Saturday, May 8, 2010

ਸੁਪ੍ਰਸਿੱਧ ਕਹਾਣੀਕਾਰ ਜਿੰਦਰ ਨਾਲ਼ – ਇਕ ਮੁਲਾਕਾਤ – ਭਾਗ ਤੀਜਾ

ਮੁਲਾਕਾਤੀ : ਜੋਗਿੰਦਰ ਸਿੰਘ ਨਿਰਾਲਾ

ਭਾਗ ਤੀਜਾ

ਲੜੀ ਜੋੜਨ ਲਈ ਪਹਿਲੀ ਅਤੇ ਦੂਜੀ ਪੋਸਟ ਜ਼ਰੂਰ ਪੜ੍ਹੋ ਜੀ।

ਨਿਰਾਲਾ - ਕੁਝ ਆਲੋਚਕਾਂ ਨੇ ‘ਕਹਾਣੀ ਦੀਆਂ ਪਰਤਾਂ’ ਵੀ ਤਿਆਰ ਕੀਤੀਆਂ ਹਨ। ਇਨ੍ਹਾਂ ‘ਪੜ੍ਹਤਾਂ’ ਦੀ ਕਿੰਨੀ ਕੁ ਸਾਰਥਿਕਤਾ ਹੋ ਸਕਦੀ ਹੈ।

