ਭਾਗ ਚੌਥਾ
ਲੜੀ ਜੋੜਨ ਲਈ ਪਹਿਲੀ, ਦੂਜੀ ਅਤੇ ਤੀਜੀ ਪੋਸਟ ਜ਼ਰੂਰ ਪੜ੍ਹੋ ਜੀ।
ਨਿਰਾਲਾ - ਤੁਸੀਂ ਦਫ਼ਤਰ ’ਚ ਕੰਮ ਕਰਦੇ ਹੋ। ਕਿਹਾ ਜਾਂਦਾ ਹੈ ਕਿ ਦਫ਼ਤਰ ’ਚ ਕੰਮ ਕਰਨ ਵਾਲਾ ਹਮੇਸ਼ਾ ਹੀ ਸਮੇਂ ਦਾ ਪਾਬੰਦ ਰਹਿੰਦਾ ਹੈ। ਤੁਸੀਂ ਵੀ ਹੁੰਦੇ ਹੋਵੋਗੇ। ਕੀ ਲਿਖਣ-ਪੜ੍ਹਨ ’ਚ ਵੀ ਤੁਹਾਡੀ ਇਹੀ ਰੁਟੀਨ ਹੈ।
ਜਿੰਦਰ - ਹਾਂ, ਦਫ਼ਤਰ ਦਾ ਸਮਾਂ ਹੁੰਦਾ ਹੈ। ਸਵੇਰ ਦੇ ਨੌਂ ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ। ਸਮੇਂ ਸਿਰ ਦਫ਼ਤਰ ਜਾਣਾ ਪੈਂਦਾ ਹੈ। ਸਮੇਂ ਸਿਰ ਆਉਣਾ ਪੈਂਦਾ ਹੈ। ਇਸ ਨਾਲ ਮੈਂ ਸਮੇਂ ਦਾ ਪਾਬੰਦ ਰਹਿੰਦਾ ਹਾਂ। ਮੈਂ ਚੰਡੀਗੜ੍ਹ ਹੋਵਾਂ ਤਾਂ ਗਰਮੀਆਂ ਨੂੰ ਪੰਜ ਵਜੇ ਤੇ ਸਿਆਲ ਨੂੰ ਸਾਢੇ ਪੰਜ ਵਜੇ ਉੱਠਦਾ ਹਾਂ। ਮੈਂ ਆਪਣੇ ਮੋਬਾਇਲ ’ਤੇ ਪੱਕਾ ਹੀ ਅਲਾਰਮ ਲਗਾਇਆ ਹੋਇਆ ਹੈ। ਮੈਂ ਦਾਤੁਨ ਕਰਦਾ ਹੋਇਆ ਦੋ ਕੁ ਮੀਲ ਦੀ ਸੈਰ ਕਰਦਾ ਹਾਂ। ਵਾਪਸ ਆ ਕੇ ਪਾਣੀ ਦਾ ਗਿਲਾਸ ਪੀਂਦਾ ਹਾਂ, ਫੇਰ ਆਪਣੀ ਪਸੰਦ ਦੀ ਚਾਹ ਬਣਾਉਂਦਾ ਹਾਂ। ਗਿਲਾਸ ’ਚ ਪਾ ਕੇ ਉੱਪਰਲੀ ਮੰਜ਼ਿਲ ਤੇ ਆ ਜਾਂਦਾ ਹਾਂ। ਇਸ ਸਮੇਂ ਗੁਰਪਾਲ ਸੰਧੂ ਸਮੇਤ ਸਾਰੇ ਜਣੇ ਸੁੱਤੇ ਪਏ ਹੁੰਦੇ ਹਨ। ਚਾਹ ਪੀ ਕੇ ਮੈਂ ਕਾਇਮ ਹੋ ਜਾਂਦਾ ਹਾਂ। ਫੇਰ ਪੜ੍ਹਨਾ ਸ਼ੁਰੂ ਕਰਦਾ ਹਾਂ। ਸਾਢੇ ਸੱਤ ਵਜੇ ਤੱਕ ਪੜ੍ਹਦਾ ਹਾਂ। ਨਹਾਉਂਦਾ ਹਾਂ। ਪੌੜੀਆਂ ਉਤਰਦਿਆਂ, ਜੇ ਗੁਰਪਾਲ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਹੋਵੇ ਤਾਂ ਉਹ ਨੂੰ ਮੇਰੇ ਜਾਣ ਦਾ ਪਤਾ ਲੱਗ ਜਾਂਦਾ ਹੈ। ਉਹ ਅਵੱਸ਼ ਹੀ ਮੈਨੂੰ ਆਵਾਜ਼ ਮਾਰਦਾ ਹੈ ਜਾਂ ਮੈਂ ਹੀ ਕਹਿੰਦਾ ਹਾਂ, ‘‘ਚੰਗਾ ਜੀ, ਡਾਕਟਰ ਸਾਹਿਬ, ਮੇਰਾ ਤਾਂ ਟਾਇਮ ਹੋ ਗਿਆ।’’ ਉਸ ਕਹਿਣਾ ਹੁੰਦਾ ਹੈ,‘‘ਠਹਿਰ ਜਾ। ਮੇਰੀ ਪਹਿਲਾਂ ਗੱਲ ਸੁਣ...।’’ ਫੇਰ ਮੈਂ ਡਾਈਨਿੰਗ ਟੇਬਲ ’ਤੇ ਆਪਣਾ ਬੈਗ ਰੱਖਦਾ ਹਾਂ। ਅਖ਼ਬਾਰਾਂ ਦੀਆਂ ਸੁਰਖੀਆਂ ’ਤੇ ਉੱਡਦੀ ਜਿਹੀ ਨਜ਼ਰ ਮਾਰਦਾ ਹਾਂ। ਰੌਸ਼ਨੀ ਮੈਨੂੰ ਇਕ ਪਰਾਂਠਾ ਤੇ ਦਹੀਂ ਦੀ ਕੌਲੀ ਦੇ ਜਾਂਦਾ ਹੈ। ਦੋ ਪਰਾਂਠੇ ਅਖ਼ਬਾਰ ਵਿਚ ਲਪੇਟ ਕੇ ਫੜ੍ਹਾ ਜਾਂਦਾ ਹੈ। ਮੈਂ ਘਰੋਂ ਅੱਠ ਕੁ ਵਜੇ ਤੁਰ ਪੈਂਦਾ ਹਾਂ। ਅਠੱਤੀ-ਚਾਲ੍ਹੀ ਵਾਲੇ ਚੌਂਕ ਤੋਂ ਸਤਾਰਾਂ ਦੇ ਬਸ ਸਟੈਂਡ ’ਤੇ ਜਾਂਦਾ ਹਾਂ। ਉਥੋਂ ਦਿੱਲੀ ਜਾਣ ਵਾਲੀ ਕਿਸੇ ਵੀ ਬਸ ’ਤੇ ਜਾ ਚੜ੍ਹਦਾ ਹਾਂ। ਦਫ਼ਤਰ ਪਹੁੰਚ ਕੇ ਮੈਂ ਘਰ ਨੂੰ ਭੁੱਲ ਜਾਂਦਾ ਹਾਂ। ਘਰ ਪਹੁੰਚ ਕੇ ਮੈਨੂੰ ਕਦੇ ਦਫ਼ਤਰ ਨਹੀਂ ਯਾਦ ਰਿਹਾ। ਸ਼ਾਮ ਨੂੰ ਛੇ ਕੁ ਵਜੇ ਵਾਪਸ ਆ ਜਾਂਦਾ ਹਾਂ। ਦਸ-ਪੰਦਰਾਂ ਦਿਨਾਂ ਬਾਅਦ ਲੋਕਗੀਤ ਪ੍ਰਕਾਸ਼ਨ ਜਾਂ ਪੰਜਾਬ ਬੁੱਕ ਸੈਂਟਰ ਜਾਂਦਾ ਹਾਂ। ਬਾਕੀ ਦਿਨ ਮੈਂ ਕਿਸੇ ਪਾਸੇ ਨਹੀਂ ਜਾਂਦਾ। ਕਿਸੇ ਨੂੰ ਨਹੀਂ ਮਿਲ਼ਦਾ। ਮੈਨੂੰ ਇਸ ਗੱਲ ਦੀ ਮੌਜ ਹੈ ਕਿ ਜਲੰਧਰ ਵਾਲੇ ਸਮਝਦੇ ਹਨ ਕਿ ਮੈਂ ਚੰਡੀਗੜ੍ਹ ਹਾਂ। ਚੰਡੀਗੜ੍ਹ ਵਾਲੇ ਸੋਚਦੇ ਹਨ ਕਿ ਜਿੰਦਰ ਜਲੰਧਰ ਗਿਆ ਹੋਵੇਗਾ। ਮੈਂ ਪਿਛਲੇ ਸੱਤ ਸਾਲਾਂ ਤੋਂ ਚੰਡੀਗੜ੍ਹ ਹਾਂ। ਇਨ੍ਹਾਂ ਸਾਲਾਂ ’ਚ ਮੈਂ ਮਸਾਂ ਪੰਜ-ਸੱਤ ਪ੍ਰੋਗ੍ਰਾਮ ਚੰਡੀਗੜ੍ਹ ਅਟੈਂਡ ਕੀਤੇ ਹੋਣਗੇ ਤੇ ਇੰਨੇ ਕੁ ਹੀ ਜਲੰਧਰ। ਹਾਂ, ਤੇ ਵਾਪਸ ਆ ਕੇ ਮੈਂ ਘੰਟਾ ਕੁ ਆਰਾਮ ਕਰਦਾ ਹਾਂ। ਫੇਰ ਪੜ੍ਹਨਾ ਸ਼ੁਰੂ ਕਰਦਾ ਹਾਂ। ਮੇਰੇ ਬੈਗ ’ਚ ਹਮੇਸ਼ਾ ਹੀ ਕੋਈ ਨਾ ਕੋਈ ਕਿਤਾਬ ਜਾਂ ਮੈਗ਼ਜ਼ੀਨ ਹੁੰਦਾ ਹੈ। ਸਾਢੇ ਅੱਠ ਤੋਂ ਨੌਂ ਦੇ ਵਿਚਕਾਰ ਰੌਸ਼ਨੀ ਤਿੰਨ ਰੋਟੀਆਂ ਫੜ੍ਹਾ ਜਾਂਦਾ ਹੈ ਤੇ ਅੱਧੇ ਕੁ ਘੰਟੇ ਬਾਅਦ ਦੁੱਧ ਦਾ ਗਿਲਾਸ। ਪੂਰੇ ਦਸ ਵਜੇ ਲਾਈਟ ਆਫ਼ ਕਰ ਦਿੰਦਾ ਹਾਂ। ਕਦੇ-ਕਦੇ ਗੁਰਪਾਲ ਦੇ ਦੋਸਤ ਵੀ ਮਿਲ਼ ਜਾਂਦੇ ਹਨ ਜਾਂ ਗੁਰਪਾਲ ਕੋਲ ਮੈਂ ਚਲੇ ਜਾਂਦਾ ਹਾਂ। ਕਦੇ ਉਹ ਮੇਰੇ ਕੋਲ ਆ ਬੈਠਦਾ ਹੈ। ਅਸੀਂ ਨਵੇਂ ਪੜ੍ਹੇ ਬਾਰੇ ਵਿਚਾਰ-ਵਟਾਂਦਰਾ ਕਰਦੇ ਹਾਂ। ਗੁਰਪਾਲ ਮੈਨੂੰ ਹਸਾਉਂਦਾ ਹੈ। ਬਹੁਤ ਹੀ ਜ਼ਿਆਦਾ। ਚੰਡੀਗੜ੍ਹ ’ਚ ਗੁਰਪਾਲ ਤੇ ਰੋਹਿਤ ਜੈਨ ਬਹੁਤੀਆਂ ਗੱਲਾਂ ਹੱਸਦੇ ਹੋਏ ਕਰਦੇ ਹਨ। ਗੁਰਪਾਲ ਸਿਆਣਾ ਹੈ। ਉਸਨੂੰ ਸਾਹਿਤ ਦੀ ਸਮਝ ਹੈ। ਜਦੋਂ ਮੈਂ ਜਲੰਧਰ ਹੋਵਾਂ ਤਾਂ ਮੈਥੋਂ ਬਹੁਤਾ ਪੜ੍ਹਿਆ ਨਹੀਂ ਜਾਂਦਾ। ਇਕ ਤਾਂ ਹਫ਼ਤੇ ਦੀ ਡਾਕ ਇਕੱਠੀ ਹੋਈ ਹੁੰਦੀ ਹੈ। ਕੁਝ ਘਰ ਦੇ ਕੰਮ ਹੁੰਦੇ ਹਨ। ਘਰਦਿਆਂ ਦੀ ਵੀ ਇੱਛਾ ਹੁੰਦੀ ਹੈ ਕਿ ਮੈਂ ਪੰਜਾਂ ਦਿਨਾਂ ਬਾਅਦ ਆਇਆ ਹਾਂ, ਹੁਣ ਘਰ ਹੀ ਰਹਾਂ। ਇਨ੍ਹਾਂ ਦੋ ਦਿਨਾਂ ’ਚ ਮੈਂ ਪ੍ਰੇਮ ਪ੍ਰਕਾਸ਼ ਹੋਰਾਂ ਨੂੰ ਅਵੱਸ਼ ਹੀ ਮਿਲਦਾ ਹਾਂ। ਉਨ੍ਹਾਂ ਨੂੰ ਮਿਲਿਆਂ ਬਿਨਾਂ ਮੈਨੂੰ ਏਦਾਂ ਲੱਗਦਾ ਹੈ ਕਿ ਜਿਵੇਂ ਮੈਥੋਂ ਕੁਝ ਵੀ ਨਹੀਂ ਹੋਇਆ। ਕਈ ਵਾਰ ਉਨ੍ਹਾਂ ਨੂੰ ਵੀ 15-20 ਦਿਨ ਮਿਲਿਆ ਨਹੀਂ ਜਾਂਦਾ। ਬੱਚੇ ਵੱਡੇ ਹੋ ਗਏ ਹਨ। ਮੇਰੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਹਨ। ਮੈਥੋਂ ਸਾਲ ’ਚ ਦੋ ਜਾਂ ਤਿੰਨ ਕਹਾਣੀਆਂ ਮਸਾਂ ਹੀ ਲਿਖ ਹੁੰਦੀਆਂ ਹਨ। ਇਨ੍ਹਾਂ ਦੇ ਲਿਖਣ ਦਾ ਕੋਈ ਬੱਝਵਾਂ ਸਮਾਂ ਨਹੀਂ ਹੁੰਦਾ। ਪਰ ਬਹੁਤੀ ਵਾਰ ਸਰਸਵਤੀ ਮਈਆ ਦੀ ਮਿਹਰ ਨਵੰਬਰ ਤੋਂ ਫਰਵਰੀ ਦੇ ਵਿਚਕਾਰ ਹੁੰਦੀ ਹੈ। ਲਿਖਣਾ ਮੇਰੇ ਲਈ ਰਹੱਸ ਵਾਂਗ ਹੈ। ਇਹ ਪਲ ਕਦੋਂ ਆਉਂਦੇ ਹਨ-ਇਹ ਅੱਲ੍ਹਾ ਹੀ ਜਾਣਦਾ ਹੈ।
------
ਨਿਰਾਲਾ - ਤੁਹਾਨੂੰ ਕਿਸੇ ਆਲੋਚਕ ਦੇ ਲਿਖੇ ’ਤੇ ਸੰਤੁਸ਼ਟੀ ਹੋਈ ਹੈ? ਆਪਣੇ ਕਹਾਣੀ ਸੰਗ੍ਰਹਿਆਂ ਦੇ ਹਵਾਲੇ ਨਾਲ਼ ਦੱਸੋ।
ਜਿੰਦਰ - ਮੇਰੀਆਂ ਕਹਾਣੀਆਂ ਤੇ ਕਹਾਣੀ ਸੰਗ੍ਰਹਿ ਬਾਰੇ ਤਕਰੀਬਨ ਸਾਰੇ ਆਲੋਚਕਾਂ ਨੇ ਲਿਖਿਆ ਹੈ। ਇਨ੍ਹਾਂ ਦੇ ਨੋਟਸ ਲਏ ਹਨ। ਮੇਰੇ ਕਹਾਣੀ ਸੰਗ੍ਰਹਿਆਂ ਦੇ ਪਾਕਿਸਤਾਨ ’ਚ ਵੀ ਰੀਵੀਊ ਛਪੇ ਹਨ। ਜੇ ਮੈਂ ਨਾਂ ਲਵਾਂ ਤਾਂ ਡਾ: ਧਨਵੰਤ ਕੌਰ, ਸੁਖਪਾਲ ਥਿੰਦ, ਸੁਖਵਿੰਦਰ ਰੰਧਾਵਾ, ਗੁਰਪਾਲ ਸੰਧੂ, ਸੁਤਿੰਦਰ ਸਿੰਘ ਨੂਰ, ਵਨੀਤਾ, ਡਾ: ਜੋਗਿੰਦਰ ਰਾਹੀ, ਡਾ: ਰਮਿੰਦਰ ਕੌਰ, ਡਾ: ਹਰਚੰਦ ਸਿੰਘ ਬੇਦੀ, ਸਤਿੰਦਰ ਔਲਖ, ਡਾ: ਬਲਜਿੰਦਰ ਕੌਰ, ਬਲਕਾਰ ਸਿੰਘ, ਰਵੀ ਰਵਿੰਦਰ, ਕਿਸ-ਕਿਸ ਦਾ ਨਾਂ ਲਵਾਂ। ਸਤਿੰਦਰ ਔਲਖ ਨੇ ਮੇਰੇ ਕਹਾਣੀ ਸੰਗ੍ਰਹਿ ‘ਨਹੀਂ, ਮੈਂ ਨਹੀਂ’ ’ਤੇ ਪੇਪਰ ਲਿਖਿਆ ਸੀ। ਮੈਂ ਉਨ੍ਹਾਂ ਦੇ ਲਿਖੇ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਡਾ: ਜੋਗਿੰਦਰ ਸਿੰਘ ਰਾਹੀ, ਰਮਿੰਦਰ ਕੌਰ, ਡਾ: ਹਰਚੰਦ ਸਿੰਘ ਬੇਦੀ ਨੇ ਜਿਵੇਂ ਮੇਰੀਆਂ ਕਹਾਣੀਆਂ ਦੇ ਵਿਸ਼ਲੇਸ਼ਣ ਕਰਨੇ ਸ਼ੁਰੂ ਕੀਤੇ ਹਨ ਜਾਂ ਗੁਰਪਾਲ ਸੰਧੂ ਕਦੇ-ਕਦੇ ਕਹਾਣੀਆਂ ਦੀਆਂ ਪਰਤਾਂ ਖੋਲ੍ਹਦਾ ਹੈ, ਇਸ ਨਾਲ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਆਲੋਚਕ ਦਾ ਕੰਮ ਕਹਾਣੀ ’ਚੋਂ ਉਹ ਹੀ ਲੱਭ ਕੇ ਦੱਸਣਾ ਹੁੰਦਾ ਹੈ ਜੋ ਉਸ ਕਹਾਣੀ ’ਚ ਮੌਜੂਦ ਤਾਂ ਹੁੰਦਾ ਹੈ, ਪਰ ਜਿਸ ਬਾਰੇ ਪਾਠਕ ਨੂੰ ਪਤਾ ਨਹੀਂ ਹੁੰਦਾ ਤੇ ਕਈ ਵਾਰ ਲੇਖਕ ਨੂੰ ਵੀ ਪਤਾ ਨਹੀਂ ਹੁੰਦਾ। ਹੁਣ ਤੁਸੀਂ ਵੀ ਆਪਣੀ ਆਲੋਚਨਾ ਦੀ ਪੁਸਤਕ ‘ਨੌਵੇਂ ਦਹਾਕੇ ਤੋਂ ਬਾਅਦ ਦੀ ਕਹਾਣੀ’ ’ਚ ਦਸ ਕਹਾਣੀਆਂ ਦੀਆਂ ਪਰਤਾਂ ਖੋਲ੍ਹੀਆਂ ਹਨ। ਇਨ੍ਹਾਂ ਨਾਲ ਜਿਥੇ ਕਹਾਣੀਕਾਰ ਨੂੰ ਫਾਇਦਾ ਹੋਵੇਗਾ-ਉਥੇ ਪਾਠਕਾਂ ਨੂੰ ਵੀ ਕਈ ਕੁਝ ਨਵਾਂ ਮਿਲੇਗਾ।
-----
