਅਜਾਇਬ: ਇਸ ਗੱਲ ਉੱਤੇ ਹਾਲੇ ਤੱਕ ਪੂਰਾ ਨਹੀਂ ਉਤਰ ਰਿਹਾ...ਕੁਝ ਕੁ ਲੇਖਕ ਹੋਣਗੇ ਜਿਹੜੇ ਕਿ ਯਤਨ ਕਰ ਰਹੇ ਹਨ। ਮੈਂ ਆਪਣੀ ਮਿਸਾਲ ਦਿੰਦਾ ਹਾਂ। ਜਦੋਂ ਮੈਂ ਅਜੇ ਅਫਰੀਕਾ ਵਿੱਚ ਸਾਂ, ਮੈਂ ਅਫਰੀਕਾ ਵਿੱਚ ਰਹਿੰਦਾ ਹੋਇਆ ਵੀ ਭਾਰਤ ਦੀ ਸਥਿਤੀ ਨਾਲ ਪੂਰੀ ਤਰ੍ਹਾਂ ਜੁੜਿਆ ਰਹਿੰਦਾ ਸੀ। ਅਫਰੀਕਾ ਦੀ ਜੋ ਸਥਿਤੀ ਹੁੰਦੀ ਸੀ - ਰਾਜਨੀਤਿਕ, ਸਮਾਜਿਕ, ਸਭਿਆਚਾਰਕ, ਆਰਥਿਕ ਜਾਂ ਧਾਰਮਿਕ। ਉਸਦਾ ਵੀ ਮੈਂ ਅਧਿਐੱਨ ਕਰਦਾ ਰਹਿੰਦਾ ਸਾਂ। ਉਸ ਸਬੰਧ ਵਿੱਚ ਮੈਂ ਕਵਿਤਾ ‘ਚ ਇੱਕ ਪੂਰੀ ਕਿਤਾਬ ਲਿਖੀ ਸੀ ‘ਅਫਰੀਕਾ ਵਿੱਚ ਨੇਤਰਹੀਨ’। ਜਿਸ ਪੁਸਤਕ ਵਿੱਚ ਉੱਥੇ ਦੇ ਹਾਲਾਤ ਦੀ ਪੂਰੀ ਸਰਵਪੱਖੀ ਤਸਵੀਰ ਪੇਸ਼ ਕੀਤੀ ਸੀ। ਹੁਣ ਵੀ ਕੁਝ ਯਤਨ ਤਾਂ ਹੋ ਰਹੇ ਹਨ; ਲੇਕਿਨ ਹੋਰ ਯਤਨ ਕਰਨ ਦੀ ਲੋੜ ਹੈ ਬਾਹਰਲੇ ਦੇਸ਼ਾਂ ਦੇ ਲੇਖਕਾਂ ਨੂੰ।
-----
ਸੁਖਿੰਦਰ: ਹਿੰਦੁਸਤਾਨ ਵਿੱਚ ਅੱਜਕੱਲ੍ਹ ਜਿਹੜੀ ਕਵਿਤਾ ਲਿਖੀ ਜਾ ਰਹੀ ਹੈ ਉਸ ਵਿੱਚ ਦੇਹਵਾਦੀ ਕਵਿਤਾ, ਪਿਆਰ ਕਵਿਤਾ, ਨਿੱਜਵਾਦੀ ਕਵਿਤਾ - ਇਹੋ ਜਿਹੀਆਂ ਸਮੱਸਿਆਵਾਂ ਦਾ ਜ਼ਿਆਦਾ ਬੋਲਬਾਲਾ ਰਿਹਾ ਹੈ। ਕੀ ਤੁਹਾਨੂੰ ਨਹੀਂ ਲੱਗਦਾ ਕਿ ਹਿੰਦੁਸਤਾਨ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਸਮਾਜਿਕ ਪ੍ਰਸਥਿਤੀਆਂ ਨਾਲੋਂ ਟੁੱਟੀ ਹੋਈ ਕਵਿਤਾ ਹੈ?
