Sunday, September 19, 2010

ਲੇਖਕ / ਅਨੁਵਾਦਕ ਸੁਭਾਸ਼ ਨੀਰਵ ਨਾਲ਼ ਇਕ ਮੁਲਾਕਾਤ - ਭਾਗ ਪਹਿਲਾ

...ਮੈਂ ਅਨੁਵਾਦ ਨੂੰ ਸਿਰਜਣਾ ਦਾ ਹੀ ਹਿੱਸਾ ਮੰਨਦਾ ਹਾਂ.... ਅਨੁਵਾਦ ਦਾ ਮਕਸਦ ਇਕ ਭਾਸ਼ਾ ਦੇ ਸਰਵੋਤਮ ਸਾਹਿਤ ਨੂੰ ਦੂਜੀ ਭਾਸ਼ਾ ਦੇ ਉਨ੍ਹਾਂ ਪਾਠਕਾਂ ਤੱਕ ਪਹੁੰਚਾਉਣਾ ਹੁੰਦਾ ਹੈ ਜੋ ਉਸ ਮੂਲ ਭਾਸ਼ਾ ਤੋਂ ਨਾਵਾਕਿਫ਼ ਹੁੰਦਾ ਹੈ। ਇਕ ਭਾਸ਼ਾ ਦੀ ਰਚਨਾ ਕਿਉਂਕਿ ਅਨੁਵਾਦ ਦੇ ਜ਼ਰੀਏ ਦੂਜੀ ਭਾਸ਼ਾ ਦੇ ਪਾਠਕਾਂ ਕੋਲ ਪਹੁੰਚ ਰਹੀ ਹੁੰਦੀ ਹੈ, ਇਸ ਲਈ ਧਿਆਨ ਇਹ ਰਹਿਣਾ ਚਾਹੀਦਾ ਹੈ ਕਿ ਸਰਵੋਤਮ ਤੇ ਉੱਚ ਪੱਧਰੀ ਰਚਨਾ ਦਾ ਹੀ ਅਨੁਵਾਦ ਹੋਵੇ, ਨਹੀਂ ਤਾਂ ਇਸ ਦਾ ਦੂਜੀ ਭਾਸ਼ਾ ਦੇ ਪਾਠਕਾਂ ਤੇ ਗ਼ਲਤ ਅਸਰ ਪੈਂਦਾ ਹੈ ਕਿ ਉਸ ਭਾਸ਼ਾ ਵਿਚ ਤਾਂ ਇਸ ਤਰ੍ਹਾਂ ਦਾ ਹੀ ਸਾਹਿਤ ਲਿਖਿਆ ਜਾ ਰਿਹਾ ਹੈ।.. : -ਸੁਭਾਸ਼ ਨੀਰਵ

******

ਸੁਭਾਸ਼ ਨੀਰਵ ਨਾਲ਼ ਇਕ ਮੁਲਾਕਾਤ

ਭਾਗ ਪਹਿਲਾ

ਮੁਲਾਕਾਤੀ: ਜਿੰਦਰ

ਜਿੰਦਰ: ਤੁਹਾਡਾ ਜਨਮ ਯੂ. ਪੀ. ਦੇ ਸ਼ਹਿਰ ਮੁਰਾਦਨਗਰ ਚ ਹੋਇਆ। ਤੁਹਾਡਾ ਆਪਣੇ ਬਾਰੇ ਕਹਿਣਾ ਹੈ, ‘‘ਜਿਸ ਗ਼ਰੀਬ ਮਜ਼ਬੂਰ ਪਰਿਵਾਰ ਵਿਚ ਮੈਂ ਪਲ਼ਿਆ ਵੱਡਾ ਹੋਇਆ, ਉਸ ਵਿੱਚ ਦੂਰ-ਦੂਰ ਤੱਕ ਨਾ ਕੋਈ ਸਾਹਿਤਕ ਰੁਚੀ ਵਾਲਾ ਵਿਅਕਤੀ ਸੀ ਤੇ ਨਾ ਹੀ ਆਲੇ-ਦੁਆਲੇ ਅਜਿਹਾ ਕੋਈ ਵਾਤਾਵਰਣ ਸੀ। ਪਿਤਾ ਫੈਕਟਰੀ ਵਿਚ ਬਾਰਾਂ ਘੰਟੇ ਲੋਹੇ ਨਾਲ ਲੋਹਾ ਹੁੰਦੇ ਰਹਿੰਦੇ ਸਨ, ਫੈਕਟਰੀ ਵੱਲੋਂ ਜੋ ਉਨ੍ਹਾਂ ਨੂੰ ਮਕਾਨ ਮਿਲਿਆ ਹੋਇਆ ਸੀ, ਉਥੇ ਆਲੇ-ਦੁਆਲੇ ਪੂਰੇ ਬਲਾਕ ਵਿਚ ਵੱਖ-ਵੱਖ ਜਾਤਾਂ ਦੇ ਬੇਹੱਦ ਗ਼ਰੀਬ ਮਜ਼ਦੂਰ ਆਪਣੇ ਪਰਿਵਾਰ ਨਾਲ ਰਹਿੰਦੇ ਸਨ ਜਿਨ੍ਹਾਂ ਵਿੱਚ ਪੰਜਾਬੀ, ਸਫ਼ਾਈ ਕਰਮਚਾਰੀ, ਮੁਸਲਮਾਨ, ਪੂਰਬੀਏ, ਜੁਲਾਹੇ ਆਦਿ ਪ੍ਰਮੁੱਖ ਸਨ।’’ ਇਸ ਸੰਦਰਭ ਚ ਮੈਂ ਤੁਹਾਡੇ ਕੋਲੋਂ ਦੋ ਸਵਾਲ ਪੁੱਛ ਰਿਹਾ ਹਾਂ। (1) ਤੁਹਾਨੂੰ ਕਿਹੜੀਆਂ ਗੱਲਾਂ/ਘਟਨਾਵਾਂ ਨੇ ਸਾਹਿਤ ਨਾਲ ਜੋੜਿਆ? (2) ਤੁਸੀਂ ਪੰਜਾਬੀ ਅਨੁਵਾਦ ਨਾਲ ਕਿਵੇਂ ਜੁੜੇ?