ਜਿੰਦਰ - ਇਹਦੀ ਬਹੁਤ ਹੀ ਜ਼ਿਆਦਾ ਸਾਰਥਿਕਤਾ ਹੈ। ਤੁਸੀਂ ਆਪਣੇ ਸਮਿਆਂ ਵੱਲ ਦੇਖੋ-ਤੁਹਾਡੇ ਸਮਕਾਲੀ ਇਸ ਗੱਲ ਲਈ ਤਰਸਦੇ ਸੀ ਕਿ ਕੋਈ ਉਨ੍ਹਾਂ ਦੀ ਗੱਲ ਕਰੇ। ਡਾ: ਹਰਭਜਨ ਸਿੰਘ ਨੇ ਪ੍ਰੇਮ ਪ੍ਰਕਾਸ਼ ਦੀ ਕਹਾਣੀ ‘ਸਵੇਤਾਂਬਰ ਨੇ ਕਿਹਾ ਸੀ’ ’ਤੇ ‘ਖ਼ਾਮੋਸ਼ੀ ਦਾ ਜਜ਼ੀਰਾ’ ਅਤੇ ਤਰਸੇਮ ਨੀਲਗਿਰੀ ਦੀਆਂ ਤਿੰਨ ਕਹਾਣੀਆਂ ਤੇ ‘ਪਿਆਰ ਤੇ ਪਰਵਾਜ਼’ ਪੁਸਤਕਾਂ ਲਿਖੀਆਂ। ਉਨ੍ਹਾਂ ਨੇ ਕਥਾ ਵਿਚਲੀ ਖ਼ਾਮੋਸ਼ੀ ਨੂੰ ਉਭਰਦਿਆਂ ਹੋਇਆਂ ਪੁਰਾਣੀਆਂ ਕਥਾਵਾਂ ਨੂੰ ਪੁਨਰ-ਸਿਰਜਤ ਕੀਤਾ। ਕਿਸੇ ਕਹਾਣੀ ’ਤੇ ਪੂਰੀ ਕਿਤਾਬ ਲਿਖਣੀ ਖ਼ਾਲਾ ਜੀ ਦਾ ਵਾੜਾ ਨਹੀਂ। ਡਾ: ਸਾਹਿਬ ਨੂੰ ਹਿੰਦੂ ਧਰਮ, ਚਿੰਤਨ, ਫਿਲਾਸਫੀ, ਵੇਦਾਂ ਦਾ ਗਿਆਨ ਸੀ। ਉਨ੍ਹਾਂ ਦੀ ਪੁਸਤਕ ‘ਰਿਗਵੇਦ’ ਪੜ੍ਹਨ ਵਾਲੀ ਹੈ। ਡਾਕਟਰ ਸਾਹਿਬ ਨੇ ਆਉਣ ਵਾਲੇ ਲੇਖਕਾਂ ਲਈ ਮਾਰਗ ਦਰਸ਼ਨ ਦਾ ਕੰਮ ਕੀਤਾ। ਅਗਲੇ ਕਈ ਸਾਲਾਂ ਵਿਚ ਟੁੱਟਵਾਂ ਜਿਹਾ ਕੰਮ ਹੋਇਆ ਪਰ ਕਿਸੇ ਪੱਖੋਂ ਵੀ ਮਹੱਤਵਪੂਰਨ ਨਹੀਂ। ਉਨ੍ਹਾਂ ਦੇ ਛੱਡੇ ਕੰਮ ਨੂੰ ਡਾ: ਜੋਗਿੰਦਰ ਸਿੰਘ ਰਾਹੀ ਤੇ ਡਾ: ਰਮਿੰਦਰ ਕੌਰ ਨੇ ਅਗਾਂਹ ਤੋਰਿਆ। ਉਨ੍ਹਾਂ ਦੀਆਂ ਪੁਸਤਕਾਂ ‘ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਵਿਚ ਕਪਾਲ’ ਅਤੇ ‘ਪੰਜਾਬੀ ਕਹਾਣੀ ਦਾ ਸਫ਼ਰ ਤੇ ਸ਼ਾਸਤ੍ਰ’ ਮਹੱਤਵਪੂਰਨ ਪੁਸਤਕਾਂ ਹਨ। ਉਨ੍ਹਾਂ ਨੇ ਸਮਾਜ ਸ਼ਾਸਤਰ ਪੱਖੋਂ ਕਹਾਣੀਆਂ ਦੀਆਂ ਪਰਤਾਂ ਖੋਲ੍ਹੀਆਂ। ਸਾਰੇ ਕਹਾਣੀਕਾਰਾਂ ਨੂੰ ਇਹ ਅਵੱਸ਼ ਹੀ ਪੜ੍ਹਨੀਆਂ ਚਾਹੀਦੀਆਂ ਹਨ। ਇਸੇ ਵਿਚਕਾਰ ਡਾ: ਵਨੀਤਾ ਦੀ ਪੁਸਤਕ ‘ਕਹਾਣੀ ਦੀਆਂ ਪਰਤਾਂ’ ਵੀ ਆਈ। ਉਸ ਨੇ ਵੀ ਆਪਣੀ ਸਮਰੱਥਾ ਅਨੁਸਾਰ ਕਹਾਣੀ ਦੀਆਂ ਪਰਤਾਂ ਖੋਲ੍ਹੀਆਂ ਹਨ। ਇਸ ਤੋਂ ਕੁਝ ਸਾਲ ਪਹਿਲਾਂ ਰਜਨੀਸ਼ ਬਹਾਦਰ ਦੀ ਪੁਸਤਕ ਵੀ ਆਈ ਸੀ। ਡਾ: ਰਾਹੀ ਦੇ ਨਾਲ-ਨਾਲ ਹੀ ਡਾ: ਹਰਚੰਦ ਸਿੰਘ ਬੇਦੀ ਦੀਆਂ ਦੋ ਆਲੋਚਨਾ ਦੀਆਂ ਪੁਸਤਕਾਂ ‘ਔਰਤਾਂ ਦੀਆਂ ਕਹਾਣੀਆਂ (ਭਾਗ ਪਹਿਲਾ)’,‘ਔਰਤਾਂ ਦੀਆਂ ਕਹਾਣੀਆਂ (ਭਾਗ ਦੂਜਾ)’ ਵੀ ਆਈਆਂ ਹਨ। ਜਿਥੇ ਰਾਹੀ ਸਾਹਿਬ ਕਿਸੇ ਕਹਾਣੀ ਦਾ ਅਧਿਐਨ 8-10 ਪੰਨਿਆਂ ’ਚ ਕਰਦੇ ਹਨ, ਉਥੇ ਡਾ: ਬੇਦੀ ਨੇ ਪੰਨਿਆਂ ਦੀ ਸੀਮਾ ਨਿਸ਼ਚਤ ਨਹੀਂ ਕੀਤੀ, ਉਨ੍ਹਾਂ ਵਿਸਥਾਰ ਵਿਚ ਲਿਖਿਆ। ਕੇ. ਸੀ. ਮੋਹਨ ਦੀ ਤਿੰਨ ਪੰਨਿਆਂ ਦੀ ਕਹਾਣੀ ‘ਰੇਪ’ ’ਤੇ 26 ਪੰਨਿਆਂ ਦਾ ਲੇਖ ਲਿਖਿਆ। ਉਨ੍ਹਾਂ ਸਾਡੇ ਸਾਹਮਣੇ ਇਹ ਪੇਸ਼ ਕੀਤਾ ਕਿ ਇਸ ਨੂੰ ਕਹਿੰਦੇ ਹਨ ਕਹਾਣੀ ਦੀ ਪਰਤ ਖੋਲ੍ਹਣਾ। ਉਨ੍ਹਾਂ ਆਪਣੇ ਅਧਿਐਨ ਦਾ ਆਧਾਰ ਇਤਿਹਾਸਕ ਵੇਰਵਿਆਂ ਨੂੰ ਵੀ ਬਣਾਇਆ ਤੇ ਹੋਰ ਪੱਖਾਂ ਨੂੰ ਵੀ ਘੋਖਿਆ। ਇਹ ਪੁਸਤਕਾਂ ਵੀ ਖਾਸੀਆਂ ਚਰਚਿਤ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਪਰਵਾਸੀ ਕਹਾਣੀਆਂ ਦੀਆਂ ਪਰਤਾਂ ਖੋਲ੍ਹਦਿਆਂ ਹੋਇਆਂ ਦੋ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਸੀ। ਗੁਰਪਾਲ ਸੰਧੂ ਦੀ ਚੋਣ ਦਾ ਆਪਣਾ ਹੀ ਆਧਾਰ ਹੈ। ਉਨ੍ਹਾਂ ਦੇ ਅਨੁਸਾਰ ਕਹਾਣੀ ’ਚ ਅਰਥ ਸਿਰਜਣ ਵੇਲੇ ਸ਼ਬਦਾਰਥ ਸਿਰਫ਼ ਵਸੀਲਾ ਹੁੰਦੇ ਹਨ, ਅਰਥਾਂ ਦਾ ਰਾਹ ਸੰਕੇਤਾਂ ਤੋਂ ਸ਼ੁਰੂ ਹੁੰਦਾ ਹੈ। ਤੁਹਾਡੀ ਪੁਸਤਕ ‘ਨੌਵੇਂ ਦਹਾਕੇ ਤੋਂ ਬਾਅਦ ਦੀ ਪੰਜਾਬੀ ਕਹਾਣੀ’ ’ਚ ਵੀ ਦਸ ਕਹਾਣੀਆਂ ਦੀਆਂ ਪਰਤਾਂ ਖੋਲ੍ਹੀਆਂ ਗਈਆਂ ਹਨ। ਜੇ ਤੁਸੀਂ ਹੋਰ ਮਿਹਨਤ ਕਰਦੇ ਤਾਂ ਇਸ ਪੁਸਤਕ ਦਾ ਮੁੱਲ ਹੋਰ ਵੱਧ ਜਾਣਾ ਸੀ। ਖ਼ੈਰ, ਆਪਣੀ-ਆਪਣੀ ਸਮਰੱਥਾ ਹੁੰਦੀ ਹੈ। ਸਮੇਂ-ਸਮੇਂ, ਵੱਖ-ਵੱਖ ਵਿਦਵਾਨਾਂ ਨੇ ਕਹਾਣੀਆਂ ਦੀਆਂ ਪਰਤਾਂ ਖੋਲ੍ਹੀਆਂ ਹਨ ਜਿਨ੍ਹਾਂ ’ਚ ਡਾ: ਦਲਜੀਤ ਸਿੰਘ, ਡਾ: ਸਤਿੰਦਰ ਔਲਖ, ਡਾ: ਰਵੀ ਰਵਿੰਦਰ, ਡਾ: ਰਣਜੀਤ ਬਾਜਵਾ, ਮਹਿਲ ਸਿੰਘ, ਰਮਿੰਦਰ ਕੌਰ, ਡਾ: ਜਸਵਿੰਦਰ ਕੌਰ ਬਿੰਦਰਾ, ਟੀ. ਆਰ. ਵਿਨੋਦ ਆਦਿ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਡਾ: ਰਵੀ ਰਵਿੰਦਰ ਨੇ ਮੇਰੀ ਕਹਾਣੀ ‘ਕ਼ਤਲ’ ’ਤੇ ਦਸ ਵਿਦਵਾਨਾਂ ਕੋਲੋਂ ਪੇਪਰ ਲਿਖਵਾ ਕੇ ‘ਇਕ ਕਹਾਣੀ : ਦਸ ਦਿਸ਼ਾਵਾਂ’ ਪੁਸਤਕ ਛਪਵਾਈ ਹੈ। ਇਸ ਵਿਚ ਇਕੋ ਹੀ ਕਹਾਣੀ ਨੂੰ ਵੱਖ-ਵੱਖ ਕੋਣਾਂ ਤੋਂ ਦੇਖਿਆ, ਸਮਝਿਆ ਤੇ ਵਿਚਾਰਿਆ ਗਿਆ ਹੈ। ‘ਲਕੀਰ’, ‘ਸ਼ਬਦ’, ‘ਸਮਦਰਸ਼ੀ’ ਤੇ ‘ਪ੍ਰਵਚਨ’ ਆਦਿ ਪਰਚਿਆਂ ’ਚ ਅਕਸਰ ਕਿਸੇ ਇਕ ਕਹਾਣੀ ’ਤੇ ਲੇਖ/ਪੇਪਰ ਛਪਦੇ ਰਹਿੰਦੇ ਹਨ। ਜੇ ਕੋਈ ਡਾ: ਗੁਰਲਾਲ ਸਿੰਘ ਕੋਲੋਂ ਕੰਮ ਕਰਵਾਉਣ ਵਾਲਾ ਹੋਵੇ ਤਾਂ ਉਹ ਆਪਣੇ ਢੰਗ ਨਾਲ ਹੀ ਕਹਾਣੀਆਂ ਦੀਆਂ ਪਰਤਾਂ ਖੋਲ੍ਹਣਗੇ। ਡਾ: ਗੁਰਲਾਲ ਜੀ ਬਹੁਤ ਉੱਚ ਪਾਏ ਦੇ ਵਿਦਵਾਨ ਹਨ ਪਰ ਘੌਲ਼ੀ ਜ਼ਿਆਦਾ ਹਨ।