ਅਜਾਇਬ: ਮੈਂ ਨਹੀਂ ਸਮਝਦਾ ਕਿ ਉਹ ਸਮਾਜਿਕ ਪ੍ਰਸਥਿਤੀਆਂ ਨਾਲੋਂ ਟੁੱਟੀ ਹੋਈ ਹੈ। ਜਿਹੜੇ ਵਿਸ਼ਿਆਂ ਦਾ ਤੁਸੀਂ ਜਿ਼ਕਰ ਕੀਤਾ ਹੈ ਉਹ ਵੀ ਸਮਾਜਕ ਤੇ ਵਿਅਕਤੀਗਤ ਦਾ ਇੱਕ ਵਿਸ਼ੇਸ਼ ਅੰਗ ਹਨ। ਤੁਸੀਂ ਇਸ ਨੂੰ ਨਾਂਹ ਵਾਚਕ ਕਹਿ ਲਓ - ਜਾਂ ਹਾਂ ਵਾਚਕ ਕਹਿ ਲਓ। ਕਿਉਂਕਿ ਸਮਾਜ ਕੋਈ ਇਕਾਂਗੀ ਵਸਤੂ ਦਾ ਨਾਂ ਨਹੀਂ ਹੈ। ਸਮਾਜ ਬਹੁਪੱਖੀ ਵਰਤਾਰੇ ਦਾ ਵਿਸ਼ਾਲ ਸੰਗ੍ਰਹਿ ਹੈ। ਮੈਂ ਉਨ੍ਹਾਂ ਨੂੰ ਸਰਵ-ਪੱਖੀ ਵਿਸ਼ੇ ਕਹਿੰਦਾ ਹਾਂ। ਸੋ ਜੇ ਇਹ ਇਹ ਵਿਸ਼ੇ ਵੀ ਕਵਿਤਾ ਵਿੱਚ ਆਉਂਦੇ ਹਨ ਤੇ ਜੇਕਰ ਕੋਈ ਉਸਾਰੂ ਨਵਾਂ ਪੱਖ ਇਨ੍ਹਾਂ ਨਾਲ ਕਵਿਤਾ ਵਿੱਚ ਆਉਂਦਾ ਹੈ ਤਾਂ ਉਹ ਵੀ ਚੰਗੀ ਗੱਲ ਸੀ। ਇਹ ਨਾਂਹ ਵਾਚਕ ਨਾ ਹੋਣ ਇਹ ਵਿਸ਼ੇ ਜਿਨ੍ਹਾਂ ਨੂੰ ਤੁਸੀਂ ਦੇਹਵਾਦੀ ਕਿਹਾ ਹੈ ਇਹ ਵਿਸ਼ੇ ਜ਼ਿੰਦਗੀ ਦਾ ਅੰਗ ਹਨ - ਉਨ੍ਹਾਂ ਨੂੰ ਕਵਿਤਾ ਵਿੱਚ ਆਉਣ ਤੋਂ ਤੁਸੀਂ ਰੋਕ ਨਹੀਂ ਸਕਦੇ। ਕੁਝ ਸਮੇਂ ਲਈ ਹੀ ਹੋ ਸਕਦਾ। ਅਖੀਰ, ਜ਼ਿੰਦਗੀ ਨੂੰ ਚਲਾਉਣ ਵਾਲੀਆਂ ਇਹ ਸ਼ਕਤੀਆਂ ਹਨ। ਰਾਜਨੀਤਿਕ, ਸਮਾਜਿਕ, ਆਰਥਿਕ, ਸਮਾਜਿਕ, ਸਭਿਆਚਾਰਕ - ਉਨ੍ਹਾਂ ਸਭ ਦਾ ਪ੍ਰਭਾਵ ਕਵਿਤਾ ਉੱਤੇ ਪੈਂਦਾ ਹੈ।
-----
ਸੁਖਿੰਦਰ: ਹਿੰਦੁਸਤਾਨ ਤੋਂ ਬਾਹਰ ਜਿਹੜੀ ਪੰਜਾਬੀ ਕਵਿਤਾ ਲਿਖੀ ਜਾ ਰਹੀ ਹੈ ਉਸ ਬਾਰੇ ਤੁਹਾਡੇ ਕੀ ਪ੍ਰਭਾਵ ਹਨ?
ਅਜਾਇਬ: ਮੈਂ ਹੁਣੇ ਕਹਿਕੇ ਹਟਿਆ ਹਾਂ ਕਿ ਬਹੁਤ ਵਧੀਆ ਕਵਿਤਾ ਲਿਖੀ ਜਾ ਰਹੀ ਹੈ। ਇੰਗਲੈਂਡ ਦੇ ਬਹੁਤ ਸਾਰੇ ਲੇਖਕ ਹਨ - ਬਹੁਤ ਵਧੀਆ ਲਿਖ ਰਹੇ ਹਨ। ਆਪਣੇ ਆਪਣੇ ਅਨੁਭਵ ਅਨੁਸਾਰ, ਆਪਣੇ ਆਪਣੇ ਹਾਲਾਤ ਦੇ ਅਨੁਕੂਲ। ਤੁਹਾਡੇ ਇੱਥੇ ਕੈਨੇਡਾ ਵਿੱਚ ਤੁਸੀਂ ਕਿੰਨ੍ਹੇ ਸਾਰੇ ਲੇਖਕ ਹੋ-ਟੋਰਾਂਟੋ, ਵੈਨਕੂਵਰ ਤੇ ਕੈਲਗਰੀ ਵਿੱਚ। ਤੁਸੀਂ ਸਾਰੇ ਸਮਕਾਲੀ ਹਾਲਾਤ ਬਾਰੇ ਲਿਖ ਰਹੇ ਹੋ। ਅਮਰੀਕਾ ਵਾਲੇ ਜਿਹੜੇ ਲੇਖਕ ਹਨ। ਉਹ ਅਮਰੀਕਨ ਹਾਲਤਾਂ ਅਨੁਸਾਰ ਲਿਖ ਰਹੇ ਹਨ। ਮੈਂ ਸਮਝਦਾ ਹਾਂ ਕਿ ਕੈਨੇਡਾ ਅਤੇ ਅਮਰੀਕਾ ਦੇ ਪੰਜਾਬੀ ਲੇਖਕ, ਜਿਨ੍ਹਾਂ ਨੂੰ ਅਸੀਂ ਨਾਰਥ ਅਮਰੀਕਨ ਕਵੀ ਕਹਿ ਸਕਦੇ ਹਾਂ, ਇੱਥੇ ਦੇ ਸਰਵ ਪੱਖੀ ਹਾਲਤ ਨੂੰ ਕਲਮਬੱਧ ਕਰਨ ਦਾ ਯਤਨ ਕਰ ਰਹੇ ਹਨ। ਇਹ ਚੰਗੀ ਗੱਲ ਹੈ।
------
ਸੁਖਿੰਦਰ: ਅਜੋਕੇ ਸਮਿਆਂ ਵਿੱਚ ਤੁਹਾਨੂੰ ਕਿਹੜੀਆਂ ਗੱਲਾਂ ਕਵਿਤਾ ਲਿਖਣ ਲਈ ਪ੍ਰੇਰਦੀਆਂ ਹਨ? ਤੁਸੀਂ ਅੱਜ ਕੱਲ੍ਹ ਆਪਣਾ ਵਧੇਰੇ ਸਮਾਂ ਸਾਹਿਤ ਦੇ ਕਿਹੜੇ ਖੇਤਰ ਵੱਲ ਲਗਾ ਰਹੇ ਹੋ?
ਅਜਾਇਬ: ਮੇਰੀ ਆਪਣੀ ਕਵਿਤਾ ਦੇ ਵਿਕਾਸ ਵਿੱਚ ਪੰਜ ਪੜ੍ਹਾਅ ਆਏ ਹਨ: ਪ੍ਰਯੋਗਵਾਦ, ਉਸਤੋਂ ਬਾਹਦ ਆਧੁਨਿਕਵਾਦ, ਵਿਦਰੋਹਵਾਦ, ਸਮਿਲਤਵਾਦ ਤੇ ਹੁਣ ਗਲੋਬਲਯੁੱਗ। ਪ੍ਰਯੋਗਵਾਦ ਵੀ ਅਸੀਂ ਚਾਰ ਪੰਜ ਸਾਲ ਬਾਹਦ ਛੱਡ ਦਿੱਤਾ ਸੀ। ਅਸੀਂ ਆਧੁਨਿਕਵਾਦੀ ਬਣ ਗਏ। ਫਿਰ ਵਿਦਰੋਹੀ ਵੀ ਬਣੇ। ਜਿੰਨੇ ਨਵੇਂ ਪੁਰਾਣੇ, ਪੂਰਬੀ ਪੱਛਮੀ ਫਲਸਫੇ ਹਨ - ਉਨ੍ਹਾਂ ਨੂੰ ਅਸੀਂ ਆਪਣੀ ਕਵਿਤਾ ਵਿੱਚ ਸਮੌਣ ਦਾ ਯਤਨ ਕੀਤਾ। ਮੈਂ ਸਮਝਦਾ ਹਾਂ ਕਿ ਗਲੋਬਲੀਕਰਨ ਦੀ ਜੋ ਚੇਤਨਾ ਹੈ ਅਸੀਂ ਸਾਰੇ ਪੰਜਾਬੀ ਕਵੀ ਹੁਣ ਉਸ ਪੜ੍ਹਾਅ ਉੱਤੇ ਪਹੁੰਚ ਇਸੇ ਮਸਲੇ ਬਾਰੇ ਹੀ ਲਿਖ ਰਹੇ ਹਾਂ। ਤੁਸੀਂ ਵੀ, ਹੋਰ ਵੀ ਜਿਹੜੇ ਚੇਤਨ ਲੇਖਕ ਹਨ - ਇਨ੍ਹਾਂ ਮਸਲਿਆਂ ਨੂੰ ਆਪਣੀ ਕਵਿਤਾ ਵਿੱਚ ਲਿਆਉਣ ਦਾ ਯਤਨ ਕਰ ਰਹੇ ਹਨ। ਇਹੀ ਅੱਜ ਦੀ ਮੁੱਖਧਾਰਾ ਹੈ - ਇਹੋ ਅੱਜ ਦੀ ਕਵਿਤਾ ਦਾ ਮੁੱਖ ਝੁਕਾਅ ਹੈ।
------
ਸੁਖਿੰਦਰ: ਜਿਵੇਂ ਮੈਂ ਮੁਲਾਕਾਤ ਦੇ ਮੁੱਢ ਵਿੱਚ ਕਿਹਾ ਸੀ ਕਿ ਤੁਸੀਂ ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿੱਚੋਂ ਹੋ। ਅਜੋਕੇ ਸਮਿਆਂ ਵਿੱਚ ਤੁਸੀਂ ਪ੍ਰਯੋਗਸ਼ੀਲ ਲਹਿਰ ਨੂੰ ਜਾਂ ਪ੍ਰਯੋਗਵਾਦੀ ਕਵਿਤਾ ਨੂੰ ਕਿਸ ਤਰ੍ਹਾਂ ਵੇਖਦੇ ਹੋ? ਬਈ ਉਸਦੀ ਅਜੋਕੇ ਸਮਿਆਂ ਵਿੱਚ ਕਿਸ ਤਰ੍ਹਾਂ ਦੀ ਦੇਣ ਹੈ?