-----

ਨੀਰਵ: ਸਾਹਿਤ ਨਾਲ ਜੁੜਨ ਵਾਲਾ ਸਵਾਲ ਸਪੱਸ਼ਟੀਕਰਨ ਲੋੜਦਾ ਹੈ, ਕੀ ਤੁਹਾਡੇ ਕਹਿਣ ਦਾ ਭਾਵ ਸਾਹਿਤ ਪੜ੍ਹਣ ਵਿੱਚ ਲੱਗੀ ਲਗਨ ਹੈ ਜਾਂ ਮੇਰੇ ਸਾਹਿਤਕ ਲੇਖਣ ਦੀ ਸ਼ੁਰੂਆਤ ਤੋਂ ਹੈ? ਚਲੋ, ਮੈਂ ਦੋਨਾਂ ਦੇ ਜਵਾਬ ਦੇ ਰਿਹਾਂ, ਸਾਹਿਤਕ ਰਸਾਲੇ-ਅਖ਼ਬਾਰਾਂ ਪੜ੍ਹਣ ਦਾ ਸ਼ੌਂਕ ਮੈਨੂੰ ਦਸਵੀਂ ਪਾਸ ਕਰਨ ਤੋਂ ਬਾਅਦ ਹੀ ਪਿਆ। ਖ਼ਾਸ ਤੌਰ ਤੇ ਜਦੋਂ ਮੈਂ ਇੰਟਰ ਕਰਨ ਲਈ ਮੁਰਾਦਨਗਰ ਤੋਂ ਮੋਦੀਨਗਰ ਟ੍ਰੇਨ ਰਾਹੀਂ ਅਪ ਡਾਊਨ ਕਰਦਾ ਸੀ। ਇਹ 1970-1972 ਦੀ ਗੱਲ ਹੈ। ਕਾਲਜ ਰੇਲਵੇ ਸਟੇਸ਼ਨ ਤੋਂ ਪੈਦਲ ਦਸ ਕੁ ਮਿਟਾਂ ਦੀ ਵਿੱਥ ਤੇ ਸੀ। ਦੁਪਹਿਰ ਨੂੰ ਕਾਲਜ ਦੀ ਛੁੱਟੀ ਤੋਂ ਬਾਅਦ ਸਾਢੇ ਗਿਆਰਾਂ ਵਜੇ ਵਾਲੀ ਟ੍ਰੇਨ ਜੋ ਅਕਸਰ ਲੇਟ ਹੁੰਦੀ, ਬਹੁਤੀ ਵਾਰ ਮੇਰੇ ਤੋਂ ਛੁੱਟ ਜਾਂਦੀ ਤੇ ਮੈਨੂੰ ਅਗਲੀ ਗੱਡੀ ਜੋ ਤਿੰਨ ਵਜੇ ਦੇ ਕਰੀਬ ਆਉਂਦੀ ਸੀ, ਦੀ ਉਡੀਕ ਕਰਨੀ ਪੈਂਦੀ। ਮੇਰੇ ਦੋ ਖ਼ਾਸ ਦੋਸਤ ਸਨ। ਉਹ ਦੋਵੇਂ ਸਿੱਖ ਸਨ ਤੇ ਸਰਦੇ-ਪੁਜਦੇ ਘਰਾਂ ਦੇ ਸਨ। ਇਕ ਦੇ ਪਿਤਾ ਸਰਕਾਰੀ ਫੈਕਟਰੀ ਵਿਚ ਅਫ਼ਸਰ ਸਨ ਤੇ ਦੂਜੇ ਦੇ ਪਿਤਾ ਵੀ ਉਸੇ ਫੈਕਟਰੀ ਵਿੱਚ ਚੰਗੇ ਅਹੁਦੇ ਤੇ ਸਨ। ਗੱਡੀ ਖੁੰਝ ਜਾਣ ਤੇ ਉਹ ਦੋਵੇਂ ਜਣੇ ਅਗਲੀ ਗੱਡੀ ਦੀ ਉਡੀਕ ਨਾ ਕਰਦੇ ਤੇ ਬਸ ਰਾਹੀਂ ਮੁਰਾਦਨਗਰ ਪਰਤ ਜਾਂਦੇ, ਮੇਰੇ ਕੋਲ ਬਸ ਦਾ ਕਿਰਾਇਆ ਨਾ ਹੁੰਦਾ। ਗੱਡੀ ਦਾ ਤਿਮਾਹੀ ਸਟੂਡੈਂਟ ਪਾਸ ਹੀ ਹੁੰਦਾ। ਅਜਿਹੀ ਸਥਿਤੀ ਵਿਚ ਮੈਂ ਜਾਂ ਤਾਂ ਸਟੇਸ਼ਨ ਤੇ ਮਾਲਗੋਦਾਮ ਦਫ਼ਤਰ ਦੇ ਬਾਹਰ ਪਈਆਂ ਗਠੜੀਆਂ ਤੇ ਬਹਿ ਕੇ ਆਪਣੀ ਪੜ੍ਹਾਈ ਕਰਦਾ ਜਾਂ ਫਿਰ ਸਟੇਸ਼ਨ ਤੇ ਇਕੋ ਇਕ ਬੁੱਕ ਸਟਾਲ ਤੇ ਜਾ ਕੇ ਸਰਿਤਾ’, ‘ਮੁਕਤਾ’, ‘ਕਾਦਿਮਬਿਨੀ’, ‘ਨਵਨੀਤ’, ‘ਨੀਹਾਰਿਕਾਆਦਿ ਰਸਾਲਿਆਂ ਦੇ ਪੰਨੇ ਪਲਟਦਾ ਰਹਿੰਦਾ, ਬੁਕ ਸਟਾਲ ਦਾ ਮਾਲਕ ਵਾਕਿਫ਼ ਜਿਹਾ ਬਣ ਗਿਆ। ਸ਼ੁਰੂ ਵਿਚ ਉਹ ਬਹੁਤੀ ਦੇਰ ਰਸਾਲਿਆਂ ਨੂੰ ਫੋਲਣ ਨਹੀਂ ਦਿੰਦਾ ਸੀ। ਬਾਅਦ ਵਿਚ ਉਸ ਨੂੰ ਮੇਰੀ ਜ਼ਰੂਰਤ ਪੈਣ ਲੱਗੀ। ਦਰਅਸਲ, ਉਹ ਦੁਪਹਿਰ ਨੂੰ ਸਟਾਲ ਬੰਦ ਕਰਕੇ ਘੰਟਾ, ਡੇਢ ਘੰਟਾ ਘਰ ਨੂੰ ਚਲੇ ਜਾਂਦਾ। ਫਿਰ ਉਹ ਮੇਰੇ ਨਾਲ ਇੰਨਾ ਘੁਲ-ਮਿਲ ਗਿਆ ਕਿ ਸਟਾਲ ਨੂੰ ਮੇਰੇ ਹਵਾਲੇ ਖੁੱਲ੍ਹਾ ਛੱਡ ਕੇ ਘਰੋਂ ਹੋ ਆਉਂਦਾ। ਇਸੇ ਦੌਰਾਨ ਜੋ ਵੀ ਵਿੱਕਰੀ ਹੁੰਦੀ, ਮੈਂ ਉਸ ਨੂੰ ਆਉਂਦਿਆਂ ਹੀ ਉਹ ਪੈਸੇ ਉਸ ਦੇ ਹੱਥ ਫੜਾ ਦਿੰਦਾ। ਕਈ ਵਾਰ ਵਕਤ ਕਟੀ ਲਈ ਮੈਂ ਕਾਲਜ ਦੀ ਲਾਇਬ੍ਰੇਰੀ ਵਿਚ ਵੀ ਬੈਠ ਜਾਂਦਾ, ਉਥੇ ਵੀ ਬਹੁਤ ਸਾਰੇ ਮੈਗਜ਼ੀਨ ਆਉਂਦੇ ਹੁੰਦੇ ਸਨ, ਇਨ੍ਹਾਂ ਮੈਗਜ਼ੀਨਾਂ ਵਿਚੋਂ ਮੈਂ ਕਹਾਣੀਆਂ, ਕਵਿਤਾਵਾਂ ਹੀ ਬਹੁਤੀਆਂ ਪੜ੍ਹਦਾ। ਤੁਸੀਂ ਕਹਿ ਸਕਦੇ ਹੋ ਕੇ ਸਾਹਿਤ ਪੜ੍ਹਣ ਦੀ ਚੇਟਕ ਮੈਨੂੰ ਇਸੇ ਸਮੇਂ ਲੱਗੀ ਸੀ। ਉਸ ਸਕੂਲਦੀਆਂ ਕਿਤਾਬਾਂ ਤੋਂ ਇਲਾਵਾ ਉਨ੍ਹਾਂ ਦਿਨਾਂ ਵਿੱਚ ਮੇਰੇ ਕੋਲ ਕੁਝ ਵੀ ਨਹੀਂ ਹੁੰਦਾ ਸੀ। ਕੋਈ ਅਖ਼ਬਾਰ/ਮੈਗਜ਼ੀਨ ਸਾਡੇ ਘਰ ਤਾਂ ਕੀ ਪੂਰੇ ਮੁਹੱਲੇ ਵਿੱਚ ਵੀ ਨਹੀਂ ਆਉਂਦੇ ਸਨ। ਸਾਡੇ ਘਰ ਤੋਂ ਫੈਕਟਰੀ ਦੇ ਗੇਟ ਤੱਕ ਆ ਕਿ ਰੇਲਵੇ ਸਟੇਸ਼ਨ ਜਾਣ ਵਾਲੇ ਰਸਤੇ ਵਿਚ ਦੋ ਪਨਵਾੜੀ-ਖੋਖੇ ਆਉਂਦੇ ਸਨ। ਉਨ੍ਹਾਂ ਖੋਖਿਆਂ ਤੇ ਹਿੰਦੀ ਦੇ ਅਖ਼ਬਾਰ ਹੁੰਦੇ ਸਨ। ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਜਦ ਮੈਂ ਡੇਢ ਦੋ ਸਾਲ ਬੇਕਾਰੀ ਦੀ ਮਾਰ ਝੱਲ ਰਿਹਾ ਸੀ, ਉਦੋਂ ਮੈਂ ਇਨ੍ਹਾਂ ਖੋਖਿਆਂ ਤੇ ਆ ਕੇ ਅਖ਼ਬਾਰ ਪੜ੍ਹਦਾ ਰਹਿੰਦਾ ਸੀ। ਜੋ ਕੋਈ ਪਹਿਲਾਂ ਹੀ ਅਖ਼ਬਾਰ ਪੜ੍ਹ ਰਿਹਾ ਹੁੰਦਾ ਤਾਂ ਮੈਨੂੰ ਕਾਫ਼ੀ ਦੇਰ ਤੱਕ ਉਡੀਕ ਕਰਨੀ ਪੈਂਦੀ। ਇਥੇ ਹੀ ਐਤਵਾਰ ਨੂੰ ਅਖ਼ਬਾਰਾਂ ਵਿੱਚ ਛਪਣ ਵਾਲੇ ਸਾਹਿਤ ਨੂੰ ਡਾਢੇ ਚਾਅ ਨਾਲ ਪੜ੍ਹਦਾ। ਇਨ੍ਹਾਂ ਦਿਨਾਂ ਵਿੱਚ ਮੈਨੂੰ ਕਵਿਤਾ ਲਿਖਣ ਦਾ ਸ਼ੌਂਕ ਪੈ ਗਿਆ। ਮੈਂ ਫ਼ਿਲਮੀ ਗੀਤਾਂ ਵਾਂਗ ਕੱਚੀਆਂ-ਪੱਕੀਆਂ ਜਿਹੀਆਂ ਕਵਿਤਾਵਾਂ ਲਿਖਣ ਲੱਗ ਪਿਆ। ਘਰ ਵਿਚ ਖ਼ਾਕੀ ਰੰਗ ਦੇ ਕਾਗ਼ਜ਼ ਪਏ ਸਨ। ਮੈਂ ਉਨ੍ਹਾਂ ਦੀ ਤਹਿ ਲਾ ਕੇ ਤੇ ਉਨ੍ਹਾਂ ਨੂੰ ਸੂਈ ਨਾਲ ਸਿਉਂ ਕੇ ਇਕ ਡਾਇਰੀ ਜਿਹੀ ਬਣਾ ਲਈ। ਮੈਂ ਇਸ ਡਾਇਰੀ ਤੇ ਕਵਿਤਾਵਾਂ ਲਿਖਦਾ ਰਹਿੰਦਾ ਸੀ। ਕਵਿਤਾ ਲਿਖਣ ਤੋਂ ਬਾਅਦ ਮੈਨੂੰ ਜਾਪਦਾ, ਪਤਾ ਨਹੀਂ ਮੈਂ ਕੀ ਲਿਖ ਦਿੱਤਾ ਹੈ। ਮੈਂ ਘੰਟਿਆਂ ਬੱਧੀ ਆਪਣੇ ਲਿਖੇ ਨੂੰ ਪੜ੍ਹ ਕੇ ਮੁਗਧ ਹੁੰਦਾ ਰਹਿੰਦਾ। ਪਰ ਸੁਣਾਵਾਂ ਤਾਂ ਕਿਸ ਨੂੰ? ਘਰ ਵਿਚ ਤਾਂ ਕੀ, ਗੁਆਂਢ ਵਿੱਚ ਵੀ ਕੋਈ ਸਾਹਿਤਕ ਰੁਚੀ ਵਾਲਾ ਵਿਅਕਤੀ ਨਹੀਂ ਸੀ। ਉਨ੍ਹਾਂ ਬੇਕਾਰੀ ਦੇ ਦਿਨਾਂ ਵਿਚ ਮੈਂ ਵੱਧ ਤੋਂ ਵੱਧ ਘਰ ਤੋਂ ਬਾਹਰ ਰਹਿੰਦਾ। ਘਰ ਵਿਚ ਭੈਣਾਂ-ਭਰਾਵਾਂ ਦੇ ਝਗੜੇ, ਗ਼ਰੀਬੀ ਤੇ ਤੰਗੀ-ਤੁਰਸ਼ੀ, ਮਾਂ ਦੀ ਮਜਬੂਰੀ ਸੀ। ਪਿਤਾ ਕਿਸੇ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਸਨ, ਉਹ ਫੈਕਟਰੀ ਵਿਚ ਲੋਹੇ ਨਾਲ ਕੁਸ਼ਤੀ ਕਰ ਕੇ ਘਰ ਮੁੜਦੇ ਤੇ ਪਰਿਵਾਰ ਦਾ ਪੇਟ ਭਰਨ ਦੀ ਚਿੰਤਾ ਵਿਚ ਡੁੱਬੇ ਰਹਿੰਦੇ। ਉਨ੍ਹਾਂ ਦੇ ਚਿਹਰੇ ਤੇ ਇਕ ਹਾਰੇ ਹੋਏ ਯੋਧੇ ਦੀ ਮਾਯੂਸੀ ਮੈਂ ਨਿੱਤ ਦਿਨ ਦੇਖਦਾ। ਉਨ੍ਹੀਂ ਦਿਨੀਂ ਮੇਰੇ ਇਕ ਮਿੱਤਰ ਨੇ ਆਪਣੇ ਪਿਤਾ ਨੂੰ ਕਹਿ ਕੇ ਮੈਨੂੰ ਆਡੀਨੈੱਸ-ਫੈਕਟਰੀ ਦੇ ਕਲੱਬ ਵਿੱਚ ਖੁੱਲ੍ਹੀ ਨਵੀਂ ਲਾਇਬ੍ਰੇਰੀ ਦਾ ਮੈਂਬਰ ਬਣਾ ਦਿੱਤਾ। ਮੈਂ ਉਥੇ ਕਿਤਾਬਾਂ ਇਸ਼ੂ ਕਰਵਾ ਕੇ ਲਿਆਉਣ ਲੱਗ ਪਿਆ। ਹੁਣ ਮੇਰਾ ਵਕਤ ਵਧੀਆ ਲੰਘਣ ਲੱਗਾ। ਸਾਹਿਤਕ ਪੁਸਤਕਾਂ ਨਾਲ ਮੈਨੂੰ ਪਿਆਰ ਹੋ ਗਿਆ ਸੀ। ਭੁੱਖ-ਪਿਆਸ ਮੈਂ ਸਭ ਭੁੱਲ ਗਿਆ ਸੀ। ਹਰ ਵੇਲੇ ਪੜ੍ਹਦਾ ਰਹਿੰਦਾ। ਇਸ਼ੂ ਕਾਰਵਾਈ ਕਿਤਾਬਾਂ ਦੀ ਮਹਿਕ ਮੇਰਾ ਪਿਛਾਹ ਨਾ ਛੱਡਦੀ। ਪ੍ਰੇਮਚੰਦ ਨੂੰ ਪੂਰਾ ਮੈਂ ਇਸੇ ਵਕਤ ਦੌਰਾਨ ਪੜ੍ਹਿਆ, ਅਗੇਯ, ਧਰਮਵੀਰ ਭਾਰਤੀ, ਭਗਵਤੀ ਚਰਣ ਵਰਮਾ, ਸ਼ਰਤ ਚੰਦਰ ਦੀਆਂ ਕਿਤਾਬਾਂ ਮੈਂ ਇਸੇ ਦੌਰਾਨ ਪੜ੍ਹੀਆਂ। ਵਧੀਆ ਤੇ ਗੰਭੀਰ ਸਾਹਿਤ ਨਾਲ ਮੇਰਾ ਵਾਸਤਾ ਇਸੇ ਦੌਰਾਨ ਪਿਆ। ਮੈਂ ਕਹਾਣੀਆਂ, ਨਾਵਲਾਂ ਦੇ ਪਾਤਰਾਂ ਵਿੱਚ ਡੁੱਬ ਜਾਂਦਾ। ਕਈ ਵਾਰ ਮੈਨੂੰ ਲੱਗਦਾ ਕਿ ਇਹ ਤਾਂ ਮੈਂ ਹੀ ਹਾਂ। ਫਲਾਣੇ ਪਾਤਰ ਦਾ ਦੁੱਖ ਤਾਂ ਮੇਰਾ ਆਪਣਾ ਦੁੱਖ ਹੈ। ਇਸੇ ਲਾਇਬ੍ਰੇਰੀ ਵਿਚ ਸਾਰਿਕਾ’, ‘ਸਪਤਾਹਿਕ ਹਿੰਦੁਸਤਾਨਅਤੇ ਧਰਮਯੁਗਵੀ ਆਉਂਦੇ ਸਨ। ਮੈਂ ਇਨ੍ਹਾਂ ਮੈਗਜ਼ੀਨਾਂ ਦਾ ਦੀਵਾਨਾ ਸੀ। ਇਨ੍ਹਾਂ ਮੈਗਜ਼ੀਨਾਂ ਦੇ ਨਵੇਂ ਅੰਕਾਂ ਨੂੰ ਸਭ ਤੋਂ ਪਹਿਲਾਂ ਮੈਂ ਕਾਹਲੀ ਨਾਲ ਪੜ੍ਹਦਾ। ਮੈਨੂੰ ਇਨ੍ਹਾਂ ਵਿੱਚ ਪ੍ਰਕਾਸ਼ਿਤ ਕਹਾਣੀਆਂ ਧੁਰ ਅੰਦਰ ਤੱਕ ਹਲੂਣ ਦਿੰਦੀਆਂ। ਬਿਨਾਂ ਸ਼ੱਕ ਸਾਹਿਤ ਪੜ੍ਹਣ ਦੀ ਮੇਰੀ ਇਹ ਰੁਚੀ ਇਥੇ ਆ ਕੇ ਹੋਰ ਪੱਕੀ ਹੋਈ। ਮੈਂ ਸਾਹਿਤ ਪੜ੍ਹਦਿਆਂ ਆਪਣੀ ਇਕੱਲਤਾ ਨੂੰ ਭੁੱਲ ਜਾਂਦਾ ਸੀ। ਆਪਣੀ ਬੇਕਾਰੀ ਦੀ ਮਾਰ ਨੂੰ ਭੁੱਲ ਜਾਂਦਾ ਸੀ। ਆਪਣੇ ਘਰ-ਪਰਿਵਾਰ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਭੁੱਲ ਜਾਂਦਾ ਸੀ। ਉਨ੍ਹਾਂ ਦਿਨਾਂ ਵਿੱਚ ਪੜ੍ਹੇ ਵਧੀਆ ਸਾਹਿਤ ਨੇ ਮੇਰੇ ਅੰਦਰ ਵੀ ਇਕ ਲੇਖਕ ਨੂੰ ਪੈਦਾ ਕੀਤਾ। ਮੈਂ ਕਵਿਤਾਵਾਂ ਦੇ ਨਾਲ-ਨਾਲ ਕਹਾਣੀਆਂ ਵੀ ਲਿਖਣ ਲੱਗ ਪਿਆ। ਇਹ ਕਹਾਣੀਆਂ ਮੇਰੇ ਪਰਿਵਾਰ ਦੇ ਆਲੇ-ਦੁਆਲੇ ਦੀ ਹੀ ਹੁੰਦੀਆਂ। ਹੁਣ ਮੇਰੇ ਅੰਦਰ ਆਪਣੀਆਂ ਕਵਿਤਾਵਾਂ ਅਤੇ ਕਹਾਣੀਆਂ ਨੂੰ ਮੈਗਜ਼ੀਨਾਂ ਵਿੱਚ ਭੇਜਣ ਦੀ ਲਾਲਸਾ ਵੀ ਪੈਦਾ ਹੋਣ ਲੱਗ ਪਈ ਸੀ। ਪਰ ਜੋ ਥੋੜ੍ਹੇ ਜਿਹੇ ਪੈਸੇ ਪਿਤਾ ਤੋਂ ਮਿਲਦੇ ਸਨ, ਉਸ ਵਿੱਚ ਮੇਰੀ ਪਹਿਲੀ ਤਰਜੀਹ ਨੌਕਰੀ ਲਈ ਅਰਜੀਆਂ ਭੇਜਣ ਲਈ ਹੁੰਦੀ ਸੀ, ਫਿਰ ਵੀ ਮੈਂ ਜਿਵੇਂ-ਤਿਵੇਂ ਸਰਿਤਾ’, ‘ਮੁਕਤਾਵਿੱਚ ਆਪਣੀਆਂ ਕੱਚੀਆਂ-ਪੱਕੀਆਂ ਰਚਨਾਵਾਂ ਭੇਜਣ ਲੱਗ ਪਿਆ। ਪਰ ਉਹ ਤੁਰੰਤ ਵਾਪਸ ਆ ਜਾਂਦੀਆਂ। ਮੇਰੀਆਂ ਖ਼ੁਸ਼ੀਆਂ ਤੇ ਪਾਣੀ ਫਿਰ ਜਾਂਦਾ। ਮੈਂ ਮਾਯੂਸੀ ਦੇ ਹਨੇਰੇ ਚ ਗੁੰਮ ਹੋ ਜਾਂਦਾ। ਫੇਰ ਹੌਸਲਾ ਕਰਦਾ। ਉਹ ਫੇਰ ਵਾਪਸ ਆ ਜਾਂਦੀਆਂ। ਮੇਰੀ ਸਮਝ ਵਿਚ ਨਾ ਆਉਂਦਾ ਕਿ ਆਖਿਰ ਮੇਰੀਆਂ ਰਚਨਾਵਾਂ ਵਿਚ ਕੀ ਕਮੀ ਹੈ ਤੇ ਫਿਰ ਇਕ ਸਮਾਂ ਆਇਆ ਜਦੋਂ ਸਰਿਤਾਤੇ ਮੁਕਤਾਵਿੱਚ ਮੇਰੀਆਂ ਰਚਨਾਵਾਂ ਸਵੀਕਾਰ ਹੋਣ ਲੱਗੀਆਂ। ਜਦੋਂ ਪਹਿਲੀ ਰਚਨਾ ਜੋ ਇਕ ਗ਼ਜ਼ਲਨੁਮਾ ਕਵਿਤਾ ਸੀ, ਸਵੀਕਾਰ ਹੋਈ ਤੇ ਨਾਲ ਹੀ ਪੰਜਾਹ ਰੁਪਏ ਦਾ ਮਨੀਆਰਡਰ ਮਿਲਿਆ ਤਾਂ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ, ਮੈਂ ਆਪਣੇ ਆਪ ਨੂੰ ਦੇਸ਼ ਦਾ ਇਕ ਮਹਾਨ ਕਵੀ ਸਮਝਣ ਲੱਗ ਪਿਆ ਸੀ। ਉਦੋਂ ਮੈਂ ਹਵਾ ਚ ਉੱਡ ਰਿਹਾ ਸੀ। ਫਿਰ ਹੌਲੀ ਹੌਲੀ ਮੇਰੇ ਸੰਘਰਸ਼ਾਂ ਨੇ, ਮੇਰੇ ਮਾਹੌਲ ਨੇ, ਮੇਰੇ ਪਰਿਵਾਰ ਦੇ ਦੁੱਖ ਤਕਲੀਫ਼ਾਂ ਨੇ ਤੇ ਵਧੀਆ ਸਾਹਿਤ ਦੇ ਅਧਿਐਨ ਨੇ ਮੈਨੂੰ ਇਨ੍ਹਾਂ ਰੋਮਨੀ ਭਾਵਾਂ ਤੇ ਆਦਰਸ਼ਾਂ ਨਾਲ ਭਰੀਆਂ ਰਚਨਾਵਾਂ ਦੇ ਘੇਰੇ ਤੋਂ ਬਾਹਰ ਕੱਢਿਆ। ਇਸ ਵਿਚ ਹਿੰਦੀ ਪੱਤਰਕਾਵਾਂ ਜਿਵੇਂ ਸਾਰਿਕਾ’, ‘ਧਰਮਯੁੱਗਅਤੇ ਸਪਤਾਹਿਕ ਹਿੰਦੁਸਤਾਨਦੀਆਂ ਕਹਾਣੀਆਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਮੈਂ ਪਹਿਲੀ ਕਹਾਣੀ ਇਕ ਰਿਟਾਇਰਡ ਆਦਮੀ ਦੀ ਘਰ-ਪਰਿਵਾਰ ਵਿੱਚ ਹੁੰਦੀ ਦੁਰਗਤੀ ਤੇ ਲਿਖੀ-ਅਬ ਔਰ ਨਹੀਂਸਿਰਲੇਖ ਹੇਠ। ਉਸ ਆਦਮੀ ਨੂੰ ਮੈਂ ਬਹੁਤ ਨੇੜਿਉਂ ਆਪਣੇ ਗੁਆਂਢ ਵਿੱਚ ਦੇਖਿਆ ਸੀ। ਇਹ ਕਹਾਣੀ ਹਿੰਦੁਸਤਾਨਅਖ਼ਬਾਰ ਵਿੱਚ ਭੇਜਣ ਤੋਂ ਇਕ ਹਫ਼ਤਾ ਬਾਅਦ ਹੀ ਛੱਪ ਗਈ ਸੀ। ਕਿਤੇ ਵੀ ਛਪਣ ਵਾਲੀ ਮੇਰੀ ਇਹ ਪਹਿਲੀ ਕਹਾਣੀ ਸੀ। ਬੱਸ, ਇਸ ਤੋਂ ਬਾਅਦ ਸਿਲਸਿਲਾ ਚਲ ਨਿਕਲਿਆ ਛੱਪਣ ਦਾ। ਜਿੱਥੋਂ ਤੱਕ ਪੰਜਾਬੀ ਤੋਂ ਹਿੰਦੀ ਅਨੁਵਾਦ ਨਾਲ ਜੁੜਣ ਦੀ ਗੱਲ ਹੈ, ਇਸ ਦਾ ਜ਼ਿਕਰ ਮੈਂ ਆਪਣੀ ਸਵੈ-ਜੀਵਨੀ ਦੇ ਅੰਸ਼ ਵਿਚ ਕਰ ਚੁੱਕਿਆ ਹਾਂ ਜਿਸਦਾ ਪੰਜਾਬੀ ਰੂਪ ਤੁਸੀਂ ਆਪਣੇ ਮੈਗਜ਼ੀਨ ਸ਼ਬਦਵਿਚ ਵੀ ਛਾਪ ਚੁੱਕੇ ਹੋ। ਸਭ ਤੋਂ ਪਹਿਲਾਂ ਮੈਂ ਇਸ ਦੱਸ ਦਿਆਂ ਕਿ ਮੇਰੇ ਮਾਤਾ ਪਿਤਾ 1947 ਵਿਚ ਭਾਰਤ-ਪਾਕਿ ਵੰਡ ਦਾ ਸ਼ਿਕਾਰ ਹੋ ਕੇ, ਆਪਣਾ ਸਭ ਕੁਝ ਗੁਆ ਕੇ ਤੇ ਆਪਣੇ ਤਨਾਂ-ਮਨਾਂ ਤੇ ਡੂੰਘੇ ਜ਼ਖ਼ਮ ਲੈ ਕੇ ਰੋਟੀ-ਰੋਜ਼ੀ ਦੀ ਤਲਾਸ਼ ਵਿਚ ਪੱਛਮੀ ਉੱਤਰ-ਪ੍ਰਦੇਸ਼ ਦੇ ਇਸ ਬੇਹੱਦ ਛੋਟੇ ਜਿਹੇ ਨਗਰ ਮੁਰਾਦਨਗਰ ਆ ਗਏ ਸਨ। ਉਨ੍ਹਾਂ ਨੇ ਕੋਈ ਕਲੇਮ ਨਹੀਂ ਕੀਤਾ ਸੀ। ਇਥੇ ਸਰਕਾਰੀ ਫੈਕਟਰੀ ਚ ਲੇਬਰ ਦੀ ਭਰਤੀ ਹੋ ਰਹੀ ਸੀ ਤੇ ਪਿਤਾ ਨੂੰ ਇਕ ਮਜ਼ਦੂਰ ਦੇ ਤੌਰ ਤੇ ਨੌਕਰੀ ਮਿਲ ਗਈ ਸੀ। ਨਾਲ ਹੀ ਕਹਿਣ ਨੂੰ ਛੋਟਾ ਜਿਹਾ ਮਕਾਨ। ਲੁੱਟੇ-ਪੁੱਟੇ ਪਰਿਵਾਰ ਨੂੰ ਹੋਰ ਕੀ ਚਾਹੀਦਾ ਸੀ। ਜਿਸ ਮੁਹੱਲੇ ਵਿਚ ਅਸੀਂ ਰਹਿੰਦੇ ਸੀ, ਉਥੇ ਵੱਖ-ਵੱਖ ਜਾਤਾਂ ਦੇ ਲੋਕ ਰਹਿੰਦੇ ਸਨ। ਪੂਰੇ ਬਲਾਕ ਦਾ ਸਾਂਝਾ ਨਲਕਾ ਸੀ। ਸਾਂਝੀ ਲੈਟਰੀਨ। ਇਨ੍ਹਾਂ ਲੋਕਾਂ ਨਾਲ ਰਹਿੰਦਿਆਂ ਮੇਰੇ ਪਰਿਵਾਰ ਦੇ ਲੋਕ ਪੰਜਾਬੀ ਬੋਲਣਾ ਛੱਡਦੇ ਗਏ। ਤੇ ਇਕ ਵਕਤ ਉਹ ਵੀ ਆਇਆ ਜਦੋਂ ਸਾਰੇ ਘਰ ਵਿਚ ਹਿੰਦੀ ਹੀ ਬੋਲੀ ਜਾਣ ਲੱਗ ਪਈ। ਜਦੋਂ ਕੋਈ ਰਿਸ਼ਤੇਦਾਰ ਪੰਜਾਬ ਤੋਂ ਆਉਂਦਾ ਜਾਂ ਅਸੀਂ ਪੰਜਾਬ ਜਾਂਦੇ ਤਾਂ ਅਸੀਂ ਉਨ੍ਹਾਂ ਦੇ ਮੂੰਹਾਂ ਵੱਲ ਦੇਖਦੇ ਰਹਿੰਦੇ ਤੇ ਉਹ ਸਾਡੇ ਮੂੰਹਾਂ ਵੱਲ। ਜਦੋਂ ਮੈਂ ਛੇਵੀਂ ਜਮਾਤ ਵਿੱਚ ਹੋਇਆ ਤਾਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸਾਰੇ ਸਰਕਾਰੀ ਸਕੂਲਾਂ ਵਿਚ ਤ੍ਰੈ-ਭਾਸ਼ੀ ਫਾਰਮੂਲਾ ਲਾਗੂ ਹੋਇਆ ਜਿਸ ਤਹਿਤ ਵਿਦਿਆਰਥੀ ਸੰਸਕ੍ਰਿਤ ਦੇ ਬਦਲੇ ਉਰਦੂ, ਬੰਗਲਾ ਤੇ ਪੰਜਾਬੀ ਵਿਚੋਂ ਕੋਈ ਵੀ ਇਕ ਭਾਸ਼ਾ ਸਿੱਖ ਸਕਦੇ ਸਨ। ਉਸ ਵੇਲੇ ਮੈਂ ਆਪਣੀ ਮਾਂ-ਬੋਲੀ ਪੰਜਾਬੀ ਨੂੰ ਚੁਣਿਆ। ਛੇਵੀਂ ਤੋਂ ਅੱਠਵੀਂ ਜਮਾਤ ਤੱਕ ਯਾਨੀ-ਤਿੰਨ ਸਾਲ ਮੈਂ ਪੰਜਾਬੀ ਸਿੱਖੀ, ਪਰ ਜਿਸ ਨਗਰ ਵਿੱਚ ਮੈਂ ਰਹਿੰਦਾ ਸੀ ਉਥੇ ਨਾ ਪੰਜਾਬੀ ਦੀ ਕੋਈ ਅਖ਼ਬਾਰ ਆਉਂਦੀ ਸੀ ਤੇ ਨਾ ਹੀ ਪੰਜਾਬੀ ਦੀਆਂ ਕਿਤਾਬਾਂ ਮਿਲਦੀਆਂ ਸਨ ਤੇ ਤੁਹਾਡਾ ਸਵਾਲ ਸੀ ਕਿ ਪੰਜਾਬੀ ਤੋਂ ਹਿੰਦੀ ਅਨੁਵਾਦ ਨਾਲ ਕਿਵੇਂ ਜੁੜਿਆ। ਜੂਨ 1976 ਵਿਚ ਮੈਨੂੰ ਭਾਰਤ ਸਰਕਾਰ ਦੇ ਇਕ ਮੰਤਰਾਲੇ ਵਿੱਚ ਨੌਕਰੀ ਮਿਲੀ ਸੀ, ਮੈਂ ਮੁਰਾਦਨਗਰ ਤੋਂ ਰੇਲ ਰਾਹੀਂ ਦਿੱਲੀ ਆਉਣਾ-ਜਾਣਾ ਸ਼ੁਰੂ ਕੀਤਾ ਸੀ। ਸਵੇਰੇ-ਸ਼ਾਮ ਦੇ ਰੇਲ ਦੇ ਸਫਰ ਵਿਚ ਮੇਰੇ ਕੋਲ ਚਾਰ ਕੁ ਘੰਟੇ ਦਾ ਵਕਤ ਹੁੰਦਾ ਸੀ। ਮੈਂ ਇਸ ਵਕਤ ਨੂੰ ਕਿਤਾਬਾਂ ਪੜ੍ਹ ਕੇ ਬਿਤਾਉਂਦਾ ਹੁੰਦਾ ਸੀ। ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਸਾਹਮਣੇ ਵਾਲੀ ਦਿੱਲੀ ਪਬਲਿਕ ਲਾਇਬ੍ਰੇਰੀਦਾ ਮੈਂਬਰ ਬਣ ਗਿਆ ਸੀ ਤੇ ਉਥੋਂ ਹੀ ਹਿੰਦੀ ਤੇ ਪੰਜਾਬੀ ਦੀਆਂ ਕਿਤਾਬਾਂ ਇਸ਼ੂ ਕਰਵਾਉਣ ਲੱਗ ਪਿਆ ਸੀ। ਪੰਜਾਬੀ ਸਾਹਿਤ ਨਾਲ ਮੇਰਾ ਵਾਸਤਾ ਇਨ੍ਹਾਂ ਦਿਨਾਂ ਵਿੱਚ ਪਿਆ ਸੀ। ਕਹਾਣੀ, ਕਵਿਤਾ, ਨਾਵਲ ਮੈਂ ਲਭ-ਲਭ ਕੇ ਪੜ੍ਹਦਾ। ਜੋ ਰਚਨਾ ਮੈਨੂੰ ਚੰਗੀ ਲੱਗਦੀ, ਉਸ ਨੂੰ ਮੈਂ ਹਿੰਦੀ ਵਿੱਚ ਅਨੁਵਾਦ ਵੀ ਕਰਦਾ। ਇਨ੍ਹੀਂ ਦਿਨੀਂ ਮੈਂ ਮਹਿੰਦਰ ਸਿੰਘ ਸਰਨਾ ਦੀ ਇਕ ਕਹਾਣੀ (ਮਟਰ ਪੁਲਾਵ) ਦਾ ਹਿੰਦੀ ਵਿੱਚ ਅਨੁਵਾਦ ਕੀਤਾ ਜੋ ਇਕ ਰਿਟਾਇਰਡ ਜੱਜ ਨੂੰ ਲੈ ਕੇ ਲਿਖੀ ਗਈ ਇਕ ਖੂਬਸੂਰਤ ਕਹਾਣੀ ਸੀ। ਮੈਂ ਉਸ ਨੂੰ ਹਿੰਦੀ ਦੇ ਚਰਚਿਤ ਮੈਗਜ਼ੀਨ ਸਾਰਿਕਾ’ ’ਚ ਛਪਣ ਲਈ ਭੇਜ ਦਿੱਤਾ। ਕੁਝ ਹੀ ਦਿਨਾਂ ਬਾਅਦ ਰਮੇਸ਼ ਬਤਰਾ ਦਾ ਪੱਤਰ ਮਿਲਿਆ। ਇਸ ਪੱਤਰ ਵਿਚ ਮੈਨੂੰ ਤੁਰੰਤ ਮਿਲਣ ਲਈ ਕਿਹਾ ਗਿਆ ਸੀ। ਮੈਂ ਬੇਹੱਦ ਉਤਸ਼ਾਹਿਤ ਜਿਹਾ ਉਨ੍ਹਾਂ ਨੂੰ ਮਿਲਣ ਦਰਿਆਗੰਜ ਸਥਿਤ ਸਾਰਿਕਾਦੇ ਦਫਤਰ ਅਗਲੇ ਹੀ ਸ਼ਨੀਵਾਰ ਨੂੰ ਪਹੁੰਚ ਗਿਆ। ਕਿਸੇ ਵੀ ਅਖ਼ਬਾਰ/ਮੈਗਜ਼ੀਨ ਦੇ ਦਫ਼ਤਰ ਜਾਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਰਮੇਸ਼ ਬਤਰਾ ਖੁਦ ਹਿੰਦੀ ਦੇ ਹੋਣਹਾਰ ਕਹਾਣੀਕਾਰ ਸਨ। ਪੰਜਾਬੀ ਤੇ ਹਿੰਦੀ ਵਿਚ ਅਨੁਵਾਦ ਵੀ ਕਰਦੇ ਸਨ। ਉਹ ਬੜੀ ਸਹਿਜਤਾ ਤੇ ਪਿਆਰ ਨਾਲ ਮੈਨੂੰ ਮਿਲੇ। ਉਨ੍ਹਾਂ ਮੇਰੇ ਅਨੁਵਾਦ ਦੀ ਤਾਰੀਫ਼ ਕੀਤੀ, ਪਰ ਨਾਲ ਹੀ ਸਰਨਾ ਦੀ ਉਸ ਕਹਾਣੀ ਨੂੰ ਛਾਪਣ ਵਿਚ ਮਜ਼ਬੂਰੀ ਦੱਸੀ। ਕਾਰਣ ਕੀ ਸੀ। ਉਹ ਮੈਨੂੰ ਨਹੀਂ ਸੀ ਦੱਸਿਆ। ਉਨ੍ਹਾਂ ਨੇ ਮੈਨੂੰ ਹਤਾਸ਼ ਨਾ ਹੋਣ ਲਈ ਕਿਹਾ ਅਤੇ ਪੰਜਾਬੀ ਕਹਾਣੀਕਾਰ ਗੁਰਚਰਨ ਚਾਹਲ ਭੀਖੀ ਦੀ ਇਕ ਕਹਾਣੀ ਮੈਨੂੰ ਸਾਰਿਕਾਲਈ ਅਨੁਵਾਦ ਕਰਨ ਨੂੰ ਦਿੱਤੀ। ਉਸ ਕਹਾਣੀ ਨੂੰ ਹਿੰਦੀ ਚ ਅਨੁਵਾਦ ਕਰਨ ਵਿਚ ਮੈਨੂੰ ਕਾਫ਼ੀ ਮੁਸ਼ਕਿਲ ਪੇਸ਼ ਆਈ ਕਿਉਂਕਿ ਉਸ ਵਿਚ ਪੰਜਾਬੀ ਦੀ ਆਂਚਲਿਕ ਭਾਸ਼ਾ ਦਾ ਪੁੱਟ ਸੀ ਜਿਸ ਤੋਂ ਮੈਂ ਨਾਵਾਕਿਫ਼ ਸੀ। ਪਰ ਮੈਂ ਹਿੰਮਤ ਨਾ ਹਾਰੀ ਤੇ ਕਹਾਣੀ ਹਫ਼ਤੇ ਵਿੱਚ ਅਨੁਵਾਦ ਕਰਕੇ ਬਤਰਾ ਜੀ ਨੂੰ ਫੜਾ ਆਇਆ। ਬਤਰਾ ਜੀ ਨੇ ਉਸ ਵਿਚ ਥੋੜ੍ਹੀ ਸੋਧ ਕਰਕੇ ਉਸ ਨੂੰ ਸਾਰਿਕਾਵਿਚ ਛਾਪ ਦਿੱਤਾ। ਕਿਤੇ ਵੀ ਛਪਣ ਵਾਲਾ ਇਹ ਮੇਰਾ ਪਹਿਲਾ ਅਨੁਵਾਦ ਸੀ। ਉਸ ਤੋਂ ਬਾਅਦ ਤਾਂ ਅਨੁਵਾਦ ਦਾ ਇਹ ਸਿਲਸਿਲਾ ਅੱਜ ਤੱਕ ਜਾਰੀ ਹੈ।

*****

ਜਿੰਦਰ: ਅਨੁਵਾਦਕ ਕੀ ਹੁੰਦਾ ਹੈ? ਉਸ ਦਾ ਦੂਜੀ ਭਾਸ਼ਾ ਦੇ ਸਾਹਿਤ ਨੂੰ ਅਨੁਵਾਦ ਕਰਨ ਦਾ ਕੀ ਮਕਸਦ ਹੁੰਦਾ ਹੈ/ਹੋਣਾ ਚਾਹੀਦਾ ਹੈ?

-----

ਨੀਰਵ: ਕੋਈ ਵੀ ਵਿਅਕਤੀ ਵੱਧ ਤੋਂ ਵੱਧ ਦੋ ਜਾਂ ਤਿੰਨ ਭਾਸ਼ਾਵਾਂ ਦੀ ਜਾਣਕਾਰੀ ਰੱਖ ਸਕਦਾ ਹੈ। ਅਜਿਹੀ ਹਾਲਤ ਵਿੱਚ ਦੂਜੀਆਂ ਭਾਰਤੀ ਭਾਸ਼ਾਵਾਂ ਜਾਂ ਕਿ ਵਿਸ਼ਵ ਦੀਆਂ ਭਾਸ਼ਾਵਾਂ ਵਿਚ ਲਿਖੇ ਜਾ ਰਹੇ ਸਾਹਿਤ ਤੋਂ ਉਹ ਪੂਰੀ ਤਰ੍ਹਾਂ ਕੋਰਾ ਰਹਿ ਜਾਏਗਾ ਜੇ ਅਨੁਵਾਦ ਦੀਆਂ ਸਹੂਲਤਾਂ ਮੁਹੱਈਆ ਨਾ ਹੋਵੇ, ਅਨੁਵਾਦ ਦੋ ਭਾਸ਼ਾਵਾਂ ਵਿਚਲੇ ਇਕ ਮਹੱਤਵਪੂਰਨ ਪੁਲ਼ ਦਾ ਕੰਮ ਕਰਦਾ ਹੈ। ਇਸ ਪੁਲ ਥਾਣੀ ਦੋ ਭਾਸ਼ਾਵਾਂ ਦਾ ਆਪਸੀ ਆਦਾਨ ਪ੍ਰਦਾਨ ਹੁੰਦਾ ਹੈ ਤੇ ਉਹ ਹੋਰ ਵਧੇਰੇ ਅਮੀਰ ਤੇ ਸ਼ਕਤੀਸ਼ਾਲੀ ਬਣਦੀਆਂ ਹਨ ਤੇ ਉਨ੍ਹਾਂ ਦੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਵਿਚ ਵਾਧਾ ਹੁੰਦਾ ਹੈ। ਇਸ ਲਿਹਾਜ਼ ਨਾਲ ਅਨੁਵਾਦ ਕਾਰਜ ਇਕ ਬਹੁਤ ਹੀ ਮਹੱਤਵਪੂਰਨ ਕਾਰਜ ਹੈ, ਕੁਝ ਲੋਕ ਇਸ ਨੂੰ ਦੂਜੇ ਦਰਜੇ ਦੀ ਸਿਰਜਣਾ ਮੰਨਦੇ ਹਨ, ਪਰ ਮੈਂ ਇਸ ਨੂੰ ਆਪਣੀ ਮੌਲਿਕ ਸਿਰਜਣਾ ਦਾ ਹੀ ਇਕ ਪ੍ਰਮੁੱਖ ਹਿੱਸਾ ਮੰਨਦਾ ਹਾਂ। ਸ਼ਬਦ ਦੀ ਸ਼ਕਤੀ ਤੇ ਉਸ ਦੀ ਵਰਤੋਂ ਦੀ ਸਹੀ ਜਾਣਕਾਰੀ ਤੁਹਾਨੂੰ ਅਨੁਵਾਦ ਕਰਦੇ ਸਮੇਂ ਹੀ ਪਤਾ ਚਲਦੀ ਹੈ। ਇਸ ਨਾਲ ਤੁਹਾਡਾ ਮੌਲਿਕ ਲੇਖਣ ਹੋਰ ਵੀ ਵਧੇਰੇ ਪ੍ਰਭਾਵਕਾਰੀ ਬਣਦਾ ਹੈ। ਅਜਿਹਾ ਮੈਂ ਮੰਨਦਾ ਹਾਂ, ਅਨੁਵਾਦ ਦਾ ਮਕਸਦ ਇਕ ਭਾਸ਼ਾ ਦੇ ਸਰਵੋਤਮ ਸਾਹਿਤ ਨੂੰ ਦੂਜੀ ਭਾਸ਼ਾ ਦੇ ਉਨ੍ਹਾਂ ਪਾਠਕਾਂ ਤੱਕ ਪਹੁੰਚਾਉਣਾ ਹੁੰਦਾ ਹੈ ਜੋ ਉਸ ਮੂਲ ਭਾਸ਼ਾ ਤੋਂ ਨਾਵਾਕਿਫ਼ ਹੁੰਦਾ ਹੈ। ਇਕ ਭਾਸ਼ਾ ਦੀ ਰਚਨਾ ਕਿਉਂਕਿ ਅਨੁਵਾਦ ਦੇ ਜ਼ਰੀਏ ਦੂਜੀ ਭਾਸ਼ਾ ਦੇ ਪਾਠਕਾਂ ਕੋਲ ਪਹੁੰਚ ਰਹੀ ਹੁੰਦੀ ਹੈ, ਇਸ ਲਈ ਧਿਆਨ ਇਹ ਰਹਿਣਾ ਚਾਹੀਦਾ ਹੈ ਕਿ ਸਰਵੋਤਮ ਤੇ ਉੱਚ ਪੱਧਰੀ ਰਚਨਾ ਦਾ ਹੀ ਅਨੁਵਾਦ ਹੋਵੇ, ਨਹੀਂ ਤਾਂ ਇਸ ਦਾ ਦੂਜੀ ਭਾਸ਼ਾ ਦੇ ਪਾਠਕਾਂ ਤੇ ਗ਼ਲਤ ਅਸਰ ਪੈਂਦਾ ਹੈ ਕਿ ਉਸ ਭਾਸ਼ਾ ਵਿਚ ਤਾਂ ਇਸ ਤਰ੍ਹਾਂ ਦਾ ਹੀ ਸਾਹਿਤ ਲਿਖਿਆ ਜਾ ਰਿਹਾ ਹੈ। ਉਂਜ ਤਾਂ ਅਨੁਵਾਦਕ ਆਪਣੇ ਟੇਸਟ ਦੀਆਂ ਹੀ ਰਚਨਾਵਾਂ ਦਾ ਬਹੁਤਾ ਅਨੁਵਾਦ ਕਰਦੇ ਹਨ, ਪਰ ਸਹੀ ਅਨੁਵਾਦਕ ਓਹੀ ਹੈ ਜੋ ਮੂਲ ਭਾਸ਼ਾ ਦੀ ਸਹੀ ਪ੍ਰਤੀਨਿਧਤਾ ਕਰਨ ਵਾਲੀਆਂ ਰਚਨਾਵਾਂ ਦਾ ਅਨੁਵਾਦ ਕਰਦਾ ਹੈ। ਵਧੀਆ ਅਨੁਵਾਦਕ ਮੈਂ ਉਸਨੂੰ ਮੰਨਦਾ ਹਾਂ ਜੋ ਅਨੁਵਾਦ ਵਿਚ ਉਸ ਭਾਸ਼ਾ ਦੀ ਮਹਿਕ ਨੂੰ ਵੀ ਨਾਲ ਲਿਜਾਵੇ। ਉਂਜ ਇਹ ਬਹੁਤ ਔਖਾ ਕੰਮ ਹੈ ਪਰ ਮਿਹਨਤ ਕੀਤੀ ਜਾਵੇ ਤਾਂ ਅਸੰਭਵ ਨਹੀਂ ਹੈ। ਕਈ ਰਚਨਾਵਾਂ ਅਨੁਵਾਦਕ ਤੋਂ ਵਧੇਰੇ ਮਿਹਨਤ ਦੀ ਮੰਗ ਨਹੀਂ ਕਰਦੀਆਂ ਹਨ, ਪਰ ਜ਼ਿਆਦਾਤਰ ਰਚਨਾਵਾਂ ਦਾ ਅਨੁਵਾਦ ਕਰਦੇ ਸਮੇਂ ਅਨੁਵਾਦਕ ਨੂੰ ਓਨੀ ਹੀ ਮਿਹਨਤ-ਮਸ਼ੱਕਤ ਕਰਨੀ ਪੈਂਦੀ ਹੈ ਜਿੰਨੀ ਉਸ ਨੂੰ ਆਪਣੀ ਮੌਲਿਕ ਰਚਨਾ ਨੂੰ ਬਿਹਤਰ ਬਣਾਉਣ ਲਈ ਚਾਹੀਦੀ ਹੁੰਦੀ ਹੈ। ਇਸ ਲਈ ਮੈਂ ਅਨੁਵਾਦ ਨੂੰ ਸਿਰਜਣਾ ਦਾ ਹੀ ਹਿੱਸਾ ਮੰਨਦਾ ਹਾਂ। ਕਈ ਵਾਰ ਅਨੁਵਾਦਤ ਰਚਨਾ ਮੂਲ ਰਚਨਾ ਨਾਲੋਂ ਵੀ ਬਿਹਤਰ ਬਣ ਜਾਂਦੀ ਹੈ। ਇਹ ਇਕ ਵਧੀਆ ਤੇ ਸਫ਼ਲ ਅਨੁਵਾਦਕ ਦੀ ਯੋਗਤਾ ਤੇ ਉਸ ਦੇ ਅਨੁਭਵ ਤੇ ਨਿਰਭਰ ਕਰਦਾ ਹੈ।

*****

ਜਿੰਦਰ: ਅਨੁਵਾਦ ਕਰਨ ਸਮੇਂ ਤੁਸੀਂ ਕਿਸ ਗੱਲ ਦਾ ਖ਼ਿਆਲ ਰੱਖਦੇ ਹੋ? ਤੁਸੀਂ ਕਿਸੇ ਰਚਨਾ ਨੂੰ ਅਨੁਵਾਦ ਕਰਨ ਲੱਗਿਆਂ ਕਿਥੋਂ ਕੁ ਤੀਕ ਖੁੱਲ੍ਹ ਲੈਂਦੇ ਹੋ? ਮੇਰੇ ਕਹਿਣ ਦਾ ਭਾਵ ਹੈ ਕਿ ਤੁਸੀਂ ਕੋਈ ਅਦਲ ਬਦਲ ਵੀ ਕਰਦੇ ਹੋ?

-----

ਨੀਰਵ: ਮੈਂ ਹੁਣ ਤੱਕ ਤਿੰਨ ਸੌ ਤੋਂ ਵੱਧ ਕਹਾਣੀਆਂ ਦਾ ਅਨੁਵਾਦ ਕਰ ਚੁੱਕਾ ਹਾਂ। ਆਪਣੇ ਅਧਿਐਨ ਤੇ ਅਨੁਭਵ ਦੇ ਆਧਾਰ ਤੇ ਮੈਂ ਆਪਣੇ ਅਨੁਵਾਦ ਵਿਚ ਜੋ ਵੀ ਪ੍ਰਪੱਕਤਾ ਲਿਆ ਸਕਿਆ ਹਾਂ, ਉਸ ਤੋਂ ਮੈਂ ਇਸ ਲਈ ਸੰਤੁਸ਼ਟ ਹਾਂ ਕਿ ਮੇਰੇ ਕੀਤੇ ਅਨੁਵਾਦ ਨੇ ਮੂਲ ਕਹਾਣੀ ਦੇ ਕੰਟੈਂਟ ਨੂੰ ਕਿਤੇ ਵੀ ਨੁਕਸਾਨ ਨਹੀਂ ਹੋਣ ਦਿੱਤਾ। ਹਿੰਦੀ ਦਾ ਪਾਠਕ ਜਦ ਮੇਰੇ ਵੱਲੋਂ ਅਨੁਵਾਦ ਕੀਤੀ ਕਹਾਣੀ ਪੜ੍ਹਦਾ ਹੈ ਤਾਂ ਪੂਰਾ ਆਨੰਦ ਲੈਂਦਾ ਹੈ। ਕਈ ਵਾਰ ਉਸਨੂੰ ਲੱਗਦਾ ਹੀ ਨਹੀਂ ਕਿ ਉਹ ਅਨੁਵਾਦ ਪੜ੍ਹ ਰਿਹਾ ਹੈ। ਅਜਿਹਾ ਮੈਨੂੰ ਮੇਰੇ ਕਈ ਮਿੱਤਰਾਂ ਨੇ ਹੀ ਨਹੀਂ, ਦੂਰ-ਦੁਰਾਂਡੇ ਬੈਠੇ ਕਈ ਵਿਦਵਾਨਾਂ, ਲੇਖਕਾਂ ਨੇ ਵੀ ਕਿਹਾ ਹੈ। ਪੰਜਾਬੀ ਦੀਆਂ ਕਲਾਸਿਕ ਕਹਾਣੀਆਂ ਦਾ ਅਨੁਵਾਦ ਕਰਦਿਆਂ ਮੈਂ ਕਿਸੇ ਤਰ੍ਹਾਂ ਦੀ ਖੁੱਲ੍ਹ ਲੈਣ ਤੋਂ ਬਚਦਾ ਹਾਂ। ਉਹ ਕਹਾਣੀਆਂ ਕਿਉਂਕਿ ਆਪਣੀ ਮੂਲ ਸਰੰਚਨਾ ਵਿਚ ਇੰਨੀਆਂ ਕਲਾਸਿਕ ਹੁੰਦੀਆਂ ਹਨ ਕਿ ਜ਼ਰਾ ਜਿੰਨੀ ਛੇੜ-ਛਾੜ ਪੂਰੀ ਕਹਾਣੀ ਦੀ ਆਤਮਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਪਰ ਮੈਂ ਇਹ ਵੀ ਨਹੀਂ ਕਹਾਂਗਾ ਕਿ ਮੈਂ ਖੁੱਲ੍ਹ ਨਹੀਂ ਲਈ। ਬਹੁਤ ਸਾਰੀਆਂ ਕਹਾਣੀਆਂ ਵਿਚ ਜਦੋਂ ਮੈਨੂੰ ਨਿਰਾਰਥਕ ਵਿਸਥਾਰ ਦਿਖਾਈ ਦਿੰਦਾ ਹੈ ਜਾਂ ਅਜਿਹਾ ਲੱਗਦਾ ਹੈ ਕਿ ਲੇਖਕ ਇਕ ਗੱਲ ਨੂੰ ਦੁਹਰਾ ਰਿਹਾ ਹੈ ਜਾਂ ਕੋਈ ਸੰਵਾਦ-ਵਾਰਤਾਲਾਪ ਅਨਘੜ੍ਹ ਹੈ ਤਾਂ ਮੈਂ ਅਜਿਹੀਆਂ ਕਹਾਣੀਆਂ ਦਾ ਅਨੁਵਾਦ ਕਰਦੇ ਵਕਤ ਇਕ ਹਦ ਤੱਕ ਹੀ ਖੁੱਲ੍ਹ ਲੈਂਦਾ ਹਾਂ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਲੇਖਕ ਦੀ ਗੱਲ ਜਾਂ ਉਸ ਕਹਾਣੀ ਦੀ ਆਤਮਾ ਜਾਂ ਕਿ ਉਹ ਦੀ ਮਹਿਕ ਮੇਰੀ ਖੁੱਲ੍ਹ ਕਾਰਣ ਖ਼ਤਮ ਨਾ ਹੋ ਜਾਵੇ। ਉਂਜ ਮੈਂ ਮੰਨਦਾ ਹਾਂ ਕਿ ਅਨੁਵਾਦਕ ਨੂੰ ਇੰਨੀ ਕੁ ਛੋਟ ਤਾਂ ਮਿਲਣੀ ਹੀ ਚਾਹੀਦੀ ਹੈ। ਅਨੁਵਾਦਕ ਕਹਾਣੀ ਨਹੀਂ ਲਿਖ ਰਿਹਾ ਹੁੰਦਾ ਪਰ ਅਨੁਵਾਦ ਕਰਨ ਵੇਲੇ ਐਨ ਆਪਣੀ ਰਚਨਾ ਵਾਂਗ ਉਸ ਨੂੰ ਕਿਤੇ ਤਰਾਸ਼ ਵੀ ਰਿਹਾ ਹੁੰਦਾ ਹੈ। ਇਸ ਤਰਾਸ਼ ਵਿਚ ਛੋਟੀ-ਮੋਟੀ ਛੋਟ ਜੇ ਅਨੁਵਾਦਕ ਲੈਂਦਾ ਹੈ ਤੇ ਉਸ ਨੂੰ ਦੇਣੀ ਚਾਹੀਦੀ ਹੈ।

*****

ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।

No comments: