
ਮੁਲਾਕਾਤੀ – ਸੀਤਲ ਗਿੱਲ
ਦਰਸ਼ਨ ਦਰਵੇਸ਼ ਦਾ ਜੇਕਰ ਪੰਜਾਬੀ ਸਾਹਿਤ ਨਾਲ ਜੋੜਕੇ ਜ਼ਿਕਰ ਕਰਨਾ ਹੋਵੇ ਤਾਂ ਅੰਦਰ ਇੱਕ ਸੰਪਾਦਕ, ਸ਼ਾਇਰ, ਕਹਾਣੀਕਾਰ, ਹਰ ਵੇਲੇ ਕੋਈ ਨਾ ਕੋਈ ਗੱਲ ਆਖਦਾ ਦਿਖਾਈ ਸੁਣਾਈ ਦਿੰਦਾ ਹੈ।ਪੰਜਾਬੀ ਸਾਹਿਤ ਵਿੱਚ ਕਿਸੇ ਵੇਲੇ ਉਸਦੀ ਕਵਿਤਾ ਦਾ ਅੱਛਾ ਖਾਸਾ ਜ਼ਿਕਰ ਹੁੰਦਾ ਸੀ । ਆਪਣੇ ਸਮਕਾਲੀਆਂ ਵਿੱਚ ਉਸਦਾ ਨਾਮ ਮੂਹਰਲੀ ਕਤਾਰ ਦੇ ਸ਼ਾਇਰਾਂ ਵਿੱਚ ਹੁੰਦਾ ਸੀ । ਉਹਨਾਂ ਵੇਲਿਆਂ ਵਿੱਚ ਉਸਨੇ ਇੱਕ ਕਵਿਤਾ-ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤਾ ‘ਉਦਾਸ ਸਿਰਲੇਖ’ । ਉਸਦੀ ਚਰਚਾ ਹੋਈ ਖ਼ੂਬ ਚਰਚਾ ਹੋਈ । ਪ੍ਰਮਿੰਦਰਜੀਤ, ਮੋਹਨਜੀਤ ਜਿਹੇ ਨਾਮਵਰ ਸ਼ਾਇਰਾਂ ਨੇ ਉਸਨੂੰ 'ਤਲਾਸ਼ ਦਾ ਸ਼ਾਇਰ' ਕਿਹਾ।ਉਸਦਾ ਨਾਵਲੈੱਟ ‘ਮਾਈਨਸ ਜ਼ੀਰੋ’,ਅਕਸ ਵਿੱਚ ਛਪਿਆ ਤਾਂ ਉਸਦੇ ਪਾਠਕਾਂ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ. . . ਪਰ ਦਰਸ਼ਨ ਦਰਵੇਸ਼ ਅੰਦਰਲੀ ਤਲਾਸ਼ ਨੇ ਉਸਨੂੰ ਟਿਕਣ ਨਾ ਦਿੱਤਾ. . . ਤੇ ਜਿਸ ਦਿਨ ਉਹ ਫ਼ਿਰੋਜ਼ਪੁਰ ਜਨਤਾ ਐਕਸਪ੍ਰੈਸ ਉੱਪਰ ਮੁੰਬਈ ਲਈ ਰਵਾਨਾ ਹੋਇਆ ਤਾਂ ਇਹ ਉਸਦੀ ਤਲਾਸ਼ ਦਾ ਅਗਲਾ ਕਦਮ ਸੀ ।
ਮੁੰਬਈ ਪਹੁੰਚਕੇ ਉਸਦਾ ਇੱਕੋ ਇੱਕ ਨਿਸ਼ਾਨਾ ਸੀ, ਮਸ਼ਹੂਰ ਸਿਨਮਾਟੋਗ੍ਰਾਫਰ ਮਨਮੋਹਨ ਸਿੰਘ ਦੀ ਛਤਰਛਾਇਆ ਹੇਠ ਸਿਨੇਮਾ ਦੀਆਂ ਬਾਰੀਕੀਆਂ ਸਿੱਖਣੀਆਂ ਅਤੇ ਹਰ ਵੇਲੇ ਆਪਣੇ ਆਪ ਨੂੰ ਕੰਮ ਵਿੱਚ ਰੁੱਝੇ ਰੱਖਣਾ । ਤਿੰਨ ਕੁ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਦ ਆਖਿਰ ਉਹ ‘ਮਨ ਜੀ’ ਦਾ ਆਸ਼ੀਰਵਾਦ ਲੈਣ ਵਿੱਚ ਕਾਮਯਾਬ ਹੋ ਹੀ ਗਿਆ । ਬੱਸ ਫੇਰ ਕੀ ਸੀ, ਚਲ ਸੋ ਚਲ ਉਸਨੇ ਮਨਮੋਹਨ ਸਿੰਘ ਹੋਰਾਂ ਨਾਲ ‘ ਮਾਚਿਸ’, ‘ ਮੁਹੱਬਤੇਂ’ ,‘ਔਰ ਪਿਆਰ ਹੋ ਗਿਆ’ , ‘ ਦਿਲ ਤੋ ਪਾਗਲ ਹੈ’ , ‘ ਜਬ ਪਿਆਰ ਕਿਸੀ ਸੇ ਹੋਤਾ ਹੈ’ , ‘ ਹੂ-ਤੂ-ਤੂ’ , ‘ ਦਿਲਲਗੀ’ , ‘ ਅਲਬੇਲਾ’, ਵਰਗੀਆਂ ਫਿਲਮਾਂ ਸਹਾਇਕ ਕੈਮਰਾਮੈਨ ਦੇ ਤੌਰ ਉੱਪਰ ਕੀਤੀਆਂ । ਪਿਛਲੇ ਦਿਨੀਂ ਬੜੇ ਸਾਲਾਂ ਬਾਦ ਅਚਾਨਕ ਉਹ ਫਿਰ ਮਨਮੋਹਨ ਸਿੰਘ ਨਾਲ ਚੰਡੀਗੜ੍ਹ ਦੇ ਚੀਮਾਂ ਸਟੂਡੀਓ ਵਿੱਚ ਪੰਜਾਬੀ ਫਿਲਮ ‘ਮੇਰਾ ਪਿੰਡ’ ਦੀ ਸੂਟਿੰਗ ਤੋਂ ਦੋ ਕੁ ਮਹੀਨੇ ਬਾਦ ਅਤੇ ‘ਮੁੰਡੇ ਯੂ.ਕੇ. ਦੇ’ ਦੀ ਸ਼ੂਟਿੰਗ ਤੋਂ ਪਹਿਲਾਂ ਅਚਾਨਕ ਹੀ ਮਿਲ਼ ਗਿਆ ਤੇ ਉਸਨੇ ਦੱਸਿਆ ਕਿ ਉਹ ਅੱਜ-ਕੱਲ੍ਹ ਇਹ ਫਿਲਮ ਮਨ ਜੀ ਹੋਰਾਂ ਨਾਲ ਹੀ ਕਰ ਰਿਹਾ ਹੈ।ਬੜੀ ਦੇਰ ਤੋਂ ਉਸ ਨਾਲ ਗੱਲਾਂ ਕਰਨ ਦੀ ਤਮੰਨਾ ਸੀ ਜਿਹੜੀ ਮੈਂ ਉਸ ਦਿਨ ਪੂਰੀ ਕਰ ਲਈ ।
ਸੀਤਲ- ਦਰਸ਼ਨ ਇਹ ਦੱਸੋ ਕਿ ਤੁਸੀਂ ਆਪਣੇ ਸੁਪਨੇ ਵਿੱਚ ਕਿੱਥੋਂ ਤੱਕ ਕਾਮਯਾਬ ਹੋਏ ਹੋ ?
ਦਰਵੇਸ਼- ਸੁਪਨੇ ਦੀ ਪੂਰਤੀ ਬਾਰੇ ਤਾਂ ਅਜੇ ਸੋਚਿਆ ਵੀ ਨਹੀਂ ਜਾ ਸਕਦਾ ਬੀਬਾ। ਅਜੇ ਤਾਂ ਸਿੱਖਣ ਦਾ ਵੇਲਾ ਹੈ।ਗੁਰੂ ਜੀ ਨੇ ਮੇਰੇ ਵਰਗੇ ਨਜ਼ਰ ਵਿਹੂਣੇ ਨੂੰ ਅੱਖਾਂ ਦੇ ਦਿੱਤੀਆਂ ਨੇ, ਇੱਕ ਰਸਤਾ ਦਿਖਾ ਦਿੱਤੈ ਹੁਣ ਚੱਲਣਾ ਤਾਂ ਖ਼ੁਦ ਨੂੰ ਹੀ ਪੈਣੈਂ ।
----
ਸੀਤਲ- ਤੁਸੀਂ ਕਾਫ਼ੀ ਦੇਰ ਬਾਦ ਮਨ ਜੀ ਹੋਰਾਂ ਨਾਲ ਨਜ਼ਰ ਆਏ ਹੋ ?
ਦਰਵੇਸ਼- ਹਾਂ, ਜਿਸਮਾਨੀ ਤੌਰ ਉੱਤੇ ਬੇਸ਼ੱਕ ਨਜ਼ਰ ਆਇਆ ਹਾਂ ਪਰ ਮਾਨਸਿਕ ਤੌਰ ਉੱਤੇ ਮੈਂ ਹਮੇਸ਼ਾ ਉਹਨਾਂ ਦੇ ਨਾਲ ਸਾਂ ਅਤੇ ਸਦਾ ਲਈ ਰਹਾਂਗਾ ਵੀ । ਦਰਅਸਲ ਮੇਰੇ ਕੁੱਝ ਆਪਣੇ ਪ੍ਰੋਜੈਕਟ ਸਨ, ਨਿਰਮਾਤਾਵਾਂ ਨਾਲ ਕੁੱਝ ਇਕਰਾਰਨਾਮੇ ਸਨ, ਉਹਨਾਂ ਨੂੰ ਨੇਪਰੇ ਚਾੜ੍ਹਨਾ ਵੀ ਬਹੁਤ ਜ਼ਰੂਰੀ ਸੀ ।
----
ਸੀਤਲ- ਇਸ ਸਮੇਂ ਦੌਰਾਨ ਤੁਸੀਂ ਆਪਣੇ ਤੌਰ ਉੱਤੇ ਕੀ ਕੁੱਝ ਵੱਖਰਾ ਕੀਤਾ ?
ਦਰਵੇਸ਼- ਨਿਰਮਾਤਾ ਜਗਦਰਸ਼ਨ ਸਮਰਾ ਦਾ ਟੀ.ਵੀ. ਸੀਰੀਅਲ ਸੀ ‘ ਦਾਣੇ ਅਨਾਰ ਦੇ’ , ਜਿਸਨੇ ਮੈਨੂੰ ਇੱਕ ਪਹਿਚਾਣ ਤਾਂ ਦਿੱਤੀ ਹੀ ਦਿੱਤੀ ਨਾਲ ਨਾਲ ਮੈਨੂੰ ਆਪਣੀ ਜ਼ਮੀਨ ਨਾਪਣ ਦਾ ਵੱਲ ਵੀ ਸਿਖਾਇਆ ਅਤੇ ਮੈਨੂੰ ਮੇਰੀਆਂ ਕਮਜ਼ੋਰੀਆਂ ਤੋਂ ਜਾਣੂੰ ਕਰਵਾਕੇ ਮੇਰੇ ਇਰਾਦੇ ਨੂੰ ਹੋਰ ਬੁਲੰਦ ਵੀ ਕੀਤਾ । ਇਸ ਲੜੀਵਾਰ ਦਾ ਲੇਖਕ, ਗੀਤਕਾਰ, ਕੈਮਰਾਮੈਨ ਅਤੇ ਨਿਰਦੇਸ਼ਕ ਮੈਂ ਹੀ ਸੀ । ਇਹ ਇੱਕ ਤਰ੍ਹਾਂ ਦਾ ਪੁਰਸਲਾਤ ‘ਚੋਂ ਗੁਜ਼ਰਨ ਵਰਗਾ ਤਜ਼ਰਬਾ ਸੀ ਜਿਸਨੂੰ ਮੈਂ ਪੂਰਾ ਕੀਤਾ । ਇਸਦੇ ਨਾਲ ਹੀ ਲੜੀਵਾਰ ‘ਰਾਤ ਬਾਕੀ ਹੈ’, ਜਿਸਦਾ ਮੈਂ ਕੈਮਰਾਮੈਨ ਅਤੇ ਲੇਖਕ, ‘ਸਿਰਨਾਵਾਂ’ ਦਾ ਕੈਮਰਾਮੈਨ, ਉਂਝ ਇਸਦੇ ਨਿਰਮਾਤਾਵਾਂ ਨੂੰ ਸਾਹਿਤਕ ਕਹਾਣੀਆਂ ਦੀ ਚੋਣ ਮੈਂ ਹੀ ਕਰਕੇ ਦਿੰਦਾ ਹੁੰਦਾ ਸੀ । ਲੜੀਵਾਰ ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਦਾ ਲੇਖਕ, ਕੈਮਰਾਮੈਨ ਅਤੇ ਕਾਰਜਕਾਰੀ ਨਿਰਦੇਸ਼ਕ ਵੀ ਮੈਂ ਹੀ ਸੀ । ਇਸ ਤੋਂ ਇਲਾਵਾ ਬਹੁਤ ਸਾਰੀਆਂ ਐਡ ਫਿਲਮਾਂ ਕਰਨ ਦੇ ਨਾਲ ਨਾਲ ਕੁੱਝ ਅਜਿਹੀਆਂ ਦਸਤਾਵੇਜ਼ੀ ਫਿਲਮਾਂ ਵੀ ਬਣਾਈਆਂ ,ਜਿਹਨਾਂ ਦਾ ਜ਼ਿਕਰ ਬਹੁਤ ਵੱਡੇ ਲੈਵਲ ਉੱਪਰ ਹੋਇਆ।ਦੋ ਫਿਲਮਾਂ ‘ਏਕ ਅਕੇਲੀ ਲੜਕੀ’ ਅਤੇ ‘ ਯੂ ਆਰ ਇਨ ਏ ਕਿਊ’ ਨੂੰ ਤਾਂ ਬਾਕਾਇਦਾ ਪੁਰਸਕਾਰ ਵੀ ਪ੍ਰਾਪਤ ਹੋਏ।ਇਹਨਾਂ ਤੋਂ ਇਲਾਵਾ ‘ਨਗਰ ਕੀਰਤਨ’, ‘ਚੌਪਾਲ’ , ਗਿੱਧਾ’ ਨੇ ਵੀ ਉਸ ਵੇਲੇ ਆਪਣੀ ਕਿਸਮ ਦੇ ਕੀਰਤੀਮਾਨ ਸਥਾਪਤ ਕੀਤੇ ਸਨ ।
----
ਸੀਤਲ- ਸਾਹਿਤ ਤੋਂ ਸਿਨੇਮਾ ਵੱਲ ਅਚਾਨਕ ਹੀ ਆਉਣਾ ਕਿਵੇਂ ਲੱਗਿਆ ?
ਦਰਵੇਸ਼- ਇੱਕੇ ਦਮ ਆਉਣ ਦਾ ਕੀ ਮਤਲਬ ? ਤੁਸੀਂ ਤਾਂ ਸ਼ਾਇਦ ਇਉਂ ਸੋਚ ਰਹੇ ਹੋ ਜਿਵੇਂ ਮੈਂਨੂੰ ਏਥੇ ਕੋਈ ਜੌਬ ਮਿਲੀ ਹੋਵੇ ।ਇਹ ਤਾਂ ਸਭ ਉਦੋਂ ਹੀ ਮਿਥਿਆ ਗਿਆ ਸੀ ਜਦੋਂ ਮੈਂ ਜ਼ਿੰਦਗੀ ਦੀ ਸਭ ਤੋਂ ਪਹਿਲੀ ਫਿਲਮ ‘ਬਾਵਰਚੀ’ ਵੇਖੀ ਸੀ ਉਦੋਂ ਹੀ ਇਹ ਸੋਚ ਲਿਆ ਸੀ ਕਿ ਇਹੋ ਜਿਹੀਆਂ ਫਿਲਮਾਂ ਦੇ ਟਾਈਟਲਜ਼ ਵਿੱਚ ਇੱਕ ਦਿਨ ਮੇਰਾ ਨਾਂ ਵੀ ਜ਼ਰੂਰ ਆਵੇਗਾ ਅਤੇ ਮੈਨੂੰ ਉਹ ਸੁਪਨਾ ਪੂਰਾ ਕਰਨ ਲਈ ਪੂਰੇ ਵੀਹ ਸਾਲ ਲੱਗ ਗਏ।
----
ਸੀਤਲ- ਇਹਨਾਂ ਵੀਹ ਸਾਲਾਂ ਵਿੱਚ ਤੁਹਾਨੂੰ ਕਿਹੋ ਜਿਹੀ ਜੱਦੋ-ਜਹਿਦ ‘ਚੋਂ ਗੁਜ਼ਰਨਾ ਪਿਆ ?
ਦਰਵੇਸ਼- ਜੱਦੋ-ਜਹਿਦ ਤਾਂ ਅਜੇ ਵੀ ਜਾਰੀ ਹੈ ਅਤੇ ਜਾਰੀ ਰਹੇਗੀ ਵੀ।ਹਰ ਦੂਜੇ ਸਾਲ ਸਿਨੇਮਾ ਦਾ ਸੰਦਰਭ ਬਦਲ ਜਾਂਦਾ ਹੈ। ਵੈਸੇ ਮੈਂ ਇਸ ਤਰਾਂ ਦੀ ਹਾਲੇ ਕੋਈ ਖ਼ਾਸ ਜੱਦੋ-ਜਹਿਦ ਕੀਤੀ ਵੀ ਨਹੀਂ । ਕਿ ਮੈਂ ਕੰਮ ਦੇ ਪਿੱਛੇ ਹੱਥ ਧੋ ਕੇ ਹੀ ਪੈ ਗਿਆ ਹੋਵਾਂ। ਮੇਰੇ ਕੋਲ਼ ਆਪਣੇ ਆਪ ਜਿੰਨਾ ਵੀ ਕੰਮ ਆਇਆ ਮੈਂ ਕੀਤਾ। ਮੇਰਾ ਇੱਕ ਸੁਪਨਾ ਸੀ ਕਿ ਮਨਮੋਹਨ ਸਿੰਘ ਮੇਰੇ ਉਸਤਾਦ ਹੋਣ ਤੇ ਉਹ ਸੁਪਨਾ ਮੇਰਾ ਪੂਰਾ ਹੋਇਆ। ਮੈਂ ਉਹਨਾਂ ਕੋਲੋਂ ਫਿਲਮ ਦੀਆਂ ਬਹੁਤ ਸਾਰੀਆਂ ਤਕਨੀਕਾਂ ਸਿੱਖੀਆਂ ਅਤੇ ਸਦਾ ਲਈ ਸਿੱਖਦਾ ਰਹਾਂਗਾ।ਉਹਨਾਂ ਵਰਗਾ ਟਿਊਟਰ ਬਾਲੀਵੁੱਡ ਵਿੱਚ ਇੱਕ ਵੀ ਨਹੀਂ ਹੈ।ਬਾਕੀ ਏਥੇ ਜੱਦੋ-ਜਹਿਦ ਢੀਠਤਾਈ ਦਾ ਨਾਂ ਹੈ।ਅਤੇ ਜੇਕਰ ਤੁਸੀਂ ਕਾਮਯਾਬ ਹੋਣਾ ਹੈ ਤਾਂ ਸਭ ਤੋਂ ਪਹਿਲਾਂ ਅੱਜ ਦੇ ਭਾਰਤੀ ਕਾਰਪੋਰੇਟ ਸੈਕਟਰ ਤੋਂ ਢੀਠਤਾਈ ਸਿੱਖਣੀ ਪਵੇਗੀ । ਜਿਹੜੀ ਕਿ ਅਜੇ ਮੇਰੇ ਖ਼ੂਨ ਵਿੱਚ ਸ਼ਾਮਿਲ ਨਹੀਂ ਹੋਈ। ਹਾਂ, ਮੈਂ ਆਪਣੇ ਢੰਗ ਦੀ ਜੱਦੋ-ਜਹਿਦ ਕਰ ਰਿਹਾ ਹਾਂ। ਮੈਨੂੰ ਮੇਰੀ ਕਪੈਸਟੀ ਦਾ ਪਤਾ ਹੈ ਕਿ ਮੈਂ ਕੀ ਕਰ ਸਕਦਾ ਹਾਂ।
----
ਸੀਤਲ- ਤੁਸੀਂ ਇੱਕ ਲੇਖਕ ਅਤੇ ਨਿਰਦੇਸ਼ਕ ਦੇ ਤੌਰ ਉੱਤੇ ਪੰਜਾਬੀ ਸਿਨੇਮਾ ਜਾਂ ਟੈਲੀਵੀਜਨ ਲਈ ਕੀ ਅਤੇ ਕਿਹੋ ਜਿਹਾ ਕੰਮ ਕਰਨਾ ਚਾਹੁੰਦੇ ਹੋ ?
ਦਰਵੇਸ਼- ਮੈਂ ਸਿਨੇਮਾ ਜਾਂ ਟੈਲੀਵੀਜਨ ਲਈ ਕੰਮ ਕਰਨਾ ਹੈ।ਮੈਂ ਪੰਜਾਬੀ ਨੂੰ ਅਹਿਮੀਅਤ ਦੇ ਸਕਦਾ ਹਾਂ ਪਰ ਹੋਰ ਕਿਸੇ ਭਾਰਤੀ ਭਾਸ਼ਾ ਨੂੰ ਭੁੱਲ ਵੀ ਤਾਂ ਨਹੀਂ ਸਕਦਾ।ਹਾਂ ਪੰਜਾਬੀ ਦਾ ਕੋਈ ਵੀ ਕੰਮ ਮੈਂ ਪਹਿਲ ਦੇ ਆਧਾਰ ਉੱਤੇ ਕਰਾਂਗਾ। ਮੇਰੇ ਲਈ ਸਬਜੈਕਟ ਅਤੇ ਪ੍ਰੋਫੈਸ਼ਨ ਦੀ ਇੱਕੋ ਜਿੰਨੀ ਅਹਿਮੀਅਤ ਹੈ।ਹੁਣ ਮੈਂ ਕਿਸੇ ਬੰਗਾਲੀ ਨਿਰਮਾਤਾ ਨੂੰ ਇਹ ਕਿਵੇਂ ਕਹਾਂਗਾ ਕਿ ਤੂੰ ਪੰਜਾਬੀ ਵਿੱਚ ਹੀ ਕੰਮ ਕਰ ਸਾਡੇ ਕੋਲ ਪੰਜਾਬੀ ਵਿੱਚ ਅਮੀਰ ਲਿਖਤਾਂ ਦਾ ਖ਼ਜ਼ਾਨਾ ਹੈ।ਉਹਨਾਂ ਲਿਖਤਾਂ ਨੂੰ ਲੈਕੇ ਹਿੰਦੀ ਵਿੱਚ ਵਧੀਆ ਫਿਲਮਾਂ,ਟੈਲੀਫਿਲਮਾਂ,ਸੀਰੀਅਲ ਬਣਾਕੇ ਪੂਰੇ ਦੇਸ਼ ਵਿੱਚ ਚਰਚਿਤ ਕੀਤਾ ਜਾ ਸਕਦਾ ਹੈ । ਜੇ ਜ਼ਿੰਦਗੀ ਨੇ ਮੌਕਾ ਦਿੱਤਾ ਤਾਂ ਜਰੂਰ ਪੰਜਾਬੀ ਸਾਹਿਤ ਦੀਆਂ ਵਧੀਆ ਲਿਖਤਾਂ ਉੱਪਰ ਕੰਮ ਕਰਾਂਗਾ। ਅਜਿਹੀਆਂ ਲਿਖਤਾਂ ਦੀ ਚੋਣ ਮੈਂ ਨਾਲ ਨਾਲ ਕਰਦਾ ਰਹਿੰਦਾ ਹਾਂ।ਬਾਕੀ ਦਸਤਾਵੇਜ਼ੀ ਫਿਲਮਾਂ ਅਤੇ ਸਫ਼ਰਨਾਮੇ ਵਿੱਚ ਮੇਰੀ ਵਿਸ਼ੇਸ਼ ਰੁਚੀ ਹੈ । ਮੈਂ ਇਹੋ ਜਿਹੀਆਂ ਕਿਰਤਾਂ ਦੀ ਚੋਣ ਕਰਕੇ ਰੱਖੀ ਹੋਈ ਹੈ ਜਿਹੜੀਆਂ ਬਾਲੀਵੁੱਡ ਨੂੰ ਹਿਲਾਕੇ ਰੱਖ ਸਕਦੀਆਂ ਨੇ।ਇਹ ਸਭ ਸਾਡੇ ਪੰਜਾਬੀ ਲੇਖਕਾਂ ਦਾ ਹੀ ਕਮਾਲ ਹੈ।
----
ਸੀਤਲ- ਤੁਸੀਂ ਸਿਨੇਮਾ ਅਤੇ ਸਾਹਿਤ ਨੂੰ ਆਪਸ ਵਿੱਚ ਕਿਵੇਂ ਮਿਲਾ ਕੇ ਵੇਖਦੇ ਹੋ ?
ਦਰਵੇਸ਼- ਦੋਨੋਂ ਹੀ ਸਮਾਜ ਦਾ ਸ਼ੀਸ਼ਾ ਹੁੰਦੇ ਹਨ।ਲੇਖਕ ਸਮਾਜ ਦੇ ਹਨੇਰੇ ਅਤੇ ਚਾਨਣੇ ਪੱਖ ਦਾ ਚਿਤ੍ਰਣ ਸ਼ਬਦਾਂ ਨਾਲ ਕਰਕੇ ਸਾਹਿਤ ਦੀ ਸਿਰਜਣਾ ਕਰਦਾ ਹੈ ਅਤੇ ਸਮਾਜ ਨੂੰ ਉਸਦਾ ਚਿਹਰਾ ਵਿਖਾਉਂਦਾ ਹੋਇਆ ਇੱਕ ਵੈਦ ਵਾਂਗ ਉਸ ਵਿੱਚ ਸੁਧਾਰ ਦੀ ਵਿਉਂਤ ਵੀ ਨਾਲ ਨਾਲ ਪਰੋਸਦਾ ਹੈ ਅਤੇ ਫਿਲਮਕਾਰ ਉਸੇ ਸਾਹਿਤ ਨੂੰ ਸ਼ੀਸ਼ੇ ਦੇ ਪਿੱਛੇ ਰਹਿਕੇ ਅਦਾਕਾਰਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਮਾਤਰ ਕਰਦਾ ਹੈ।ਸਾਹਿਤ ਵਿੱਚ ਵਿਸਥਾਰ ਦੀ ਬਹੁਤ ਗੁੰਜ਼ਾਇਸ਼ ਹੁੰਦੀ ਹੈ ਲੇਕਿਨ ਸਿਨੇਮਾ ਨੇ ਉਸ ਸਾਹਿਤ ਅੰਦਰਲੀਆਂ ਸੰਭਾਵਨਾਵਾਂ ਨੂੰ ਮਨੋਰੰਜਨ ਦੇ ਰੂਪ ਵਿੱਚ ਪੇਸ਼ ਕਰਦਿਆਂ ਸਮੇ ਦੀ ਪਾਬੰਦੀ ਦਾ ਵੀ ਖਿਆਲ ਰੱਖਣਾਂ ਹੁੰਦਾ ਹੈ।ਬੇਸ਼ੱਕ ਦੋਨੋਂ ਇੱਕੋ ਪਲੇਟਫਾਰਮ ਉੱਪਰ ਕੰਮ ਕਰਦੇ ਹਨ ਲੇਕਿਨ ਇਹ ਜਰੂਰੀ ਨਹੀਂ ਕਿ ਹਰ ਪਾਠਕ ਵਧੀਆ ਦਰਸ਼ਕ ਜਾਂ ਸਰੋਤਾ ਅਤੇ ਹਰ ਦਰਸ਼ਕ ਵਧੀਆ ਪਾਠਕ ਵੀ ਹੋਵੇ।ਬਾਕੀ ਸਾਹਿਤ ਅਤੇ ਸਿਨੇਮਾ ਬਾਰੇ ਮੈਂ ਇੱਕ ਗੱਲ ਹੋਰ ਵੀ ਆਖਦਾਂ ਕਿ ਇਕੱਲਤਾ ਤੋਂ ਬਚਣ ਲਈ ਸਾਹਿਤ ਅਤੇ ਮਨੋਰੰਜਨ ਦੀ ਪੂਰਤੀ ਲਈ ਫਿਲਮ ਤੋਂ ਵੱਡਾ ਤੁਹਾਡਾ ਹੋਰ ਕੋਈ ਦੋਸਤ ਹੋ ਈ ਨਹੀਂ ਸਕਦਾ।
----
ਸੀਤਲ- ਕੀ ਤੁਹਾਡੇ ਮੁਤਾਬਕ ਅਜਿਹਾ ਵੀ ਹੋ ਸਕਦੈ ਕਿ ਹਰ ਇੱਕ ਸਾਹਿਤਕ ਕਿਰਤ ਉੱਪਰ ਕੋਈ ਵਧੀਆ ਫਿਲਮ ਬਣਾਈ ਜਾ ਸਕਦੀ ਹੈ ?
ਦਰਵੇਸ਼- ਅਜਿਹਾ ਕਦੇ ਵੀ ਸੰਭਵ ਨਹੀਂ ਹੋ ਸਕਦਾ।ਭੱਠੇ ਤੋਂ ਲਿਆਂਦੀਆਂ ਸਾਰੀਆਂ ਇੱਟਾਂ ਤੁਹਾਡੇ ਮਕਾਨ ਦੀ ਚਿਣਾਈ ਵਿੱਚ ਨਹੀਂ ਲੱਗਦੀਆਂ, ਇਸੇ ਤਰਾਂ ਸਾਹਿਤ ਵਿੱਚੋਂ ਸਿਨੇਮਾਈ ਲੱਛਣ ਤਲਾਸ਼ਣੇ ਪੈਂਦੇ ਨੇ।ਉਹ ਰਚਨਾਂ ਮਨੋਰੰਜਨ ਕਰ ਸਕਦੀ ਹੋਵੇ,ਉਸ ਨੂੰ ਫਿਲਮਾਉਂਣ ਲਈ ਅਸੀਂ ਮਾਹੌਲ ਉਸਾਰ ਸਕਦੇ ਹੋਈਏ।ਉਹ ਸਾਹਿਤ ਸਾਡੇ ਸਮਾਜ ਦੀ ਤਸਵੀਰ ਪੇਸ਼ ਕਰਦਾ ਹੋਵੇ।ਉਸ ਕਹਾਣੀ ਵਿੱਚ ਖ਼ਾਮੋਸ਼ ਦਰਸ਼ਕ ਨੂੰ ਖੜਾ ਕਰਨ ਦੀਆਂ ਸੰਭਾਵਨਾਵਾਂ ਹੋਣ।ਨਾਲੇ ਇਹ ਵੀ ਤਾਂ ਜ਼ਰੂਰੀ ਨਹੀਂ ਕਿ ਜੋ ਕੁੱਝ ਵੀ ਛਪ ਰਿਹਾ ਹੈ ਉਹ ਸਾਰੇ ਦਾ ਸਾਰਾ ਸਾਹਿਤ ਹੀ ਹੋਵੇ।ਹਾਂ!ਕੁੱਝ ਇੱਕ ਅਜਿਹੇ ਲੇਖਕ ਹਰ ਭਾਸ਼ਾ ਵਿੱਚ ਜ਼ਰੂਰ ਹੁੰਦੇ ਨੇ ਜਿਹੜੇ ਲਿਖਣ ਤੋਂ ਪਹਿਲਾਂ ਹੀ ਇਸ ਗੱਲ ਦਾ ਖਿਆਲ ਰੱਖਦੇ ਨੇ ਕਿ ਰਚਨਾਂ ਵਿੱਚ ਨਾਟਕੀ ਅੰਸ਼ ਜ਼ਰੂਰ ਰਹਿਣਾ ਚਾਹੀਦਾ ਹੈ। ਅਜਿਹਾ ਬੇਸ਼ੱਕ ਉਹ ਜਾਣ ਬੁੱਝਕੇ ਨਾ ਕਰਦੇ ਹੋਣ ,ਇਹ ਉਹਨਾਂ ਦਾ ਸਿਨੇਮਾ ਜਾਂ ਸਟੇਜ ਪ੍ਰਤੀ ਮੋਹ ਵੀ ਹੋ ਸਕਦਾ ਹੈ।ਬਾਕੀ ਦੂਜੀ ਗੱਲ ਇਹ ਵੀ ਹੈ ਕਿ ਸਾਰੇ ਫਿਲਮਕਾਰ ਅਜਿਹਾ ਨਹੀਂ ਸੋਚਦੇ ਕਿ ਸਾਹਿਤਕ ਕਿਰਤਾਂ ਉੱਪਰ ਫਿਲਮਾਂ ਬਣਾਈਆਂ ਜਾਣ।
----
ਸੀਤਲ- ਤੁਸੀਂ ਖ਼ੁਦ ਪੰਜਾਬੀ ਦੇ ਬੜੇ ਅੱਛੇ ਸ਼ਾਇਰ ਅਤੇ ਕਥਾਕਾਰ ਹੋ , ਸਾਹਿਤ ਪੜ੍ਹਦੇ ਵੀ ਹੋਵੋਗੇ, ਤੁਹਾਡੀ ਨਜ਼ਰ ਵਿੱਚ ਉਹ ਕਿਹੜੇ ਕਿਹੜੇ ਲੇਖਕ ਹਨ ਜਿਹਨਾਂ ਦੀਆਂ ਕਿਰਤਾਂ ਉੱਪਰ ਵਧੀਆ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ ?
ਦਰਵੇਸ਼- ਮੈਂ ਪੰਜਾਬੀ ਦੇ ਨਾਲ ਨਾਲ ਹਿੰਦੀ,ਅੰਗਰੇਜ਼ੀ ਅਤੇ ਹੋਰਨਾਂ ਭਾਸ਼ਾਵਾਂ ਦਾ ਹਿੰਦੀ ਜਾਂ ਪੰਜਾਬੀ ਵਿੱਚ ਅਨੁਵਾਦਿਤ ਹੋਇਆ ਸਾਹਿਤ ਵੀ ਪੜ੍ਹਦਾ ਹਾਂ, ਤੇ ਜਿਥੋਂ ਤੱਕ ਲੇਖਕਾਂ ਦੀਆਂ ਕਿਰਤਾਂ ਦਾ ਸਬੰਧ ਹੈ ਉਸ ਬਾਰੇ ਮੈਂ ਇਹੋ ਕਹਿਣਾ ਚਾਹਾਂਗਾ ਕਿ ਹਰ ਲੇਖਕ ਦੀ ਹਰ ਰਚਨਾ ਉੱਪਰ ਫਿਲਮ ਨਹੀਂ ਬਣ ਸਕਦੀ, ਹਾਂ ਕੁੱਝ ਇੱਕ ਰਚਨਾਵਾਂ ਹਨ ਜਿਹਨਾਂ ਨੂੰ ਫਿਲਮੀ ਪਰਦੇ ਪੇਸ਼ ਕਰਨ ਦੀ ਮੈਂ ਬੜੀ ਦੇਰ ਤੋਂ ਸੋਚ ਰਿਹਾ ਹਾਂ।ਜਿਵੇਂ ਮੈ ਪਹਿਲਾਂ ਵੀ ਕਿਹਾ ਹੈ ਕਿ ਕਿਧਰੇ ਕਿਧਰੇ ਪੰਜਾਬੀ ਸਾਹਿਤ ਬਾਲੀਵੁੱਡ ਨੂੰ ਹਿਲਾ ਦੇਣ ਦੀ ਸਮਰੱਥਾ ਵੀ ਰੱਖਦਾ ਹੈ।
----
ਸੀਤਲ- ਫੇਰ ਤੁਸੀਂ ਹੁਣ ਤੱਕ ਉਹ ਕਿਰਤਾਂ ਪੇਸ਼ ਕਿਉਂ ਨਹੀਂ ਕੀਤੀਆਂ ?
ਦਰਵੇਸ਼- ਬੀਬਾ ਜੀ! ਉਹਨਾਂ ਨੂੰ ਪੇਸ਼ ਕਰਨ ਲਈ ਨਿਰਮਾਤਾਵਾਂ ਦੀ ਜ਼ਰੂਰਤ ਐ, ਬਾਣੀਆਂ ਦੀ ਨਹੀਂ । ਪੂਰੀ ਫਿਲਮ ਇੰਡਸਟਰੀ ਵਿੱਚ ਮੇਕਰ ਕਿੰਨੇ ਨੇ.... ਦੋ ਜਾਂ ਚਾਰ ਪ੍ਰਤੀਸ਼ਤ। ਬਾਕੀ ਸਭ ਆੜ੍ਹਤੀਏ ਭਰੇ ਹੋਏ ਨੇ।ਜਿਹੜੇ ਸਿਰਫ ਨਰਮੇ ਦੀ ਗਿੱਲ-ਸੁੱਕ ਦੇਖਣ ਤੋਂ ਬਾਦ ਹੀ ਭਾਅ ਤੈਅ ਕਰਦੇ ਨੇ।ਸਮਾਜ ਦੀਆਂ ਅੱਖਾਂ ਖੋਲ੍ਹਣ ਲਈ ਕੋਈ ਕੰਮ ਕਰਕੇ ਰਾਜ਼ੀ ਨਹੀਂ।ਮੈਂ ਤਾਂ ਕਈ ਬਾਰ ਏਥੋਂ ਤੱਕ ਵੀ ਆਖਦਾ ਹੁੰਨਾਂ, ਕਿ ਸਾਡੇ ਨਾਲੋਂ ਤਾਂ ਉਹ ਲੋਕ ਜਾਂ ਸੰਸਥਾਵਾਂ ਹੀ ਚੰਗੀਆਂ ਨੇ ਜਿਹੜੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ, ਲੋਕ ਭਲਾਈ ਦੇ ਨਾਂ ਉੱਤੇ ਇਕੱਠ ਕਰਕੇ , ਲੋਕਾਂ ਲਈ ਹੀ ਖਰਚ ਕਰ ਦਿੰਦੇ ਨੇ।ਇਸ ਲਈ ਮੈਂ ਉਹਨਾਂ ਲੋਕਾਂ ਨੂੰ ਬਾਰ ਬਾਰ ਬੇਨਤੀ ਕਰਦਾਂ ਕਿ ਵੱਡੀਆਂ ਵੱਡੀਆਂ ਡੋਨੇਸ਼ਨਾਂ ਦੇਣ ਵਾਲਿਉ ਜੇ ਤੁਸੀਂ ਆਪਣੀ ਕਮਾਈ ਦਾ ਦਸ ਪ੍ਰਤੀਸ਼ਤ ਵੀ ਅਜਿਹੇ ਮਨੋਰੰਜਨ ਲਈ ਖਰਚ ਕਰੋ ਜਿਹੜਾ ਸਮਾਜ ਸੁਧਾਰ, ਸਮਾਜਿਕ ਕੋਹਜ ਦੀ ਕੱਲ ਕਰਦਾ ਹੋਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਏਥੇ ਸਿਰਫ਼ ਅਤੇ ਸਿਰਫ਼ ਵਧੀਆ ਅਤੇ ਤੰਦਰੁਸਤ ਸਿਨੇਮਾ ਅਤੇ ਨਾਟਕ ਦਾ ਹੀ ਰਾਜ ਹੋਵੇਗਾ।ਸੋ ਉਹਨਾਂ ਕਿਰਤਾਂ ਨੂੰ ਪੇਸ਼ ਕਰਨ ਲਈ ਸਮਰਪਣ ਦੀ ਜ਼ਰੂਰਤ ਹੈ। ਪਰ ਦੁੱਖ ਤਾਂ ਏਸ ਗੱਲ ਦਾ ਹੈ ਕਿ ਹਾਲੇ ਵੀ ਕਿਸੇ ਵੱਡੀ ਜਮਾਤ ਵੱਲੋਂ ਮਨੋਰੰਜਨ ਕਰਨ ਵਾਲਿਆਂ ਨੂੰ ਭੰਡਾਂ ਦੀ ਸੂਰਤ ਵਿੱਚ ਹੀ ਵੇਖਿਆ ਜਾਂਦਾ ਹੈ।ਇਸਦਾ ਬਹੁਤ ਵਧੀਆ ਨਮੂਨਾ ਮੈਂ ਆਪਣੇ ਲੜੀਵਾਰ ‘ਦਾਣੇ ਅਨਾਰ ਦੇ’ ਵਿੱਚ ਵਿਖਾ ਚੁੱਕਿਆ ਹਾਂ ਕਿ ਕਿਵੇਂ ਮੰਚ ਉੱਪਰ ਕਲਾਕਾਰਾਂ ਨੂੰ ਸਨਮਾਨਿਤ ਅਤੇ ਉਹਨਾਂ ਦੀ ਤਾਰੀਫ਼ ਦੇ ਪੁਲ ਬੰਨਣ ਵਾਲਾ ਇੱਕ ਨੇਤਾ ਆਪਣੀ ਕਾਰ ਕੋਲ ਸ਼ੁਕਰੀਆ ਅਦਾ ਕਰਨ ਲਈ ਪਹੁੰਚੇ ਕਲਾਕਾਰ ਨੂੰ ਧੱਕਾ ਮਾਰਕੇ ਪਿੱਛੇ ਸੁੱਟਣ ਲੱਗਿਆ ਵੀ ਗੁਰੇਜ਼ ਨਹੀਂ ਕਰਦਾ।
----
ਸੀਤਲ- ਤੁਹਾਨੂੰ ਕਿਹੋ ਜਿਹੇ ਨਿਰਮਾਤਾ ਨਾਲ ਕੰਮ ਕਰਕੇ ਸੰਤੁਸ਼ਟੀ ਮਿਲਦੀ ਹੈ ?
ਦਰਵੇਸ਼- ਜਿਹੜਾ ਸਹੀ ਅਰਥਾਂ ਵਿੱਚ ਫਿਲਮ ਦਾ ਨਿਰਮਾਣ ਕਰਨਾ ਚਾਹੁੰਦਾ ਹੋਵੇ।ਉਸ ਨੂੰ ਸਿਨੇਮਾ ਦੀ ਸਮਝ ਹੋਵੇ।ਜਿਹੜਾ ਤਕਨੀਕੀ ਲੋਕਾਂ ਉੱਪਰ ਵਿਸ਼ਵਾਸ ਕਰਨਾ ਜਾਣਦਾ ਹੋਵੇ।ਉਸ ਨੂੰ ਪਤਾ ਹੋਵੇ ਕਿ ਸਿਨੇਮਾ ਸਿਰਫ਼ ਮਨੋਰੰਜਨ ਦੀ ਵਸਤ ਨਹੀਂ ਹੈ ।ਸਾਹਿਤ ਵਾਂਗ ਸਿਨੇਮਾ ਵੀ ਸਮਾਜ ਦਾ ਸ਼ੀਸ਼ਾ ਹੁੰਦਾ ਹੈ।ਇੱਕ ਫਿਲਮਕਾਰ ਦੇ ਵੀ ਸਮਾਜ ਪ੍ਰਤੀ ਕੁੱਝ ਫ਼ਰਜ਼ ਹੁੰਦੇ ਨੇ।ਉਸ ਨੇ ਮਨੋਰੰਜਨ ਕਰਦਿਆਂ ਹੋਇਆਂ ਸਮਾਜ ਦੇ ਕੋਹਜ ਨੂੰ ਫਿਲਮਾਕੇ ਕੋਈ ਨਾ ਕੋਈ ਸੁਨੇਹਾ ਵੀ ਦੇਣਾ ਹੁੰਦਾ ਹੈ।ਅਤੇ ਇਸ ਸਭ ਕਾਸੇ ਬਾਰੇ ਫਿਲਮ ਦੇ ਨਿਰਮਾਤਾ ਦਾ ਵੀ ਸੁਚੇਤ ਹੋਣਾ ਓਨਾ ਹੀ ਜਰੂਰੀ ਬਣ ਜਾਂਦਾ ਹੈ ।ਬਾਕੀ ਵਿਵਹਾਰਿਕ ਤੌਰ ਉੱਤੇ ਵਿਚਰਦਿਆਂ ਇੱਕ ਨਿਰਮਾਤਾ ਵਿੱਚ ਜਿੱਥੇ ਸਹਿਣਸ਼ੀਲਤਾ ਦਾ ਹੋਣਾ ਬਹੁਤ ਹੀ ਜਰੂਰੀ ਬਣ ਜਾਂਦਾ ਹੈ ਉੱਥੇ ਉਸਨੂੰ ਨਿਰਾ ਪੁਰਾ ਬਾਣੀਆ ਬਣਨ ਤੋਂ ਵੀ ਗੁਰੇਜ਼ ਕਰਨਾ ਪੈਦਾ ਹੈ ।
----
ਸੀਤਲ- ਆਉਣ ਵਾਲੇ ਸਮੇਂ ਵਿੱਚ ਪੰਜਾਬੀ ਸਿਨੇਮਾ ਦਾ ਕਿਹੋ ਜਿਹਾ ਰੂਪ ਦੇਖਣ ਦੀ ਤਮੰਨਾ ਰੱਖਦੇ ਹੋ ?
ਦਰਵੇਸ਼- ਪੰਜਾਬੀ ਫਿਲਮਾਂ ਨੂੰ ਪਿਆਰ ਕਰਨ ਵਾਲੇ ਹਰ ਸਿਨੇ ਪ੍ਰੇਮੀ ਦੀ ਤਾਂ ਇਹੀ ਇੱਛਾ ਹੋਵੇਗੀ ਕਿ ਸਾਡਾ ਸਿਨੇਮਾ ਪਰਿਵਾਰਕ ਹੋਵੇ।ਪੰਜਾਬ ਨੂੰ ਪੰਜਾਬ ਵਰਗਾ ਪੇਸ਼ ਕਰਨ ਦੇ ਨਾਲ ਨਾਲ ਭਵਿੱਖਤ ਪੰਜਾਬ ਵਰਗਾ ਵੀ ਪੇਸ਼ ਕਰਦਾ ਹੋਵੇ।ਸਾਡੇ ਸੱਭਿਆਚਾਰ, ਸਾਡੀਆਂ ਕਦਰਾਂ ਕੀਮਤਾਂ ਦੀ ਵੀ ਪੇਸ਼ਕਾਰੀ ਕਰਦਾ ਹੋਵੇ।ਇਸ ਸਭ ਕਾਸੇ ਦੇ ਨਾਲ ਤਕਨੀਕੀ ਮਿਆਰ ਨੂੰ ਕਾਇਮ ਰੱਖਦਾ ਹੋਇਆ ਹਿੰਦੀ ਜਾਂ ਦੂਜੀਆਂ ਹੋਰ ਖੇਤਰੀ ਫਿਲਮਾਂ ਵਾਲਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦੇਵੇ। ਬੇਸ਼ਕ ਗੁਰੂਦੇਵ ਮਨਮੋਹਨ ਸਿੰਘ, ਗੁਰਦਾਸ ਮਾਨ, ਸਰਬਜੀਤ ਬੈਹਣੀਵਾਲ, ਹੋਰੀਂ ਇਸ ਪੱਖੋਂ ਬੜੇ ਸੁਚੇਤ ਹੋਕੇ ਕੰਮ ਕਰ ਰਹੇ ਹਨ ਅਤੇ ਪੰਜਾਬੀ ਸਿਨੇਮਾ ਦਾ ਮੁਹਾਂਦਰਾ ਪਹਿਲਾਂ ਨਾਲੋਂ ਬਹੁਤ ਹੀ ਨਿਖਰਿਆ ਹੈ ਪਰ ਫੇਰ ਵੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਜਿਹਨਾਂ ਵੱਲ ਜੇਕਰ ਧਿਆਨ ਦਿੱਤਾ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਖੇਤਰੀ ਫਿਲਮਾਂ ਵਿੱਚ ਸਾਡਾ ਸਿਨੇਮਾ ਸਭ ਤੋਂ ਉੱਪਰ ਹੋਵੇਗਾ।
----
ਸੀਤਲ- ਹੁਣ ਤਾਂ ਪੰਜਾਬੀ ਫੀਚਰ ਫਿਲਮਾਂ ਦੇ ਬੱਜਟ ਵੀ ਲੱਖਾਂ ਤੋਂ ਕਰੋੜਾਂ ਉੱਪਰ ਅਤੇ ਟੈਲੀਫਿਲਮਾਂ ਦੇ ਬੱਜਟ ਹਜ਼ਾਰਾਂ ਤੋਂ ਲੱਖਾਂ ਉੱਪਰ ਜਾ ਪਹੁੰਚੇ ਨੇ ਕੀ ਤੁਸੀਂ ਸਮਝਦੇ ਹੋ ਕਿ ਇਹ ਪੰਜਾਬੀ ਸਿਨੇਮਾ ਲਈ ਲਾਹੇਵੰਦਾ ਸੌਦਾ ਹੈ ?
ਦਰਵੇਸ਼- ਕੁੜੀਏ! ਤੂੰ ਵੀ ਸੌਦੇਬਾਜ਼ੀ ਵਿੱਚ ਕੁੱਝ ਜ਼ਿਆਦਾ ਹੀ ਵਿਸ਼ਵਾਸ਼ ਕਰਦੀ ਹੈਂ। ਮੈਂ ਇਸ ਬਣੀਆਂਗਿਰੀ ਬਾਰੇ ਪਹਿਲਾਂ ਹੀ ਖੁੱਲ੍ਹਕੇ ਬੋਲ ਚੁਕਿਆ ਹਾਂ।ਜਿੰਨਾਂ ਗੁੜ ਪਾਵਾਂਗੇ, ਮਿੱਠਾ ਤਾਂ ਓਨਾਂ ਹੀ ਹੋਵੇਗਾ। ਕੋਈ ਵੀ ਨਿਰਦੇਸ਼ਕ ਨਹੀਂ ਚਾਹੁੰਦਾ ਕਿ ਉਸਦੇ ਨਿਰਮਾਤਾ ਦੀ ਰਿਕਵਰੀ ਨਾਂ ਹੋਵੇ ਪਰ ਕੋਈ ਵੀ ਨਿਰਦੇਸ਼ਕ ਇਹ ਵੀ ਨਹੀਂ ਚਾਹੁੰਦਾ ਕਿ ਸਿਰਫ ਪੈਸਾ ਰਿਕਵਰੀ ਲਈ ਉਸਦੇ ਸਬਜੈਕਟ ਅਤੇ ਕੰਸੈਪਟ ਦੀ ਧੀ ਨੂੰ ਕਿਸ਼ਨਗੜ੍ਹ ਫਰਵਾਹੀ ਦੇ ਖੇਤਾਂ ਦੀਆਂ ਵੱਟਾਂ ਤੋਂ ਚੁੱਕਕੇ ਉਸਨੂੰ ਦਿੱਲੀ ਦੀ ਜੀ. ਬੀ. ਰੋਡ ਦੇ ਕੋਠਿਆਂ ਦੀ ਕਿਸੇ ਤਬੱਸੁਮ ਦੇ ਹਵਾਲੇ ਕਰ ਦਿੱਤਾ ਜਾਵੇ।
----
ਸੀਤਲ- ਨਵਾਂ ਕੀ ਕਰ ਰਹੇ ਹੋ ?
ਦਰਵੇਸ਼- ਜੋ ਵੀ ਜਦੋਂ ਵੀ ਹੋਵੇਗਾ, ਸਭ ਦੇ ਸਾਹਮਣੇ ਹੋਵੇਗਾ ।
12 comments:
ਤਮੰਨਾ ਜੀ, ਦਰਵੇਸ਼ ਜੀ ਦੀ ਮੁਲਾਕਾਤ ਬਹੁਤ ਪਸੰਦ ਆਈ। ਖ਼ਾਸ ਤੌਰ ਤੇ ਉਹਨਾਂ ਦਾ ਖੁੱਲ੍ਹ ਕੇ ਵਿਚਾਰਾਂ ਦਾ ਇਜ਼ਹਾਰ ਕਰਨਾ ਬਹੁਤ ਚੰਗਾ ਲੱਗਾ।
ਸਤਵਿੰਦਰ ਸਿੰਘ
ਯੂ.ਕੇ.
==========
ਸ਼ੁਕਰੀਆ ਸਤਵਿੰਦਰ ਜੀ।
ਤਮੰਨਾ
ਦਰਵੇਸ਼ ਜੀ ਦੀ ਮੁਲਾਕਾਤ ਬਹੁਤ ਵਧੀਆ ਹੈ ਮਾਣ ਹੁੰਦਾ ਹੈ ਜਦੋਂ ਕਿਸੇ ਨੌਜਵਾਨ ਦੇ ਏਨੇ ਵਧੀਆ ਵਿਚਾਰ ਪੜ੍ਹਨ-ਸੁਣਨ ਨੂੰ ਮਿਲ਼ਦੇ ਹਨ।
"ਲੇਖਕ ਸਮਾਜ ਦੇ ਹਨੇਰੇ ਅਤੇ ਚਾਨਣੇ ਪੱਖ ਦਾ ਚਿਤ੍ਰਣ ਸ਼ਬਦਾਂ ਨਾਲ ਕਰਕੇ ਸਾਹਿਤ ਦੀ ਸਿਰਜਣਾ ਕਰਦਾ ਹੈ ਅਤੇ ਸਮਾਜ ਨੂੰ ਉਸਦਾ ਚਿਹਰਾ ਵਿਖਾਉਂਦਾ ਹੋਇਆ ਇੱਕ ਵੈਦ ਵਾਂਗ ਉਸ ਵਿੱਚ ਸੁਧਾਰ ਦੀ ਵਿਉਂਤ ਵੀ ਨਾਲ ਨਾਲ ਪਰੋਸਦਾ ਹੈ ਅਤੇ ਫਿਲਮਕਾਰ ਉਸੇ ਸਾਹਿਤ ਨੂੰ ਸ਼ੀਸ਼ੇ ਦੇ ਪਿੱਛੇ ਰਹਿਕੇ ਅਦਾਕਾਰਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਮਾਤਰ ਕਰਦਾ ਹੈ।"
ਉਹਨਾਂ ਨੂੰ ਢੇਰ ਸਾਰੀਆਂ ਸ਼ੁੱਭ ਇੱਛਾਵਾਂ !
ਇੰਦਰਜੀਤ ਸਿੰਘ
ਕੈਨੇਡਾ
==========
ਸ਼ੁਕਰੀਆ ਅੰਕਲ ਜੀ।
ਤਮੰਨਾ
ਦਰਵੇਸ਼ ਬਾਈ ਜੀ! ਇੰਟਰਵਿਊ ਪੜ੍ਹ ਕੇ ਤੁਹਾਡੇ ਤੇ ਤੁਹਾਡੀਆਂ ਪ੍ਰਾਪਤੀਆਂ ਬਾਰੇ ਬਹੁਤ ਕੁੱਝ ਜਾਨਣ ਨੂੰ ਮਿਲ਼ਿਆ। ਆਰਸੀ ਤੇ ਅੱਜ-ਤੱਕ ਤੁਹਾਡੀਆਂ ਕਮਾਲ ਦੀਆਂ ਲਿਖਤਾਂ ਹੀ ਪੜ੍ਹੀਆਂ ਸੀ,ਪਰ ਤੁਹਾਡੇ ਸਿਨੇਮੇ ਨੂੰ ਹੋਰ ਬੇਹਤਰ ਬਣਾਉਂਣ ਬਾਰੇ ਵਿਚਾਰ ਪੜ੍ਹ ਕੇ ਹੋਰ ਵੀ ਚੰਗਾ ਲੱਗਿਆ।
ਰੱਬ ਤੁਹਾਨੂੰ ਹੋਰ ਤਰੱਕੀਆਂ ਬਖ਼ਸ਼ੇ!
ਮਨਧੀਰ ਦਿਓਲ
ਕੈਨੇਡਾ
=========
ਸ਼ੁਕਰੀਆ ਮਨਧੀਰ ਜੀ।
ਤਮੰਨਾ
ਦਰਵੇਸ਼ ਜੀ ਦੀ ਮੁਲਾਕਾਤ ਬਹੁਤ ਵਧੀਆ ਲੱਗੀ। ਇੱਕ ਫਿਲਮ ਨਿਰਦੇਸ਼ਕ ਦੇ ਤੌਰ ਤੇ ਬੋਲ਼ਦਿਆਂ ਉਹਨਾਂ ਦਾ ਇੱਕ ਵੱਖਰਾ ਕਿਰਦਾਰ ਦੇਖਣ ਨੂੰ ਮਿਲ਼ਿਆ। ਅਜਿਹੇ ਵਿਚਾਰਾਂ ਵਾਲ਼ੇ ਸ਼ਖ਼ਸ ਤੋਂ ਪੰਜਾਬੀ ਸਿਨੇਮੇ ਨੂੰ ਉਮੀਦਾਂ ਲਾਉਂਣੀਆਂ ਜਾਇਜ਼ ਹਨ।
"..ਭੱਠੇ ਤੋਂ ਲਿਆਂਦੀਆਂ ਸਾਰੀਆਂ ਇੱਟਾਂ ਤੁਹਾਡੇ ਮਕਾਨ ਦੀ ਚਿਣਾਈ ਵਿੱਚ ਨਹੀਂ ਲੱਗਦੀਆਂ, ਇਸੇ ਤਰਾਂ ਸਾਹਿਤ ਵਿੱਚੋਂ ਸਿਨੇਮਾਈ ਲੱਛਣ ਤਲਾਸ਼ਣੇ ਪੈਂਦੇ ਨੇ..।"
ਦਰਵੇਸ਼ ਜੀ ਮੁਬਾਰਕਾਂ!
ਸਿਮਰਜੀਤ ਸਿੰਘ ਕੰਗ
ਯੂ.ਕੇ.
===============
ਸ਼ੁਕਰੀਆ ਸਿਮਰਜੀਤ ਜੀ।
ਤਮੰਨਾ
ਦਰਵੇਸ਼ ਵਰਗੇ ਲੇਖਕਾਂ ਤੇ ਫਿਲਮ ਨਿਰਦੇਸ਼ਕਾਂ ਤੋਂ ਪੰਜਾਬੀ ਸਾਹਿਤ ਅਤੇ ਸਿਨੇਮਾ ਨੂੰ ਬਹੁਤ ਉਮੀਦਾਂ ਜਾਗਦੀਆਂ ਹਨ ਕਿ ਘੱਟੋ-ਘੱਟ ਕੋਈ ਤਾਂ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਹੋ ਰਹੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾ ਰਿਹਾ ਹੈ, ਨਹੀਂ ਤਾਂ ਸਾਰੇ ਨੰਗਾ ਕਰਨ ਤੇ ਹੀ ਤੁਲੇ ਹੋਏ ਨੇ।
ਗੁਰਦੇਵ ਸਿੰਘ ਤਰਨਤਾਰਨ
ਯੂ. ਐੱਸ.ਏ.
=========
ਸ਼ੁਕਰੀਆ ਅੰਕਲ ਜੀ।
ਤਮੰਨਾ
ਦਰਵੇਸ਼ ਬਾਈ ਜੀ!ਤੁਹਾਡੀ ਸਾਹਿਤ ਅਤੇ ਸਿਨੇਮਾ ਨੂੰ ਦੇਣ ਬਹੁਤ ਵੱਡੀ ਹੈ। ਕਿੰਨੇ ਕੁ ਨੌਜਵਾਨ ਨੇ, ਜਿਹੜੇ ਬੰਬੇ ਜਾਕੇ ਸਫ਼ਲ ਹੋਏ ਨੇ?? ਤੁਸੀਂ ਫਿਲਮਾਂ ਨਾਲ਼ ਜ਼ਰੂਰ ਜੁੜੇ ਹੋਂ, ਪਰ ਸੱਭਿਆਚਾਰ ਨਾਲ਼ੋਂ ਵੱਖ ਨਹੀਂ ਹੋਏ, ਇਹ ਪੜ੍ਹ ਕੇ ਬਹੁਤ ਵਧੀਆ ਲੱਗਾ। ਮਨ 'ਚ ਤੁਹਾਡੀ ਇੱਜ਼ਤ ਹੋਰ ਵੀ ਵੱਧ ਗਈ। ਨਹੀਂ ਤਾਂ ਪੰਜਾਬ ਤੋਂ ਗਿਆਂ ਨੇ, ਸਭ ਤੋਂ ਪਹਿਲਾਂ ਬੋਲੀ ਤੇ ਵਿਰਸੇ ਦੀਆਂ ਧੱਜੀਆਂ ਉਡਾਈਆਂ ਨੇ।
ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਇਆ..
ਜਸਵਿੰਦਰ ਗਿੱਲ
ਇੰਡੀਆ
====
ਸ਼ੁਕਰੀਆ ਜਸਵਿੰਦਰ ਜੀ।
ਤਮੰਨਾ
ਤਮੰਨਾ ਜੀ, ਦਰਵੇਸ਼ ਜੀ ਕੋਲ਼ ਕਲਾ ਵੀ ਹੈ ਤੇ ਸੁਹਜ ਵੀ। ਇਹਨਾਂ ਤੋਂ ਕਿਸੇ ਐਸੀ ਪੰਜਾਬੀ ਫ਼ਿਲਮ ਦੀ ਆਸ ਰੱਖਦੇ ਹਾਂ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਨਾਮ ਉੱਚਾ ਕਰੇ!
"...ਜੇ ਜ਼ਿੰਦਗੀ ਨੇ ਮੌਕਾ ਦਿੱਤਾ ਤਾਂ ਜਰੂਰ ਪੰਜਾਬੀ ਸਾਹਿਤ ਦੀਆਂ ਵਧੀਆ ਲਿਖਤਾਂ ਉੱਪਰ ਕੰਮ ਕਰਾਂਗਾ। ਅਜਿਹੀਆਂ ਲਿਖਤਾਂ ਦੀ ਚੋਣ ਮੈਂ ਨਾਲ ਨਾਲ ਕਰਦਾ ਰਹਿੰਦਾ ਹਾਂ।ਬਾਕੀ ਦਸਤਾਵੇਜ਼ੀ ਫਿਲਮਾਂ ਅਤੇ ਸਫ਼ਰਨਾਮੇ ਵਿੱਚ ਮੇਰੀ ਵਿਸ਼ੇਸ਼ ਰੁਚੀ ਹੈ । ਮੈਂ ਇਹੋ ਜਿਹੀਆਂ ਕਿਰਤਾਂ ਦੀ ਚੋਣ ਕਰਕੇ ਰੱਖੀ ਹੋਈ ਹੈ ਜਿਹੜੀਆਂ ਬਾਲੀਵੁੱਡ ਨੂੰ ਹਿਲਾਕੇ ਰੱਖ ਸਕਦੀਆਂ ਨੇ।ਇਹ ਸਭ ਸਾਡੇ ਪੰਜਾਬੀ ਲੇਖਕਾਂ ਦਾ ਹੀ ਕਮਾਲ ਹੈ।'
ਇਸ ਸੋਚ ਲਈ ਸ਼ਾਬਾਸ਼!
ਜਗਤਾਰ ਸਿੰਘ ਬਰਾੜ
ਕੈਨੇਡਾ
====
ਸ਼ੁਕਰੀਆ ਅੰਕਲ ਜੀ।
ਤਮੰਨਾ
ਤਨਦੀਪ ਜੀ, ਮੁਲਾਕਾਤ ਬਹੁਤ ਚੰਗੀ ਲੱਗੀ। ਲਿਖਤਾਂ ਤੋਂ ਹਟ ਕੇ ਉਹਨਾਂ ਨੂੰ ਇੱਕ ਫਿਲਮਸਾਜ਼ ਤੇ ਤੌਰ ਤੇ ਜਾਨਣ ਦਾ ਮੌਕਾ ਮਿਲ਼ਿਆ। ਮੈਂ ਦਰਵੇਸ਼ ਜੀ ਨੂੰ ਪੁੱਛਣਾ ਚਾਹੁੰਦਾ ਕਿ ਜੋ ਹਾਲਾਤ ਪੰਜਾਬ 'ਚ ਚੱਲ ਰਹੇ ਨੇ, ਇਹਨਾਂ ਨੂੰ ਮੱਦੇ-ਨਜ਼ਰ ਰੱਖਦਿਆਂ, ਪੰਜਾਬੀ ਸਿਨੇਮਾ ਦਾ ਭਵਿੱਖ ਸੁਰੱਖਿਅਤ ਹੈ?
ਕਰਮਦੀਪ ਕਰਮ
ਯੂ.ਐੱਸ.ਏ.
====================
ਸ਼ੁਕਰੀਆ ਕਰਮਦੀਪ ਜੀ...ਇਸ ਸਵਾਲ ਦਾ ਜਵਾਬ ਦਰਵੇਸ਼ ਜੀ ਹੀ ਦੇ ਸਕਦੇ ਨੇ।
ਸ਼ੁਕਰੀਆ।
ਤਮੰਨਾ ਜੀ, ਦਰਵੇਸ਼ ਵੀਰ ਜੀ ਨੇ ਤਾਂ ਇੰਟਰਵਿਊ ਕਰਨ ਵਾਲ਼ੀ ਬੀਬੀ ਦੇ ਸਵਾਲ ਹੀ ਮੁਕਾ ਛੱਡੇ..ਜਵਾਬ ਮਜ਼ੇਦਾਰ ਤੇ ਅਰਥ-ਭਰਪੂਰ ਨੇ। ਦਰਵੇਸ਼ ਜੀ ਫਤਹਿ ਪ੍ਰਵਾਨ ਕਰੋ! ਵਾਹਿਗੁਰੂ ਹੋਰ ਸਫ਼ਤਾ ਬਖ਼ਸ਼ੇ!
ਜਗਤਿੰਦਰ ਸਿੰਘ
ਆਸਟ੍ਰੇਲੀਆ
========
ਜਗਤਿੰਦਰ ਜੀ ਤੁਸੀਂ ਪਹਿਲੀ ਵਾਰ ਮੇਲ ਕੀਤੀ ਹੈ..ਫੇਰੀ ਪਾਉਂਦੇ ਰਹਿਣਾ.....ਬਹੁਤ-ਬਹੁਤ ਸ਼ੁਕਰੀਆ ਜੀ।
ਤਮੰਨਾ
ਦਰਵੇਸ਼ ਜੀ, ਤੁਹਾਡੇ ਸੀਰੀਅਲ ਵੀ ਦੇਖੇ ਨੇ ਤੇ ਫਿਲਮਾਂ ਵੀ। ਆਰਸੀ ਤੇ ਲਿਖਤਾਂ ਵੀ ਪੜ੍ਹੀਆਂ ਨੇ। ਬਹੁਤ ਮਿਹਨਤੀ ਹੋ!ਇੰਟਰਵਿਊ 'ਚ ਸਵਾਲਾਂ ਦੇ ਜਵਾਬ ਤੁਸੀਂ ਬਾਖ਼ੂਬੀ ਦਿੱਤੇ ਨੇ, ਮੇਰੇ ਵੱਲੋਂ ਮੁਬਾਰਕਾਂ! ਜੇ ਮੌਕਾ ਮਿਲ਼ੇ ਤਾਂ ਕਿਹੋ ਜਿਹੀ ਫ਼ਿਲਮ ਬਣਾਉਂਣ ਦਾ ਸੁਪਨਾ ਹੈ? ਦੋਵਾਂ ਖੇਤਰਾਂ 'ਚ ਸਫ਼ਲਤਾ ਯਕੀਨਨ ਹੀ ਤੁਹਾਡੀ ਮਿਹਨਤ ਹੈ।
ਦਲਜੀਤ ਸਿੰਘ ਕੁੰਦੀ
ਇੰਡੀਆ
=========
ਕੁੰਦੀ ਸਾਹਿਬ..ਤੁਸੀਂ ਵੀ ਪਹਿਲੀ ਵਾਰ ਮੇਲ ਕੀਤੀ ਹੈ, ਸ਼ੁਕਰੀਆ। ਦਰਵੇਸ਼ ਜੀ ਤੱਕ ਤੁਹਾਡਾ ਸਵਾਲ ਪਹੁੰਚ ਗਿਆ ਹੈ।
ਤਮੰਨਾ
ਤਮੰਨਾ ਜੀ, ਦਰਸ਼ਨ ਦਰਵੇਸ਼ ਸਿਨੇਮਾ-ਜਗਤ ਦਾ ਰੌਸ਼ਨ ਸਿਤਾਰਾ ਹੈ। ਮੁਲਾਕਾਤ ਬਹੁਤ ਚੰਗੀ ਲੱਗੀ। ਇੱਕ ਬੇਨਤੀ ਮੈਂ ਕਰਨੀ ਚਾਹੁੰਨਾਂ ਕਿ ਦਰਸ਼ਨ ਜੀ ਜ਼ਾਤੀ ਤਜ਼ਰਬੇ ਦੇ ਅਧਾਰ ਤੇ ਦੱਸਣ ਕਿ ਮੁੰਬਈ ਜਾਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਗੱਲਾਂ ਵਿਚਾਰਨਯੋਗ ਹਨ ਤਾਂ ਕਿ ਨਵੀਂ ਪਨੀਰੀ ਨੂੰ ਸੇਧ ਮਿਲ਼ ਸਕੇ।
ਬਲਤੇਜ ਸਿੰਘ ਔਜਲਾ
ਕੈਨੇਡਾ
----------
ਔਜਲਾ ਸਾਹਿਬ ਤੁਸੀਂ ਵੀ ਪਹਿਲੀ ਵਾਰੀ ਮੇਲ ਕੀਤੀ ਹੈ, ਤੁਹਾਡਾ ਸਵਾਲ ਵੀ ਦਰਵੇਸ਼ ਜੀ ਤੱਕ ਪਹੁੰਚ ਗਿਆ ਹੈ।
ਤਮੰਨਾ
ਸਾਰੇ ਦੋਸਤਾਂ ਦੇ ਖ਼ਤ ਪੜ੍ਹ ਕੇ ਅੱਖਾਂ ਨਮ ਹੋ ਗਈਆਂ ਨੇ ਜਿਨ੍ਹਾਂ ਨੇ ਮੇਰੀਆਂ ਗੱਲਾਂ-ਬਾਤਾਂ ਨੂੰ ਪਸੰਦ ਕੀਤਾ....ਮੇਰੀ ਮੁਲਾਕਾਤ ਪੜ੍ਹਨ ਵਾਸਤੇ ਆਪਣਾ ਕੀਮਤੀ ਵਕਤ ਲਗਾਇਆ...ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਨ ਤੋਂ ਪਹਿਲਾਂ, ਇਹ ਜ਼ਰੂਰ ਆਖਾਂਗਾ ਕਿ ਅਜਨਬੀ ਨਾ ਲੱਗਦੇ ਹੋਏ ਵੀ ਆਪਣਿਆਂ ਵਰਗੇ ਦੋਸਤੋ! ਤੁਸੀਂ ਸਭ ਲੋਕ ਹੀ ਮੇਰੀ ਤਾਕ਼ਤ ਹੋਂ..ਜਿਨ੍ਹਾਂ ਨੂੰ ਨਾਲ਼ ਲੈ ਕੇ ਮੈਂ ਹਰ ਪਲ ਤੁਰਦਾ ਹਾਂ। ਤੁਹਾਡੇ ਵਰਗੇ ਪਾਠਕ ਤਾਂ ਰਚਨਾਵਾਂ ਦੀ ਛਤਰੀ ਹੁੰਦੇ ਨੇ, ਤੇ ਏਹੋ ਜਿਹੀ ਛਤਰੀ ਮੈਨੂੰ ਹਰ ਪਲ ਚਾਹੀਦੀ ਹੈ। ਬਾਕੀ ਕੁੱਝ ਦੋਸਤਾਂ ਨੇ ਮੈਥੋਂ ਜਵਾਬ ਵੀ ਮੰਗੇ ਨੇ, ..ਬਾਬਿਓ! ਸ਼ੂਟਿੰਗ 'ਚ ਕੁੱਝ ਜ਼ਿਆਦਾ ਮਸਰੂਫ਼ ਹਾਂ...ਵਿਹਲਾ ਹੋ ਕੇ ਹੀ ਖੁੱਲ੍ਹ ਕੇ ਜਵਾਬ ਦੇਵਾਂਗਾ..ਹਾਂ! ਇੱਕ ਗੱਲ ਹੋਰ....ਇਹ ਸਭ ਆਰਸੀ ਸਦਕਾ ਹੈ ਕਿ ਅੱਜ ਅਸੀਂ ਇੱਕ-ਦੂਜੇ ਨਾਲ਼ ਮਿਲ਼ ਰਹੇ ਹਾਂ...ਇਸ ਸਾਈਟ ਤੇ ਕੀਤੀ ਤਨਦੀਪ ਦੀ ਮਿਹਨਤ ਨੇ ਸਾਡੀਆਂ ਸਾਂਝਾਂ 'ਚ ਇਜ਼ਾਫ਼ਾ ਕਿਤਾ ਹੈ ...ਜਲਦੀ ਮਿਲਾਂਗੇ!
ਦਰਸ਼ਨ ਦਰਵੇਸ਼
Post a Comment