-----

ਨਿਰਾਲਾ - ਕੁਝ ਨਵੇਂ ਕਹਾਣੀ ਲੇਖਕ ਵਰਜਿਤ ਰਿਸ਼ਤਿਆਂ ਦੀ ਆੜ ਹੇਠ ਲਿਖਦਿਆਂ ਹੋਇਆਂ ਅਸ਼ਲੀਲਤਾ ਦੀ ਹੱਦ ਤੱਕ ਪੁੱਜ ਜਾਂਦੇ ਹਨ ਜਿਵੇਂ ਕੁਝ ਕਹਾਣੀਆਂ ਵਿਚ ਸੁਖਜੀਤ, ਅਨੇਮਨ ਅਤੇ ਤੁਸੀਂ ਵੀ ਅਜਿਹਾ ਕਰ ਗਏ ਹੋ।

ਜਿੰਦਰ - ਪਹਿਲੀ ਗੱਲ ਤਾਂ ਤੁਸੀਂ ਅਸ਼ਲੀਲ ਕਿਸ ਨੂੰ ਕਹਿੰਦੇ ਹੋ? ਕਿਸ ਨੂੰ ਮੰਨਦੇ ਹੋ? ਅਸ਼ਲੀਲ ਕੁਝ ਨਹੀਂ ਹੁੰਦਾ। ਇਹ ਤਾਂ ਸਾਡਾ ਨਜ਼ਰੀਆ ਹੁੰਦਾ ਹੈ। ਸਾਡੀ ਸੋਚ ’ਚ ਕਾਣ ਹੁੰਦੀ ਹੈ। ਹੁਣ ਦੀਆਂ ਅਖ਼ਬਾਰਾਂ ਦੇਖੋ। ਚੈਨਲ ਦੇਖੋ। ਕੀ ਦਾ ਕੀ ਨਹੀਂ ਪੇਸ਼ ਕੀਤਾ ਜਾਂਦਾ। ਬਿਊਟੀ ਕੌਨਟੈਸਟ ਦੇਖੋ। ਫੈਸ਼ਨ ਟੀ. ਵੀ. ਦੇਖੋ। ਜ਼ਮਾਨਾ ਬਦਲ ਗਿਆ ਹੈ। ਕਦਰਾਂ-ਕੀਮਤਾਂ ਬਦਲ ਰਹੀਆਂ ਹਨ। ਮੇਰੇ ਖ਼ਿਆਲ ’ਚ ਮੈਂ ਕੋਈ ਅਸ਼ਲੀਲ ਕਹਾਣੀ ਨਹੀਂ ਲਿਖੀ। ਸੁਖਜੀਤ, ਅਨੇਮਨ ਦੇ ਨਾਲ-ਨਾਲ ਜਤਿੰਦਰ ਹਾਂਸ ਨੇ ਕੁਝ ਕੁ ਅਸ਼ਲੀਲ ਕਹਾਣੀਆਂ ਲਿਖੀਆਂ ਹਨ। ਖ਼ਾਸ ਕਰਕੇ ਜਤਿੰਦਰ ਹਾਂਸ ਨੇ। ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ’ਚ ਨੰਗੇਜ਼ ਦੇ ਵੇਰਵੇ ਆਉਂਦੇ ਹਨ। ਉਹ ਮੈਨੂੰ ਵੀ ਬੁਰੇ ਲਗਦੇ ਹਨ। ਹਾਂ, ਜਸਬੀਰ ਰਾਣੇ ਦੀ ਇਕ-ਅੱਧ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ। ਇਹ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੇ ਚਹੇਤੇ ਹਨ। ਤੁਸੀਂ ਮੈਥੋਂ ਗ਼ਲਤ ਪੁੱਛ ਲਿਆ-ਇਹ ਸਵਾਲ ਪ੍ਰੇਮ ਪ੍ਰਕਾਸ਼ ਜੀ ਨੂੰ ਪੁੱਛਣਾ ਚਾਹੀਦਾ ਸੀ। ਮੈਂ 2009 ਦੀਆਂ ਚੋਣਵੀਆਂ ਕਹਾਣੀਆਂ ਦੀ ਪੁਸਤਕ ਸੰਪਾਦਤ ਕਰ ਰਿਹਾ ਸੀ। ਲਾਲ ਸਿੰਘ ਜੀ ਕੋਲੋਂ ਚੰਗੀਆਂ ਕਹਾਣੀਆਂ ਪੁੱਛੀਆਂ। ਉਨ੍ਹਾਂ ਦੱਸਿਆ, ‘‘ਤੂੰ ਕਿਸ ਤਰ੍ਹਾਂ ਦੀ ਕਹਾਣੀ ਪੁੱਛ ਰਿਹਾਂ? ਚੱਡੀ ਵਾਲੀ ਜਾਂ ਆਮ ਬੰਦੇ ਦੀ ਕਹਾਣੀ।’’

------

ਨਿਰਾਲਾ - ਤੁਹਾਡੀਆਂ ਪਹਿਲੀਆਂ ਕਹਾਣੀਆਂ ਆਮ ਬੰਦੇ ਦੀ ਸਮੱਸਿਆ ਨਾਲ ਸੰਬੰਧਤ ਹਨ।ਫੇਰ ਤੁਸੀਂ ਔਰਤ-ਮਰਦ ਸੰਬੰਧਾਂ ਨੂੰ ਲੈ ਕੇ ਕਹਾਣੀਆਂ ਲਿਖੀਆਂ। ਹੁਣ ਫੇਰ ਤੁਸੀਂ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਲੈ ਕੇ ‘ਸ਼ਨਾਖ਼ਤ’, ‘ਔਕਾਤ’ ਤੇ ‘ਜ਼ਖ਼ਮ’ ਤੇ ਹੋਰ ਕਹਾਣੀਆਂ ਲਿਖੀਆਂ ਹਨ। ਇਹ ਚੱਕਰ ਕੀ ਹੈ?

ਜਿੰਦਰ - ਮੇਰੀ ਪੁਸਤਕ ‘ਤੁਸੀਂ ਨਹੀਂ ਸਮਝ ਸਕਦੇ’ ਤੱਕ ਮੈਂ ਕੁਝ ਕਹਾਣੀਆਂ ਆਮ ਬੰਦੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਲਿਖੀਆਂ ਸਨ। ‘ਤੁਸੀਂ ਨਹੀਂ ਸਮਝ ਸਕਦੇ’ ’ਚ ਸਿਰਫ਼ ਇਕ ਕਹਾਣੀ ‘ਬੱਸ, ਹੁਣ ਤੂੰ ਸੌਂ ਜਾਈਂ’’, ’ਚ ਔਰਤ-ਮਰਦ ਸੰਬੰਧਾਂ ਦੀ ਕਹਾਣੀ ਹੈ। ਇਹ ਸੰਬੰਧ ਵੀ ਸਿੱਧੇ ਨਹੀਂ ਹਨ। ਦੁਆਬੇ ’ਚੋਂ ਤਕਰੀਬਨ ਹਰ ਘਰ ’ਚੋਂ ਕੋਈ ਨਾ ਕੋਈ ਬਾਹਰ ਗਿਆ ਹੈ। ਕਈਆਂ ਦੇ ਪਰਿਵਾਰ ਪਿੱਛੇ ਹਨ। ਔਰਤਾਂ ਆਪਣੀ ਸੈਕਸ-ਭੁੱਖ ਲਈ ਦੂਜੇ ਮਰਦ ਨਾਲ ਜੁੜਦੀਆਂ ਹਨ। ‘ਨਹੀਂ, ਮੈਂ ਨਹੀਂ’ ਕਹਾਣੀ ਸੰਗ੍ਰਹਿ ’ਚ ‘ਸੌਰੀ’, ‘ਹਮਜ਼ਾਦ’, ‘ਆਤਮ-ਹੱਤਿਆ’, ‘ਜ਼ਹਿਰ’ ਤੇ ‘ਬਿਨਾਂ ਵਜ੍ਹਾ ਤਾਂ ਨਹੀਂ’ ’ਚ ‘ਪ੍ਰਸ਼ਨ ਲੀਲਾ’ ‘ਅੰਤ ਬੇਅੰਤ’, ‘ਬਿਨਾਂ ਵਜ੍ਹਾ ਤਾਂ ਨਹੀਂ’, ‘ਸਿਰ ਦੀ ਅੱਗ’ ਕਹਾਣੀਆਂ ਪਹਿਲੇ ਵਿਸ਼ਿਆਂ ਵਰਗੀਆਂ ਹਨ। ‘ਨਹੀਂ, ਮੈਂ ਨਹੀਂ’ ਕਹਾਣੀ ਸੰਗ੍ਰਹਿ ਤੋਂ ਲੈ ਕੇ ‘ਬਿਨਾਂ ਵਜ੍ਹਾ ਤਾਂ ਨਹੀਂ’ ਕਹਾਣੀ ਸੰਗ੍ਰਹਿ ਤੱਕ ਮੇਰੇ ਆਲੇ-ਦੁਆਲੇ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਮੈਥੋਂ ‘ਮਾਤੇ ਸ੍ਰੀ’, ‘ਹੁਣ ਤੱਕ’, ‘ਆਤਮ ਪੁਰਾਣ’, ‘ਗਲੋਬ’, ‘ਇਕ ਸੁਆਲ’, ‘ਨਹੀਂ, ਮੈਂ ਨਹੀਂ’, ‘ਕੱਚੇ ਪੱਕੇ ਨਕਸ਼ੇ’ ਆਦਿ ਕਹਾਣੀਆਂ ਲਿਖਵਾਈਆਂ। ਮੇਰੇ ਨੇੜਲੇ ਰਿਸ਼ਤੇ ਵਿਚ ਇਕ ਔਰਤ ਅਠਾਈ-ਉਨੱਤੀ ਸਾਲਾਂ ’ਚ ਹੀ ਵਿਧਵਾ ਹੋ ਗਈ। ਉਸਦੇ ਤਿੰਨ ਬੱਚੇ ਸਨ। ਉਹ ਬੱਚਿਆਂ ਨੂੰ ਛੱਡ ਕੇ ਆਪਣੇ ਪੇਕੇ ਆ ਗਈ। ਕਹਿਣ ਲੱਗੀ ਕਿ ਉਸ ਦਾ ਵਿਆਹ ਕਰ ਦਿਉ। ਸ਼ਾਇਦ ਉਹ ਹਿਸਟੀਰੀਆ ਦੀ ਬੀਮਾਰੀ ਤੋਂ ਪੀੜਤ ਸੀ। ਘਰਦਿਆਂ ਨੇ ਬੜਾ ਸਮਝਾਇਆ ਪਰ ਉਹ ਨਾ ਮੰਨੀ। ਉਹ ਆਪਣੇ ਬੱਚਿਆਂ ਨੂੰ ਭੁੱਲ ਗਈ। ਮਾਂ-ਪਿਉ ਨੇ ਲੋੜਵੰਦ ਦੇ ਤੋਰ ਦਿੱਤੀ। ਉਹ ਦੋ ਮਹੀਨੇ ਰਹੀ। ਫੇਰ ਉਹਨੂੰ ਬੱਚੇ ਯਾਦ ਆਉਣ ਲੱਗੇ। ਉਹ ਪੇਕਿਆਂ ਦੇ ਆ ਬੈਠੀ। ਬੱਚਿਆਂ ਨੂੰ ਯਾਦ ਕਰ ਕਰਕੇ ਰੋਣ-ਪਿੱਟਣ ਲੱਗੀ। ਮਾਂ-ਪਿਉ ਨੇ ਕੁਝ ਮੋਹਤਬਰ ਬੰਦੇ ਵਿਚ ਪਾਏ। ਸਹੁਰਿਆਂ ਦੇ ਭੇਜ ਦਿੱਤਾ। ਜਦੋਂ ਮੈਂ ਇਹ ਘਟਨਾ ਸੁਣੀ ਤੇ ਫੇਰ ਉਸ ਔਰਤ ਨੂੰ ਮਿਲਿਆ ਤਾਂ ਮੈਨੂੰ ਔਰਤ ਦੀਆਂ ਸੈਕਸ-ਲੋੜਾਂ ਦਾ ਗਿਆਨ ਹੋਇਆ। ਐਦਾਂ ਹੀ ਕੁਝ ਹੋਰ ਘਟਨਾਵਾਂ ਬੀਤੀਆਂ ਜਿਨ੍ਹਾਂ ਨੇ ਮੈਨੂੰ ਲਿਖਣ ਲਈ ਮਜ਼ਬੂਰ ਕੀਤਾ। ਕਹਾਣੀ ‘ਇਕ ਸਵਾਲ’ ਵੀ ਇਕ ਸੱਚੀ ਘਟਨਾ ’ਤੇ ਆਧਾਰਤ ਹੈ। ਬੱਸ ਮੈਂ ਤਾਂ 50% ਆਪਣੀ ਕਲਪਨਾ-ਸ਼ਕਤੀ ਦੀ ਵਰਤੋਂ ਕੀਤੀ ਤੇ ਕਹਾਣੀ ਬਣ ਗਈ।

............

ਹੁਣ ਮੇਰੇ ਕਹਾਣੀ-ਸੰਗ੍ਰਹਿ ‘ਜ਼ਖ਼ਮ’ ’ਚ ਵੀ ‘ਤੁਸੀਂ ਨਹੀਂ ਸਮਝ ਸਕਦੇ’ ਵਰਗੀਆਂ ਕਹਾਣੀਆਂ ਹਨ। ਜ਼ਿੰਦਗੀ ਦੀਆਂ ਆਮ ਸਮੱਸਿਆਵਾਂ ਐਨੀਆਂ ਗੁੰਝਲਦਾਰ ਹਨ ਕਿ ਬੰਦਾ ਇਨ੍ਹਾਂ ’ਚ ਗ੍ਰੱਸਿਆ ਹੀ ਬਾਹਰ ਨਹੀਂ ਨਿਕਲਦਾ। ਮੈਂ ਆਪਣੇ ਆਲੇ-ਦੁਆਲੇ, ਆਪਣੇ ਦਫ਼ਤਰ ਦੇ ਚਿਹਰਿਆਂ ਨੂੰ ਦੇਖਦਾ ਹਾਂ, ਮੈਨੂੰ ਉਹ ਬੇਰੌਣਕੇ ਲੱਗਦੇ ਹਨ। ਫੇਰ ਮੈਨੂੰ ਲੱਗਿਆ ਕਿ ਔਰਤ-ਮਰਦ ਦੇ ਸੰਬੰਧਾਂ ਨੂੰ ਲੈ ਕੇ ਲਿਖਣ ਨਾਲ ਕੋਈ ਲੇਖਕ ਵੱਡਾ ਨਹੀਂ ਬਣ ਸਕਦਾ। ਇਹ ਵੀ ਗੱਲ ਨਹੀਂ ਕਿ ਮੈਂ ਇਨ੍ਹਾਂ ਸੰਬੰਧਾਂ ਨੂੰ ਲੈ ਕੇ ਬਿਲਕੁਲ ਹੀ ਨਹੀਂ ਲਿਖਾਂਗਾ। ਮੇਰੇ ਕੋਲ ਦੋ-ਤਿੰਨ ਅਜਿਹੀਆਂ ਅੱਧ-ਲਿਖੀਆਂ ਕਹਾਣੀਆਂ ਪਈਆਂ ਹਨ ਜਿਹੜੀਆਂ ਮੇਰੀਆਂ ਪਹਿਲੀਆਂ ਕਹਾਣੀਆਂ ਨਾਲੋਂ ਵੱਖਰੀਆਂ ਹੋਣਗੀਆਂ। ਮੈਂ 2008 ’ਚ ਪਾਕਿਸਤਾਨ ਗਿਆ ਸੀ। ਲਾਹੌਰ ’ਚ ਮਕਸੂਦ ਸਾਹਿਬ ਨੇ ਆਪਣੇ ਪ੍ਰਕਾਸ਼ਨ ਹਾਊਸ ’ਚ ਛੋਟਾ ਜਿਹਾ ਫੰਕਸ਼ਨ ਰੱਖਿਆ ਸੀ। ਇਹੀ ਸਵਾਲ ਮੈਨੂੰ ਖ਼ਾਲਿਦ ਫ਼ਰਹਾਦ ਧਾਰੀਵਾਲ ਨੇ ਵੀ ਪੁੱਛਿਆ ਸੀ। ਉਸ ਇਹ ਵੀ ਕਿਹਾ ਸੀ ਕਿ ਕੀ ਮੈਂ ਇਹ ਕਹਾਣੀਆਂ ਪ੍ਰੇਮ ਪ੍ਰਕਾਸ਼ ਦੇ ਪ੍ਰਭਾਵ ਹੇਠ ਲਿਖੀਆਂ ਹਨ। ਮੈਂ ਕਿਹਾ ਸੀ ਕਿ ਕੋਈ ਵੀ ਲੇਖਕ ਕਿਸੇ ਦੇ ਪ੍ਰਭਾਵ ਹੇਠ ਕਦੇ ਨਹੀਂ ਲਿਖ ਸਕਦਾ ਕਿਉਂਕਿ ਕਿਸੇ ਲੇਖਕ ਨੇ ਕਿਸੇ ਇਕ ਵਿਸ਼ੇਸ਼ ਲੇਖਕ ਨੂੰ ਨਹੀਂ ਪੜ੍ਹਣਾ ਹੁੰਦਾ-ਉਹ ਤਾਂ ਢੇਰ ਸਾਰਾ ਸਾਹਿਤ ਪੜ੍ਹਦਾ ਹੈ। ਇਕ ਸਮਾਂ ਸੀ ਜਦੋਂ ਮੈਂ ਸਿਰਫ਼ ਕਹਾਣੀਆਂ ਤੇ ਨਾਵਲ ਹੀ ਪੜ੍ਹਦਾ ਹੁੰਦਾ ਸੀ। ਹੁਣ ਮੈਂ ਕਹਾਣੀਆਂ ਤੇ ਨਾਵਲਾਂ ਦੇ ਨਾਲ-ਨਾਲ ਧਰਮ, ਫਿਲਾਸਫੀ, ਮਨੋ-ਵਿਗਿਆਨ, ਸਮਾਜ-ਸ਼ਾਸਤਰ ਦੀਆਂ ਪੁਸਤਕਾਂ ਵੀ ਪੜ੍ਹਦਾ ਹਾਂ। ਪਿਛਲੇ ਦਿਨੀਂ ਮੈਂ William Dalrymple ਦੀ ਪੁਸਤਕ Nine Lives In Search of the Sacred in Modern India ਪੜ੍ਹੀ। ਇਸ ਤੋਂ ਪਹਿਲਾਂ ਸੁਧੀਰ ਕੱਕੜ ਤੇ ਕੈਥਰੀਨਾ ਕੱਕੜ ਦੀ ਕਿਤਾਬ The Indian Portrart of A People ਪੜ੍ਹੀ ਸੀ। ਸੁਧੀਰ ਕੱਕੜ ਦੀਆਂ ਪੁਸਤਕਾਂ ਨੇ ਮੇਰੇ ਗਿਆਨ ਨੂੰ ਸਮਰਿੱਧ ਕੀਤਾ ਹੈ। ਉਸ ਦੀਆਂ ਪੁਸਤਕਾਂ ਸਾਧੂ, ਔਝਾ, ਸੰਤ; ਮੀਰਾ ਔਰ ਮਹਾਤਮਾ; Colour of Violence; Intimate Relations : Exploring Indian Sexuality ਨੂੰ ਪੜ੍ਹੋ। ਜ਼ਿੰਦਗੀ ਨੂੰ ਸਮਝਣ ਲਈ ਜਿਥੇ ਸਾਨੂੰ ਆਮ ਲੋਕਾਂ ’ਚ ਜਾਣਾ ਪਵੇਗਾ ਉਥੇ ਉੱਚ ਕੋਟੀ ਦੇ ਲੇਖਕਾਂ ਦੀਆਂ ਪੁਸਤਕਾਂ ਵੀ ਪੜ੍ਹਣੀਆਂ ਚਾਹੀਦੀਆਂ ਹਨ। ਮੈਂ ਤਾਂ ਜਰਨੈਲ ਸਿੰਘ ਦੀ ਪੁਸਤਕ ‘1984 : ਸਿੱਖ ਕ਼ਤਲੇਆਮ ਦਾ ਸੱਚ’ ਤੇ ਸ਼ਸ਼ਿ ਵਾਰਿਯਰ ਦਾ ਨਾਵਲ ‘ਜੱਲਾਦ ਦੀ ਡਾਇਰੀ’ ਵੀ ਪੜ੍ਹੀ ਹੈ। ਪੂਰਾ ਇਕ ਸਾਲ ਮੈਂ ਵੇਸਵਾਵਾਂ ਬਾਰੇ ਛਪੇ ਸਾਹਿਤ ਨੂੰ ਪੜ੍ਹਿਆ। ਫੌਜੀਆ ਸ਼ਾਇਦ ਦੀ ਪੁਸਤਕ ‘ਹੀਰਾ ਮੰਡੀ ਲਾਹੌਰ ਦੀ’, ਦੀਕਸ਼ਤ ਪ੍ਰਸ਼ਾਦ ਜਗਦੰਬੇ ਦਾ ਨਾਵਲ ‘ਮੁਰਦਾ ਘਰ’, ਐਮਿਲੀ ਜੋਲਾ ਦਾ ਨਾਵਲ, ‘ਨੈਨਾ’, ਲੂਈਜ਼ ਬ੍ਰਾਊਨ ਦੀ ‘ਏਸ਼ੀਆ ਦਾ ਸੈਕਸ ਬਾਜ਼ਾਰ’ ਨੇ ਮੇਰੇ ਕਪਾਟ ਖੋਲ੍ਹ ਦਿੱਤੇ। ਐਦਾਂ ਹੀ ਮੈਂ ਤੁਰਗਨੇਵ ਦੇ ਸਾਰੇ ਨਾਵਲ ਪੜ੍ਹੇ। ਮੈਨੂੰ ਇਹ ਨਾਵਲ ਲੱਭਣ ਲਈ ਕਾਫ਼ੀ ਦੌੜ-ਭੱਜ ਕਰਨੀ ਪਈ ਸੀ। ਅਜੀਤ ਕੌਰ ਦੀ ਕਹਾਣੀ ‘ਗੁਲਬਾਨੋ’, ਕਰਤਾਰ ਸਿੰਘ ਦੁੱਗਲ ਦੀ ਕਹਾਣੀ ‘ਸ਼ਹਿਰਜਾਦ’, ਗੁਰਦੇਵ ਸਿੰਘ ਰੁਪਾਣਾ ਦੀ ‘ਹਵਾ’, ਦਵਿੰਦਰ ਸਤਿਆਰਥੀ ਦੀ ‘ਝੁਮਕੇ’, ਕੁਲਵੰਤ ਸਿੰਘ ਵਿਰਕ ਦੀ ‘ਖਬਲ’, ਗੁਰਬਚਨ ਭੁੱਲਰ ਦੀ ‘ਖੂਨ’, ਮੋਹਨ ਭੰਡਾਰੀ ਦੀ ‘ਮੂਨ ਦੀ ਅੱਖ’, ਸੰਤ ਸਿੰਘ ਸੇਖੋਂ ਦੀ ‘ਪੇਮੀ ਦੇ ਨਿਆਣੇ’, ਵਰਿਆਮ ਸੰਧੂ ਦੀ ‘ਆਪਣਾ ਆਪਣਾ ਹਿੱਸਾ’, ਖ਼ਾਲਿਦ ਫਰਹਾਦ ਧਾਰੀਵਾਲ ਦੀ ‘ਘਰ’, ਜਸਵਿੰਦਰ ਸਿੰਘ ਦੀ ‘ਖੂਹ ਖਾਤੇ’, ਗੁਰਪਾਲ ਲਿੱਟ ਦੀ ‘ਰੇਪ ਕੇਸ’ ਆਦਿ ਕਹਾਣੀਆਂ ਨੂੰ ਉਸੇ ਇਕਾਗਰਤਾ ਨਾਲ ਪੜ੍ਹਿਆ, ਸਮਝਿਆ ਜਿਵੇਂ ਕਦੇ ਮੈਂ ਓਸ਼ੋ ਦੀ ਪ੍ਰਵਚਨ ਟੇਪ ਰਿਕਾਰਡ ਲਾ ਕੇ ਸੁਣਦਾ ਹੁੰਦਾ ਸੀ। ਇਨ੍ਹਾਂ ਵਿਚਕਾਰ ਹੀ ਮੈਂ ਵਿਭੂਤੀ ਨਰਾਇਣ ਦਾ ਨਾਵਲ ‘ਭੂਤ ਕੀ ਪ੍ਰੇਮ ਕਥਾ’, ਗੀਤ ਚਤੁਰਵੇਦੀ ਦੀ ਲੰਬੀ ਕਹਾਣੀ ‘ਗੋਮੂਤਰ’, ਜੇ ਕ੍ਰਿਸ਼ਨਾਮੂਰਤੀ ਦੀ ‘The First and Last Freedom’, ਸਿਸਟਰ ਜੇਸਮੀ ਦੀ ‘ਅਮੀਨ ਇਕ ਨਨ ਦੀ ਆਤਮਕਥਾ’, ਯਾਸਮੀਨ ਖਾਨ ਦੀ ‘ਵਿਭਾਜਨ : ਭਾਰਤ ਔਰ ਪਾਕਿਸਤਾਨ ਕਾ ਉਦਯ’, ਕੈਸਰਾ ਸ਼ਹਿਰਾਜ ਦਾ ‘ਜ਼ਰਹੀ ਬਾਨੋ ਇਸ਼ਕ ਦੀ ਦਾਸਤਾਨ’, ਇਰਾ ਤ੍ਰਿਵੇਦੀ ਦੀ ‘ਇਸ ਤਾਜ ਕੇ ਹੀਰੇ ਚੁਭਤੇ ਹੈਂ’, ਦੀਪਤੀ ਪ੍ਰਿਯਾ ਮਲਹੋਤਰਾ ਦੀ ‘ਗੁਲਾਬ ਬਾਈ’, ਪਾਉਲੇ ਕੋਲਹੋ ਦਾ ‘ਉਹ ਜ਼ਹੀਰ’, ਸੁਧੀਰ ਕੱਕੜ ਦਾ ਰਾਮਕ੍ਰਿਸ਼ਨ ਪਰਮਹੰਸ ’ਤੇ ਲਿਖਿਆ ਨਾਵਲ ‘ਆਨੰਦ ਵਰਸ਼ਾ’, ਕ੍ਰਿਸ਼ਨਾ ਸੋਬਤੀ ਦੀ ‘ਏ ਲੜਕੀ’ ਆਦਿ ਪੁਸਤਕਾਂ ਪੜ੍ਹੀਆਂ।