ਅਜਾਇਬ: ਪ੍ਰਯੋਗਸ਼ੀਲ ਲਹਿਰ ਤਾਂ ਚਾਰ ਪੰਜ ਸਾਲ ਬਾਹਦ ਸਮਾਪਤ ਹੋ ਗਈ ਸੀ। ਪਰ ਜਿੱਥੋਂ ਤੱਕ ਪ੍ਰਯੋਗ ਦਾ ਸਬੰਧ ਹੈ - ਉਹ ਤਾਂ ਹਮੇਸ਼ਾਂ ਹੁੰਦੇ ਰਹੇ ਹਨ ਅਤੇ ਹਮੇਸ਼ਾਂ ਹੁੰਦੇ ਰਹਿਣਗੇ ਅਤੇ ਹੁਣ ਵੀ ਹੁੰਦੇ ਹਨ। ਮੈਂ ਨਵੇਂ ਲੇਖਕਾਂ ਨੂੰ ਵੀ ਗਹੁ ਨਾਲ ਪੜ੍ਹਦਾ ਹਾਂ। ਕਈ ਬਿਲਕੁਲ ਨਵੀਂ ਤਰ੍ਹਾਂ ਦੀਆਂ ਚੀਜ਼ਾਂ ਲਿਖ ਰਹੇ ਹਨ। ਗ਼ਜ਼ਲ ‘ਚ, ਗੀਤਾਂ ‘ਚ, ਕਵਿਤਾ ‘ਚ, ਨਾਟਕ ‘ਚ, ਨਾਵਲ ‘ਚ, ਕਹਾਣੀ ‘ਚ - ਸਾਹਿਤ ਦੇ ਹਰ ਰੂਪ ਵਿੱਚ ਹੀ ਅਜਕੱਲ੍ਹ ਨਵੇਂ ਵਿਅਕਤੀਵਾਦੀ ਪ੍ਰਯੋਗ ਹੋ ਰਹੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਨਾਮ ਲਏ ਬਗੈਰ ਇੱਕ ਨਵ ਪ੍ਰਯੋਗਵਾਦ ਆ ਰਿਹਾ ਹੋਵੇ। ਜਿਵੇਂ ਹਰ ਲੇਖਕ ਹੀ ਨਵੇਂ ਪ੍ਰਯੋਗ ਕਰ ਰਿਹਾ ਹੋਵੇ - ਆਪਣੀ ਕਵਿਤਾ, ਆਪਣੀ ਕਹਾਣੀ, ਆਪਣੇ ਨਾਵਲ ਲਈ - ਕੋਈ ਨਵਾਂ ਰਾਹ ਲੱਭਣ ਲਈ ਯਤਨਸ਼ੀਲ ਹੋਵੇ।
------
ਸੁਖਿੰਦਰ: ਪ੍ਰਯੋਗਸ਼ੀਲ ਲਹਿਰ ਦਾ ਤੁਸੀਂ ਜਦੋਂ ਝੰਡਾ ਬੁਲੰਦ ਕੀਤਾ, ਨਾਹਰਾ ਬੁਲੰਦ ਕੀਤਾ, ਤਾਂ ਤੁਹਾਡੀ ਲਹਿਰ ਦਾ ਬਹੁਤ ਵਿਰੋਧ ਵੀ ਹੋਇਆ। ਤੁਹਾਡਾ ਵਿਰੋਧ ਹੋਣ ਦੇ ਕੀ ਕਾਰਨ ਸਨ?
ਅਜਾਇਬ: ਕਾਰਨ ਇਹ ਸੀ ਕਿ ਉਸ ਸਮੇਂ ਦੇ ਜਿਹੜੇ ਸਥਾਪਤ ਰੋਮਾਂਸਵਾਦੀ ਪ੍ਰਗਤੀਵਾਦੀ ਲੇਖਕ ਸਨ ਉਨ੍ਹਾਂ ਨੂੰ ਅਸੀਂ ਗੱਦੀ ਤੋਂ ਲਾਹ ਕੇ ਵਿਸਥਾਪਤ ਕੀਤਾ ਸੀ, ਉਨ੍ਹਾਂ ਦੀ ਘਸ ਘਸ ਕੇ ਰੂੜ੍ਹ ਹੋ ਚੁੱਕੀ ਲੇਖਣੀ ਨੂੰ ਵਿਸਥਾਪਤ ਕੀਤਾ ਸੀ - ਇਸ ਲਈ ਉਨ੍ਹਾਂ ਨੂੰ ਤਕਲੀਫ ਤਾਂ ਹੋਣੀ ਸੀ। ਜਿਸ ਘਿਸੀ ਪਿਟੀ ਲੀਹ ਉੱਤੇ ਉਹ ਅੰਨ੍ਹੇਵਾ ਤੁਰੇ ਜਾਂਦੇ ਸੀ ਅਸੀਂ ਉਸ ਲੀਹ ਨੂੰ ਤੋੜ ਦਿੱਤਾ। ਉਨ੍ਹਾਂ ਕਿਹਾ ਇਹ ਪੱਥ ਭਰਿਸਟ ਵਿਦਰੋਹੀ ਨੇ। ਉਨ੍ਹਾਂ ਸਾਡਾ ਡੱਟ ਕੇ ਵਿਰੋਧ ਕੀਤਾ। ਉਨ੍ਹਾਂ ਨੇ ਕਰਨਾ ਹੀ ਸੀ। ਇਹ ਕੁਦਰਤੀ ਗੱਲ ਸੀ। ਪਰ ਅਖੀਰ, ਉਨ੍ਹਾਂ ਨੂੰ ਇਸ ਵਿਰੋਧਬਾਜ਼ੀ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ। ਨਵੀਂ ਕਵਿਤਾ ਦਾ ਰਾਹ ਖੁੱਲ੍ਹਦਾ ਗਿਆ....ਜਿਵੇਂ ਸ਼ੇਅਰ ਸੀ ...ਲੋਗ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਿਆ...ਹੌਲੀ ਹੌਲੀ ਸਥਾਪਤ ਕਾਵਿ-ਧਾਰਾ ਬਣ ਗਈ। ਉਸ ਵੇਲੇ ਪੰਜਾਬੀ ਦੀ ਜਿਹੜੀ ਨਵੀਂ ਧਾਰਾ ਦੀ ਕਵਿਤਾ ਸੀ ਉਹ ਸਾਰੀ ਸਾਡੀ ਦੇਣ ਸੀ।
-----
ਸੁਖਿੰਦਰ: ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਮੁਲਾਕਾਤ ਦੇ ਦੌਰਾਨ ਉਨ੍ਹਾਂ ਵਿੱਚ ਮੈਨੂੰ ਇਸ ਤਰ੍ਹਾਂ ਲੱਗਾ ਹੈ ਕਿ ਤੁਸੀਂ ਪ੍ਰਯੋਗਸ਼ੀਲ ਲਹਿਰ ਦਾ ਜਿਹੜਾ ਨਾਹਰਾ ਬੁਲੰਦ ਕੀਤਾ ਉਸ ਤੋਂ ਬਾਹਦ ਜਿਹੜੇ ਹੋਰ ਵਾਦ ਉੱਠੇ ਜਾਂ ਜਿਹੜੀਆਂ ਲਹਿਰਾਂ ਉੱਠੀਆਂ ਤੁਸੀਂ ਉਨ੍ਹਾਂ ਨਾਲ ਵੀ ਹੌਲੀ ਹੌਲੀ ਤੁਰਨ ਲੱਗ ਪਏ। ਇਸ ਗੱਲ ਦਾ ਤੁਸੀਂ ਕਿਸ ਤਰ੍ਹਾਂ ਵਿਸਥਾਰ ਦਿਓਗੇ?
ਅਜਾਇਬ: ਵਾਦ ਨਹੀਂ ਸੀ ਉੱਠੇ, ਅਸੀਂ ਉਠਾਏ ਸਨ। ਉਸ ਦੇ ਨਾਲ ਜਿਹੜਾ ਆਧੁਨਿਕਵਾਦ ਸੀ - ਮੇਰੀ ਕਿਤਾਬ ‘ਪ੍ਰਯੋਗਵਾਦ ਅਤੇ ਉਸਤੋਂ ਅਗਾਂਹ’ ਪੜ੍ਹੋ। ਉਸ ਵਿੱਚ ਸਭ ਕੁਝ ਬੜਾ ਸਪੱਸ਼ਟਰੂਪ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਮੇਰੀ ਆਪਣੀ ਜਿਹੜੀ ਸੋਚ ਸੀ ਉਸਨੇ ਕਿਸ ਤਰ੍ਹਾਂ ਵਿਕਾਸ ਕੀਤਾ। ਪ੍ਰਯੋਗਵਾਦੀ ਲਹਿਰ ਨੂੰ ਤਾਂ ਅਸੀਂ ਚਾਰ ਪੰਜ ਸਾਲ ਬਾਹਦ ਹੀ ਛੱਡ ਗਏ ਸੀ। ਉਸ ਥਾਂ ਅਸੀਂ ਆਧੁਨਿਕਵਾਦੀ ਬਣ ਗਏ ਸਾਂ। ਮੇਰੀ ਦੂਜੀ ਕਿਤਾਬ ਦਾ ਨਾਮ ਸੀ ‘ਸ਼ਤਰੰਜ ਦੀ ਖੇਡ’। ਇਸ ਪੁਸਤਕ ਵਿੱਚ ਮੈਂ ਐਲਾਨ ਕਰ ਦਿੱਤਾ ਸੀ ਕਿ ਅਸੀਂ ਹੁਣ ਪ੍ਰਯੋਗਵਾਦੀ ਨਹੀਂ ਰਹੇ। ਅਸੀਂ ਉਸ ਲਹਿਰ ਦੇ ਹੁਣ ਸੰਚਾਲਕ ਨਹੀਂ; ਅਸੀਂ ਹੁਣ ਆਧੁਨਿਕਵਾਦੀ ਬਣ ਗਏ ਹਾਂ। ਮੈਂ ਇੱਕ ਦੋ ਪੈਂਫਲਿਟ ਵੀ ਲਿਖੇ ਸਨ: ‘ਆਧੁਨਿਕਤਾ ਦੀ ਲਹਿਰ’, ‘ਆਧੁਨਿਕਤਾ ਅਤੇ ਰੋਮਾਂਟਿਕਤਾ’ - ਕੁਝ ਹੋਰ ਵੀ ਲਿਖੇ ਸਨ। ਉਸ ਵਿੱਚ ਅਸੀਂ ਆਧੁਨਿਕਤਾ ਬਾਰੇ ਸਭ ਗੱਲਾਂ ਸਪੱਸ਼ਟ ਕੀਤੀਆਂ ਸਨ। ਫਿਰ ਅਸੀਂ ਜਦੋਂ ਮਹਿਸੂਸ ਕੀਤਾ ਕਿ ਸਾਡੀ ਕਵਿਤਾ ਵਿੱਚ ਸਮਕਾਲੀ ਪ੍ਰਸਥਿਤੀਆਂ ਵਿਰੁੱਧ ਵਿਦਰੋਹ ਦੀ ਭਾਵਨਾ ਵੀ ਪ੍ਰਗਟ ਹੋਣੀ ਚਾਹੀਦੀ ਹੈ - ਫਿਰ ਅਸੀਂ ਵਿਦਰੋਹੀ ਬਣ ਗਏ ਤੇ ਅਸੀਂ ਵਿਦਰੋਹੀ ਕਵਿਤਾਵਾਂ ਵੀ ਲਿਖੀਆਂ ਤੇ ਅਸੀਂ ਵਿਦਰੋਹਵਾਦੀ ਹੋ ਗਏ। ਫਿਰ ਜਿਵੇਂ ਜ਼ੇਨ ਆ ਗਿਆ, ਅੰਤਰ-ਰਾਸ਼ਟਰਵਾਦ ਆ ਗਿਆ, ਪ੍ਰਵਾਸੀ ਕਵਿਤਾ ਆ ਗਈ - ਇਸ ਤਰ੍ਹਾਂ ਦੇ ਕਈ ਵਿਸ਼ੇ ਕਵਿਤਾ ਵਿੱਚ ਆਏ। ਉਨ੍ਹਾਂ ਨੂੰ ਮੈਂ ਚੌਥਾ ਪੜਾਅ ਕਿਹਾ। ਜਿੱਥੇ ਅਸੀਂ ਹੁਣ ਪਹੁੰਚੇ ਹਾਂ ਉਸਨੂੰ ਅਸੀਂ ਗਲੋਬਲ ਚੇਤਨਾ ਦਾ ਪੰਜਵਾਂ ਪੜਾਅ ਕਹਿੰਦੇ ਹਾਂ। ਰੂਸ ਵਿੱਚ ਸਮਾਜਵਾਦ ਦੇ ਅਸਫਲ ਹੋਣ ਨਾਲ ਜਿਹੜੀ ਸਥਿਤੀ ਪੈਦਾ ਹੋਈ। ਜਿਹੜੀ ਸਾਰੀ ਤਾਕਤ ਅੰਨੇ ਤੇ ਕਠੋਰ ਅਮਰੀਕਨ ਸਰਮਾਏ ਦੇ ਹੱਥ ਆ ਗਈ। ਉਸਦਾ ਭਾਰਤ ਉੱਤੇ ਕੀ ਅਸਰ ਪਿਆ। ਭਾਰਤ ਦੇ ਗਰੀਬ ਲੋਕਾਂ ਉੱਤੇ ਵੀ ਇਸਦਾ ਮਾਰੂ ਅਸਰ ਪਿਆ ਤੇ ਪੈ ਰਿਹਾ ਹੈ। ਇਸੇ ਤਰ੍ਹਾਂ ਕੈਨੇਡਾ ਉੱਤੇ ਕਿਸ ਤਰ੍ਹਾਂ ਦਾ ਅਸਰ ਪਿਆ? ਉਹ ਸਾਰੀ ਜਿਹੜੀ ਦਿਸ਼ਾ ਹੈ ਉਸਨੂੰ ਅਸੀਂ ਅੱਜ ਆਪਣੀਆਂ ਲਿਖਤਾਂ ਵਿੱਚ ਪੇਸ਼ ਕਰ ਰਹੇ ਹਾਂ। ਉਸ ਸਥਿਤੀ ਦਾ ਅਸੀਂ ਨਿਰੀਖਣ ਕਰਨ ਦਾ ਯਤਨ ਕਰ ਰਹੇ ਹਾਂ। ਇਹ ਸਾਰੀ ਗੱਲ ਸਾਡੇ ਲਹੂ ‘ਚੋਂ ਨਿਕਲ ਰਹੀ ਹੈ।
------
ਸੁਖਿੰਦਰ: ਤੁਸੀਂ ਕੈਨੇਡਾ ਅਤੇ ਅਮਰੀਕਾ ਦਾ ਦੌਰਾ ਕਰਕੇ ਜਾ ਰਹੇ ਹੋ। ਤੁਹਾਨੂੰ ਇਨ੍ਹਾਂ ਦੇਸ਼ਾਂ ਦਾ ਸਾਹਿਤਕ ਮਾਹੌਲ ਕਿਹੋ ਜਿਹਾ ਲੱਗਾ?
ਅਜਾਇਬ: ਬਹੁਤ ਵਧੀਆ ਲੱਗਾ। ਮੈਂ ਜਿੱਥੇ ਵੀ ਗਿਆਂ ਸਾਹਿਤਕਾਰ ਮੈਨੂੰ ਬਹੁਤ ਖੁਸ਼ ਹੋ ਕੇ ਮਿਲਦੇ ਰਹੇ। ਤੁਹਾਡੇ ਗੁਰਦਿਆਲ ਕੰਵਲ, ਤੁਸੀਂ, ਨੀਟਾ ਬਲਵਿੰਦਰ ਅਤੇ ਹੋਰ ਜਿਹੜੇ ਸੱਜਣ ਹਨ - ਨੇ ਟੋਰਾਂਟੋ ਵਿੱਚ ਬਹੁਤ ਵੱਡਾ ਫੰਕਸ਼ਨ ਕੀਤਾ। ਮੇਰੀ ਹੌਂਸਲਾ ਅਫਜ਼ਾਈ ਕੀਤੀ। ਮੈਨੂੰ ਬੜਾ ਮਾਨ ਦਿੱਤਾ। ਤੁਹਾਡੇ ਐਮ.ਪੀ. ਮੱਲੀ ਸਾਹਿਬ ਵੀ ਆਏ, ਡਾ. ਕੁਲਦੀਪ ਕੁਲਾਰ, ਐਮ.ਪੀ.ਪੀ. ਵੀ ਆਏ। ਮੈਂ ਨਿਊਯਾਰਕ ਗਿਆ। ਉੱਥੇ ਦੇ ਕਵੀਆਂ ਦਲਜੀਤ ਮੋਖਾ, ਰਣਧੀਰ ਸਿੰਘ, ਡਾਕਟਰ ਸੇਠੀ ਤੇ ਅਵਤਾਰ ਸਿੰਘ ਵਗੈਰਾ ਨੇ ਇੱਕ ਬਹੁਤ ਵੱਡੀ ਸੰਸਥਾ ਬਣਾਈ ਹੋਈ ਹੈ। ਉਨ੍ਹਾਂ ਨੇ ਵੀ ਮੇਰਾ ਬਹੁਤ ਮਾਨ ਸਨਮਾਨ ਕੀਤਾ। ਫਿਰ ਮੈਂ ਵੈਨਕੂਵਰ ਗਿਆ। ਮਨਜੀਤ ਮੀਤ, ਗਿੱਲ ਮੋਰਾਂਵਾਲੀ ਅਤੇ ਹੋਰ ਕਈ ਲੇਖਕ ਸਨ - ਉਨ੍ਹਾਂ ਨੇ ਵੀ ਮਾਨ ਸਨਮਾਨ ਕੀਤਾ। ਇਸੇ ਤਰ੍ਹਾਂ ਮੈਂ ਕੈਲੇਫੋਰਨੀਆਂ ਗਿਆ। ਉੱਥੇ ਡਾ. ਗੁਰੂਮੇਲ, ਕੁਲਵਿੰਦਰ, ਰੇਸ਼ਮ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਹੁਤ ਵੱਡਾ ਪ੍ਰੋਗਰਾਮ ਕੀਤਾ। ਇੰਡੀਆ ਤੋਂ ਡਾ. ਜਸਪਾਲ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਅਤੇ ਡਾ. ਆਤਮਜੀਤ (ਨਾਟਕਕਾਰ) ਆਦਿ ਵੀ ਆਏ ਹੋਏ ਸਨ। ਉਨ੍ਹਾਂ ਦਾ ਵੀ ਸਨਮਾਨ ਹੋਇਆ ਉੱਥੇ। ਮੇਰੀਆਂ ਕਵਿਤਾਵਾਂ ਵੀ ਸੁਣੀਆਂ। ਇਸ ਤੋਂ ਮੈਨੂੰ ਜਾਣਕਾਰੀ ਮਿਲੀ ਕਿ ਇੱਥੇ ਵੀ ਬਹੁਤ ਵਧੀਆ ਸਾਹਿਤਕ ਮਾਹੌਲ ਹੈ। ਬਹੁਤ ਰੁਝੇਵਿਆਂ ਦੇ ਬਾਵਜ਼ੂਦ ਵੀ ਇਨ੍ਹਾਂ ਦੇਸ਼ਾਂ ਵਿੱਚ ਬੈਠੇ ਪੰਜਾਬੀ ਲੇਖਕ ਪੰਜਾਬੀ ਕਵਿਤਾ, ਗ਼ਜ਼ਲ, ਕਹਾਣੀ, ਨਾਵਲ, ਨਾਟਕ ਨਾਲ ਆਪਣਾ ਤੇਹ ਪਾਲ ਰਹੇ ਹਨ। ਬਹੁਤ ਵਧੀਆ ਲਿਖ ਰਹੇ ਹਨ।
-----
ਸੁਖਿੰਦਰ: ਮੁਲਾਕਾਤ ਦੇ ਅੰਤ ਉੱਤੇ ਕੋਈ ਹੋਰ ਗੱਲ ਕਹਿਣੀ ਚਾਹੋ ਤਾਂ ਕਹੋ?
ਅਜਾਇਬ: ਮੈਂ ਤਾਂ ਇਹੀ ਕਹਾਂਗਾ ਕਿ ਭਾਵੇਂ ਜਿਸ ਵਿਧਾ ਵਿਚ ਕੋਈ ਲਿਖ ਰਿਹਾ ਹੈ - ਚਾਹੇ ਉਹ ਕਵੀ ਹੈ, ਕਹਾਣੀਕਾਰ ਹੈ, ਨਾਟਕਕਾਰ ਹੈ, ਨਾਵਲਕਾਰ ਹੈ - ਉਹ ਜੋ ਕੁਝ ਵੀ ਲਿਖ ਰਿਹਾ ਹੈ - ਉਸ ਵਿੱਚ ਮੌਲਿਕਤਾ ਤੇ ਸਿਰਜਣਵਾਦੀ ਚਾਸ਼ਣੀ ਜ਼ਰੂਰ ਚਾਹੀਦੀ ਹੈ। ਨਵੇਂ ਵਿਸ਼ਿਆਂ ਨੂੰ ਅਕਸਪਲੋਰ ਕਰਨਾ ਚਾਹੀਦਾ - ਜਿਹੜੇ ਅਜੇ ਤੀਕ ਐਕਸਪਲੋਰ ਨਹੀਂ ਕੀਤੇ। ਨਵੇਂ ਵਿਸ਼ਿਆਂ ਦੀ ਚੋਣ ਐਕਸਪਰੈਸ਼ਨ ਦੇ ਨਾਲ ਉਨ੍ਹਾਂ ਦੇ ਤਰਜ਼ੇ-ਬਿਆਨ ਵਿੱਚ ਵੀ ਨਵੀਨਤਾ ਲਿਆਉਣ - ਉਨ੍ਹਾਂ ਨੂੰ ਹੋਰ ਪ੍ਰਫੁੱਲਤ ਕਰਨ ਦੇ ਯਤਨ ਕਰਨ। ਤਾਂ ਜੋ ਨਵੀਂ ਪੰਜਾਬੀ ਕਵਿਤਾ ਤੇ ਸਾਹਿਤ ਵਿਚ ਨਵਾਂਪਣ ਤੇ ਮੌਲਿਕਤਾ ਬਣੀ ਰਹੇ। ਉਸ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਹਮੇਸ਼ਾਂ ਬਣੀਆਂ ਰਹਿਣ। ਨਵੀਂ ਪੰਜਾਬੀ ਕਵਿਤਾ ਨਿਰੰਤਰ ਨਵੀਂ ਬਣੀ ਰਹੇ ਤੇ ਕਦੇ ਵੀ ਜਮੂਦ ਤੇ ਖੜੋਤ ਦਾ ਸ਼ਿਕਾਰ ਨਾ ਹੋ ਸਕੇ।