ਨਿਰਾਲਾ - ਤੁਹਾਨੂੰ ਘਰ ਵਿਚੋਂ ਕਿਹੋ-ਜਿਹੇ ਸੰਸਕਾਰ ਮਿਲੇ ਹਨ।
ਜਿੰਦਰ - ਮੈਨੂੰ ਘਰ ’ਚੋਂ ਮਿਹਨਤ ਕਰਨ, ਗ਼ਰੀਬ-ਗੁਰਬੇ ਦੀ ਮਦਦ ਕਰਨ ਤੇ ਰੱਬ ਦਾ ਨਾਂ ਲੈਣ ਜਿਹੇ ਸੰਸਕਾਰ ਮਿਲੇ ਹਨ। ਮੈਂ ਪਹਿਲੀਆਂ ਦੋ ਗੱਲਾਂ ’ਤੇ ਅਮਲ ਕੀਤਾ ਹੈ ਤੇ ਤੀਜੀ ਵੱਲ ਅਜੇ ਤਾਈਂ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਮੇਰੇ ਬੀਬੀ ਜੀ ਨੇ ਜ਼ਿੰਦਗੀ ’ਚ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਸੀ। ਉਹ ਆਪ ਵੀ ਕਦੇ ਵਿਹਲੇ ਨਹੀਂ ਬੈਠਦੇ ਸਨ ਤੇ ਘਰ ਦੇ ਜੀਆਂ ਨੂੰ ਵੀ ਵਿਹਲੇ ਨਹੀਂ ਬੈਠਣ ਦਿੰਦੇ ਸਨ। ਮੇਰੀ ਮਿਸਿਜ਼ ਕਹਿੰਦੇ ਸੀ ਕਿ ਪਤਾ ਨਹੀਂ ਬੀਬੀ ਜੀ ਕਿੱਥੋਂ-ਕਿੱਥੋਂ ਕੰਮ ਲੱਭ ਲਿਆਉਂਦੇ ਹਨ। ਦਰਅਸਲ ਅਸੀਂ ਬਹੁਤ ਗ਼ਰੀਬੀ ਦੇਖੀ ਹੈ ਤੇ ਮੇਰਾ ਬਚਪਨ ਤੇ ਜੁਆਨੀ ਥੁੜਾਂ ’ਚੋਂ ਹੀ ਲੰਘੀ ਹੈ। ਸਾਨੂੰ ਕਦੇ ਖਿਡੌਣਾ ਨਹੀਂ ਮਿਲਿਆ ਸੀ। ਅਸੀਂ ਕਦੇ ਖੰਡ ਦੀ ਚਾਹ ਪੀ ਕੇ ਨਹੀਂ ਦੇਖੀ ਸੀ। ਬੀਬੀ ਜੀ ਸਾਲ ਭਰ ਲਈ ਇਕੱਠਾ ਹੀ ਗੁੜ ਲੈ ਕੇ ਰੱਖ ਲੈਂਦੇ ਸਨ। ਬਰਸਾਤਾਂ ਦੇ ਦਿਨਾਂ ’ਚ ਗੁੜ ’ਚ ਸੁੰਡੀਆਂ ਪੈ ਜਾਂਦੀਆਂ ਸਨ। ਉਹ ਇਸੇ ਗੁੜ ਦੀ ਚਾਹ ਬਣਾਉਂਦੇ ਤੇ ਗਿਲਾਸਾਂ ਵਿਚ ਪਾਉਣ ਤੋਂ ਪਹਿਲਾਂ ਚੁੰਨੀ ਦੇ ਲੜ ਨਾਲ ਪੁੰਨ ਲੈਂਦੇ ਸਨ। ਘਰ ਦਾ ਖ਼ਰਚਾ ਚਲਾਉਣ ਲਈ ਉਹ ਲੋਕਾਂ ਦੀਆਂ ਦਰੀਆਂ ਬੁਣਦੇ ਸਨ। ਚੁੰਨੀਆਂ ’ਤੇ ਕਢਾਈ ਕਰਦੇ ਸਨ। ਲੋਕਾਂ ਦੀ ਸਰ੍ਹੋਂ ਝਾੜਦੇ ਸਨ। ਕਪਾਹ ਚੁਗਦੇ ਸਨ। ਜੋ ਕੰਮ ਉਹ ਕਰਦੇ ਸਨ ਉਹ ਹੀ ਸਾਨੂੰ ਭੈਣ-ਭਰਾਵਾਂ ਨੂੰ ਕਰਨਾ ਪੈਂਦਾ ਸੀ। ਅਸੀਂ ਸਾਲ ਭਰ ਦੀ ਤੂੜੀ ਇਕੱਠੀ ਮੁੱਲ ਲੈਂਦੇ ਤੇ ਚਾਰੇ ਜਣੇ ਰਲ਼ ਕੇ ਢੋਂਦੇ। ਉਹ ਸਾਨੂੰ ਸਮਝਾਉਂਦੇ ਕਿ ਕਿਸੇ ਵੀ ਕੰਮ ਨੂੰ ਕਰਨ ਵੇਲੇ ਸ਼ਰਮ ਨਹੀਂ ਮੰਨਣੀ ਚਾਹੀਦੀ। ਭਾਪਾ ਜੀ ਦਾ ਆਪਣਾ ਸੁਭਾਅ ਸੀ। ਉਨ੍ਹਾਂ ਨੇ ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਬੀਬੀ ਜੀ ਦੇ ਸਿਰ ’ਤੇ ਸੁੱਟੀ ਹੋਈ ਸੀ। ਉਹ ਪਿੰਡੋਂ ਨੂਰਮਹਿਲ ਸਾਈਕਲ ’ਤੇ ਜਾਂਦੇ ਸਨ। ਸਾਈਕਲ ’ਤੇ ਆਉਂਦੇ ਸਨ। ਉਨ੍ਹਾਂ ਦਿਨਾਂ ਵਿਚ ਠੰਢ ਵੀ ਜ਼ਿਆਦਾ ਹੁੰਦੀ ਸੀ। ਉਹ ਖਾਣ-ਪੀਣ ਦੇ ਸ਼ੌਂਕੀਨ ਸਨ। ਸੁਨਿਆਰਾ ਕੰਮ ਕਰਦੇ ਸਨ। ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਉਹ ਆਪਣੇ ਕੰਮ ਵਿਚ ਇਮਾਨਦਾਰ ਸਨ ਪਰ ਉਹ ਐਨੇ ਵੀ ਬੇਈਮਾਨ ਨਹੀਂ ਸਨ ਜਿੰਨਾ ਕਿ ਆਮ ਕਰਕੇ ਸੁਨਿਆਰਿਆਂ ਬਾਰੇ ਕਿਹਾ ਜਾਂਦਾ ਹੈ। ਹੁਣ ਜਦੋਂ ਮੈਂ ਆਪਣੇ ਆਲੇ-ਦੁਆਲੇ ਦੇਖਦਾ ਹਾਂ ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ‘ਈਮਾਨਦਾਰੀ’ ਤਾਂ ਕਿਸੇ ਵੀ ਜਾਤ/ਕੰਮ ’ਚ ਨਹੀਂ ਹੈ। ਭਾਪਾ ਜੀ ਚਿੰਤਪੁਰਨੀ ਵਾਲੀ ਮਾਤਾ ਨੂੰ ਬਹੁਤ ਹੀ ਜ਼ਿਆਦਾ ਮੰਨਦੇ ਸਨ। ਹਰ ਸਾਲ ਉਥੇ ਜਾਂਦੇ ਸਨ। ਉਹ ਗ਼ਰੀਬ ਦੀ ਅਵੱਸ਼ ਹੀ ਮੱਦਦ ਕਰਦੇ ਸਨ। ਜੇ ਉਹ ਸਿਗਰਟ ਪੀ ਰਹੇ ਹੁੰਦੇ ਤਾਂ ਕਿਸੇ ਤੁਰੇ ਜਾਂਦੇ ਹੋਏ ਨੂੰ ਵੀ ਸਿਗਰਟ ਦੀ ਸੁਲਾਹ ਮਾਰ ਲੈਂਦੇ। ਏਦਾਂ ਹੀ ਸ਼ਰਾਬ ਪੀਣ ਵੇਲੇ ਹੁੰਦਾ ਸੀ। ਉਹ ਆਪਣੀ ਜ਼ਿੰਦਗੀ ’ਚ ਕਦੇ ਕਿਸੇ ਨਾਲ ਲੜੇ ਨਹੀਂ ਸਨ। ਲੜੇ ਕੀ, ਕਿਸੇ ਨੂੰ ਉੱਚੀ ਆਵਾਜ਼ ’ਚ ਬੋਲੇ ਨਹੀਂ ਸਨ। ਬੀਬੀ ਜੀ ਨੇ ਰਾਧਾ-ਸੁਆਮੀ ਤੋਂ ਨਾਮ ਲਿਆ ਸੀ। ਉਹ ਹਫ਼ਤਾ-ਦਸ ਦਿਨ ਸੇਵਾ ’ਤੇ ਜਾਂਦੇ ਹੁੰਦੇ ਸਨ। ਪਿੰਡ ’ਚ ਅਖੰਡ ਪਾਠਾਂ ’ਤੇ ਸੇਵਾ ਕਰਦੇ ਸਨ। ਉਨ੍ਹਾਂ ਨੂੰ ਚੀਜ਼ਾਂ ਦੀ ਮਿਕਦਾਰ ਦਾ ਏਨਾ ਹਿਸਾਬ-ਕਿਤਾਬ ਸੀ ਕਿ ਲੋਕ ਉਨ੍ਹਾਂ ਦੀ ਸਲਾਹ ਲੈਣ ਲਈ ਉਨ੍ਹਾਂ ਨੂੰ ਮੱਲੋ-ਜ਼ੋਰੀ ਆਪਣੇ ਘਰ ਲੈ ਜਾਂਦੇ ਸਨ।
.............
ਸ਼ਾਇਦ ਇਹ ਘਰ ਦੇ ਸੰਸਕਾਰ ਹੀ ਸਨ ਕਿ ਜਿਨ੍ਹਾਂ ਨੇ ਮੈਨੂੰ ਵੀ ਕੰਮ ਕਰਨ ਦੀ ਆਦਤ ਪਾਈ ਹੈ। ਮੈਂ ਜਦੋਂ ਐਮ. ਬੀ. ਪ੍ਰੈੱਸ, ਜਲੰਧਰ ’ਚ ਪਰੂਫ਼ ਰੀਡਰ ਲੱਗਾ ਹੋਇਆ ਸੀ, ਮੈਂ ਬਾਈ-ਬਾਈ ਘੰਟੇ ਲਗਾਤਾਰ ਕੰਮ ਕੀਤਾ ਹੈ। ਮੈਨੂੰ ਕਿਸੇ ਵੀ ਕੰਮ ਨੂੰ ਕਰਨ ਲੱਗਿਆਂ ਝਿਜਕ ਨਹੀਂ ਹੁੰਦੀ ਭਾਵੇਂ ਉਹ ਘਰ ਦਾ ਗਟਰ ਹੋਵੇ ਜਾਂ ਸਾਈਕਲ ’ਤੇ ਸਬਜ਼ੀ ਮੰਡੀ ਜਾਣਾ। ਮੈਂ ਕਿਸੇ ਮੰਦਰ ਜਾਂ ਗੁਰਦੁਆਰੇ ਦਾਨ ਦੇਣ ਨਾਲੋਂ ਕਿਸੇ ਗ਼ਰੀਬ ਦੀ ਮਦਦ ਕਰਨ ’ਚ ਵਧੇਰੇ ਵਿਸ਼ਵਾਸ ਕਰਦਾ ਹਾਂ।
-----
ਨਿਰਾਲਾ - ਤੁਸੀਂ ਬਹੁਤ ਸਾਰੀਆਂ ਇੰਟਰਵਿਊ ’ਚ, ਖ਼ਾਸ ਕਰਕੇ ਕਹਾਣੀਕਾਰ ਕੋਲੋਂ, ਉਨ੍ਹਾਂ ਦੇ ਮਨਪਸੰਦੀਦਾ ਕਹਾਣੀਆਂ/ਕਹਾਣੀਕਾਰ ਬਾਰੇ ਪੁੱਛਦੇ ਹੋ। ਹੁਣ ਤੁਸੀਂ ਮੈਨੂੰ ਦੱਸੋ ਤੁਹਾਡੇ ਤੋਂ ਪਹਿਲਾਂ ਦੀਆਂ ਤਿੰਨ ਪੀੜ੍ਹੀਆਂ ਦੀਆਂ ਦਸ ਸ੍ਰੇਸ਼ਟ ਕਹਾਣੀਆਂ ਕਿਹੜੀਆਂ ਹਨ? ਤੁਹਾਡੀ ਆਪਣੀ ਪੀੜ੍ਹੀ ਦੀਆਂ ਕਿਹੜੀਆਂ ਸ੍ਰੇਸ਼ਟ ਕਹਾਣੀਆਂ ਹਨ?
ਜਿੰਦਰ - ਸਮੇਂ-ਸਮੇਂ ਸਿਰ ਮੇਰੀ ਪਸੰਦ ਬਦਲਦੀ ਰਹੀ ਹੈ। ਜੇ ਇਹ ਸਵਾਲ ਮੈਨੂੰ ਦਸ ਸਾਲ ਪਹਿਲਾਂ ਕੀਤਾ ਹੁੰਦਾ ਜਾਂ ਦਸ ਸਾਲ ਬਾਅਦ ’ਚ ਕਰੋਗੇ ਤਾਂ ਹੋ ਸਕਦਾ ਹੈ ਮੇਰੀ ਚੋਣ ਦੀਆਂ ਅੱਧੀਆਂ ਕੁ ਕਹਾਣੀਆਂ ਬਦਲ ਜਾਣ। ਇਹ ਗੱਲ ਮੇਰੀ ਹੀ ਨਹੀਂ, ਕਿਸੇ ਵੀ ਕਹਾਣੀਕਾਰ ਦੀ ਹੋ ਸਕਦੀ ਹੈ ਕਿਉਂਕਿ ਮੇਰੀ ਪੜ੍ਹਨ ਦੀ ਇਕ ਸੀਮਾ ਹੈ। ਹੋ ਸਕਦਾ ਹੈ ਕਿ ਕੁਝ ਕਹਾਣੀਆਂ ਮੈਂ ਪਹਿਲਾਂ ਨਾ ਪੜ੍ਹੀਆਂ ਹੋਣ। ਹੁਣ ਪੜ੍ਹਾਂ ਤੇ ਮੈਨੂੰ ਉਹ ਚੰਗੀਆਂ ਲੱਗਣ। ‘ਸ਼ਬਦ’ ’ਚ ਅਕਸਰ ਕਹਾਣੀ ਬਾਰੇ ਲੇਖ ਛਪਦੇ ਰਹਿੰਦੇ ਹਨ ਤੇ ਮੈਨੂੰ ਇਹ ਮੈਟਰ ਕਈ ਵਾਰ ਪੜ੍ਹਣਾ ਪੈਂਦਾ ਹੈ। ਪਹਿਲੀ ਵਾਰ ਉਦੋਂ ਜਦੋਂ ਮੈਟਰ ਆਉਂਦਾ ਹੈ। ਦੋ ਵਾਰ ਫੇਰ ਜਦੋਂ ਇਹ ਕੰਪੋਜ਼ ਹੋ ਕੇ ਆਉਂਦਾ ਹੈ। ਮੈਂ ਪਰੂਫ਼ ਪੜ੍ਹਦਾ ਹਾਂ। ਇਸ ਕਰਕੇ ਮੈਨੂੰ ਬਹੁਤੀਆਂ ਕਹਾਣੀਆਂ ਬਾਰੇ ਪਤਾ ਲੱਗਦਾ ਰਹਿੰਦਾ ਹੈ। ਇਕ ਵਾਰ ਕਿਸੇ ਕਹਾਣੀਕਾਰ ਦੀਆਂ ਤਿੰਨ-ਚਾਰ ਕਹਾਣੀਆਂ ਦੀ ਗੱਲ ਸੱਤ-ਅੱਠ ਆਲੋਚਕ ਤੋਰ ਦੇਣ-ਫੇਰ ਇਹ ਕਹਾਣੀਆਂ ਅੱਠ-ਦਸ ਸਾਲ ਚਰਚਾ ’ਚ ਰਹਿੰਦੀਆਂ ਹਨ। ਕਈ ਅਜੇ ਵੀ ਚਰਚਾ ’ਚ ਹਨ। ਮੈਂ ਇਹ ਗੱਲ ਵੀ ਨੋਟ ਕਰਦਾ ਹਾਂ ਕਿ ਜਿਹੜੀਆਂ ਕਹਾਣੀਆਂ ‘ਨਵਾਂ ਜ਼ਮਾਨਾ’ ਵੱਲੋਂ ਪਹਿਲੇ, ਦੂਜੇ ਜਾਂ ਤੀਜੇ ਸਥਾਨ ’ਤੇ ਆਈਆਂ ਹੁੰਦੀਆਂ ਹਨ, ਕੀ ਉਨ੍ਹਾਂ ਦੇ ਸਮਰੱਥ ਆਲੋਚਕ ਨੋਟ ਲੈਂਦੇ ਹਨ। ਜਾਂ ਕੀ ਉਹ ਕਹਾਣੀਆਂ ਇਕ ਜਾਂ ਦੂਜੇ ਸਾਲ ’ਚ ਹੀ ਦਮ ਤੋੜ ਜਾਂਦੀਆਂ ਹਨ। ਇਹ ਸਭ ਕੁਝ ‘ਸ਼ਬਦ’ ਪਰਚੇ ਕਰਕੇ ਹੀ ਸੰਭਵ ਹੋਇਆ। ਮੇਰੀ ਪੀੜ੍ਹੀ ਤੋਂ ਪਹਿਲੀਆਂ ਪੀੜ੍ਹੀਆਂ ਦੀਆਂ ਮੇਰੀਆਂ ਮਨਪਸੰਦ ਕਹਾਣੀਆਂ ਹਨ : ਖੱਬਲ, ਸਾਂਝ (ਕੁਲਵੰਤ ਵਿਰਕ), ਪੇਮੀ ਦੇ ਨਿਆਣੇ (ਸੰਤ ਸਿੰਘ ਸੇਖੋਂ), ਭਾਬੀ ਮੈਨਾ (ਗੁਰਬਖਸ਼ ਸਿੰਘ), ਕੋਈ ਇਕ ਸਵਾਰ (ਸੰਤੋਖ ਸਿੰਘ ਧੀਰ), ਹਵਾ (ਗੁਰਦੇਵ ਰੁਪਾਣਾ), ਫੈਸਲਾ (ਪ੍ਰੇਮ ਪ੍ਰਕਾਸ਼), ਅੱਧ ਚਾਨਣੀ ਰਾਤ ਦਾ ਦੁਖਾਂਤ (ਕਰਤਾਰ ਸਿੰਘ ਦੁੱਗਲ), ਖੂਨ (ਗੁਰਬਚਨ ਭੁੱਲਰ), ਜ਼ਿੰਦਗੀ (ਪ੍ਰੇਮ ਗੋਰਖੀ), ਗੁਲਬਾਨੋ, ਮਹਿਕ ਦੀ ਮੌਤ, ਬੁੱਤ ਸ਼ਿਕਨ (ਅਜੀਤ ਕੌਰ), ਆਪਣਾ ਆਪਣਾ ਹਿੱਸਾ (ਵਰਿਆਮ ਸੰਧੂ), ਮੂਨ ਦੀ ਅੱਖ (ਮੋਹਨ ਭੰਡਾਰੀ), ਇਕਬਾਲੀਆ ਬਿਆਨ (ਦਲਬੀਰ ਚੇਤਨ)। ਜਿਨ੍ਹਾਂ ਕਹਾਣੀਕਾਰਾਂ ਦੀਆਂ ਮੈਂ ਇਕ ਤੋਂ ਵੱਧ ਕਹਾਣੀਆਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਦੀਆਂ ਮੈਨੂੰ ਕਈ ਕਹਾਣੀਆਂ ਪਸੰਦ ਹਨ। ਕੁਲਵੰਤ ਸਿੰਘ ਵਿਰਕ ਤੇ ਅਜੀਤ ਕੌਰ ਨੂੰ ਮੈਂ ਇਕ ਜਾਂ ਦੋ ਕਹਾਣੀਆਂ ’ਚ ਨਹੀਂ ਬੰਨ੍ਹ ਸਕਦਾ। ਮੈਨੂੰ ਇਨ੍ਹਾਂ ਦੀਆਂ ਕਈ ਕਹਾਣੀਆਂ ਪਸੰਦ ਹਨ। ਜਿਥੋਂ ਤੱਕ ਮੇਰੀ ਆਪਣੀ ਪੀੜ੍ਹੀ ਦਾ ਸਵਾਲ ਹੈ-ਇਸਦਾ ਜਵਾਬ ਦੇਣ ਲਈ ਮੈਨੂੰ ਪੰਜ-ਸੱਤ ਹੋਰ ਦਿਉ। ਦੇਖਦੇ ਹਾਂ ਕੌਣ-ਕੌਣ ਮੈਦਾਨ ’ਚ ਨਿਤਰਦਾ ਹੈ ਤੇ ਕਿਹਦੀਆਂ-ਕਿਹਦੀਆਂ ਕਹਾਣੀਆਂ ਜਿਊਂਦੀਆਂ ਰਹਿਣਗੀਆਂ। ਅਜੇ ਤੱਕ ਤਾਂ ਕਹਾਣੀਕਾਰਾਂ ਨੂੰ ਥਾਪੜਾ ਦੇਣ ਵਾਲੇ ਬੈਠਕਾਂ ਕੱਢਦੇ ਹਨ। ਕਿਸੇ ਕੋਲ ਮੈਗ਼ਜ਼ੀਨ ਹੈ। ਕਿਸੇ ਕੋਲ ਗਰੁੱਪ। ਕਿਸੇ ਕੋਲ ਆਪੋ-ਆਪਣੇ ਆਲੋਚਕ।
-----
ਨਿਰਾਲਾ - ਤੁਹਾਡਾ ਜਲੰਧਰ ਆਉਣ ਦਾ ਕਿਵੇਂ ਸਬੱਬ ਬਣ ਗਿਆ।
ਜਿੰਦਰ - ਬੱਸ, ਰੋਜ਼ੀ-ਰੋਟੀ ਦਾ ਮਸਲਾ ਜਲੰਧਰ ਲੈ ਆਇਆ। ਅਗਸਤ, 1988 ’ਚ ਮੇਰੀ ਨਿਯੁਕਤੀ ਡਵੀਜ਼ਨਲ ਮੈਨੇਜਰ, ਟ੍ਰਾਂਸਪੋਰਟ ਵਿਭਾਗ, ਜਲੰਧਰ ’ਚ ਬਤੌਰ ਐਡੀਟਰ ਹੋ ਗਈ। ਉਦੋਂ ਮੇਰੇ ਦੋ ਬੇਟੇ ਸਨ। ਅਸੀਂ ਪਿੰਡ ਹੀ ਰਹਿੰਦੇ ਸੀ। ਰੋਜ਼ ਆਉਣ-ਜਾਣ ਦੇ ਚੱਕਰ ਤੋਂ ਬਚਣ ਲਈ ਜਲੰਧਰ ਆ ਗਏ। ਮੈਂ ਪਿੰਡ ’ਚ 33-34 ਸਾਲ ਰਿਹਾ ਹਾਂ। ਮੇਰਾ ਜਨਮ ਇਕ ਛੋਟੇ ਜਿਹੇ ਪਿੰਡ ਲੱਧੜਾਂ ’ਚ ਹੋਇਆ। ਇਹ ਨਕੋਦਰ ਤੋਂ ਪੰਜ ਕਿਲੋਮੀਟਰ ਦੂਰ ਸ਼ਾਹਕੋਟ-ਮਲਸੀਆਂ ਵੱਲ ਜਾਂਦਿਆਂ ਸੱਜੇ ਹੱਥ ਆਉਂਦਾ ਹੈ। ਬੀਬੀ ਜੀ ਨੇ ਦਸਿਆ ਸੀ ਕਿ ਜਦੋਂ ਮੇਰਾ ਜਨਮ ਹੋਇਆ ਤਾਂ ਘਰ ’ਚ ਇੰਨੀ ਗ਼ਰੀਬੀ ਸੀ ਕਿ ਜੇ ਸਵੇਰ ਨੂੰ ਰੋਟੀ ਮਿਲ ਗਈ ਤਾਂ ਸ਼ਾਮ ਦਾ ਪਤਾ ਨਹੀਂ ਹੁੰਦਾ ਸੀ ਕਿ ਮਿਲੂਗੀ ਵੀ ਕਿ ਨਹੀਂ। ਭਾਪਾ ਜੀ ਛੋਟਾ-ਮੋਟਾ ਵਪਾਰ ਕਰਦੇ ਸਨ। ਫੇਰ ਉਨ੍ਹਾਂ ਸਰਾਫ਼ਾ ਕੰਮ ਸਿੱਖਿਆ। ਇਕ ਵਾਰ ਉਹ ਪਾਕਿਸਤਾਨ ਦੇ ਸ਼ਹਿਰ ਬਹਾਵਲਪੁਰ ਕੰਮ ਕਰਨ ਗਏ ਸੀ। ਫੇਰ ਉਹਨਾਂ ਨੂੰ ਗੁਆਂਢ ਦੀ ਕੁੜੀ ਜਗੀਰੋ ਤਲਵੰਡੀ ਸਲੇਮ ਪਿੰਡ ਲੈ ਗਈ ਪਰ ਉਥੇ ਉਨ੍ਹਾਂ ਦੀ ਦੁਕਾਨਦਾਰੀ ਚੱਲੀ ਨਾ। ਇਕ ਦਿਨ ਫ਼ਿਲੌਰ ਜਾ ਰਹੇ ਸਨ ਕਿ ਉਹ ਚਮਨ ਲਾਲ ਦੀ ਦੁਕਾਨੇ ਮਾਲ ਵੇਚਣ ਗਏ। ਚਮਨ ਲਾਲ ਜੋ ਕਿ ਨੂਰਮਹਿਲ ਦਾ ਮਸ਼ਹੂਰ ਸਰਾਫ਼ ਸੀ-ਉਸ ਭਾਪਾ ਜੀ ਦੀ ਕਾਰੀਗਰੀ ਦਾ ਮੁੱਲ ਪਾਇਆ। ਉਹ ਇਥੇ ਨੌਕਰ ਹੋ ਗਏ। ਮੈਂ ਪਹਿਲੀਆਂ ਤਿੰਨ ਕਲਾਸਾਂ ਨੂਰਮਹਿਲ ਪਾਸ ਕੀਤੀਆਂ। ਮੁਰਾਰਜੀ ਦੇਸਾਈ ਨੇ ਨਵੀਂ ਗੋਲਡ ਨੀਤੀ ਲਾਗੂ ਕੀਤੀ ਤਾਂ ਸਰਾਫ਼ੇ ਕੰਮ ਬੰਦ ਹੋ ਗਏ। ਅਸੀਂ ਫੇਰ ਪਿੰਡ ਆ ਗਏ। ਇਹ 1963-64 ਦੀ ਗੱਲ ਹੈ। ਮੈਂ ਹਾਇਰ ਸੈਕੰਡਰੀ ਆਰੀਆ ਸਕੂਲ ਨਕੋਦਰ ਤੋਂ 1972 ’ਚ, ਡੀ. ਏ. ਕਾਲਜ ਨਕੋਦਰ ਤੋਂ ਗਰੈਜੁਏਸ਼ਨ 1975 ’ਚ ਤੇ ਐੱਮ. ਏ. ਡੀ. ਏ. ਕਾਲਜ ਜਲੰਧਰ ਤੋਂ 1977 ’ਚ ਕੀਤੀ। ਕਈ ਸਾਲ ਬੇਰੁਜ਼ਗਾਰ ਰਿਹਾ। ਤਿੰਨ ਵਾਰ ਮਾਰਕੀਟ ਕਮੇਟੀ, ਨਕੋਦਰ ’ਚ ਕੱਚੇ ਤੌਰ ’ਤੇ ਔਕਸ਼ਨ ਰਿਕਾਰਡਰ ਲੱਗਿਆ। ਫੇਰ ਵੇਦ ਭੂਸ਼ਨ ਅਗਰਵਾਲ ਫਰਮ ’ਚ ਮੁਨੀਮਗਿਰੀ ਕੀਤੀ। ਕਿਸੇ ਕਾਰਨ ਕਰਕੇ ਇਹ ਫ਼ਰਮ ਛੱਡ ਦਿੱਤੀ ਸੀ। 10 ਦਸੰਬਰ, 1983 ਨੂੰ ਵਿਆਹ ਹੋ ਗਿਆ। ਮੈਂ ਬੇਰੁਜ਼ਗਾਰ ਸੀ। ਜੁਲਾਈ 1984 ’ਚ ਮੈਂ ਐਮ. ਬੀ. ਡੀ. ਪ੍ਰੈੱਸ ਜਲੰਧਰ ’ਚ ਪਰੂਫ਼ ਰੀਡਰ ਲੱਗਾ ਤੇ ਇਥੇ ਮੇਰਾ ਆਖ਼ਰੀ ਦਿਨ 14 ਅਗਸਤ, 1988 ਸੀ। 17 ਅਗਸਤ, 1988 ਨੂੰ ਮੈਨੂੰ ਡਵੀਜ਼ਨਲ ਮੈਨੇਜਰ, ਟ੍ਰਾਂਸਪੋਰਟ ਵਿਭਾਗ, ਜਲੰਧਰ ’ਚ ਸਰਕਾਰੀ ਨੌਕਰੀ ਮਿਲ ਗਈ। ਮੈਂ ਆਡੀਟਰ ਲੱਗ ਗਿਆ। 2002 ’ਚ ਪੰਜਾਬ ਸਰਕਾਰ ਨੇ ਡਵੀਜ਼ਨਲ ਮੈਨੇਜਰਾਂ ਦੇ ਦਫ਼ਤਰ ਭੰਗ ਕਰ ਦਿੱਤੇ। ਮੈਨੂੰ ਚੰਡੀਗੜ੍ਹ ਜਾਣਾ ਪਿਆ। ਅੱਜਕੱਲ੍ਹ ਮੈਂ ਚੰਡੀਗੜ੍ਹ ਨੌਕਰੀ ਕਰਦਾ ਹਾਂ। 1998 ਤੱਕ ਤਕਰੀਬਨ ਮੇਰੀ ਹਰ ਛੁੱਟੀ ਪਿੰਡ ’ਚ ਹੀ ਬੀਤਦੀ ਸੀ। ਮੈਨੂੰ ਉਥੋਂ ਦਾ ਸ਼ਾਂਤ ਮਾਹੌਲ ਚੰਗਾ ਲੱਗਦਾ ਸੀ। ਜਿੰਨੀ ਨੀਂਦ ਮੈਨੂੰ ਪਿੰਡ ਜਾ ਕੇ ਆਉਂਦੀ ਸੀ, ਓਨੀ ਜਲੰਧਰ ਆ ਕੇ ਕਦੇ ਵੀ ਨਹੀਂ ਆਈ। ਮੇਰੇ ਸੁਪਨਿਆਂ ’ਚ ਅਜੇ ਵੀ ਪਿੰਡ ਦੀਆਂ ਥਾਵਾਂ, ਉਥੋਂ ਦੇ ਲੋਕ ਵਾਰ-ਵਾਰ ਆਉਂਦੇ ਹਨ। ਮੈਂ ਸ਼ਹਿਰ ਨਾਲ ਬਹੁਤ ਹੀ ਘੱਟ ਜੁੜਿਆ ਹੋਇਆ ਹਾਂ। ਹੁਣ ਮੇਰੇ ਕੋਲ਼ ਜਲੰਧਰ ਤੇ ਚੰਡੀਗੜ੍ਹ ਸ਼ਹਿਰ ਦੇ ਅਨੁਭਵ ਹਨ। ਵੈਸੇ ਸ਼ਹਿਰ ਦੀ ਸਾਇਕੀ ਨੂੰ ਸਮਝਣਾ ਬਹੁਤ ਔਖਾ ਹੈ।
-----
ਨਿਰਾਲਾ - ਤੁਹਾਡੀਆਂ ਕਈ ਕਹਾਣੀਆਂ ਨੂੰ ਪੜ੍ਹਨ ਉਪਰੰਤ ਇਹ ਧਾਰਨਾ ਬਣਦੀ ਹੈ ਕਿ ਤੁਸੀਂ ਕਾਮ ਨੂੰ ਅਹਿਮ ਮੁੱਦਾ ਬਣਾਇਆ ਹੈ।
ਜਿੰਦਰ - ਮੈਨੂੰ ਲੱਗਦਾ ਹੈ ਕਿ ਸਾਡੇ ਬਹੁਤੇ ਲੇਖਕ ਦੂਜੀਆਂ ਭਾਸ਼ਾਵਾਂ ਦੇ ਸਾਹਿਤ ਨੂੰ ਪੜ੍ਹਦੇ ਨਹੀਂ ਹਨ। ਤੁਸੀਂ ‘ਹੰਸ’ ਦੇ ਜਨਵਰੀ, 2010 ਦੇ ਅੰਕ ’ਚ ਤੇਜਿੰਦਰ ਸ਼ਰਮਾ ਦੀ ਕਹਾਣੀ ‘ਕਲ੍ਹ ਫਿਰ ਆਨਾ’ ਪੜ੍ਹੋ। ਫੇਰ ਤੁਹਾਨੂੰ ਪਤਾ ਲੱਗੇਗਾ ਕਿ ‘ਕਾਮ’ ਦੀ ਕਿੰਨੀ ਮਹੱਤਤਾ ਹੈ। ਸਾਡੇ ਧਰਮ ਗ੍ਰੰਥਾਂ ਨੇ ਜਿਹੜੇ ਪੰਜ ਤੱਤਾਂ ਦੀ ਗੱਲ ਕੀਤੀ ਹੈ, ਕਾਮ ਉਨ੍ਹਾਂ ’ਚ ਪਹਿਲੇ ਨੰਬਰ ’ਤੇ ਆਉਂਦਾ ਹੈ। ਕਈ ਸਾਲ ਪਹਿਲਾਂ ਮੈਂ ‘ਇਕ ਸੁਆਲ’, ‘ਮਾਤ੍ਰੇਸ੍ਰੀ’, ‘ਕੱਚੇ ਪੱਕੇ ਨਕਸ਼ੇ’ ਆਦਿ ਕਹਾਣੀਆਂ ’ਚ ‘ਕਾਮ’ ਦਾ ਵਰਣਨ ਕੀਤਾ ਸੀ ਅਸਿੱਧੇ ਰੂਪ ’ਚ। ਇਨ੍ਹਾਂ ਕਹਾਣੀਆਂ ਨੂੰ ਪਸੰਦ ਕੀਤਾ ਗਿਆ ਸੀ। ‘ਇਕ ਸੁਆਲ’ ਤਾਂ ਪਿਛਲੇ ਸਾਲ ਤਾਮਿਲ ਭਾਸ਼ਾ ’ਚ ਵੀ ਅਨੁਵਾਦ ਹੋ ਕੇ ਛਪੀ ਸੀ। ਸੰਪਾਦਕ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਕਹਾਣੀ ਬਾਰੇ ਅਨੇਕਾਂ ਹੀ ਚਿੱਠੀਆਂ ਆਈਆਂ ਸਨ। ਇਹ ਸਰਬ ਪ੍ਰਮਾਣਿਤ ਸੱਚ ਹੈ ਕਿ ਇਸਤਰੀ ਦੀ ਕਾਮ ਕ੍ਰੀੜਾ ਦੀ ਲੋੜ ਉਸ ਦੀਆਂ ਮੁੱਢਲੀਆਂ ਤ੍ਰਿਪਤੀਆਂ ਵਿਚੋਂ ਪ੍ਰਮੁੱਖ ਹੈ। ਇਹ ਸਰੀਰਕ ਲੋੜ ਹੈ ਪਰ ਸਾਡੇ ਸਮਾਜ ਨੇ ਇਸ ’ਤੇ ਬੰਦਸ਼ਾਂ ਲਾਈਆਂ ਹਨ। ਜੇ ਖੁੱਲ੍ਹਾਂ ਦਿੱਤੀਆਂ ਹੁੰਦੀਆਂ ਤਾਂ ਇਸ ਦਾ ਰੂਪ ਹੀ ਹੋਰ ਹੁੰਦਾ। ਮੈਂ ਜੁਲਾਈ, 1998 ਵਿਚ ਲੰਡਨ ਵਿਚ ਬ੍ਰਿਟਿਸ਼ ਮਿਊਜਿਅਮ ਕੋਲ ਘੁੰਮ ਰਿਹਾ ਸੀ। ਉਥੇ ਬਹੁਤ ਰੌਣਕ ਸੀ। ਇਕ ਅੱਧਖੜ ਜੋੜਾ ਸੜਕ ਦੇ ਵਿਚਕਾਰ ਖੜ੍ਹਾ ਸੀ। ਆਲਿੰਗਨਬੱਧ ਹੋਇਆ। ਮੈਂ ਉਹ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਸੀ। ਪਰ ਸਾਡੇ ਇਥੇ ਉਲਟ ਹੈ। ਯੂਰਪ ਵਾਲਿਆਂ ਨੇ ਇਸ ਲੋੜ ਨੂੰ ਮਹਿਸੂਸਿਆ ਹੈ। ਸਾਡੇ ਇਥੇ ਬਹੁਤ ਕੁਝ ਪਰਦੇ ਵਿਚ ਹੁੰਦਾ ਹੈ। ਦੇਹ ਸੁਖ ਦਾ ਆਪਣਾ ਮਜ਼ਾ ਹੈ। ਆਨੰਦ ਹੈ। ਓਸ਼ੋ ਨੇ ਆਪਣੇ ਪ੍ਰਵਚਨਾਂ ’ਚ ਇਹਦੀ ਖੁੱਲ੍ਹ ਕੇ ਵਿਆਖਿਆ ਕੀਤੀ ਹੈ। ਅੱਜ ਦੇ ਮਨੋਵਿਗਿਆਨੀਆਂ ਨੇ ਇਹ ਗੱਲ ਮੰਨੀ ਹੈ ਕਿ ਆਦਮੀ ਵਾਂਗ ਔਰਤ ’ਚ ਵੀ ਦੂਜੇ ਆਦਮੀ ਨੂੰ ਭੋਗਣ ਦੀ ਇੱਛਾ ਹੁੰਦੀ ਹੈ ਪਰ ਉਹ ਆਪਣੇ ਪੇਕਿਆਂ, ਬੱਚਿਆਂ, ਪਤੀ ਤੇ ਹੋਰ ਰਿਸ਼ਤਿਆਂ ਦੀ ਜਕੜ ’ਚ ਫਸੀ ਕੋਈ ਖੁੱਲ੍ਹ ਨਹੀਂ ਲੈਂਦੀ। ਆਪਣੀਆਂ ਭਾਵਨਾਵਾਂ ਨੂੰ ਦਬਾ ਜਾਂਦੀ ਹੈ।
..............
ਮੇਰੀ ਕਹਾਣੀ ‘ਬੱਸ, ਹੁਣ ਤੂੰ ਸੌਂ ਜਾਵੀਂ’ ਅਤੇ ‘ਵਿੱਥਾਂ’ ਹੈ। ਦੁਆਬੇ ਦੀ ਬਹੁ-ਸੰਖਿਆ ਵਿਦੇਸ਼ਾਂ ’ਚ ਰੋਜ਼ੀ ਰੋਟੀ ਕਮਾਉਣ ਗਈ ਹੈ। ਕਈ ਆਦਮੀ ਦਸ-ਦਸ, ਵੀਹ-ਵੀਹ ਸਾਲ ਵਾਪਸ ਨਹੀਂ ਮੁੜਦੇ। ਔਰਤ ਲਈ ਪਰਾਏ ਮਰਦ ਨਾਲ ਸੰਬੰਧ ਬਣਾਉਣ ਤੋਂ ਬਿਨਾਂ ਕੋਈ ਦੂਜਾ ਬਦਲ ਨਹੀਂ ਰਹਿੰਦਾ। ਅਸੀਂ ਇਹ ਗੱਲ ਕਿਉਂ ਭੁੱਲ ਬੈਠੇ ਹਾਂ ਕਿ ਜਿਵੇਂ ਖਾਣਾ, ਪੀਣਾ, ਸੌਣਾ ਅਤਿ ਜ਼ਰੂਰੀ ਹੈ ਠੀਕ ਉਵੇਂ ਹੀ ਕਾਮ ਕ੍ਰੀੜਾ ਜਾਂ ਕਾਮ ਦੀ ਅਹਿਮ ਲੋੜ ਹੁੰਦੀ ਹੈ। ਪਰ ਦੁਖਾਂਤ ਇਹ ਹੈ ਕਿ ਸਾਡੀ ਔਰਤ ਚੁੱਪ ’ਚ ਆਪਣੀ ਭਲਾਈ ਸਮਝੀ ਬੈਠੀ ਹੈ। ਅਸੀਂ ਔਰਤ ਨੂੰ ਬੱਸ ਏਨਾ ਕੁ ਸਮਝਿਆ ਹੈ। ਇਹੀ ਧਾਰਨਾ ਬਣਾ ਰੱਖੀ ਹੈ। ਉਹ ਦੀ ਲੋੜ ਨੂੰ ਨਹੀਂ ਸਮਝਿਆ। ਉਹਦੀ ਤ੍ਰਿਪਤੀ ਨੂੰ ਇਗਨੋਰ ਕੀਤਾ ਹੈ। ਫਰਾਇਡ ਅਨੁਸਾਰ ਜਿਹੜੀਆਂ ਇੱਛਾਵਾਂ ਨੂੰ ਬੰਦਾ ਚਾਹੁੰਦਾ ਹੋਇਆਂ ਵੀ ਪੂਰਿਆਂ ਨਹੀਂ ਕਰ ਸਕਦਾ, ਉਹ ਉਸ ਦੇ ਅੰਦਰ ਦੱਬੀਆਂ ਰਹਿ ਜਾਂਦੀਆਂ ਹਨ ਜਿਨ੍ਹਾਂ ਦਾ ਪ੍ਰਗਟਾ ਕਈ-ਕਈ ਰੂਪ ਬਦਲ ਕੇ ਸਾਹਮਣੇ ਆਉਂਦਾ ਹੈ। ਮੇਰੀ ਕਹਾਣੀ ‘ਆਤਮ ਪੁਰਾਣ’ ਵਿਚਲੀ ਨਾਇਕਾ ਦਾ ਵਿਆਹ ਦੂਜੀ ਜਾਤ ਨਾਲ, ਆਪਣੀ ਇੱਛਾ ਅਨੁਸਾਰ ਹੋਇਆ ਹੈ ਪਰ ਚਾਲੀ ਸਾਲ ਦੀ ਉਮਰ ਤੋਂ ਬਾਅਦ ਉਸ ਦੀ ਆਪਣੀ ਜਾਤ ਦੇ ਮਰਦ ਦਾ ਸਾਥ ਭੋਗਣ ਦੀ ਇੱਛਾ-ਦੇਖਣ ਨੂੰ ਭਾਵੇਂ ਨਵੀਂ ਗੱਲ ਲੱਗਦੀ ਹੈ-ਪਰ ਇਹ ਵੀ ਬਹੁਤ ਪੁਰਾਣਾ ਸੱਚ ਹੈ। ਇਹ ਵੀ ਔਰਤ ਦੀ ਸਾਇਕੀ ਦਾ ਇਕ ਪੱਖ ਹੈ।
.................
ਦਸ ਕੁ ਸਾਲ ਪਹਿਲਾਂ ਇੰਗਲਿਸ਼ ਦੇ ਵੀਕਲੀ ਪਰਚੇ ‘ਆਊਟ ਲੁਕ’ ’ਚ ਇੰਡੀਅਨ ਸੈਕਸ ’ਤੇ ਇਕ ਵਿਸਥਾਰਪੂਰਵਕ ਤੇ ਖੋਜ ਭਰਪੂਰ ਲੇਖ ਛਪਿਆ ਸੀ ਜਿਸ ’ਚ ਕਿਹਾ ਗਿਆ ਸੀ ਕਿ ਭਾਰਤ ਦੀਆਂ ਸੱਤਰ ਪ੍ਰਤੀਸ਼ਤ ਤੋਂ ਵਧੇਰੇ ਔਰਤਾਂ ਸੈਕਸੂਅਲੀ ਅਸੰਤੁਸ਼ਟ ਹਨ। ਜੇਕਰ ਉਨ੍ਹਾਂ ਨੂੰ ਸੈਕਸ ਸੰਬੰਧੀ ਖੁੱਲ੍ਹਾਂ ਦੇ ਦਿੱਤੀਆਂ ਜਾਣ ਤਾਂ ਇਸੇ ਦੇ ਆਧਾਰ ’ਤੇ ਪੰਜਾਹ ਪ੍ਰਤੀਸ਼ਤ ਤੋਂ ਜ਼ਿਆਦਾ ਤਲਾਕ ਹੋ ਜਾਣਗੇ। ਉਸ ਲੇਖ ਦਾ ਟਾਈਟਲ ਸੀ : ਇੰਡੀਅਨ ਸੈਕਸ ਇਜ ਈਰੋਟਿਕ। ਅਜਿਹੀ ਸਥਿਤੀ ਵਿਸਫੋਟਕ ਹੋ ਸਕਦੀ ਹੈ। ਅਸੀਂ ਔਰਤਾਂ ਨੂੰ ਖੁੱਲ੍ਹ ਦਿੱਤੀ ਹੀ ਕਿੱਥੇ ਹੈ। ਅੱਜ ਜਿਹੜਾ ਨਾਰੀਵਾਦ ਦਾ ਰੌਲਾ ਪੈ ਰਿਹਾ ਹੈ-ਇਹ ਸਿਰਫ਼ ਕੁਝ ਲੋਕਾਂ ਤੱਕ ਸੀਮਤ ਹੈ। ਮੈਂ ਆਪਣੀ ਗੱਲ ਨੂੰ ਸਪੱਸ਼ਟ ਕਰਨ ਲਈ ਹੋਰ ਖੁੱਲ੍ਹ ਲੈਂਦਾ ਹਾਂ। ਮੈਂ ਆਪਣੀ ਇੰਗਲੈਂਡ ਫੇਰੀ ਦੌਰਾਨ ਕਿਸੇ ਪੱਬ ’ਚ ਸਟੈਪਟੀਜ਼ ਦੇਖਣ ਆਪਣੇ ਰਿਸ਼ਤੇਦਾਰ ਗੋਪੀ ਚੰਦ ਨਾਲ ਗਿਆ ਸੀ। ਮੁੜਦਿਆਂ ਹੋਇਆਂ ਸਾਡੇ ਨਾਲ ਗੋਪੀ ਚੰਦ ਦਾ ਕੋਈ ਨੇੜਲਾ ਰਿਸ਼ਤੇਦਾਰ ਵੀ ਆਇਆ। ਉਹ ਸਾਨੂੰ ਉਸੇ ਪੱਬ ’ਚ ਮਿਲਿਆ ਸੀ। ਉਹ ਨੂੰ ਅਸੀਂ ਉਸ ਦੇ ਘਰ ਅੱਗੇ ਉਤਾਰ ਕੇ ਮੁੜਣ ਲੱਗੇ ਤਾਂ ਗੋਪੀ ਚੰਦ ਨੇ ਦੱਸਿਆ ਇਹ ਉਸਦੇ ਸਾਲੇ ਦਾ ਮੁੰਡਾ ਹੈ। ਉਸ ਦੇ ਨਾਲ ਖੁੱਲ੍ਹਿਆ ਹੈ। ਜਦੋਂ ਇਹ ਉਤੇਜਿਤ ਹੋਇਆ ਆਪਣੇ ਬੈੱਡਰੂਮ ਦੀ ਟਿਊਬ ਜਗਾਉਂਦਾ ਹੈ ਤਾਂ ਇਹ ਦੀ ਮਿਸਿਜ਼ ਬਹੁਤ ਹੀ ਜ਼ਿਆਦਾ ਵਿਰੋਧ ਕਰਦੀ ਹੈ। ਇਹ ਔਰਤ ਦਾ ਨੰਗੇਜ਼ ਦੇਖਣ ਲਈ ਹੀ ਇਨ੍ਹਾਂ ਪੱਬਾਂ ਵਿਚ ਆਉਂਦਾ ਹੈ। ਸਾਡੀਆਂ ਕਈ ਔਰਤਾਂ ਤਾਂ ਯੂਰਪ ’ਚ ਜਾ ਕੇ ਵੀ ਖੁੱਲ੍ਹਾਂ ਨਹੀਂ ਮਾਣ ਸਕੀਆਂ ਕਿਉਂਕਿ ਉਨ੍ਹਾਂ ਦੇ ਜੀਨਸ ’ਚ ਸੰਗ/ਸ਼ਰਮ ਪਈ ਹੈ। ਉਹ ਸੰਸਕਾਰਾਂ ਨਾਲ ਬੰਨ੍ਹੀਆਂ ਪਈਆਂ ਹਨ।
-----
ਨਿਰਾਲਾ - ਜਦੋਂ ਤੁਸੀਂ ਇਕੱਲੇ ਹੁੰਦੇ ਹੋ ਤਾਂ ਕੀ ਸੋਚਦੇ ਹੋ?
ਜਿੰਦਰ - ਅੱਜਕਲ੍ਹ ਜਦੋਂ ਮੈਂ ਇਕੱਲਾ ਹੋਵਾਂ ਤਾਂ ਆਪਣੀ ਮੌਤ ਬਾਰੇ ਸੋਚਦਾ ਹਾਂ। ਮੈਂ ਦੇਖਦਾ ਹਾਂ ਕਿ ਫਲਾਣਾ ਕਿੰਨੇ ਸਾਲਾਂ ਦਾ ਹੋ ਕੇ ਮਰਿਆ ਸੀ। ਮੈਨੂੰ ਮਰੇ ਹੋਏ ਯਾਦ ਆਉਣ ਲੱਗਦੇ ਹਨ। ਮੇਰੇ ਦਫ਼ਤਰ ਦਾ ਕੈਸ਼ੀਅਰ ਕਸ਼ਮੀਰੀ ਲਾਲ ਸੱਠ ਸਾਲਾਂ ’ਚ ਹੀ ਤੁਰ ਪਿਆ ਸੀ। ਧਰਮ ਚੰਦ, ਜਿਹੜਾ ਕਿ ਸਾਡੇ ਦਫ਼ਤਰ ’ਚ ਸੀਨੀਅਰ ਸਹਾਇਕ ਸੀ, ਬਾਅਦ ’ਚ ਜੀ. ਐਮ. ਜਲੰਧਰ-ਇਕ ’ਚ ਸੁਪਰਡੈਂਟ ਲੱਗਾ ਸੀ, ਰਿਟਾਇਰਮੈਂਟ ਤੋਂ ਅੱਠ ਮਹੀਨਿਆਂ ਬਾਅਦ ਹੀ ਅੱਲ੍ਹਾ ਨੂੰ ਪਿਆਰਾ ਹੋ ਗਿਆ ਸੀ। ਮੇਰਾ ਸਾਂਢੂ ਇੰਦਰ ਪੈਂਤੀ ਕੁ ਸਾਲਾਂ ’ਚ ਹੀ ਕੈਂਸਰ ਨਾਲ ਮਰ ਗਿਆ ਸੀ। ਜੋਗਿੰਦਰ ਸਿੰਘ ਰਾਹੀ ਬਹੱਤਰ ਸਾਲ ਜਿਊਂਦੇ ਰਹੇ ਸਨ। ਰਾਮ ਸਰੂਪ ਅਣਖੀ ਹੋਰਾਂ ਦੀ ਮੌਤ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਹੈ। ਜਗਰੂਪ ਸਿੰਘ ਦਾਤੇਵਾਸ ਤੇ ਮਨਜੀਤ ਕਾਦਰ ਵੀ ਛੋਟੀ ਉਮਰ ’ਚ ਮੇਰਾ ਸਾਥ ਛੱਡ ਗਏ ਸਨ। ਮੈਂ ਆਪਣੇ ਕੁਲੀਗਜ਼ ਨੂੰ ਸਮਝਾਉਣ ਲੱਗ ਜਾਂਦਾ ਹਾਂ,‘‘ਕਿਸੇ ਦਾ ਮਾੜਾ ਨਾ ਕਰੋ। ਸੋਚੋ-ਕਿੰਨੀ ਸਰਵਿਸ ਰਹਿ ਗਈ ਆ। ਕਿੰਨੀ ਕੁ ਉਮਰ ਰਹਿ ਗਈ ਆ।’’ ਮੈਂ ਮੌਤ ਤੋਂ ਡਰਦਾ ਨਹੀਂ ਹਾਂ। ਨਾ ਹੀ ਬਹੁਤੀ ਲੰਬੀ ਉਮਰ ਭੋਗਣਾ ਚਾਹੁੰਦਾ ਹਾਂ। ਬੱਸ-ਮੈਂ ਤਾਂ ਇਹੀ ਸੋਚਣ ਲੱਗ ਜਾਂਦਾ ਹਾਂ ਕਿ ਮੈਂ ਅਜੇ ਕੀ-ਕੀ ਕਰਨਾ ਹੈ। ਕੀ-ਕੀ ਪੜ੍ਹਣਾ ਹੈ। ਮੈਂ ਆਪਣੀ ਮਿਸਿਜ਼ ਨੂੰ ਵੀ ਦੱਸਦਾ ਹਾਂ। ਉਹ ਰੋਣੀ ਜਿਹੀ ਸੂਰਤ ਬਣਾ ਕੇ ਕਹਿੰਦੀ ਹੈ, ‘‘ਨਾ ਜੀ ਨਾ, ਤੁਹਾਡੇ ਪਿਛੋਂ ਮੈਂ ਤਾਂ ਰੁਲ਼ ਜਾਵਾਂਗੀ। ਮੁੰਡਿਆਂ ਨੇ ਮੈਨੂੰ ਪੁੱਛਣਾ ਨ੍ਹੀਂ। ਬੀਮਾਰ ਹੋ ਗਈ ਤਾਂ ਪਾਣੀ ਦਾ ਘੁੱਟ ਨ੍ਹੀਂ ਪਿਲਾਉਣਾ।’’ ਮੈਂ ਉਸਨੂੰ ਸਮਝਾਉਂਦਾ ਹਾਂ ਕਿ ਮੈਂ ਉਸ ਲਈ ਇੰਨੇ ਕੁ ਪੈਸੇ ਛੱਡ ਕੇ ਜਾਵਾਂਗਾ ਕਿ ਉਹ ਚੰਗੀ ਰੋਟੀ ਖਾ ਸਕਦੀ ਹੈ। ਫੇਰ ਉਹਨੂੰ ਫੈਮਿਲੀ ਪੈਨਸ਼ਨ ਵੀ ਮਿਲੇਗੀ। ਉਹ ਉਸੇ ਹੀ ਰੌਂਅ ’ਚ ਦੱਸਦੀ ਹੈ, ‘‘ਮੈਂ ਪੈਸਿਆਂ ਨੂੰ ਚੱਟਣਾ। ਪਹਿਲਾਂ ਮੈਂ ਜਾਣਾ। ਤੁਸੀਂ ਨਾ ਜਾਇਉ।’’ ਮੈਂ ਉਸ ਨਾਲ ਲੰਬੀ ਬਹਿਸ ’ਚ ਨਹੀਂ ਪੈਂਦਾ। ਮੈਨੂੰ ਪਤਾ ਹੈ ਕਿ ਉਸ ਰੋਣ ਲੱਗ ਜਾਣਾ ਹੈ। ਕਦੇ-ਕਦੇ ਉਹ ਕਹਿੰਦੀ ਹੈ, ‘‘ਤੁਸੀਂ ਮੌਤ ਬਾਰੇ ਕਿਉਂ ਸੋਚਦੇ ਹੋ?’’ ਮੈਂ ਦੱਸਦਾ ਹਾਂ, ‘‘ਇਹ ਸੱਚ ਆ। ਇਹ ਮੈਨੂੰ ਸਾਹਮਣੇ ਦਿਸਦੀ ਆ।’’ ਉਹ ਕਹਿੰਦੀ ਹੈ। ‘‘ਤੁਸੀਂ ਰੱਬ ਦਾ ਨਾਂ ਲਿਆ ਕਰੋ। ਤੁਹਾਡਾ ਦੂਜੇ ਪਾਸੇ ਧਿਆਨ ਜਾਵੇਗਾ।’’ ਮੈਂ ਵਲਡ ਬੁੱਕ ਫੇਅਰ ’ਤੇ ਦਿੱਲੀ ਗਿਆ। ਇਸਲਾਮ ’ਚ ਮੌਤ ਪਿਛੋਂ ਕੀ ਹੁੰਦਾ ਹੈ-ਇਸ ਸੰਬੰਧੀ ਬਿਨਤੁਲ ਇਸਲਾਮ ਦੀ ਪੁਸਤਕ ‘ਮਰਨੇ ਕੇ ਬਾਦ ਕਯਾ ਹੋਗਾ?’’ ਖ਼ਰੀਦ ਲਿਆਇਆ।
...............
ਮੈਂ ਜਦੋਂ ਸੋਮਵਾਰ ਨੂੰ ਘਰੋਂ ਚੰਡੀਗੜ੍ਹ ਜਾਣ ਲਈ ਤੁਰਦਾ ਹਾਂ ਤਾਂ ਬਾਹਰਲਾ ਗੇਟ ਲਾ ਕੇ ਉਤਾਂਹ ਚੌਬਾਰੇ ਵੱਲ ਨਜ਼ਰ ਮਾਰਦਾ ਹਾਂ। ਕਦੇ-ਕਦੇ ਮੇਰੇ ਮਨ ’ਤੇ ਇਹ ਵੀ ਸੋਚ ਭਾਰੂ ਹੋਣ ਲੱਗਦੀ ਹੈ ਕਿ ਪਤਾ ਨਹੀਂ ਮੈਂ ਆਪਣੇ ਘਰ ਨੂੰ ਦੁਬਾਰਾ ਦੇਖਣਾ ਵੀ ਹੈ ਜਾਂ ਕਿ ਨਹੀਂ। ਮੈਨੂੰ ਆਪਣੇ ਆਪ ’ਤੇ ਖਿਝ ਵੀ ਆਉਂਦੀ ਹੈ ਕਿ ਮੈਂ ਨੈਗਟਿਵ ਕਿਉਂ ਸੋਚਦਾ ਹਾਂ। ਫੇਰ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਵੱਸ ’ਚ ਨਹੀਂ ਹੈ। ਮੈਂ ਬਸ ਸਟੈਂਡ ਤੱਕ ਜਾਂਦਾ ਹੋਇਆ ਇਹੀ ਕੁਝ ਸੋਚਦਾ/ਵਿਚਾਰਦਾ ਰਹਿੰਦਾ ਹਾਂ। ਜਦੋਂ ਦੀ ਮੇਰੀ ਬੀਬੀ ਜੀ (ਮਾਂ) ਦੀ ਮੌਤ ਹੋਈ ਹੈ, ਮੈਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨ ਲੱਗਾ ਹਾਂ। ਜਿਊਂਦਿਆਂ ਜੀਅ ਮੈਂ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ, ਪਰ ਜਦੋਂ ਉਹ ਦੁਨੀਆਂ ਛੱਡ ਕੇ ਚਲੇ ਗਏ, ਮੈਂ ਆਪਣੇ ਆਪ ਨੂੰ ਅਧੂਰਾ ਸਮਝਣ ਲੱਗ ਪਿਆ ਹਾਂ। ਮੈਨੂੰ ਲੱਗਦਾ ਹੈ ਜਿਵੇਂ ਮੈਂ ਸਟੈਪ-ਦਰ-ਸਟੈਪ ਮਰ ਰਿਹਾ ਹਾਂ। ਕੋਈ ਹੈ ਜੋ ਮੈਨੂੰ ਅੰਦਰੋਂ ਮਾਰ ਰਿਹਾ ਹੈ। ਮੈਂ ਪਹਿਲਾਂ ਜਿੰਨਾ ਐਕਟਿਵ ਨਹੀਂ ਰਿਹਾ। ਮੇਰੀ ਇਹ ਹਾਲਤ ਕੁਝ ਦਿਨ ਹੀ ਰਹਿੰਦੀ ਹੈ। ਇਸੇ ਹਾਲਤ ’ਚ ਮੈਂ ਡਾ: ਰਾਧਾਕ੍ਰਿਸ਼ਨ, ਪਰਮਿੰਦਰ ਸੋਢੀ ਤੇ ਰਾਜਾ ਸਰ ਦਲਜੀਤ ਸਿੰਘ ਦੀਆਂ ਭਗਵਤ ਗੀਤਾ ’ਤੇ ਲਿਖੀਆਂ ਪੁਸਤਕਾਂ ਪੜ੍ਹੀਆਂ ਹਨ। ਜੇ ਕ੍ਰਿਸ਼ਨਾਮੂਰਤੀ ਦੀ ਪੁਸਤਕ Freedom from the Known ਪੜ੍ਹੀ ਹੈ। ਉਹ ਕਹਿੰਦੇ ਹਨ, ‘‘ਮਰਨ ਦਾ ਅਰਥ ਹੈ ਮਨ ਦਾ ਪੂਰੀ ਤਰ੍ਹਾਂ ਖ਼ਾਲੀ ਹੋ ਜਾਣਾ-ਰੋਜ਼ਾਨਾ ਦੀਆਂ ਖ਼ਾਹਿਸ਼ਾਂ, ਸੁੱਖਾਂ ਤੇ ਦੁੱਖਾਂ ਤੋਂ ਖ਼ਾਲੀ ਹੋ ਜਾਣਾ।’’
*******
ਸਮਾਪਤ
1 comment:
ਭਾਈ ਜਿੰਦਰ ਜੀ
ਮੈਨੂ ਪਡ਼ ਕੇ ਖ਼ੁਸ਼ੀ ਹੋਈ ਕਿ ਤੁਸੀ ਹੰਸ ਵਿਛ ਛਪੀ ਮੇਰੀ ਕਹਾਣੀ ਕਲ ਫਿਰ ਆਣਾ ਪਡ਼ੀ ਹੈ। ਸ਼ੁਕਰਿਆ।
ਤੇਜਿੰਦਰ ਸ਼ਰਮਾ
Post a Comment