.............

ਇਕ ਦਿਨ ਮੈਂ ਗੁਲਜ਼ਾਰ ਸਿੰਘ ਸ਼ੌਂਕੀ ਦੀ ਸੰਪਾਦਤ ਕੀਤੀ ਪੁਸਤਕ ‘ਸਦਾ ਬਹਾਰ ਗਾਇਕ ਮੁਹੰਮਦ ਸਦੀਕ’ ਪੜ੍ਹੀ। ਇਸ ’ਚ ਮੁਹੰਮਦ ਸਦੀਕ, ਉਸ ਦੇ ਬਾਪ ਵਲਾਇਤ ਅਲੀ ਖਾਂ ਤੇ ਰਣਜੀਤ ਕੌਰ ਦੀ ਇੰਟਰਵਿਊ ਛਪੀ ਹੈ। ਰਣਜੀਤ ਕੌਰ ਨੇ ਮੁਹੰਮਦ ਸਦੀਕ ਨਾਲ ਚੌਂਤੀ ਸਾਲ, ਗਿਆਰਾਂ ਮਹੀਨੇ ਤੇ ਉੱਨੀ ਦਿਨ ਗਾਇਆ। ਮੈਂ ਉਨ੍ਹਾਂ ਦੀ ਜੋੜੀ ਟੁੱਟਣ ਬਾਰੇ ਹੀ ਕਿੰਨਾ ਚਿਰ ਸੋਚਦਾ ਰਿਹਾ ਕਿਉਂਕਿ ਰਣਜੀਤ ਕੌਰ ਦੇ ਉਹਨਾਂ ਸ਼ਬਦਾਂ, ‘‘ਮੈਂ ਸਦੀਕ ਭਾਜੀ ਨੂੰ ਲਹਿਰਾਗਾਗਾ ਦੀ ਸਟੇਜ ਉੱਤੇ ਕਹਿ ਹੀ ਦਿੱਤਾ ਸੀ ਕਿ ‘‘ਭਾਅ ਜੀ ਤੀਵੀਆਂ ਨਾਲ ਸਿਆਸਤਾਂ ਨਹੀਂ ਖੇਡਦੇ ਹੁੰਦੇ।’’ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਸੀ। ਇਨ੍ਹਾਂ ਦਿਨਾਂ ’ਚ ਮੈਂ ਲਾਲ ਚੰਦ ਯਮਲਾ ਜੱਟ ਬਾਰੇ ਪੜ੍ਹ ਰਿਹਾ ਹਾਂ। ਮੈਂ ਸਤਿੰਦਰ ਸਰਤਾਜ ਦਾ ਗਾਇਆ ‘ਸਾਈਂ’ ‘ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ’ ਨੂੰ ਪਾਗਲਪਨ ਦੀ ਹੱਦ ਤੱਕ ਸੁਣਿਆ ਹੈ।....ਮੈਨੂੰ ਕਿਤਾਬਾਂ ਖ਼ਰੀਦਣ ਦਾ ਝੱਸ ਜਿਹਾ ਉੱਠਦਾ ਹੈ। ਮੈਂ ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ ਤੋਂ ਨਵੀਆਂ-ਨਵੀਆਂ ਕਿਤਾਬਾਂ ਖਰੀਦਦਾ ਹਾਂ। ਬੁੱਕ ਫੇਅਰ, ਦਿੱਲੀ ਜਾਂਦਾ ਹਾਂ। 25-30 ਪੁਸਤਕਾਂ ਖਰੀਦਦਾ ਹਾਂ। ਮੇਰੀ ਆਪਣੀ ਲਾਇਬ੍ਰੇਰੀ ’ਚ ਅਨੇਕਾਂ ਹੀ ਕਿਤਾਬਾਂ ਪੜ੍ਹਣ ਵਾਲੀਆਂ ਪਈਆਂ ਹਨ। ਮੈਂ ਹਰ ਐਤਵਾਰ ਦੀ ‘ਦੀ ਹਿੰਦੂ’ ਅਖ਼ਬਾਰ, ਇੰਡੀਆ ਟੂਡੇ, ਹੰਸ, ਕਥਾ ਦੇਸ਼, ਨਯਾ ਗਿਆਨਉਦੇ, ਅਕਾਰ, Contemporary Indian Literature ਸਮੇਤ ਕਈ ਹੋਰ ਅੰਗਰੇਜ਼ੀ ਦੇ ਪਰਚੇ ਦੇਖਦਾ ਹਾਂ। ਤੁਹਾਡੇ ਗਿਆਨ ’ਚ ਵਾਧਾ ਕਰਨ ਲਈ ਦਸ ਦਿਆਂ-‘ਤਹਿਲਕਾ’ ਪੰਦਰਾਂ ਦਿਨਾਂ ਬਾਅਦ ਛਪਦਾ ਹੈ। ਉਹ ਹਰ ਸਾਲ ਦਸੰਬਰ ’ਚ ਕਹਾਣੀ ਵਿਸ਼ੇਸ਼ ਅੰਕ ਕੱਢਦੇ ਹਨ। The Stateman ਅਖ਼ਬਾਰ ਵਾਲੇ ਅਕਤੂਬਰ ਜਾਂ ਨਵੰਬਰ ’ਚ ਵਿਸ਼ੇਸ਼ ਅੰਕ ਛਾਪਦੇ ਹਨ। ਕਦੇ ਮੇਰੇ ਕੋਲ ਆਉ-ਮੈਂ ਤੁਹਾਨੂੰ ਦਿਖਾਵਾਂਗਾ। ਮੇਰੇ ਕੋਲ ਪੰਦਰਾਂ ਕੁ ਕਿਤਾਬਾਂ ਇੰਡੋ-ਪਾਕਿਸਤਾਨ ਵੰਡ ਨਾਲ ਹੀ ਸੰਬੰਧਤ ਪਈਆਂ ਹਨ ਜਿਨ੍ਹਾਂ ਵਿਚ ਪ੍ਰਿਯਵੰਦ ਦੀ ਕਮਾਲ ਦੀ ਪੁਸਤਕ ‘ਭਾਰਤ ਵਿਭਾਜਨ ਕੀ ਅੰਤ-ਕਥਾ’ ਹੈ। ਮੈਂ ਪਹਿਲਾਂ ਹੀ ਕਿਹਾ ਹੈ ਕਿ ਲੇਖਕ ਨੂੰ ਹਰ ਤਰ੍ਹਾਂ ਦਾ ਸਾਹਿਤ ਪੜ੍ਹਣਾ ਚਾਹੀਦਾ ਹੈ।

*****

ਲੜੀ ਜੋੜਨ ਲਈ ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ।

No comments: